ਪਾਣੀ ਦੀ ਬਰਬਾਦੀ : ਇੱਕ ਚਿੰਤਾ ਦਾ ਵਿਸ਼ਾ - ਫੈਸਲ ਖਾਨ

''ਪਾਣੀ ਹੀ ਜੀਵਨ ਹੈ'' ਵਾਕ ਬੜਾ ਹੀ ਛੋਟਾ ਹੈ ਪਰ ਇਸ ਦੇ ਅਰਥ ਬਹੁਤ ਹੀ ਵੱਡੇ ਹਨ।ਜੇਕਰ ਪਾਣੀ ਨਾ ਹੁੰਦਾ ਤਾ ਕੀ ਹੁੰਦਾ?ਕੀ ਮਨੁੱਖ ਹੁੰਦਾ?ਕੀ ਬਾਕੀ ਜੀਵ ਹੁੰਦੇ? ਨਹੀ,ਇਸ ਲਈ ਹੀ ਕਿਹਾ ਗਿਆ ਹੈ ਪਾਣੀ ਹੀ ਜੀਵਨ ਹੈ।ਜੇਕਰ ਧਰਤੀ ਤੇ ਜੀਵਨ ਸੰਭਵ ਹੋਇਆ ਤਾ ਉਸ ਦਾ ਇਕ ਵੱਡਾ ਕਾਰਨ ਸੁੱਧ ਪਾਣੀ ਹੈ।ਪਾਣੀ ਨੂੰ ਤਾ ਦੇਵਤਾ ਮੰਨਿਆ ਗਿਆ।ਅੱਜ ਵੀ ਲੋਕ ਪਾਣੀ ਦੀ ਪੂਜਾ ਕਰਦੇ ਹਨ।ਲੋਕ ਨਦੀਆਂ ਤੇ ਜਾ ਕੇ ਦੀਵੇ ਜਲਾਉਦੇ ਹਨ,ਫੁੱਲ ਭੇਟ ਕਰਦੇ ਹਨ ਤੇ ਹੋਰ ਬਹੁਤ ਕੁਝ।ਜੇਕਰ ਪੁਲਾੜ ਵਿਚੋ ਲਾਈਆ ਗਈਆ ਤਸਵੀਰਾਂ ਦੇਖਿਏ ਤਾ ਧਰਤੀ ਨੀਲੀ ਨਜਰ ਆਉਦੀ ਹੈ,ਤਾ ਹੀ ਇਸ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ।ਇਸ ਦਾ ਕਾਰਨ ਇਹ ਹੈ ਕਿ ਧਰਤੀ ਤੇ ਵੱਡੀ ਮਾਤਰਾ ਵਿਚ ਪਾਣੀ ਮੋਜੂਦ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੀ ਜਿਆਦਾ ਮਾਤਰਾ ਵਿਚ ਪਾਣੀ ਹੋਣ ਦੇ ਬਾਵਜੂਦ ਵੀ ਸਾਡੇ ਪੀਣ ਲਈ ਤਾਜਾ ਤੇ ਸੁੱਧ ਪਾਣੀ ਬਹੁਤ ਘੱਟ ਮਾਤਰਾ ਵਿਚ ਹੈ।ਇਸ ਸੱਚਾਈ ਨੂੰ ਜਾਣਦੇ ਹੋਏ ਵੀ ਪਾਣੀ ਦੀ ਬਰਬਾਦੀ ਅਤੇ ਪਾਣੀ ਦਾ ਪ੍ਰਦੂਸਣ ਇਕ ਚਿੰਤਾ ਦਾ ਮੁੱਦਾ ਬਣਿਆ ਹੋਇਆ ਹੈ।ਪਾਣੀ ਦੇ ਪ੍ਰਦੂਸਣ ਕਾਰਨ ਜਿੱਥੇ ਪੀਣ ਵਾਲੇ ਪਾਣੀ ਦੀ ਮਾਤਰਾ ਘੱਟ ਵਿਚੋ ਘੱਟਦੀ ਜਾ ਰਹੀ ਹੈ, ਉਥੇ ਹੀ ਪਾਣੀ ਦੀ ਬਰਬਾਦੀ ਕਰਕੇ ਅਸੀਂ ਆਪਣੇ ਲਈ ਹੋਰ ਭਿਆਨਕ ਸੰਕਟ ਪੈਦਾ ਕਰ ਰਹੇ ਹਾਂ।ਵਿਸਵ ਸਿਹਤ ਸੰਸਥਾ (WHO) ਦੀ ਇਕ ਰਿਪੋਰਟ ਪੜ੍ਹਨ ਤੇ ਪਤਾ ਲਗਦਾ ਹੈ ਕਿ ਹਰ ਸਾਲ 3.4 ਮਿਲੀਅਨ ਲੋਕ ਜਿਸ ਵਿਚ ਜਿਆਦਾਤਰ ਬੱਚੇ ਹੁੰਦੇ ਹਨ,ਪਾਣੀ ਨਾਲ ਸੰਬੰਧਿਤ ਬਿਮਾਰੀਆ ਕਾਰਨ ਮਰਦੇ ਹਨ।ਅੱਜ ਕਈ ਦੇਸਾਂ ਵਿਚ ਸੁੱਧ ਪਾਣੀ ਪੀਣ ਨੂੰ ਨਹੀ ਮਿਲ ਰਿਹਾ ਜਿਸ ਕਾਰਨ ਲੋਕਾਂ ਦੀ ਸਿਹਤ ਦਾ ਪਾਰਾ ਲਗਾਤਾਰ ਥੱਲੇ ਡਿਗਦਾ ਜਾ  ਰਿਹਾ ਹੈ।ਜੋ ਕਿ ਇਕ ਬਹੁਤ ਵੱਡਾ ਚਿੰਤਾ ਦਾ ਵਿਸਾ ਹੈ।ਪਾਣੀ ਨੂੰ ਬਚਾਉਣ ਅਤੇ ਪਾਣੀ ਨੂੰ ਦੂਸਿਤ ਹੋਣ ਤੋ ਬਚਾਉਣ ਲਈ ਸਰਕਾਰ ਦੇ ਨਾਲ ਨਾਲ ਜਨ ਭਾਗੀਦਾਰੀ ਬਹੁਤ ਜਰੂਰੀ ਹੈ।ਕਈ ਥਾਵਾ ਤੇ ਚੋਰੀ ਛਿਪੇ ਸੀਵਰੇਜ ਦਾ ਗੰਦਾ ਪਾਣੀ ਸਿੱਧੇ ਹੀ ਜਲ ਸ੍ਰੋਤਾਂ ਵਿਚ ਮਿਲਾ ਦਿੱਤਾ ਜਾਂਦਾ ਹੈ।ਅਜਿਹੇ ਸਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।ਕੋਈ ਵੀ ਜੋ ਜਲ ਸ੍ਰੋਤਾਂ ਨੂੰ ਕਿਸੇ ਵੀ ਪ੍ਰਕਾਰ ਦੂਸਿਤ ਕਰਦਾ ਹੈ ਉਸ ਦਾ ਸਖਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ।ਦੂਸਿਤ  ਪਾਣੀ ਨਾਲ ਕਈ ਪ੍ਰਕਾਰ ਦੀਆ ਬਿਮਾਰੀਆ ਫੈਲਣ ਦਾ ਖਤਰਾ ਰਹਿੰਦਾ ਹੈ।ਕਈ ਵਿਕਾਸਸ਼ੀਲ ਦੇਸਾਂ ਵਿਚ ਜਿੱਥੇ ਸੁੱਧ ਪਾਣੀ ਦੀ ਸਪਲਾਈ ਨਹੀ ਹੈ,ਉਥੇ ਬਹੁਤ ਸਾਰੇ ਬੱਚੇ ਡਾਇਰੀਆ ਨਾਲ ਹੀ ਮਰ ਜਾਂਦੇ ਹਨ।ਪਾਣੀ ਦੀ ਬਰਬਾਦੀ ਦਾ ਮੁੱਦਾ ਵੀ ਅਸੀ ਸਭ ਨੇ ਮਿਲ ਕੇ ਹੀ ਹੱਲ ਕਰਨਾ ਹੈ।ਸਭ ਤੋ ਪਹਿਲਾ ਸਾਨੂੰ ਘਰ ਵਿਚ ਹੀ ਹੋ ਰਹੀ ਪਾਣੀ ਦੀ ਬਰਬਾਦੀ ਰੋਕਣੀ ਹੋਵੇਗੀ ਤੇ ਫਿਰ ਬਾਹਰ।
22 ਮਾਰਚ ਨੂੰ ਪਾਣੀ ਦੀ ਮਹੱਤਤਾ ਬਾਰੇ ਸਭ ਲੋਕਾਂ ਵਿਚ ਜਾਗਰੁਕਤਾ ਲਈ ਹੀ ''ਵਿਸਵ ਜਲ ਦਿਵਸ'' ਮਨਾਇਆ ਜਾਦਾ ਹੈ।ਇਸ ਦਿਵਸ ਦਾ ਮੁੱਖ ਉਦੇਸ ਇਹੀ ਹੈ ਕਿ ਲੋਕਾਂ ਵਿਚ ਜਾਗਰੁਕਤਾ ਪੈਦਾ ਕੀਤੀ ਜਾ ਸਕੇ ਤਾ ਜੋ ਲੋਕ ਪਾਣੀ ਦੀ ਮਹੱਤਤਾ ਸਮਝ ਕੇ ਪਾਣੀ ਨੂੰ ਦੂਸਿਤ ਹੋਣ ਅਤੇ ਪਾਣੀ ਦੀ ਬਰਬਾਦੀ ਨੂੰ ਰੋਕ ਸਕਣ ਕਿਉਕਿ ਪਾਣੀ ਦਾ ਸਿੱਧਾ ਸਬੰਧ ਸਿਹਤ ਨਾਲ ਹੁੰਦਾ ਹੈ ਤੇ ਸਿਹਤ ਦਾ ਸਿੱਧਾ ਸਬੰਧ ਵਿਕਾਸ ਨਾਲ॥

ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲਾ ਰੋਪੜ
ਮੋਬ:99149-65937

24 Nov. 2018