ਵਿਸਾਖੀ 'ਤੇ ਵਿਸ਼ੇਸ਼ : ਖਾਲਸਾ ਸਿਰਜਣ ਦੀ ਲੋੜ ਕਿਉਂ ਪਈ? - ਡਾ. ਅਮਨਦੀਪ ਸਿੰਘ ਟੱਲੇਵਾਲੀਆ

ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ 'ਸ਼ੁੱਧ' ਮਿਲਾਵਟ ਤੋਂ ਬਿਨਾਂ, ਅਤੇ ਜਾਂ ਉਹ ਜ਼ਮੀਨ ਜੋ ਬਾਦਸ਼ਾਹ ਦੀ ਨਿੱਜੀ ਮਲਕੀਅਤ ਹੋਵੇ ਭਾਵ ਖੁਦਮੁਖਤਾਰ । ਮੈਕਾਲਿਫ ਅਨੁਸਾਰ ਖਾਲਸਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਖਾਲਿਸ ਅਰਥਾਤ 'ਸ਼ੁੱਧ' ਵਿਚੋਂ ਨਿਕਲਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਲਈ ਇਹ ਸ਼ਬਦ ਵਰਤਿਆ ਹੈ ਜਿਨਾਂ ਨੇ ਖੰਡੇ ਦੀ ਪਾਹੁਲ ਛਕ ਲਈ ਭਾਵ ਸ਼ੁੱਧ ਹੋ ਗਏ, ਅਤੇ ਸਿੱਧੇ ਤੌਰ 'ਤੇ ਅਕਾਲ ਪੁਰਖ ਨਾਲ ਜੁੜ ਗਏ ਜੋ ਕਿ ਖੁਦਮੁਖਤਾਰ ਹੈ। ਖਾਲਸਾ ਮਜ਼ਲੂਮਾਂ ਲਈ ਢਾਲ ਹੈ ਅਤੇ ਦੁਸ਼ਮਣ ਲਈ ਤਲਵਾਰ ਹੈ, ਖਾਲਸੇ ਦਾ ਜ਼ੁਲਮ ਨਾਲ ਵੈਰ ਹੈ। ਖਾਲਸਾ ਕਿਸੇ ਬੇਕਸੂਰ ਤੇ ਹੋ ਰਹੇ ਜ਼ੁਲਮਾਂ ਨੂੰ ਨਹੀਂ ਸਹਿ ਸਕਦਾ ਭਾਵੇਂ ਇਸ ਨੂੰ ਆਪਣਾ ਆਪ ਕੁਰਬਾਨ ਕਰਨਾ ਪੈ ਜਾਵੇ।
ਸੱਟ ਕਿਸੇ ਮਜ਼ਲੂਮ ਦੇ ਲਗਦੀ ਹੈ
ਹੰਝੂ ਖਾਲਸੇ ਦੀਆਂ ਅੱਖਾਂ ਵਿਚ ਆ ਜਾਂਦੇ
ਰਾਖੇ ਕੌਮ ਦੇ ਪੁੱਤਰ ਦਸ਼ਮੇਸ਼ ਜੀ ਦੇ
ਜਾਨਾਂ ਵਾਰਕੇ ਅਣਖ ਬਚਾ ਜਾਂਦੇ।
ਖਾਲਸਾ 'ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨਿ' ਦੇ ਸੁਨਹਿਰੀ ਅਸੂਲਾਂ ਦਾ ਧਾਰਨੀ ਹੈ। ਖਾਲਸਾ ਸਦਾ ਚੜਦੀਆਂ ਕਲਾਂ ਵਿਚ ਰਹਿੰਦਾ ਹੈ, ਇਹ ਕਦੀ ਢਹਿੰਦੀਆਂ ਕਲਾਂ ਵਿਚ ਨਹੀਂ ਗਿਆ ਭਾਵੇਂ ਇਸ ਦੇ ਸਿਰ ਤੇ ਆਰਾ ਕਿਉਂ ਨਾ ਚੱਲਦਾ ਹੋਵੇ। ਖਾਲਸਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪ੍ਰਭਾਵ ਤੋਂ ਪਰੇ ਅਤੇ ਕਥਨੀ ਕਰਨੀ ਦਾ ਪੂਰਾ ਉਹ ਸ਼ੁੱਧ ਇਨਸਾਨ ਹੈ ਜਿਸਦੀ ਸਾਜਨਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ 'ਚੋਂ ਕੀਤੀ।
ਖਾਲਸੇ ਦੀ ਸਿਰਜਣਾ  ਗੁਰੂ ਸਾਹਿਬ ਵੱਲੋਂ ਲਿਆ ਗਿਆ ਫੌਰਨ ਫੈਸਲਾ ਨਹੀਂ ਸੀ ਸਗੋਂ ਇਸ ਪਿੱਛੇ ਲੋਕਾਂ ਦਾ ਸਦੀਆਂ ਪੁਰਾਣਾ ਦਰਦ ਛੁਪਿਆ ਹੋਇਆ ਸੀ ਜਿਸਦੀਆਂ ਕਰੁਣਾਮਈ ਚੀਸਾਂ ਗੁਰੂ ਜੀ ਨੇ ਅਨੁਭਵ ਕੀਤੀਆਂ, ਇਹ ਚੀਸਾਂ ਸਨ ਨੀਵੀਆਂ ਜਾਤਾਂ ਤੇ ਹੋ ਰਹੇ ਜ਼ੁਲਮ ਦੀਆਂ, ਬੇਕਸੂਰ ਲੋਕਾਂ ਦੇ ਅੱਲੇ ਜ਼ਖਮਾਂ ਦੀਆਂ ਅਤੇ ਇਹਨਾਂ ਹੋ ਚੁੱਕੇ ਜ਼ਖਮਾਂ 'ਤੇ ਮੱਲਮ ਲਾਉਣਾ ਅਤੇ ਅੱਗੇ ਤੋਂ ਅਜਿਹੇ ਜ਼ਖਮਾਂ ਨੂੰ ਹੋਣ ਤੋਂ ਰੋਕਣਾ ਹੀ ਖਾਲਸਾ ਸਾਜਣਾ ਦਾ ਮੁੱਖ ਉਦੇਸ਼ ਸੀ। ਖਾਲਸਾ ਪੰਥ ਦੀ ਸਾਜਨਾ ਇੱਕ ਨਵਾਂ ਇਨਕਲਾਬ ਸੀ ਜਿਸਨੇ ਸਦੀਆਂ ਤੋਂ ਚੱਲੀ ਆ ਰਹੀ ਊਚ-ਨੀਚ, ਜਾਤ-ਪਾਤ ਦੀ ਕੰਧ ਨੂੰ ਤੋੜ ਦਿੱਤਾ ਅਤੇ ''ਸਭੈ ਸਾਂਝੀਵਾਲ ਸਦਾਇਨ'' ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ। ਖਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬ ਅਜਿਹੇ ਰਾਜ ਭਾਗ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਤਾਂ ਜੋ ਦੱਬੇ ਕੁਚਲੇ ਅਤੇ ਲਿਤਾੜੇ ਜਾ ਰਹੇ ਲੋਕਾਂ ਨੂੰ ਅਣਖ ਨਾਲ ਜਿਉਣ ਦਾ ਸੁਨਹਿਰੀ ਮੌਕਾ ਮਿਲ ਸਕੇ ਤੇ ਉਹ ਆਪਣੀ ਰਾਖੀ ਆਪ ਹੀ ਕਰ ਸਕਣ।
ਖਾਲਸਾ ਪੰਥ ਦੀ ਸਾਜਨਾ ਦਾ ਇੱਕ ਹੋਰ ਇਤਿਹਾਸਕ ਕਾਰਨ ਇਹ ਵੀ ਸੀ ਕਿ ਪਹਿਲੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਮਸੰਦਾਂ ਦੀ ਸਥਾਪਨਾ ਕੀਤੀ ਤਾਂ ਕਿ ਉਹ ਸਿੱਖੀ ਦਾ ਪ੍ਰਚਾਰ ਕਰਨ ਅਤੇ ਨਾਲ ਹੀ ਜੇ ਕਿਸੇ ਇਲਾਕੇ ਦੀ ਸੰਗਤ ਵੱਲੋਂ ਗੁਰੂ ਸਾਹਿਬ ਨੂੰ ਕੁੱਝ ਭੇਟਾ ਕਰਨਾ ਹੁੰਦਾ ਤਾਂ ਉਹ ਇਹਨਾਂ ਮਸੰਦਾਂ ਰਾਹੀਂ ਪੁੱਜਦਾ ਕਰ ਦਿੱਤਾ ਜਾਂਦਾ ਸੀ। ਪਰ ਮਸੰਦਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਦੇ ਉਲਟ ਗੁਰੂ ਘਰ ਦੀਆਂ ਜਾਇਦਾਦਾਂ ਨੂੰ ਨਿੱਜੀ ਜਾਇਦਾਦਾਂ ਜਾਣ ਕੇ ਹੜੱਪਣਾ ਸ਼ੁਰੂ ਕਰ ਦਿੱਤਾ ਇਸ ਪ੍ਰਕਾਰ ਉਹ ਸਿੱਖੀ ਦੇ ਮੁੱਖ ਰਸਤੇ ਤੋਂ ਭਟਕ ਗਏ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਤੇ ਆਪਣੀ ਸੰਗਤ ਵਿੱਚ ਸਿੱਧਾ ਸੰਪਰਕ ਸਥਾਪਿਤ ਕੀਤਾ ਅਤੇ ਕਿਹਾ, ''ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋਂ ਕਰੋਂ ਨਿਵਾਸ'' ਅਤੇ ਆਪਣੇ ਹੁਕਮਨਾਮਿਆਂ ਵਿੱਚ ਵੀ ਵਾਰ ਵਾਰ ਇਹ ਦੁਹਰਾਇਆ ਗਿਆ ਸੰਗਤ ਮੇਰੀ ਖਾਲਸਾ ਹੈ (ਡਾ. ਅਨੂਪ ਸਿੰਘ ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ)।
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਕੋਈ ਨਵਾਂ ਪੰਥ ਹੋਂਦ ਵਿੱਚ ਨਹੀਂ ਲਿਆਂਦਾ ਸਗੋਂ ਬਾਬੇ ਨਾਨਕ ਦੇ ਲਾਏ ਸਿੱਖੀ ਦੇ ਬੂਟੇ ਨੂੰ ਹੋਰ ਪ੍ਰਫੁੱਲਿਤ ਕੀਤਾ। ਖਾਲਸੇ ਨੂੰ ਦਿੱਤੀਆਂ ਗਈਆਂ ਹਦਾਇਤਾਂ ਤਾਂ ਲਗਭਗ ਉਹੀ ਸਨ ਜੋ ਪਹਿਲੇ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਦਿੱਤੀਆਂ। ਫਰਕ ਸਿਰਫ ਇਹ ਸੀ ਕਿ ਗੁਰੂ ਜੀ ਨੇ ਭਗਤੀ ਦੇ ਨਾਲ ਸ਼ਕਤੀ ਅਤੇ ਸ਼ਸਤਰਾਂ ਦੇ ਨਾਲ ਸਾਸ਼ਤਰਾਂ ਦਾ ਸੁਮੇਲ ਕਰਕੇ ਇੱਕ ਨਵੀਂ ਸਪਿਰਟ ਸਿੱਖਾਂ ਅੰਦਰ ਭਰ ਦਿੱਤੀ ਅਤੇ ਖਾਲਸੇ ਦਾ ਪਹਿਰਾਵਾ ਸਭ ਤੋਂ ਵੱਖਰੀ ਕਿਸਮ ਦਾ ਬਣਾਉਣਾ ਉਸ ਸਮੇਂ ਦੀ ਲੋੜ ਬਣ ਚੁੱਕਿਆ ਸੀ। ਜਦੋਂ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਤਾਂ ਜ਼ਾਲਮਾਂ ਨੇ ਉਚੀ ਆਵਾਜ਼ ਵਿੱਚ ਕਿਹਾ, ''ਹੈ ਕੋਈ ਸਿੱਖ ਜੋ ਆਪਣੇ ਗੁਰੂ ਦਾ ਸੀਸ ਉਠਾ ਲਵੇ?'' ਤਾਂ ਸਾਰੇ ਸਿੱਖ ਉਥੋਂ ਖਿਸਕ ਗਏ। ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਮੈਂ ਇੱਕ ਐਸਾ ਸਿੱਖ ਸਾਜਾਂਗਾ ਜੋ ਹਜ਼ਾਰਾਂ 'ਚੋਂ ਨਹੀਂ ਬਲਕਿ ਲੱਖਾਂ 'ਚੋਂ ਪਛਾਣਿਆ ਜਾ ਸਕੇਗਾ ਇਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਨੇ ਇਸ ਤਰਾਂ ਆਪਣੇ ਲਫਜ਼ਾਂ ਵਿੱਚ ਕੀਤਾ ਹੈ :-

ਸ਼੍ਰੀ ਗੁਰੂ ਗੋਬਿੰਦ ਸਿੰਘ ਸੁਨਿ ਕਰਿ ਐਸੇ ਗਰਜਤਿ ਬੋਲੇ ਜਲਧਰ ਜੈਸੇ।
ਇਸ ਬਿਧਿ ਕੋ ਅਬਿ ਪੰਥ ਬਨਾਵੌ ਸਕਲ ਜਗਤ ਮਹਿਂ ਬਹੁਤ ਬਿਦਤਾਵੋਂ
ਲਾਖਹੁ ਜਗ ਕੇ ਨਰ ਇੱਕ ਥਾਇਂ ਤਿਨ ਮਹਿਂ ਮਿਲੇ ਏਕ ਸਿਖ ਜਾਇ
ਸਭ ਮਹਿਂ ਪ੍ਰਥਕ ਪਛਾਨਯੋ ਪਰੈ ਚਲੈ ਨ ਕਾਯੋ ਹੂੰ ਕੈਸਿਹੁਂ ਕਰੈ
ਜਥਾ ਬਕਨ ਮਹਿਂ ਹੰਸ ਨ ਛਪੈ ਗ੍ਰਿੱਝਨਿ ਬਿਖੈਹ ਮੋਹ ਜਿਮ ਦਿਪੈ
ਜਯੋਂ ਖਰ ਗਨ ਮਹਿਂ ਬਲੀ ਤੁਰੰਗ ਜਥਾ ਮ੍ਰਿਗਨਿ ਮਹਿਂ ਕੇਹਰਿ ਅੰਗ
ਤਿਮ ਨਾਨਾ ਭੇਖਨ ਕੇ ਮਾਂਹਿ ਮਮ ਸਿਖ ਕੋ ਸਗਲੇ ਪਰਖਾਹਿਂ

ਇਹ ਸੁਣਕੇ ਗੁਰੂ ਗੋਬਿੰਦ ਸਿੰਘ ਸਾਵਣ ਦੇ ਬੱਦਲ ਵਾਂਗ ਗਰਜ ਕੇ ਬੋਲੇ ਹੁਣ ਮੈਂ ਅਜਿਹੇ ਪੰਥ ਦੀ ਸਾਜਨਾ ਕਰਾਂਗਾ ਜੋ ਸਾਰੇ ਸੰਸਾਰ ਵਿੱਚ ਨਿਆਰੇ ਅਤੇ ਨਿਵੇਕਲੇ ਰੂਪ ਦਾ ਧਾਰਨੀ ਹੋਵੇਗਾ। ਜਦੋਂ ਵੀ ਲੱਖਾਂ ਲੋਕਾਂ ਵਿੱਚ ਇਕ ਸਿੱਖ ਸ਼ਾਮਲ ਹੋਇਆ ਕਰੇਗਾ ਉਹ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ ਅਤੇ ਸਭ ਤੋਂ ਵੱਖਰਾ ਤੇ ਵਿਲੱਖਣ ਦਿਸੇਗਾ। ਬਗਲਿਆਂ ਦੀ ਡਾਰ ਵਿੱਚ ਜਿਵੇਂ ਕੋਈ ਹੰਸ ਛੁਪਿਆ ਨਹੀਂ ਰਹਿ ਸਕਦਾ, ਗਿਰਝਾਂ ਦੇ  ਝੁੰਡ ਵਿੱਚ ਜਿਵੇਂ ਕੋਈ ਮੋਰ ਲਿਸ਼ਕਦਾ ਹੈ, ਖੋਤਿਆਂ ਦੀ ਭੀੜ ਵਿੱਚ ਜਿਵੇਂ ਕੋਈ ਘੋੜਾ ਅਤੇ ਹਿਰਨਾਂ ਦੀ ਡਾਰ ਵਿੱਚ ਜਿਵੇਂ ਕੋਈ ਸ਼ੇਰ ਝੱਟ ਪਛਾਣਿਆ ਜਾਂਦਾ ਹੈ ਤਿਵੇਂ ਹੀ ਮੇਰਾ ਸਿੱਖ ਵੱਖ-ਵੱਖ ਮੱਤਾਂ ਦੇ ਲੋਕਾਂ ਵਿੱਚ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ।
ਇਸ ਪ੍ਰਕਾਰ ਵਿਸਾਖੀ ਵਾਲੇ ਦਿਨ 30 ਮਾਰਚ, 1699 ਈ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਕੁੱਝ ਵਾਪਰਿਆ ਉਹ ਲਾ-ਮਿਸਾਲ ਸੀ ਜਿਸਦੀ ਉਦਾਹਰਣ ਦੁਨੀਆਂ ਦੇ ਕਿਸੇ ਵੀ ਖੇਤਰ ਵਿਚੋਂ ਨਹੀਂ ਮਿਲਦੀ। ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਪੰਡਾਲ ਵਿੱਚ ਗਰਜਵੀਂ ਆਵਾਜ਼ ਵਿੱਚ ਕਿਹਾ ਹੈ ਕੋਈ ਗੁਰੂ ਦਾ ਸਿੱਖ ਜੋ ਆਪਣੇ ਗੁਰੂ ਲਈ ਸੀਸ ਭੇਂਟ ਕਰ ਸਕਦਾ ਹੋਵੇ? ਦਿਵਾਨ ਵਿੱਚ ਸੰਨਾਟਾ ਛਾ ਗਿਆ ਜਦੋਂ ਗੁਰੂ ਜੀ ਨੇ ਤੀਜੀ ਵਾਰ ਲਲਕਾਰਿਆ ਤਾਂ ਲਾਹੌਰ ਦਾ ਵਾਸੀ ਦਇਆ ਰਾਮ ਉਠ ਖਲੋਇਆ ਅਤੇ ਗੁਰੂ ਜੀ ਦੇ ਸਨਮੁੱਖ ਹੋ ਕੇ ਬੋਲਿਆ, ''ਮੈਂ ਹਾਜ਼ਿਰ ਹਾਂ'' ਗੁਰੂ ਸਾਹਿਬ ਉਸ ਨੂੰ ਤੰਬੂ ਵਿੱਚ ਲੈ ਗਏ, ਜੋਰ ਦੀ ਆਵਾਜ਼ ਆਈ ਅਤੇ ਲਹੂ ਭਿੱਜੀ ਤਲਵਾਰ ਲੈ ਕੇ ਗੁਰੂ ਸਾਹਿਬ ਫਿਰ ਪੰਡਾਲ ਵਿੱਚ ਆਏ ਅਤੇ ਇਕ ਹੋਰ ਸੀਸ ਦੀ ਮੰਗ ਕੀਤੀ, ਇਸੇ ਤਰਾਂ ਵਾਰ ਵਾਰ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਦੂਜੀ ਵਾਰ ਭਾਈ ਧਰਮ ਦਾਸ, ਫਿਰ ਹਿੰਮਤ ਰਾਏ, ਮੁਹਕਮ ਚੰਦ ਅਤੇ ਸਾਹਿਬ ਚੰਦ ਨੇ 'ਤਨੁ ਮਨੁ ਧਨੁ ਸਭ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ' ਦੇ ਪਵਿੱਤਰ ਵਾਕ ਤੇ ਸ਼ਰਧਾ ਦੇ ਫੁਲ ਚੜਾਉਂਦਿਆਂ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕੀਤਾ ਅਤੇ ਪੰਜਾਂ ਸਿੰਘਾਂ ਨਾਲ ਉਹੀ ਪਹਿਲੀ ਘਟਨਾ ਵਾਪਰੀ। ਕੁੱਝ ਇਤਿਹਾਸਕਾਰਾਂ ਦੇ ਕਹਿਣ ਅਨੁਸਾਰ ਤੰਬੂ ਵਿੱਚ ਪਹਿਲਾਂ ਹੀ ਬੱਕਰੇੇ ਬੰਨੇ ਹੋਏ ਸਨ ਜਦੋਂ ਗੁਰੂ ਸਾਹਿਬ ਇਕ ਸਿੰਘ ਨੂੰ ਲੈ ਕੇ ਜਾਂਦੇ ਤਾਂ ਇੱਕ ਬੱਕਰੇ ਨੂੰ ਝਟਕਾ ਦਿੰਦੇ ਸਨ ਕੁੱਝ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਨੇ ਪਹਿਲਾਂ ਪੰਜਾਂ ਸਿੰਘਾਂ ਦੇ ਸਿਰ, ਧੜ ਨਾਲੋਂ ਵੱਖ ਕੀਤੇ ਅਤੇ ਬਾਅਦ ਵਿੱਚ ਫਿਰ ਜੀਵਤ ਕਰ ਦਿੱਤਾ। ਪ੍ਰਿੰ. ਸਤਿਬੀਰ ਸਿੰਘ ਲਿਖਦੇ ਹਨ ਕਿ, ''ਅੰਦਰ ਤੰਬੂ ਵਿੱਚ ਉਹਨਾਂ ਪੰਜਾਂ ਨਾਲ ਕੀ ਬੀਤੀ ਇਹ ਕਹਿਣਾ ਅਸੰਭਵ ਹੈ ਸਿਰਫ ਇਤਨਾਂ ਹੀ ਕਹਿਣਾ ਫਬਦਾ ਹੈ ਕਿ ਉਹ ਪ੍ਰੀਖਿਆ ਦਾ ਦਿਨ ਸੀ ਅਤੇ ਕੋਈ ਵੀ ਪ੍ਰੀਖਿਆਕਾਰ ਆਪਣਾ ਪਰਚਾ ਪਹਿਲਾਂ ਨਹੀਂ ਦੱਸਦਾ। ਇਹ ਤਾਂ ਇਮਤਿਹਾਨ ਲੈਣ ਵਾਲੇ ਦੀ ਮਰਜ਼ੀ ਹੈ ਕਿ ਪਰਚਾ ਔਖਾ ਪਾਵੇ ਜਾਂ ਸੌਖਾ। ਫਿਰ ਜੇ ਪਰਚਾ ਹੀ ਦੱਸ ਦਿੱਤਾ ਤਾਂ ਇਮਤਿਹਾਨ ਕਾਹਦਾ ਹੋਇਆ। ਦੂਜਾ, ਜੇ ਗਿਰਦ ਗੁਰੂ ਜੀ ਨੇ ਕਨਾਤ ਕਰ ਲਈ, ਤੰਬੂ ਤਾਣ ਲਿਆ, ਸਾਨੂੰ ਕੀ ਹੱਕ ਕਿ ਉਸਦੇ ਅੰਦਰ ਝਾਕੀਏ।
ਇਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ। ਬਾਅਦ ਵਿੱਚ ਗੁਰੂ ਸਾਹਿਬ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ। ਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜ ਬਾਣੀਆਂ ਜਪੁਜੀ ਸਾਹਿਬ, ਜਾਪੁ ਸਾਹਿਬ, ਸਵੱਯੇ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕੀਤਾ। ਜਦੋਂ ਗੁਰੂ ਸਾਹਿਬ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਮਾਤਾ ਜੀਤੋ ਜੀ ਨੇ ਅੰਮ੍ਰਿਤ ਵਿੱਚ ਪਤਾਸੇ ਪਾਏ ਅਤੇ ਗੁਰੂ ਸਾਹਿਬਾਨ ਨੇ ਬਚਨ ਕੀਤਾ:-

ਭਲੋ ਭਯੋ ਤੂੰ ਚਲਿ ਕਰਿ ਆਈ।
ਨੀਰ ਬਿਖੈ ਪਾਈ ਮਧੁਰਾਈ।
ਨਾ ਤੁਰ ਪੰਥ ਹੋਇ ਬਡ ਕੂਰਾ।
ਤੇਜ ਕ੍ਰੋਧ ਕਲਹਾ ਕਰਿ ਪੂਰਾ
(ਭਾਈ ਸੰਤੋਖ ਸਿੰਘ ਗੁਰ ਪ੍ਰਤਾਪ ਸੂਰਜ ਗ੍ਰੰਥ)

ਇਸ ਪ੍ਰਕਾਰ ਪਵਿੱਤਰ ਪਾਹੁਲ ਤਿਆਰ ਹੋਈ ਅਤੇ ਜਿਸਨੇ ਵੀ ਇਹ ਪਾਹੁਲ ਛਕੀ ਉਸਦਾ ਜਨਮ ਸਹੁੇਲਾ ਹੋ ਗਿਆ। ਖਾਲਸੇ ਦੀ ਰਹਿਤ ਨਿਸ਼ਚਿਤ ਕੀਤੀ ਅਤੇ ਪੰਜਾਂ ਕਕਾਰਾਂ ਦਾ ਧਾਰਨੀ ਬਣਾਉਣ ਉਪਰੰਤ ਖਾਲਸੇ ਨੂੰ ਉਪਦੇਸ਼ ਕੀਤਾ ਕਿ ਖਾਲਸਾ ਹਮੇਸ਼ਾ ਤਿਆਰ ਬਰ ਤਿਆਰ ਰਹੇਗਾ ਅਤੇ ਹੱਕ ਸੱਚ ਲਈ ਲੜਦਾ ਰਹੇਗਾ। ਸਿਰਫ ਬਾਹਰੀ ਪਹਿਰਾਵਾ ਪਹਿਨਣ 'ਤੇ ਹੀ ਜੋਰ ਨਹੀਂ ਦਿੱਤਾ ਸਗੋਂ ਕਿਹਾ ਕਿ ਜਿੰਨਾ ਚਿਰ ਕੋਈ ਮਨੁੱਖ ਅੰਦਰੋਂ ਸ਼ੁੱਧ ਨਹੀਂ ਹੁੰਦਾ ਉਨਾਂ ਚਿਰ ਉਹ ਖਾਲਸਾ ਅਖਵਾਉਣ ਦਾ ਹੱਕਦਾਰ ਨਹੀਂ। ਪੂਰਨ ਖਾਲਸਾ ਉਹੀ ਹੈ ਜੋ ਆਪਣੇ ਬਾਹਰੀ ਪਹਿਰਾਵੇ ਦੇ ਨਾਲ ਨਾਲ ਆਪਣੇ ਕਮਲ ਰੂਪੀ ਹਿਰਦੇ ਨੂੰ ਗਿਆਨ ਦੀ ਕਸਵੱਟੀ 'ਤੇ ਪਰਖਦਾ ਹੈ ਅਤੇ :

ਜਾਗਤ ਜੋਤ ਜਪੈ ਨਿਸ ਬਾਸੁਰ
ਏਕ ਬਿਨਾ ਮਨ ਨੈਕ ਨ ਆਨੈ
ਪੂਰਨ ਪ੍ਰੇਮ ਪ੍ਰਤੀਤ ਸਜੈ
ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ
ਤੀਰਥ ਦਾਨ ਦਇਆ ਤਪ ਸੰਜਮ
ਏਕ ਬਿਨਾ ਨਹ ਏਕ ਪਛਾਨੈਂ
ਪੂਰਨ ਜੋਤ ਜਗੈ ਘਟ ਮੈ
ਤਬ ਖਾਲਸ ਤਾਹਿ ਨਖਾਲਸ ਜਾਨੈ

ਬਾਅਦ ਵਿੱਚ ਗੁਰੂ ਜੀ ਨੇ ਸਿੱਖਾਂ ਤੋਂ ਆਪ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ ਪਰ ਸਿੰਘਾਂ ਨੇ ਕਿਹਾ ਕਿ ਉਹ ਇਸ ਦੇ ਬਦਲੇ ਵਿੱਚ ਕੀ ਭੇਟਾ ਕਰਨਗੇ? ਤਾਂ ਗੁਰੂ ਜੀ ਨੇ ਕਿਹਾ, ''ਮੈਂ ਆਪਣਾ ਸਾਰਾ ਪ੍ਰੀਵਾਰ ਹੀ ਪੰਥ ਦੇ ਲੇਖੇ ਲਾ ਦੇਵਾਂਗਾ।'' ਸੋ ਇਸ ਪ੍ਰਕਾਰ ਗੁਰੂ ਨੇ ਚੇਲਿਆਂ ਤੋਂ ਅੰਮ੍ਰਿਤ ਛਕਿਆ ਅਤੇ ਗੁਰੂ, ਚੇਲਾ ਆਪਸ ਵਿਚ ਸਮਾ ਗਏ, ਗੁਰੂ ਅਤੇ ਚੇਲੇ ਵਿਚਲਾ ਪਾੜਾ ਖਤਮ ਹੋ ਗਿਆ ਅਤੇ ਕਿਹਾ, ''ਕਿ ਖਾਲਸਾ ਸਰਬ ਗੁਣ ਸੰਪੰਨ ਹੈ।''
ਸੋ ਆਓ ਵਿਸਾਖੀ ਦੇ ਪਵਿੱਤਰ ਦਿਹਾੜੇ ਗੁੁਰੂ ਗੋਬਿੰਦ ਸਿੰਘ ਜੀ ਦੀਆਂ ਦੱਸੀਆਂ ਹੋਈਆਂ ਹਦਾਇਤਾਂ 'ਤੇ ਅਮਲ ਕਰੀਏ ਅਤੇ ਆਪਣਾ ਜਨਮ ਸੁਹੇਲਾ ਕਰੀਏ।

- ਡਾ. ਅਮਨਦੀਪ ਸਿੰਘ ਟੱਲੇਵਾਲੀਆ
ਬਾਬਾ ਫਰੀਦ ਨਗਰ, ਕਚਿਹਰੀ ਚੌਂਕ, ਬਰਨਾਲਾ
ਮੋਬ. 98146-99446