ਕਣਕ ਦੀ ਫਸਲ ਤੋਂ ਵਧੇਰੇ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਜ਼ਰੂਰੀ - ਡਾ ਅਮਰੀਕ ਸਿੰਘ (ਸਟੇਟ ਅਵਾਰਡੀ)

ਕਣਕ ਪੰਜਾਬ ਦੀ ਮੁੱਖ ਫਸਲ ਹੈ ,ਜਿਸ ਤੋਂ ਸਾਲ 2016-17 ਦੌਰਾਨ ਤਕਰੀਬਨ 34 ਲ਼ੱਖ 95 ਹਜ਼ਾਰ ਹੈਕਟੇਅਰ ਵਿੱਚ ਕਾਸਤ ਕਰਕੇ 176 ਲੱਖ 36 ਹਜ਼ਾਰ ਟਨ ਪੈਦਾਵਾਰ ਹੋਈ, ਜਦ ਕਿ ਪ੍ਰਤੀ ਹੈਕਟੇਅਰ 5043 ਕਿਲੋ ਗ੍ਰਾਮ ਪ੍ਰਤੀ ਹੈਕਟੇਅਰ ਰਹੀ।ਕਣਕ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਨੂੰ ਪ੍ਰਭਾਵਤ ਕਰਨ ਵਿੱਚ ਕੀੜੇ,ਬਿਮਾਰੀਆਂ ਅਤੇ ਨਦੀਨ ਅਹਿਮ ਭੂਮਿਕਾ ਨਿਭਾਉਂਦੇ ਹਨ।ਕਣਕ ਦੀ ਫਸਲ ਵਿੱਚੋਂ ਜੇਕਰ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਪ੍ਰਤੀ ਹੈਕਟੇਅਰ 20-50% ਪੈਦਾਵਾਰ ਘਟ ਸਕਦੀ ਹੈ।ਮੁੱਖ ਤੌਰ ਤੇ ਕਣਕ ਦੀ ਫਸਲ ਵਿੱਚ ਗੁੱਲੀ ਡੰਡਾ ਅਤੇ ਜੰਗਲੀ ਜਵੀ ਨਾਮਕ ਨਦੀਨਾਂ ਤੋਂ ਇਲਾਵਾ ਚੌੜੇ ਪੱਤਿਆਂ ਵਾਲੇ ਨਦੀਨ ਜਿਵੇਂ ਬਾਥੂ,ਜੰਗਲੀ ਪਾਲਕ,ਮੈਣਾ,ਮੈਣੀ,ਬਟਨ ਬੂਟੀ,ਕੰਡਿਆਲੀ ਪਾਲਕ,ਪਿੱਤ ਪਾਪੜਾ,ਜੰਗਲੀ ਸੇਂਜੀ,ਬਟਨ ਬੂਟੀ ਆਦਿ ਨਦੀਨ  ਪੈਦਾਵਾਰ ਨੂੰ ਪ੍ਰਭਾਵਤ ਕਰਦੇ ਹਨ।ਜੇਕਰ ਇਨਾਂ ਸਾਰੇ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ  ਸਹੀ ਨਦੀਨ ਨਾਸ਼ਕ ਨੂੰ ਸਹੀ ਸਮੇਂ,ਸਹੀ ਪਾਣੀ ਦੀ ਮਿਕਦਾਰ ਦੇ ਘੋਲ ਵਿੱਚ,ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
             ਘਾਹ ਪੱਤੀ ਵਾਲੇ ਨਦੀਨ: ਕਣਕ ਦੀ ਫਸਲ ਵਿੱਚ ਘਾਹ ਪੱਤੀ ਵਾਲੇ ਨਦੀਨ ਜਿਵੇਂ ਗੁੱਲੀ ਡੰਡਾ ਅਤੇ ਜੰਗਲੀ ਜਵੀ ਨਦੀਨ ਮੁੱਖ ਤੌਰ ਤੇ ਪਾਏ ਜਾਂਦੇ ਹਨ।ਪਿਛਲੇ ਕਾਫੀ ਸਮੇਂ ਤੋਂ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨਾਂ ਵੱਲੋਂ ਆਈਸੋਪ੍ਰੋਟਯੂਰਾਨ ਨਾਂ ਦੇ ਨਦੀਨ ਨਾਸ਼ਕ ਦੀ ਵਰਤੋਂ ਕਰਨ ਨਾਲ ਗੁੱਲੀ ਡੰਡੇ ਵਿੱਚ ਸ਼ਹਿਣਸ਼ੀਲਤਾ ਵਧਣ ਕਾਰਨ ਅੜੀਅਲ ਹੋ ਗਿਆ ਹੈ ,ਇਸ ਲਈ ਗੁੱਲੀ ਡੰਡੇ ਦੀ ਰੋਕਥਾਮ ਲਈ ਨਵੇਂ ਨਦੀਨ ਨਾਸ਼ਕ ਸਿਫਾਰਸ਼ ਕੀਤੇ ਗਏ ਹਨ।ਅੜੀਅਲ ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਤੋਂ ਤੁਰੰਤ ਬਾਅਦ ਜਾਂ ਬੀਜਣ ਤੋਂ ਦੋ ਦਿਨਾਂ ਵਿੱਚ ਡੇਢ ਲਿਟਰ ਪੈਂਡੀਮੈਥਾਲੀਨ 30 ਈ ਸੀ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਕਰੋ।ਛਿੜਕਾਅ ਕਰਦੇ ਸਮੇਂ ਇਸ ਗੱਲ ਦਾ ਖਿਆਲ ਰੱਖੋ ਕਿ ਖੇਤ ਵਿੱਚ ਝੋਨੇ ਦੇ ਮੁੱਢ ਅਤੇ ਮਿੱਟੇ ਦੇ ਢੇਲੇ ਨਾਂ ਹੋਣ ,ਨਹੀਂ ਤਾਂ ਮੁੱਢਾਂ ਅਤੇ ਮਿੱਟੀ ਦੇ ਢੇਲਿਆਂ ਹੇਠ ਨਦੀਨਾਂ ਦਾ ਬੀਜ ਉੱਗ ਪਵੇਗਾ।ਕਣਕ ਦੀ ਫਸਲ ਨੁੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ,ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਜਾਂ 13 ਗ੍ਰਾਮ ਸਲਫੋਸਲਫੂਰਾਨ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ।ਨਦੀਨ ਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ।ਜਿੰਨਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨ ਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਪਹਿਲਾ ਪਾਣੀ ਲਾਉਣ ਤੋਂ ਬਾਅਦ ਜਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈ ਸੀ ਜਾਂ 13 ਗ੍ਰਾਮ ਸਲਫੋਸਲਫੂਰਾਨ 75 ਡਬਲਿਯੂ ਜੀ ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ।ਇਨਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।ਜਿੰਨਾਂ ਖੇਤਾਂ ਵਿੱਚ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਬੀਜੀ ਹੋਵੲ,ਉਥੇ ਸਲਫੋਸਲਫੂਰਾਨ ਨਦੀਨਨਾਸ਼ਕ ਦੀ ਵਰਤੋਂ ਨਾਂ ਕਰੋ।ਜਿੰਨਾਂ ਖੇਤਾਂ ਵਿੱਚ ਸਲਫੋਸਲਫੂਰਾਨ ਨਦੀਨਨਾਸ਼ਕ ਵਰਤੀ ਹੋਵੇ ਉਥੇ ਸਾਉਣੀ ਵੇਲੇ ਚਰੀ ਜਾਂ ਮੱਕੀ ਨਾਂ ਬੀਜੋ।
             ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ: ਜੇਕਰ ਕਣਕ ਦੀ ਫਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80%)ਜਾਂ 2,4-ਡੀ ਐਸਟਰ 36% ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫਸਲ ਵਿੱਚ ਬਿਜਾਈ ਤੋਂ 45 -55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ।ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ।ਜੇਕਰ ਕਣਕ ਦੀ ਫਸਲ ਵਿੱਚ ਸਖਤ ਜਾਨ ਨਦੀਨ ਜਿਵੇਂ ਕੰਡਿਆਲੀ ਪਾਲਕ,ਮੈਣਾ,ਮੈਣੀ ਜੰਗਲੀ ਪਾਲਕ ,ਤੱਕਲਾ ਅਤੇ ਸੇਂਜੀ ਆਦਿ ਹੋਣ ਤਾਂ 10 ਗ੍ਰਾਮ ਮੈਟਸਲਫੂਰਾਨ 20 ਤਾਕਤ(ਐਲਗ੍ਰਿਪ) ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰੋ ।ਇਸ ਤੋਂ ਇਲਾਵਾ ਜਿੰਨਾਂ ਖੇਤਾਂ ਵਿੱਚ ਬਟਨ ਬੂਟੀ ਨਾਮਕ ਨਦੀਨ ਹੋਵੇ ਤਾਂ 20 ਗ੍ਰਾਮ ਕਾਰਫੈਨਟਰਾਜੋਨ-ਈਥਾਈਲ 40 ਡੀ ਐਫ(ਅਫਿਨਟੀ/ਏਮ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਜੇਕਰ ਚੌੜੇ ਪੱਤਿਆਂ ਵਾਲੇ ਨਦੀਨ ਖਾਸ ਕਰਕੇ ਮਕੋਹ,ਕੰਡਿਆਲੀ ਪਾਲਕ,ਰਿਵਾੜੀ/ਰਾਰੀ,ਹਿਰਨ ਖੁਰੀ ਹੋਵੇ ਤਾਂ ਲਾਂਫਿਡਾ 50 ਡੀ ਐਫ (ਮੈਟਸਲਫੂਰਾਨ+ਕਾਰਫੈਨਟਰਾਜ਼ੋਨ) ਪ੍ਰਤੀ ਏਕੜ ਬਿਜਾਈ ਤੋਂ 25-30 ਦਿਨਾਂ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ।ਜੇਕਰ ਖੇਤ ਵਿੱਚ ਚੌੜੇ ਪੱਤੀ ਅਤੇ ਘਾਹ ਪੱਤੀ ਵਾਲੇ ਨਦੀਨ ਹੋਣ ਤਾਂ 160 ਗ੍ਰਾਮ ਮਿਜੋਸਲਫੂਰਾਨ +ਆਇਉਡੋਸਲਫੂਰਾਨ 3.6 ਡਬਲਿਯੂ ਡੀ ਜੀ(ਅਟਲਾਂਟਿਸ) ਜਾਂ 16 ਗ੍ਰਾਮ ਸਲਫੋਸਲਫੂਰਾਨ +ਮੈਟਸਲਫੂਰਾਨ 75 ਡਬਲਿਯੂ ਜੀ(ਟੋਟਲ) ਜਾਂ ਫਿਨੌਕਸਾਪ੍ਰੋਪ+ਮੈਟਰੀਬਿਊਜ਼ਿਨ 22 ਈ ਸੀ(ਅੋਕਾਰਡ ਪਲੱਸ) 500 ਮਿਲੀ ਲਿਟਰ ਜਾਂ 200 ਗ੍ਰਾਮ ਸ਼ਗਨ 21-11(ਕਲੋਡਿਨੋਫਾਪ + ਮੈਟਰੀਬਿਊਜਿਨ )ਪ੍ਰਤੀ ਏਕੜ ਨੂੰ ਬਿਜਾਈ ਤੋਂ 30-35 ਦਿਨਾਂ ਅੰਦਰ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ।ਛਿੜਕਾਅ ਸਾਫ ਮੌਸਮ ਵਿੱਚ ਅਤੇ ਇਕਸਾਰ ਕਰੋ।ਛਿੜਕਾਅ ਤੋਂ ਬਾਅਦ ਪਾਣੀ ਹਲਕਾ ਲਾਉ ਕਿਉਂਕਿ ਭਰਵਾਂ ਪਾਣੀ ਲਾਉਣ ਨਾਲ ਨਦੀਨਾਸ਼ਕਾਂ ਦੀ ਕਾਰਜਕੁਸ਼ਲਤਾ ਘਟਦੀ ਹੈ।ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਨਦੀਨਾਸ਼ਕ ਵਰਤੇ ਜਾਣ।ਛਿੜਕਾਅ ਤੋਂ ਬਾਅਦ ਛਿੜਕਾਅ ਪੰਪ ਨੂੰ ਕੱਪੜੇ ਧੋਣ ਦੇ ਸੋਢੇ ਦੇ 0.5% ਘੋਲ ਨਾਲ ਚੰਗੀ ਤਰਾਂ ਧੋ ਲੈਣਾ ਚਾਹੀਦਾ। ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਹਮੇਸ਼ਾਂ ਫਲੈਟ ਫੈਨ ਜਾਂ ਫਲੱਡ ਜੈਟ (ਕੱਟ ਵਾਲੀ) ਨੋਜ਼ਲ ਦੀ ਵਰਤੋਂ ਕਰੋ।ਨਦੀਨਾਂ ਦੀ ਨਦੀਨਨਾਸ਼ਕਾਂ ਪ੍ਰਤੀ ਰੋਧਣ ਸ਼ਕਤੀ ਪੈਦਾ ਹੋਣ ਤੋਂ ਰੋਕਣ ਲਈ ਹਰ ਸਾਲ ਨਦੀਨ ਨਾਸ਼ਕਾਂ ਦੀ ਅਦਲ ਬਦਲ ਕੇ ਵਰਤੋਂ ਕਰੋ।ਛਿੜਕਾਅ ਕਰਨ ਸਮੇਂ ਨੋਜ਼ਲ ਦੀ ਉਚਾਈ ਫਸਲ ਤੋਂ ਤਕਰੀਬਨ 1.5 (ਡੇਢ ਫੁੱਟ) ਦੀ ਉਚਾਈ ਤੇ ਰੱਖੋ ਅਤੇ ਛਿੜਕਾਅ ਸਿੱਧੀਆਂ ਪੱਟੀਆਂ ਵਿੱਚ ਆਰਾਮ ਨਾਲ ਇਕਸਾਰ ਕਰਨਾ ਚਾਹੀਦਾ ਹੈ।ਛਿੜਕਾਅ ਕਰਦੇ ਸਮੇਂ ਨੋਜ਼ਲ ਨੂੰ ਇਧਰ ਉਧਰ ਨਾ ਘੁਮਾਉ ।ਨਦੀਨਨਾਸ਼ਕਾਂ ਦੀ ਵਰਤੋਂ ਤੋਂ ਬਾਅਦ ਵੀ ਜੋ ਬੂਟੇ ਬਚ ਜਾਂਦੇ ਹਨ ਉਨਾਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਤਾਂ ਜੋ ਅਗਲੀ ਫਸਲ ਵਿੱਚੋਂ ਨਦਨਿਾਂ ਦ ੀਸਮੱਸਿਆ ਨੂੰ ਘੱਟ ਕੀਤਾ ਜਾ ਸਕੇ।ਕਣਕ ਦੀ ਫਸਲ ਨੂੰ ਪਹਿਲਾ ਪਾਣੀ ਹਲਕਾ ਲਗਾਉ ।ਨਦੀਨਾਸ਼ਕ ਖ੍ਰੀਦਣ ਸਮੇਂ ਡੀਲਰ ਤੋਂ ਬਿੱਲ ਜ਼ਰੂਰ ਲਉ।

ਡਾ ਅਮਰੀਕ ਸਿੰਘ(ਸਟੇਟ ਅਵਾਰਡੀ)
ਖੇਤੀਬਾੜੀ ਅਫਸਰ,ਪਠਾਨਕੋਟ
9463071919

26 NOV. 2018