ਮਿੰਨੀ ਕਹਾਣੀ : ਸੌਦਾਗਰ - ਤਰਸੇਮ ਬਸ਼ਰ

ਇਹ ਸਰਦੀਆਂ ਦੇ ਦਿਨ ਸਨ । ਐਤਵਾਰ ਦੀ ਸਜ਼ੀ ਖਾਸ ਮਾਰਕਿਟ ਵਿੱਚ ਦੁਕਾਨਨੁਮਾ ਰੇਹੜੀ ਵੀ ਖਾਸ ਨਜ਼ਰ ਆਉਂਦੀ  ਸੀ । ਬੱਚਿਆ ਦੇ ਰੰਗ-ਬਿਰੰਗੇ ਕੱਪੜੇ ,ਨੰਨੇ-ਨੰਨੇ ਪੈਰਾਂ ਲਈ ਸਿਤਾਰਿਆਂ ਤੇ ਸ਼ੀਸ਼ਿਆਂ ਨਾਲ ਚਮਕਦੀਆਂ ਛੋਟੀਆਂ-ਛੋਟੀਆਂ ਜੁੱਤੀਆਂ ਨਾਲ ਭਰੀ ਪਈ ਦੁਕਾਨ । ਦੁਕਾਨ ਦਾ ਮਾਲਕ ਸ਼ਾਇਦ ਸਮਾਨ ਪਿੱਛੇ ਗੱਲ੍ਹੇ ਤੇ ਪੈਸਿਆਂ ਨੂੰ ਗਿਣ ਰਿਹੈ ਹੋਣੈ ,ਉਹ ਨਜ਼ਰ ਨਹੀਂ ਸੀ ਆ ਰਿਹਾ ਕਿ ਮੇਰੀ ਨਜ਼ਰ ਉਸ ਤੇ ਪਈ । ਸਿਰ ਤੇ ਪੁਰਾਣੀ ਟੋਪੀ ਫਟੀ ਕਮੀਜ਼ ਤੇ ਪਾਇਆ ਘਸਮੈਲਾ ਜਿਹਾ ਸਵੈਟਰ ਦੇ ਨਾਲ ਪੋਂਚਿਆਂ ਤੋਂ ਉਦੜ ਚੁੱਕਿਆ ਇੱਕ ਪੁਰਾਣਾ ਪਜਾਮਾ । ਠੰਢ ਵਿੱਚ ਵੀ ਉਸ ਦੇ ਪੈਰੀਂ ਚੱਪਲਾਂ ਪਾਈਆਂ ਹੋਈਆਂ ਸਨ ।
   ''ਲੈ ਲਓ...... ਲੈ ਲਓ ਬੱਚਿਆਂ ਲਈ ਗਰਮ ਸੂਟ ਟੌਰੀ ਜੁੱਤੀਆਂ ਲੈ ਲਓ...........ਥੋਡੇ ਬੱਚੇ ਖੁਸ਼ ਹੋ  ਜਾਣਗੇ ।''
ਉਹ ਅੱਠ-ਨੌ ਸਾਲਾਂ ਦਾ ਹੋਣੈ ਪਰ ਲਗਦਾ ਨਹੀਂ ਸੀ ਉਹ ਸਮਾਨ ਵੇਚਣ ਲਈ ਪੂਰਾ ਤਤਪਰ ਲੱਗ ਰਿਹਾ ਸੀ ਗਾਹਕਾਂ ਦਾ ਹੱਥ ਫੜਨ ਤੱਕ ਜਾ ਰਿਹਾ ਸੀ । ਮੈਂ ਵੀ  ਉਸ ਆਵਾਜ ਵੱਲ ਖਿਚਿਆ ਗਿਆ ਤੇ ਸੋਚਿਆ ਕਿ ਕੁੱਝ ਲੈ ਵੀ ਲਵਾਂ। ਰੇਹੜੀ ਨੇੜੇ ਹੋਇਆ ਵੀ ਪਰ ਦੇਖਿਆ ਉਹ ਨਜ਼ਰ ਚੁਰਾ ਕੇ ਹਸਰਤ ਭਰੀ ਨਿਗਾਹਾਂ ਨਾਲ , ਨਾਲ ਦੀ ਬੂਟਾਂ ਵਾਲੀ ਰੇਹੜੀ ਤੇ ਪਏ ਬੂਟਾ ਵੱਲ ਦੇਖ ਰਿਹਾ ਸੀ । ਉਹ ਬੂਟਾਂ ਵੱਲ ਦੇਖ ਰਿਹਾ ਸੀ ਤੇ ਮੈਂ ਕਦੇ ਉਸ ਦੀ ਦੁਕਾਨ ਤੇ ਪਈਆਂ ਚਮਕਦੀਆਂ ਜੁੱਤੀਆਂ ਵੱਲ, ਕਦੇ ਉਸ ਦੇ ਠਰਦੇ ਪੈਰਾਂ ਵੱਲ ।ਮੈਂ ਰੇਹੜੀ ਵੱਲ ਜਾਂਦਾ ਰੁਕ ਗਿਆ ਮੇਰੇ ਕਦਮ ਹੋਰ ਅੱਗੇ ਵਧਣ ਤੋਂ ਇਨਕਾਰੀ ਸਨ । ਮੇਰੀ ਹਿੰਮਤ ਨਾ ਹੋਈ ਕਿ ਸੁਪਨਿਆ ਦੇ ਉਸ ਸੌਦਾਗਰ ਨਾਲ ਆਪਣੀ ਕਿਸੇ ਹਸਰਤ ਦੇ ਸਮਾਨ ਦਾ ਸੌਦਾ ਕਰ ਸਕਾਂ ਮੈਨੂੰ ਲੱਗਿਆ ਸੀ ਕਿ ਜਿਵੇਂ ਉਹ ਆਪਣੇ ਸੁਪਨੇ ਵੇਚ ਰਿਹਾ ਸੀ ਹਸਰਤਾਂ ਨੂੰ ਸੁਆ ਦੇਣ ਲਈ ਕੋਈ ਲੋਰੀ ਸੁਣਾ ਰਿਹਾ ਸੀ ।ਇਸ ਲੋਰੀ ਦੀ ਲੈਅ ਨੇ ਜਿਵੇਂ ਮੈਨੂੰ ਜੜ੍ਹ ਕਰ ਦਿੱਤਾ ਸੀ ।

ਤਰਸੇਮ ਬਸ਼ਰ,

ਪ੍ਰਤਾਪ ਨਗਰ,
ਬਠਿੰਡਾ ।
99156-20944
.ਈ ਮੇਲ---bashartarsem@gmail.com