ਸ਼ਰਧਾ ਅਧਾਰਤ ਸਮਾਗਮ ਦਾ ਰਾਜਸੀਕਰਣ - ਜਸਵੰਤ ਸਿੰਘ 'ਅਜੀਤ'

ਕਰਤਾਰ ਪੁਰ ਸਾਹਿਬ (ਪਾਕਿਸਤਾਨ) ਦੀ ਉਹ ਧਰਤੀ, ਜਿਸਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ-ਕਾਲ ਦੇ ਅੰਤਿਮ 18 ਵਰ੍ਹੇ ਚਰਨ-ਛਹੁ ਪ੍ਰਾਪਤ ਰਹੀ, ਦੇ ਖੁਲ੍ਹੇ ਦਰਸ਼ਨ-ਦੀਦਾਰ ਕਰ ਪਾਣ ਦਾ ਮੌਕਾ ਗੁਰੂ ਨਾਨਕ ਨਾਮ ਲੇਵਾਵਾਂ ਨੂੰ ਪ੍ਰਦਾਨ ਕਰਨ ਦੇ ਲਈ, ਉਨ੍ਹਾਂ ਦੇ ਅਗਲੇ ਵਰ੍ਹੇ (2019 ਵਿੱਚ) ਆ ਰਹੇ 550-ਸਾਲਾ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ  ਗਲਿਆਰਾ (ਕਾਰੀਡੋਰ) ਬਣਾਏ ਜਾਣ ਦੀ ਭਾਰਤ-ਪਾਕ, ਸਰਕਾਰਾਂ ਵਿੱਚ ਹੋਈ ਆਪਸੀ ਸਹਿਮਤੀ ਦੇ ਅਧਾਰ 'ਤੇ, ਜਿਥੇ ਭਾਰਤ ਸਰਕਾਰ ਵਲੋਂ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਨ ਕਰ ਇਸ ਉਦੇਸ਼ (ਕਾਰੀਡੋਰ ਦੇ ਨਿਰਮਾਣ ਦੀ ਅਰੰਭਤਾ) ਲਈ ਨੀਂਹ ਰਖੀ ਗਈ, ਤਾਂ ਉਥੇ ਹੀ ਪਾਕਿਸਤਾਨ ਸਰਕਾਰ ਵਲੋਂ ਇਸੇ ਉਦੇਸ਼ ਲਈ ਨੀਂਹ ਰਖਣ ਲਈ 28 ਨਵੰਬਰ, ਬੁੱਧਵਾਰ ਨੂੰ ਕਰਤਾਰ ਪੁਰ ਸਾਹਿਬ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਗਮ ਦਾ ਅਯੋਜਨ ਕੀਤਾ ਗਿਆ। ਭਾਰਤ ਸਰਕਾਰ ਵਲੋਂ ਅਯੋਜਿਤ ਸਮਾਗਮ ਦੇ ਮੁੱਖ ਮਹਿਮਾਨ ਉਪ-ਰਾਸ਼ਟ੍ਰਪਤੀ ਵੇਂਕੈਯਾ ਨਾਯਡੂ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਸਤਾਵਤ ਗਲਿਆਰਾ ਦੋਹਾਂ ਦੇਸ਼ਾਂ ਵਿੱਚ ਅਮਨ-ਸ਼ਾਂਤੀ ਕਾਇਮ ਕਰਨ, ਅਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨੇ ਅਤੇ ਨਵੇਂ ਸੰਬੰਧਾਂ ਨੂੰ ਉਤਸਾਹਿਤ ਕਰਨ ਵਾਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸੰਭਾਵਤ ਪ੍ਰੀਵਰਤਨ ਲਿਆਉਣ ਵਾਲਾ ਹੈ ਅਤੇ ਇਹ ਭਾਰਤ ਸਰਕਾਰ ਵਲੋਂ ਗਲਿਆਰਾ ਬਣਾਏ ਜਾਣ ਦੇ ਕੀਤੇ ਗਏ ਫੈਸਲੇ ਨਾਲ ਹੀ ਸੰਭਵ ਹੋ ਪਾਇਆ ਹੈ। ਉਨ੍ਹਾਂ ਹੋਰ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਵਰ੍ਹੇ ਕਰਤਾਰ ਪੁਰ ਦੀ ਧਰਤੀ ਪੁਰ ਬਿਤਾਏ ਅਤੇ ਸਮੁਚੀ ਮਾਨਵਤਾ ਨੂੰ ਅਮਨ-ਸ਼ਾਂਤੀ, ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ। ਵੇਂਕੈਯਾ ਨਾਯਡੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਦਿਵਸ ਪੁਰ ਦੋਹਾਂ ਦੇਸ਼ਾਂ ਨੂੰ ਆਪਣੇ ਸੰਬੰਧਾਂ ਨੂੰ ਸੁਧਾਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਹੁਤ ਹੀ ਚੰਗਾ ਮੌਕਾ ਮਿਲਿਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਗਲਿਆਰਾ ਦੋਹਾਂ ਦੇਸ਼ਾਂ ਅਤੇ ਉਨ੍ਹਾਂ ਦੇ ਵਾਸੀਆਂ ਨੂੰ ਇੱਕ-ਦੂਸਰੇ ਦੇ ਨੇੜੇ ਲਿਆ ਉਨ੍ਹਾਂ ਵਿੱਚਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਪੁਲ ਦਾ ਕੰਮ ਕਰੇਗਾ ਅਤੇ ਪੁਰਾਣੀਆਂ ਦਰਾੜਾਂ ਨੂੰ ਭਰ, ਨਵੇਂ ਸੰਬੰਧ ਬਣਾਉਣ ਲਈ ਉਤਸਾਹਿਤ ਕਰੇਗਾ। ਇਸ ਮੌਕੇ ਤੇ ਕੇਂਦ੍ਰੀ ਸੜਕ ਅਤੇ ਪਰਿਵਹਿਨ ਮੰਤ੍ਰੀ ਨਿਤਿਨ ਗਡਕਰੀ ਨੇ ਵਿਸ਼ਵਾਸ ਦੁਆਇਆ ਕਿ ਇਹ ਚਾਰ ਮਾਰਗੀ ਗਲਿਆਰਾ ਸਾਢੇ ਚਾਰ ਮਹੀਨਿਆਂ ਵਿੱਚ ਪੂਰਾ ਹੋ ਜਾਇਗਾ।
ਇਸਤਰ੍ਹਾਂ ਜਿਥੇ ਉਪ-ਰਾਸ਼ਟਰਪਤੀ ਵੇਂਕੈਯਾ ਨਾਯਡੂ ਦਾ ਭਾਸ਼ਣ ਬਹੁਤ ਹੀ ਸੰਤੁਲਤ ਅਤੇ ਦੋਹਾਂ ਦੇਸ਼ਾਂ ਵਿੱਚ ਆਪਸੀ ਸੰਬੰਧਾਂ ਨੂੰ ਮਜ਼ਬੂਤ ਬਣਾਏ ਜਾਣ ਦੀ ਆਸ ਪੁਰ ਅਧਾਰਤ ਸੀ, ਉਥੇ ਹੀ ਪੰਜਾਬ ਦੇ ਮੁੱਖ ਮੰਤ੍ਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਕਿਸਤਾਨ ਦੇ ਸੈਨਿਕ ਮੁੱਖੀ ਨੂੰ ਚਿਤਾਵਨੀ ਦੇਣਾ, ਕੇਂਦਰੀ ਮੰਤਰੀ ਹਰਸਿਮਰਤ ਕੌਰ ਦਾ ਕਾਂਗ੍ਰਸ ਵਿਰੁੱਧ ਦਿਲ ਦਾ ਗੁਬਾਰ ਕਢਣਾ, ਪੰਜਾਬ ਕਾਂਗ੍ਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਨਸ਼ਿਆਂ ਦੇ ਨਾਂ ਤੇ ਅਕਾਲੀ ਦਲ ਪੁਰ ਹਮਲੇ ਕਰਨਾ ਆਦਿ ਕਿਸੇ ਵੀ ਤਰ੍ਹਾਂ ਮੌਕੇ ਦੇ ਅਨੁਕੂਲ ਨਹੀਂ ਸੀ। ਇਸ ਨਾਲ ਇਉਂ ਲਗਣ ਲਗਾ ਸੀ ਕਿ ਜਿਵੇਂ ੳੋਹ ਸਰਬ-ਸਾਂਝੇ ਸਮਾਰੋਹ ਵਿੱਚ ਨਹੀਂ, ਸਗੋਂ ਕਿਸੇ ਚੋਣ ਜਲਸੇ ਵੱਚ ਭਾਸ਼ਣ ਕਰ, ਲੋਕਾਂ ਦੀ ਵਾਹ-ਵਾਹੀ ਲੂਟਣ ਦੀ ਕੌਸ਼ਿਸ਼ ਕਰ ਰਹੇ ਹੋਣ। ਚਾਹੀਦਾ ਤਾਂ ਇਹ ਸੀ ਕਿ ਉਹ ਮੌਕੇ ਮਾਹੋਲ ਦੇ ਉਦੇਸ਼ ਨੂੰ ਸਮਝਦੇ ਅਤੇ ਇੱਕ-ਦੂਸਰੇ ਵਿਰੁਧ ਆਪਣੀ ਰਾਜਸੀ 'ਕਿੜ' ਕਢੇ ਜਾਣ ਨੂੰ ਕਿਸੇ ਹੋਰ ਸਮੇਂ ਲਈ ਰਾਖਵਾਂ ਰਖ ਲੈਂਦੇ। ਅਮਨ-ਸ਼ਾਂਤੀ, ਪਿਆਰ, ਸੱਦਭਾਵਨਾ ਅਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼-ਵਾਹਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛਹੁ ਪ੍ਰਾਪਤ ਧਰਤੀ ਨਾਲ ਦੋਹਾਂ ਦੇਸ਼ਾਂ ਦੇ ਵਾਸੀਆਂ ਨੂੰ ਜੋੜਨ ਲਈ ਹੋ ਰਹੇ ਕਾਰਜ ਦੇ ਮੌਕੇ ਦੀ ਮਹਤੱਤਾ ਨੂੰ ਸਮਝਦਿਆਂ ਉਪ-ਰਾਸ਼ਟਰਪਤੀ ਵਾਂਗ ਆਪਣੇ ਵਿਚਾਰਾਂ ਨੂੰ ਸੰਤੁਲਤ ਬਣਾਈ ਰਖਦੇ। ਪ੍ਰੰਤੂ ਉਨ੍ਹਾਂ ਨੇ ਅਜਿਹਾ ਨਾ ਕਰ ਆਪੋ-ਆਪਣੀਆਂ ਰਾਜਸੀ ਰੋਟੀਆਂ ਸੇਕ, ਨਾ ਕੇਵਲ ਸਮਾਗਮ ਦੇ ਪਵਿਤ੍ਰ ਵਾਤਾਵਰਣ ਨੂੰ ਦੂਸ਼ਤ ਕੀਤਾ, ਸਗੋਂ ਆਪਣੀ ਸੋਚ ਤੇ ਦੂਰਦ੍ਰਿਸ਼ਟੀ ਦੇ ਦੀਵਾਲੀਏਪਨ ਦਾ ਵੀ ਅਹਿਸਾਸ ਕਰਵਾ ਦਿੱਤਾ। ਹਾਲਾਂਕਿ ਇਸ ਗਲ ਦਾ ਸੰਕੇਤ ਉਸੇ ਸਮੇਂ ਮਿਲਣ ਲਗਾ ਸੀ, ਜਦੋਂ ਉਨ੍ਹਾਂ ਦੇ ਭਾਸ਼ਣ ਦੌਰਾਨ ਲੋਕਾਂ ਨੇ ਹੂਟਿੰਗ ਕਰਨੀ ਅਤੇ ਸਮਾਗਮ ਵਿਚੋਂ ਉੱਠ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਸੀ। ਅਫਸੋਸ ਤਾਂ ਇਸ ਗਲ ਦਾ ਵੀ ਹੈ ਕਿ ਦਰਸ਼ਕ-ਸ੍ਰੋਤਿਆਂ ਦੇ ਇਸ ਸੰਕੇਤ ਨੂੰ ਸਮਝਣ ਦੀ ਬਜਾੲ ਉਹ ਆਪਣੀ ਸੂਝ-ਸਿਆਣਪ ਦੇ ਦੀਵਾਲੀਏਪਨ ਦਾ ਪ੍ਰਗਟਾਵਾ ਲਗਾਤਾਰ ਕਰਦੇ ਰਹੇ।
ਉਧਰ ਪਾਕਿਸਤਾਨ ਵਿੱਚ : ਪਾਕਿਸਤਾਨੀ ਇਲਾਕੇ ਵਿੱਚ ਬਣਾਏ ਜਾਣ ਵਾਲੇ ਗਲਿਆਰੇ (ਕਾਰੀਡੋਰ) ਦੀ ਨੀਂਹ ਰਖਣ ਲਈ ਪਾਕ ਸਰਕਾਰ ਵਲੋਂ ਕੀਤੇ ਗਏ ਸਮਾਗਮ ਵਿੱਚ ਪਾਕ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਹ ਰਖਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਜਿਥੇ ਇਸ ਕਾਰੀਡੋਰ ਨੂੰ ਪਾਕ-ਭਾਰਤ ਸੰਬੰਧਾਂ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਦਾ ਆਧਾਰ ਕਰਾਰ ਦਿੱਤਾ ਉਥੇ ਹੀ ਇਹ ਵੀ ਕਿਹਾ ਕਿ ਜੇ ਪੱਕਾ ਇਰਾਦਾ ਹੋਵੇ ਤਾਂ ਕਸ਼ਮੀਰ ਸਮੇਤ ਦੋਹਾਂ ਮੁਲਕਾਂ ਵਿਚਲੇ ਸਾਰੇ ਮਸਲੇ ਹਲ ਹੋ ਸਕਦੇ ਹਨ। ਇਸ ਮੌਕੇ ਕਸ਼ਮੀਰ ਦਾ ਨਾਂ ਲਿਆ ਜਾਣਾ ਭਾਰਤ ਸਰਕਾਰ ਨੂੰ ਪਸੰਦ ਨਹੀਂ ਆਇਆ। ਭਾਰਤੀ ਵਿਦੇਸ਼ ਵਿਭਾਗ ਨੇ ਤੁਰੰਤ ਹੀ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਇਹ ਗਲ ਬਹੁਤ ਹੀ ਮੰਦਭਾਗੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਸ ਪਵਿਤ੍ਰ ਮੌਕੇ ਨੂੰ ਰਾਜਸੀ ਰੰਗ ਦੇਣ ਲਈ ਚੁਣਿਆ, ਜੋ ਕਿ ਸਿੱਖ ਭਾਈਚਾਰੇ ਵਲੋਂ ਕਰਤਾਰਪੁਰ ਗਲਿਆਰਾ ਖੋਲ੍ਹੇ ਜਾਣ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਸਾਕਾਰ ਕਰਨ ਨਾਲ ਜੁੜਿਆ ਹੋਇਆ ਸੀ। ਇਸ ਮੌਕੇ ਤੇ ਅਣਚਾਹੇ ਰੁਪ ਵਿੱਚ ਕਸ਼ਮੀਰ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕਿ ਭਾਰਤ ਦਾ ਅਟੁਟ ਅੰਗ ਹੈ।  

ਕਸ਼ਮੀਰ ਬਨਾਮ ਰਾਜਸੀ ਹਲਕੇ:  ਭਾਰਤ ਵਿਚਲੇ ਉਚ ਰਾਜਸੀ ਹਲਕਿਆ ਦੀ ਮਾਨਤਾ ਹੈ ਕਿ ਪਾਕਿਸਤਾਨੀ ਹਾਕਮਾਂ ਦੀ ਇਹ ਮਜਬੂਰੀ ਹੈ ਕਿ ਉਹ ਚਾਹੁੰਦਿਆਂ ਹੋਇਆਂ ਵੀ, ਨਾ ਤਾਂ ਕਸ਼ਮੀਰ ਦੇ ਮੁੱਦੇ ਨੂੰ ਛੱਡ ਸਕਦੇ ਹਨ ਅਤੇ ਨਾ ਹੀ ਉਸਦੇ ਹਲ ਪ੍ਰਤੀ ਇਮਾਨਦਾਰ ਹੋ ਸਕਦੇ ਹਨ। ਇਸ ਸੰਬੰਧ ਵਿੱਚ ਉਹ ਦਸਦੇ ਹਨ ਕਿ ਜਦੋਂ ਪਾਕਿਸਤਾਨ ਦੇ ਆਪਣੇ ਸਮੇਂ ਦੇ ਰਾਸ਼ਟਰਪਤੀ ਜਨਰਲ ਮੁਸ਼ਰਫ, ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਆਗਰਾ ਵਿਖੇ ਹੋਣ ਵਾਲੀ ਸਿੱਖਰ-ਵਾਰਤਾ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਤੋਂ ਰਵਾਨਾ ਹੋਏ ਸਨ ਤਾਂ ਉਸ ਸਮੇਂ ਕਟੜ-ਪੰਥੀ ਜਮਾਇਤ-ਏ-ਇਸਲਾਮੀ ਦੇ ਮੁਖੀਆਂ ਨੇ ਉਸਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਉਸਨੇ ਭਾਰਤ ਨਾਲ ਕਸ਼ਮੀਰ ਬਾਰੇ ਕੋਈ ਸਮਝੌਤਾ ਕੀਤਾ ਤਾਂ ਉਸਨੂੰ ਨਾ ਤਾਂ ਪਾਕਿਸਤਾਨੀ ਫੌਜ ਅਤੇ ਨਾ ਹੀ ਪਾਕਿਸਤਾਨੀ ਅਵਾਮ ਸਵੀਕਾਰ ਕਰਨਗੇ। ਇਸ ਗਲ ਦੀ ਪੁਸ਼ਟੀ ਜਨਰਲ ਮੁਸ਼ਰਫ ਨੇ ਆਪ ਵੀ ਆਗਰਾ ਵਿਖੇ ਕੀਤੀ ਆਪਣੀ ਪ੍ਰੈਸ ਕਾਨਫ੍ਰੰਸ ਵਿੱਚ ਇਹ ਆਖ, ਕਰ ਦਿੱਤੀ ਸੀ ਕਿ 'ਜੇ ਮੈਂ ਕਸ਼ਮੀਰ ਦਾ ਮੁੱਦਾ ਛੱਡ ਦਿਆਂ ਤਾਂ ਮੈਂਨੂੰ ਇਥੇ (ਭਾਰਤ ਵਿੱਚ) ਹੀ ਨਹਿਰ ਵਾਲੀ ਹਵੇਲੀ, ਜੋ ਕਿ ਦਿੱਲੀ ਦੇ ਦਰਿਆ ਗੰਜ ਵਿਖੇ ਸਥਿਤ, ਉਸਦੀ ਪੈਤ੍ਰਿਕ ਹਵੇਲੀ ਹੈ, ਲੈ ਕੇ ਰਹਿਣਾ ਪੈ ਜਾਇਗਾ'।
ਇਹ ਗਲਾਂ ਉਸ ਸਮੇਂ ਵੀ ਇਸ ਗਲ ਦਾ ਸਬੂਤ ਸਨ ਅਤੇ ਅੱਜ ਵੀ ਹਨ ਕਿ ਫੌਜ ਅਤੇ ਕਟੱੜਪੰਥੀਆਂ ਦਾ ਪਾਕਿਸਤਾਨੀ ਹਾਕਮਾਂ ਪੁਰ ਇਤਨਾ ਦਬਾਉ ਹੈ ਕਿ ਉਹ ਕਸ਼ਮੀਰ ਦੇ ਮੁੱਦੇ ਨੂੰ ਬਣਾਈ ਰਖ ਕੇ ਹੀ ਸੱਤਾ ਵਿੱਚ ਬਣੇ ਰਹਿ ਸਕਦੇ ਹਨ।

ਆਖਿਰ ਅਜਿਹਾ ਕਿਉਂ ਹੈ? ਇਸ ਸੁਆਲ ਦਾ ਜਵਾਬ ਵੀ ਜਨਰਲ ਮੁਸ਼ਰਫ ਦੇ ਉਸੇ ਪ੍ਰੈਸ ਕਾਨਫ੍ਰੰਸ ਵਿੱਚ ਕਹੇ, ਇਨ੍ਹਾਂ ਸ਼ਬਦਾਂ ਵਿਚੋਂ ਮਿਲ ਜਾਂਦਾ ਹੈ ਕਿ 'ਭਾਰਤ ਵਲੋਂ ਬੰਗਲਾ ਦੇਸ਼ ਨੂੰ ਪਾਕਿਸਤਾਨ ਨਾਲੋਂ ਤੋੜਨ ਦੀ ਕੀਤੀ ਗਈ ਕਾਰਵਾਈ ਦੀ 'ਕਸਕ' ਅਜੇ ਤਕ ਪਾਕਿਸਤਾਨੀਆਂ ਦੇ ਦਿੱਲਾਂ ਵਿੱਚ ਹੈ'। ਜਨਰਲ ਮੁਸ਼ਰਫ ਦੇ ਇਨ੍ਹਾਂ ਸ਼ਬਦਾਂ ਵਿੱਚ ਪਾਕਿਸਤਾਨੀਆਂ ਦੀ ਜਿਸ 'ਕਸਕ' ਦਾ ਜ਼ਿਕਰ ਕੀਤਾ ਗਿਆ, ਉਹ ਅਸਲ ਵਿੱਚ ਪਾਕਿਸਤਾਨੀ ਅਵਾਮ ਦੀ ਨਹੀਂ, ਸਗੋਂ ਪਾਕਿਸਤਾਨੀ ਫੌਜ ਦੇ ਜਰਨੈਲਾਂ ਦੇ ਦਿਲਾਂ ਵਿਚਲੀ ਹੈ, ਜੋ 93 ਹਜ਼ਾਰ ਪਾਕਿਸਤਾਨੀ ਫੌਜੀਆਂ ਦੇ ਅਪਮਾਨ-ਜਨਕ ਢੰਗ ਨਾਲ ਭਾਰਤੀ ਫੌਜ ਸਾਹਮਣੇ, ਹਥਿਆਰ ਸੁੱਟ, ਆਤਮ-ਸਮਰਪਣ ਕਰਨ ਦੇ ਫਲਸਰੂਪ ਪੈਦਾ ਹੋਈ ਸੀ।
૴ਅਤੇ ਅੰਤ ਵਿੱਚ: ਪਿਛੋਕੜ ਦੀ ਰੋਸ਼ਨੀ ਵਿੱਚ, ਪਾਕਿਸਤਾਨੀ ਫੌਜ ਦੇ ਮੁਖੀਆਂ ਦੇ ਦਿਲ ਦੀ ਕਸਕ ਹੀ ਹੈ, ਜਿਸਨੂੰ ਉਹ ਭਾਰਤ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦੇ, ਪਾਕਿਸਤਾਨੀਆਂ ਦੇ ਦਿਲ ਵਿੱਚ ਭਾਰਤ ਅਤੇ ਭਾਰਤੀਆਂ ਵਿਰੁਧ ਨਫਰਤ ਭਰੀ ਰਖਣਾ ਚਾਹੁੰਦੇ ਹਨ। ਉਨ੍ਹਾਂ ਦਾ ਇਹੀ ਹਥਿਆਰ ਪਾਕਿਸਤਾਨੀ ਹਾਕਮਾਂ ਅਤੇ ਅਵਾਮ ਦੇ ਭਾਰਤੀ ਹਾਕਮਾਂ ਅਤੇ ਅਵਾਮ ਨਾਲ ਸੰਬੰਧ ਸੁਧਾਰਣ ਦੀਆਂ ਭਾਵਨਾਵਾਂ ਨੂੰ ਕਿਸੇ ਸਿਟੇ ਤੇ ਪੁਜਣ ਦੇਣ ਦੇ ਰਸਤੇ ਵਿੱਚ ਰੁਕਾਵਟ ਬਣਿਆ ਹੋਇਆ ਹੈ ਅਤੇ ਅਗੋਂ ਵੀ ਬਣਿਆ ਹੀ ਰਹੇਗਾ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085