ਮੁੱਢ ਦਾ ਅਤੇ ਅੱਜ ਦਾ ਅਕਾਲੀ - ਹਰਦੇਵ ਸਿੰਘ ਧਾਲੀਵਾਲ

 ਸ਼੍ਰੋਮਣੀ ਅਕਾਲੀ ਦਲ ਬਾਰੇ ਹਰ ਸੂਝਵਾਨ ਵਿਅਕਤੀ ਜਾਣਦਾ ਹੈ ਕਿ ਇਸ ਸੂਰਬੀਰ ਜਮਾਤ ਦਾ ਮੁੱਢ 14 ਦਸੰਬਰ 1920 ਨੂੰ ਰੱਖਿਆ ਗਿਆ ਕਿਉਂਕਿ ਭਾਈਚਾਰਕ ਸ਼੍ਰੋਮਣੀ ਕਮੇਟੀ ਬਣ ਚੁੱਕੀ ਸੀ। ਗੁਰਦੁਆਰਾ ਸਾਹਿਬਾਨ ਦੀ ਅਜ਼ਾਦੀ ਦੇ ਘੋਲ ਵਾਸਤੇ ਇੱਕ ਸੰਸਥਾ ਦੀ ਲੋੜ ਸੀ। ਇਸ ਸੂਰਬੀਰ ਜਮਾਤ ਨੇ ਮਰਜੀਵੜੇ ਪੈਦਾ ਕੀਤੇ ਅਤੇ ਇਹ ਕੁਰਬਾਨੀਆਂ ਖਾਲਸਾ ਪੰਥ ਲਈ ਕਰਦੇ ਸਨ। ਇਸ ਜਮਾਤ ਨੇ 1921 ਤੋਂ 25 ਤੱਕ 30 ਹਜ਼ਾਰ ਸਿੱਖ ਜੇਲ੍ਹੀ ਭੇਜੇ, 400 ਦੀਆਂ ਜਾਨਾਂ ਗਈਆਂ ਅਥਵਾ ਸ਼ਹੀਦ ਹੋਏ, 2000 ਜਖਮੀ ਹੋਏ, 700 ਪੇਂਡੂ ਕਰਮਚਾਰੀ ਨੌਕਰੀਓ ਕੱਢੇ ਗਏ ਅਤੇ ਉਸ ਸਮੇਂ 15 ਲੱਖ ਜੁਰਮਾਨਾ ਵੀ ਭਰਿਆ ਗਿਆ। ਇਸ ਦੀ ਆਸ਼ਾ ਸੀ ਕੁਰਬਾਨੀ ਕਰੋ ਆਪ ਮਰੋ, ਪਰ ਖਾਲਸਾ ਪੰਥ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੋ। ਗੁਰਦੁਆਰਾ ਐਕਟ ਪਾਸ ਹੋਣ ਤੇ ਅਕਾਲੀ ਦਲ ਦੋਫਾੜ ਹੋ ਗਿਆ। ਦਫਤਰ ਤੇ ਸ. ਮੰਗਲ ਸਿੰਘ ਕਾਬਜ ਸਨ, ਇਸ ਲਈ ਮਾਸਟਰ ਜੀ ਦਾ ਕਬਜਾ ਹੋ ਗਿਆ। ਕਈਆਂ ਨੇ ਰਇ ਦਿੱਤੀ ਕਿ ਕਾਰਜ ਹੱਲ ਹੋ ਗਿਆ ਹੈ, ਜਮਾਤ ਭੰਗ ਕਰ ਦਿਓ, ਪਰ ਦਫਤਰ ਤੇ ਕਬਜੇ ਵਾਲੇ ਇਸ ਗੱਲ ਤੇ ਨਾ ਮੰਨੇ। ਅਕਾਲੀ ਦਲ ਦੀ ਆਸ਼ਾ ਸਿੱਖਾਂ ਦੀ ਪ੍ਰਗਤੀ ਤੇ ਹਰ ਪੱਖ ਤੋਂ ਤਰੱਕੀ ਕਰਨਾ ਸੀ। ਅਕਾਲੀ ਦਲ ਭਾਵੇਂ ਦੋ ਬਣ ਗਏ, ਪਰ ਅਕਾਲੀ ਦਲ ਦਾ ਮਕਸਦ ਸਿੱਖਾਂ ਦੀ ਪ੍ਰਗਤੀ ਤੇ ਸਿੱਖ ਹੱਕਾਂ ਦੀ ਰਾਖੀ ਹੀ ਰਿਹਾ। 1926 ਤੋਂ ਪਿੱਛੋਂ ਨਹਿਰੂ ਰਿਪੋਰਟ ਆਈ। ਸਿੱਖਾਂ ਨੇ ਵਿਰੋਧਤਾ ਕੀਤੀ। ਅਕਾਲੀ ਦਲ ਤੇ ਕੇਂਦਰੀ ਅਕਾਲੀ ਦਲ ਵਿਰੋਧਤਾ ਕਰਦੇ ਰਹੇ, ਪਰ ਇੱਕ ਜੁੱਟ ਨਾ ਹੋਏ। ਸ.ਬ. ਮਹਿਤਾਬ ਸਿੰਘ ਮਾ. ਤਾਰਾ ਸਿੰਘ ਤੇ ਗਿਆਨੀ ਸ਼ੇਰ ਸਿੰਘ ਰਲ ਕੇ ਤੇ ਇਸ ਮਸਲੇ ਦੀ ਵਿਰੋਧਤਾ ਜੋਰ ਨਾਲ ਕੀਤੀ। ਸਿੱਖਾਂ ਦਾ ਵਿਰੋਧ ਸੀ ਕਿ ਯੂ.ਪੀ. ਵਿੱਚ ਜਿਹੜੀਆਂ ਸਹੂਲਤਾਂ ਮੁਸਲਮਾਨਾਂ ਨੂੰ ਦਿੱਤੀਆਂ ਹਨ, ਉਹ ਪੰਜਾਬ ਵਿੱਚ ਸਿੱਖਾਂ ਨੂੰ ਦਿੱਤੀਆਂ ਜਾਣ। ਉਹ 13 ਪ੍ਰਤੀਸ਼ਤ ਅਬਾਦੀ ਦੇ ਅਧਾਰ ਤੇ 20 ਪ੍ਰਤੀਸ਼ਤ ਹੱਕ ਮੰਗਦੇ ਸਨ। ਪਰ ਅਖੀਰ ਵਿੱਚ ਇਹ ਵਿਰੋਧ ਕਾਰਨ ਲੁੱਟ ਗਈ।
    ਅਕਾਲੀ ਦਲ ਦਾ ਮੈਂਬਰ ਕਾਂਗਰਸ ਦਾ ਮੈਂਬਰ ਵੀ ਹੁੰਦਾ ਸੀ। ਇਹ ਕੰਮ 1947 ਤੱਕ ਚੱਲਿਆ। ਪਰ ਗਿਆਨੀ ਸ਼ੇਰ ਸਿੰਘ ਤੇ ਸ. ਗੋਪਾਲ ਸਿੰਘ ਸਾਗਰੀ ਆਦਿ 1930 ਵਿੱਚ ਕਾਂਗਰਸ ਤੋਂ ਅਸਤੀਫੇ ਦੇ ਗਏ, ਕਿਉਂਕਿ ਮਹਾਤਮਾ ਗਾਂਧੀ ਜੀ ਨੇ ਦਸਵੇਂ ਪਾਤਸ਼ਾਹ ਨੂੰ ਭੁੱਲੜ ਦੇਸ਼ ਭਗਤ ਕਹਿ ਦਿੱਤਾ ਸੀ। ਇਹ ਸਾਰੇ ਕੇਂਦਰੀ ਅਕਾਲੀ ਦਲ ਨਾਲ ਸਬੰਧਤ ਸਨ। 1926 ਤੋਂ 39 ਤੱਕ ਪੰਜ ਗੁਰਦੁਆਰਾ ਚੋਣਾਂ ਗਹਿਗੱਚ ਮੁਕਾਬਲੇ ਵਿੱਚ ਹੋਈਆਂ। ਸਿਆਸੀ ਤੌਰ ਤੇ ਦੋਵਾਂ ਦਾ ਵਿਰੋਧ ਸੀ। ਪਰ ਪੰਥਕ ਕਾਜ ਲਈ ਇਕੱਠੇ ਹੋ ਜਾਂਦੇ ਸਨ। ਸ. ਅਮੋਲਕ ਸਿੰਘ ਲਿਖਦੇ ਹਨ ਕਿ ਵਿਰੋਧੀ ਧੜੇ ਕਦੇ ਇੱਕ ਸਟੇਜ ਤੇ ਇਕੱਠੇ ਕੀਤੇ ਜਾਂਦੇ ਸਨ। ਕੁੱਝ ਵਿਅਕਤੀਆਂ ਨੇ ਮਾਸਟਰ ਜੀ ਦੇ ਗਿਆਨੀ ਸ਼ੇਰ ਸਿੰਘ ਨੂੰ ਇੱਕ ਸਟੇਜ ਤੇ ਜੱਲਿਆਂ ਵਾਲੇ ਬਾਗ ਵਿੱਚ ਬੋਲਣ ਲਈ ਮਨਾ ਲਿਆ। ਦੋਵੇਂ ਆਪਣੇ ਪ੍ਰੋਗਰਾਮ ਤੋਂ ਇਲਾਵਾ ਇੱਕ ਦੂਜੇ ਵਿਰੁੱਧ ਬੋਲਣ ਤੇ ਝਗੜਾ ਹੋ ਗਿਆ। ਮਾਸਟਰ ਜੀ ਦੇ ਸਮਰਥਕ ਕਹਿੰਦੇ ਸਨ ਕਿ ਗਿਆਨੀ ਸ਼ੇਰ ਸਿੰਘ ਸਾਰਾ ਮਾਲਵਾ ਲੈ ਆਏ ਹਨ। ਗਿਆਨੀ ਸ਼ੇਰ ਸਿੰਘ ਦੇ ਸਮਰਥਕ ਕਹਿੰਦੇ ਸਨ ਕਿ ਮਾਸਟਰ ਜੀ ਨੇ ਪਹਿਲਾਂ ਹੀ ਮਝੈਲ ਇਕੱਠੇ ਕੀਤੇ ਹੋਏ ਸਨ। ਉਸ ਥਾਂ ਤੇ ਡਾਂਗ ਸੋਟਾ ਵੀ ਚੱਲਿਆ। ਪਿੱਛੋਂ ਇਹ ਗੱਲ ਮਨਾ ਲਈ ਕਿ ਦੋਵੇਂ ਵਿਰੋਧੀ ਇੱਕ ਸਟੇਜ ਤੇ ਨਾ ਬੋਲਣ। ਉਸੇ ਸਮੇਂ ਦੌਰਾਨ ਕੰਮਿਊਨਲ ਅਵਾਰਡ ਦੀ ਵਿਰੋਧਤਾ ਵੀ ਆ ਗਈ, ਪਰ ਦੋਵੇਂ ਇਸ ਤੇ ਇਕੱਠੇ ਹੋ ਗਏ ਤੇ ਵਿਰੋਧਤਾ ਭੁਲਾ ਦਿੱਤੀ। ਅਕਾਲੀ ਦਲ ਲਈ ਸਿੱਖਾਂ ਦੀ ਬੇਹਤਰੀ ਫੌਜ ਵਿੱਚ ਸਿੱਖਾਂ ਦੀ ਭਰਤੀ ਹੋਣਾ ਸੀ। ਗਿਆਨੀ ਸ਼ੇਰ ਸਿੰਘ ਗਰੁੱਪ ਫੌਜ ਦੀ ਭਰਤੀ ਦੀ ਮਦਦ ਕਰ ਰਿਹਾ ਸੀ। 1940 ਵਿੱਚ ਮਾਸਟਰ ਜੀ ਤੇ ਗਿਆਨੀ ਕਰਤਾਰ ਸਿੰਘ ਨੇ ਫੌਜ ਦੀ ਭਰਤੀ ਦੇ ਅਧਾਰ ਤੇ ਕਾਂਗਰਸ ਤੋਂ ਅਸਤੀਫੇ ਦੇ ਦਿੱਤੇ। ਅੱਜ ਦਾ ਅਕਾਲੀ ਦਲ ਪੱਕੇ ਤੌਰ ਤੇ ਬੀ.ਜੇ.ਪੀ. ਨਾਲ ਬੱਝਿਆ ਹੋਇਆ ਹੈ। ਉਸ ਸਮੇਂ ਦਾ ਅਕਾਲੀ ਦਲ ਸਿੱਖਾਂ ਦੀ ਬੇਹਤਰੀ ਦੇਖਦਾ ਸੀ। ਅਕਾਲੀ ਦਲ ਸਿੱਖਾਂ ਦੀ ਜਮਾਤ ਸੀ ਤੇ ਉਹ ਗੁਰਧਾਮਾਂ ਦੀ ਪਵਿੱਤਰਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਨੂੰ ਮੁੱਖ ਰੱਖਦਾ ਸੀ।
    1947 ਵਿੱਚ ਜੱਥੇਦਾਰ ਊਧਮ ਸਿੰਘ ਨਾਗੋਕਾ ਦਾ ਧੜਾ ਅਕਾਲੀ ਦਲ ਛੱਡ ਕੇ ਪੱਕੇ ਤੌਰ ਤੇ ਕਾਂਗਰਸ ਵਿੱਚ ਚਲਿਆ ਗਿਆ ਅਤੇ 1955 ਤੱਕ ਸ਼੍ਰੋਮਣੀ ਕਮੇਟੀ ਤੇ ਕਾਬਜ ਰਿਹਾ। ਮਾਸਟਰ ਜੀ ਪੰਥਕ ਪ੍ਰੰਪਰਾਵਾਂ ਤੇ ਪਹਿਰਾਂ ਦਿੰਦੇ ਰਹੇ। ਉਹ ਅਕਾਲੀ ਦਲ ਨੂੰ ਆਪਣੀ ਜਾਇਦਾਤ ਨਹੀਂ ਸੀ ਮੰਨਦੇ ਤੇ ਨਾ ਹੀ ਉਨ੍ਹਾਂ ਨੇ ਕਮੇਟੀ ਤੋਂ ਕੋਈ ਲਾਭ ਉਠਾਏ। 1947 ਵਿੱਚ ਅਕਾਲੀ ਦਲ ਨਹੀਂ ਸੀ ਚਾਹੁੰਦਾ ਕਿ ਪਾਕਿਸਤਾਨ ਬਣੇ, ਪਰ ਦੇਸ਼ ਕਾਗਜਾਂ ਵਿੱਚ ਵੰਡਿਆ ਜਾ ਚੁੱਕਿਆ ਸੀ। ਕਈ ਸੱਜਣ ਲਿਖਦੇ ਹਨ ਕਿ ਲਹੌਰ ਅਸੈੈਂਬਲੀ ਦੇ ਬਾਹਰ ਮੁਸਲਮਾਨ ਤੇ ਸਿੱਖਾਂ ਦੇ ਵੱਖੋ-ਵੱਖਰੇ ਇਕੱਠ ਖੜੇ ਸਨ। ਅਕਾਲੀਆਂ ਦਾ ਵੀ ਇਕੱਠ ਵੱਡਾ ਸੀ, ਪਰ ਮੁਸਲਮਾਨਾਂ ਦੀ ਗਿਣਤੀ ਉਸ ਤੋਂ 3 ਗੁਣਾਂ ਤੋਂ ਵੀ ਵੱਧ ਸੀ। ਪਰ ਉਹ ਜਾਬਤੇ ਵਿੱਚ ਰਹੇ ਤੇ ਉਨ੍ਹਾਂ ਨੇ ਕੋਈ ਭੜਕਾਹਟ ਵਾਲੇ ਵੀ ਨਾਅਰੇ ਨਾ ਲਾਏ। ਕਈ ਕਹਿੰਦੇ ਹਨ ਕਿ ਮਾਸਟਰ ਜੀ ਨੇ ਮੁਸਲਮਲੀਗ ਦਾ ਝੱਡਾ ਵੱਢ ਦਿੱਤਾ ਸੀ, ਕਈ ਸਹਿਮਤ ਨਹੀਂ ਹਨ। ਮਾਸਟਰ ਜੀ ਇਕੱਲੇ ਪਾਕਿਸਤਾਨ ਦੇ ਵਿਰੁੱਧ ਪਹਿਲਾਂ ਨਾਅਰੇ ਲਾਉਂਦੇ ਰਹੇ, ਫੇਰ ਹਰੇਕ ਐਮ.ਐਲ.ਏ. ਨੂੰ 5-5 ਮਿੰਟ ਵਿਰੋਧੀ ਨਾਅਰੇ ਲਾਉਣ ਲਈ ਕਿਹਾ।
    1986 ਤੱਕ ਅਕਾਲੀ ਦਲ ਪੰਥਕ ਤੇ ਸਿੱਖ ਸਪਿਰਟ ਨੂੰ ਬਚਾਉਦਾ ਰਿਹਾ, ਭਵੇਂ ਕਈ ਲੜਾਈਆਂ ਲੜੀਆਂ। ਕਈ ਵਾਰ ਦੋਫਾੜ ਹੁੰਦਾ ਰਿਹਾ। 1986 ਤੋਂ ਬਾਅਦ ਸਿੱਖਾਂ ਤੇ ਕਾਫੀ ਜੁਲਮ ਹੋਏ। ਜਨਰਲ ਜੇ.ਐਫ. ਰਿਬੈਰੋ ਤੱਕ ਬਹੁਤ ਘੱਟ ਗਲਤ ਕੰਮ ਹੋਏ। ਫੇਰ ਗਿੱਲ ਸਾਹਿਬ ਪੰਜਾਬ ਦੇ ਮੁੱਖੀ ਬਣ ਗਏ। ਉਨ੍ਹਾਂ ਕੰਟਰੋਲ ਤਾਂ ਕੀਤਾ ਕਈ ਅਣਮਨੁੱਖੀ ਘਟਨਾਵਾਂ ਵੀ ਹੋਈਆਂ ਅਕਾਲੀ ਦਲ ਦਾ ਫਰਜ਼ ਬਣਦਾ ਸੀ, ਪਰ ਬਹੁਤ ਘੱਟ ਵਿਰੋਧਤਾ ਹੋਈ। ਬਾਦਲ ਪਰਿਵਾਰ ਅਕਾਲੀ ਦਲ ਤੇ ਕਾਬਜ ਹੋ ਚੁੱਕਿਆ ਸੀ। 1991 ਵਿੱਚ ਮੁੰਡਿਆਂ ਨੇ ਜੋਰ ਦੇ ਕੇ ਬਾਦਲ ਸਾਹਿਬ ਤੋਂ ਇਲੈਕਸ਼ਨ ਲਈ ਨਾਹ ਕਰਵਾ ਦਿੱਤੀ ਤੇ ਉਨ੍ਹਾਂ ਨੇ ਕਿਹਾ ਕਿ ਬਾਦਲ ਸਾਹਿਬ ਆਪਣਾ ਪੁੱਤਰ ਬਚਾਉਣ ਫੇਰ ਉਹ ਅਮਰੀਕਾ ਭੇਜੇ ਗਏ। ਇਹ 1997 ਤੋਂ ਬਾਅਦ ਹੀ ਦੇਖੇ ਗਏ। ਇਨ੍ਹਾਂ ਨੇ ਧਾਰਮਿਕ ਪ੍ਰੰਪਰਾਵਾਂ ਰੋਲ ਦਿੱਤੀਆਂ। ਅਕਾਲੀ ਦਲ ਦੇ ਪ੍ਰਧਾਨ ਦੀ ਉੱਚੀ ਥਾਂ ਹੁੰਦੀ ਸੀ, ਪਰ ਚੋਣ ਜਿੱਤਣ ਲਈ ਇਹ ਸਭ ਕੁੱਝ ਭੁੱਲ ਕੇ ਗੁਰੂ ਡੰਮ ਵਾਲੇ ਦੀ ਸ਼ਰਨ ਜਾ ਲਈ। ਸਰਸੇ ਵਾਲੇ ਸਾਧ ਦਾ ਛਿਪਦੇ ਤੇ ਦੱਖਣੀ ਮਾਲਵੇ ਵਿੱਚ ਅਸਰ ਹੈ। ਇਨ੍ਹਾਂ ਨੇ ਉਸ ਦਾ ਲਾਭ ਉਠਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸੰਪੂਰਨ ਗ੍ਰੰਥ ਹੈ ਅਤੇ ਗੁਰੂ ਦੀ ਪਦਵੀ ਵੀ ਹਸਾਲ ਹੈ।
    2015 ਵਿੱਚ ਇਹ ਬਰਗਾੜੀ ਤੋਂ ਇਹ ਗੱਲਾਂ ਆਈਆਂ ਕਿ ਆਲੇ ਦੁਆਲੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ ਹੈ। 90 ਦਿਨ ਇਸ ਦੀ ਪੜਤਾਲ ਹੁੰਦੀ ਰਹੀ, ਪਰ ਕੁੱਝ ਨਾ ਲੱਭਿਆ, ਬਰਗਾੜੀ ਦੇ ਲੋਕ ਆਮ ਕਹਿੰਦੇ ਸਨ ਕਿ 3 ਮਹੀਨੇ ਕਾਂਗਜਾਂ ਤੇ ਹੱਥ ਲਿਖਤ ਇਸਤਿਹਾਰ ਲੱਗਦੇ ਰਹੇ ਹਨ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ, ਅਸੀਂ ਤੁਹਾਡਾ ਗੁਰੂ ਕੈਦ ਕੀਤਾ ਹੋਇਆ ਹੈ, ਲੈ ਜਾ ਸਕਦੇ ਹੋ ਤਾਂ ਲੈ ਜਾਓ। ਇਸ ਪ੍ਰਤੀ ਚਰਨਜੀਤ ਸਿੰਘ ਐਸ.ਐਸ.ਪੀ. 90 ਦਿਨਾਂ ਵਿੱਚ ਕੁੱਝ ਨਾ ਕਰ ਸਕਿਆ। ਇਸ ਨੂੰ ਇੱਕ ਤਰ੍ਹਾਂ ਦੀ ਸਰਕਾਰ ਦੀ ਸਾਹਿ ਹੀ ਸੀ। 2015 ਵਿੱਚ ਜੱਥੇਦਾਰ ਗੁਰਮੁਖ ਸਿੰਘ ਤੇ ਉਸਦੇ ਭਰਾ ਨੇ ਦਲੇਰੀ ਦਿਖਾਈ, ਜਿਸ ਤੋਂ ਸਿੱਧ ਹੋ ਗਿਆ ਕਿ ਅਕਾਲੀ ਦਲ ਤੇ ਬਾਦਲ ਪਰਿਵਾਰ ਕਰਕੇ ਸਭ ਕੁੱਝ ਹੋਇਆ। ਬਾਦਲ ਸਾਹਿਬ ਨੇ ਜੱਥੇਦਾਰ ਅਕਾਲ ਤਖਤ ਸਾਹਿਬ ਤੇ ਜੱਥੇਦਾਰ ਕੇਸਗੜ੍ਹ ਸਾਹਿਬ ਅਤੇ ਗਿਆਨੀ ਗੁਰਮੁਖ ਸਿੰਘ ਆਪਣੇ ਘਰ ਸੱਦੇ, ਫੇਰ ਇਨ੍ਹਾਂ ਲਿਖਤੀ ਮੁਆਫੀਨਾਮਾ ਦਿੱਤਾ ਗਿਆ। ਇਸ ਦੀ ਤਾਇਦ ਗੁਰਮੁਖ ਸਿੰਘ ਦੇ ਭਰਾ ਨੇ ਵੀ ਕੀਤੀ। ਇਸੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਗੰਦੀਆਂ ਥਾਵਾਂ ਤੇ ਰੋਲਿਆ ਗਿਆ। ਅਕਾਲੀ ਦਲ ਤਾਂ ਗੁਰੂ ਦੀ ਸੁਰੱਖਿਆ ਲਈ ਸੀ, ਪਰ ਇਹ ਵਿਰੋਧੀਆਂ ਕੋਲ ਚਲਾ ਗਿਆ। ਗੁਰੂ ਦੀ ਬੇਪਤੀ ਕਰਨ ਵਾਲੇ ਕਦੇ ਪੰਥ ਤੋਂ ਬਖਸ਼ੇ ਨਹੀਂ ਜਾ ਸਕਦੇ। ਜੱਥੇਦਾਰ ਅਕਸਰ ਬਾਦਲ ਸਾਹਿਬ ਦੇ ਪਿਛਲੱਗ ਹੀ ਰਹੇ। ਉਨ੍ਹਾਂ ਨੇ ਆਪਣੀਆਂ ਜੜ੍ਹਾ ਆਪ ਪੁੱਟੀਆਂ ਹਨ। ਕਾਰਾਂ, ਕੁਰਸੀਆਂ ਤੇ ਸਰਕਾਰ ਇਸ ਸਾਹਮਣੇ ਕੁੱਝ ਨਹੀਂ। ਇਨ੍ਹਾਂ ਨੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਵਰਗੇ ਮਰਜੀਵੜਿਆਂ ਦੀਆਂ ਕੁਰਬਾਨੀਆਂ ਦੀ ਵੀ ਕਦਰ ਨਹੀਂ ਕੀਤੀ।
    ਲੋੜ ਹੈ, ਸਾਰਾ ਪੰਥ ਇਕੱਠਾ ਹੋ ਕੇ ਇਸ ਭ੍ਰਿਸ਼ਟ ਹੋ ਚੁੱਕੇ ਪ੍ਰਬੰਧ ਨੂੰ ਗਲੋ ਲਾਹੇ। ਸਾਫ ਸੁੱਚੇ ਲੋਕ ਅੱਗੇ ਲਿਆਂਦੇ ਜਾਣ।
 


 ਹਰਦੇਵ ਸਿੰਘ ਧਾਲੀਵਾਲ,
 ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

26 NOV. 2018