ਵਿਅੰਗ :  ਸਾਹਿਤ ਦੇ ਭ੍ਰਿਸ਼ਟਚਾਰੀਏ -  ਬੁੱਧ ਸਿੰਘ ਨੀਲੋਂ

ਭ੍ਰਿਸ਼ਟਾਚਾਰ ਦੀ ਬੀਮਾਰੀ ਤਾਂ ਦੇਵਤਿਆਂ ਤੇ ਰਾਖਸ਼ਾਂ ਦੇ ਸੁਮੰਦਰ ਮੰਥਨ ਸਮੇਂ ਅੰਮ੍ਰਿਤ ਦੀ ਵੰਡ ਨਾਲ ਸ਼ੁਰੂ ਹੋ ਗਈ ਸੀ। ਹੁਣ ਇਹ ਖਾਨਦਾਨੀ ਬੀਮਾਰੀ ਵਾਂਗ ਪੀੜ੍ਹੀ ਦਰ ਪੀੜ੍ਹੀ ਚਲ ਰਹੀ ਹੈ। ਇਸ ਬੀਮਾਰੀ ਤੋਂ ਨਾ ਕੋਈ ਚੋਰ ਬਚਿਆ ਹੈ ਤੇ ਨਾ ਹੀ ਸਾਧ। ਹੁਣ ਚੋਰ ਤੇ ਸਾਧ ਵਿਚ ਵੀ ਕੋਈ ਫ਼ਰਕ ਨਹੀਂ, ਕਿਉਂਕਿ ਇਹਨਾਂ ਦਾ ਦੋਹਾਂ ਕੰਮ 'ਲੁੱਟਣਾ', ਇਹ ਦੋਵੇਂ ਹੱਥੀਂ ਲੁੱਟਦੇ ਹਨ। ਚੋਰ ਹਨੇਰ 'ਚ ਤੇ ਸਾਧ ਚਾਨਣ ਦੀ ਆੜ 'ਚ ਲੁੱਟਦਾ ਹੈ।
        ਕਹਿੰਦੇ ਨੇ ਸਿਆਣਾ ਮਨੁੱਖ ਹੀ ਭ੍ਰਿਸ਼ਟ ਹੁੰਦਾ ਹੈ। ਅੱਜ-ਕੱਲ 'ਬਹੁਤੇ ਸਿਆਣੇ ਮਨੁੱਖ' ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹਨ ਜਾਂ ਫਿਰ ਵਿਦੇਸ਼ਾਂ ਨੂੰ ਭੱਜ ਗਏ ਹਨ। ਜਿਹੜੇ ਸਿਆਣੇ ਮਨੁੱਖ ਜੇਲ੍ਹ ਤੋਂ ਬਾਹਰ ਹਨ, ਉਹ ਵੀ ਹੌਲੀ ਹੌਲੀ ਕਰਕੇ ਇੱਕ ਦਿਨ ਤਿਹਾੜ ਜੇਲ੍ਹ ਨੂੰ ਪਵਿੱਤਰ ਕਰਨਗੇ ਜਾਂ ਵਿਦੇਸ਼ਾਂ ਨੂੰ ਉਡਾਰੀ ਮਾਰਨਗੇ।
ਏਧਰ ਜਿਹੜੇ 'ਸਿਆਣੇ' ਮਨੁੱਖ ਸਨ ਉਹ ਵੀ ਸਬੂਤਾਂ ਦੀ ਘਾਟ ਕਾਰਨ ਸਭ ਸਾਡੀ ਮਾਨਯੋਗ ਅਦਾਲਤ ਛੱਡੀ ਜਾ ਰਹੀ ਹੈ। ਹੋਰ ਤਾਂ ਹੋਰ ਜਿਹੜੇ ਪਿਛਲੇ ਕਈ ਵਰ੍ਹਿਆਂ ਤੋਂ ਭਗੌੜੇ ਸਨ, ਉਹ ਵੀ ਹੁਣ ਦੁਬਾਰਾ ਪੇਸ਼ ਹੋ ਕੇ ਅਪਣਾ ਖਹਿੜਾ ਛੁਡਾ ਰਹੇ ਹਨ। ਅਦਾਲਤਾਂ ਉਹਨਾਂ ਨੂੰ ਵੀ ਛੱਡੀ ਜਾ ਰਹੀਆਂ ਹਨ । ਉਹ ਇਸ ਕਰਕੇ ਕਿ ਉਹ ਸਾਡੇ ਸਮਾਜ ਦੇ 'ਸਿਆਣੇ' ਮਨੁੱਖ ਹਨ। ਜੇ ਕਿਤੇ ਇਹ 'ਮੁਰਾਰੀ ਲਾਲ' ਵਰਗੇ ਹੁੰਦੇ ਤਾਂ ਮਾਨਯੋਗ ਜੱਜ ਸਾਹਿਬ ਨੇ ਅਦਾਲਤ ਦੀ ਮਾਨਹਾਨੀ ਦਾ ਕੇਸ ਪਾ ਕੇ ਅੰਦਰ ਕਰ ਦੇਣਾ ਸੀ ਕਿਉਂਕਿ ਕਾਨੂੰਨ ਤਾਂ ਬਣੇ ਹੀ ਆਮ ਲੋਕਾਂ ਦੇ ਹੱਡ ਗੋਡੇ ਸੇਕਣ ਲਈ ਹਨ। ਤੇ ਵੱਡਿਆਂ ਦੇ ਲਈ ਸੇਵਾ ਕਰਨ ਲਈ ਹੈ।
        ਭ੍ਰਿਸ਼ਟਾਚਾਰ ਦੀ ਦਲਦਲ 'ਚ ਸਰਕਾਰੀ ਅਦਾਰੇ ਬੁਰੀ ਤਰਾਂ੍ਹ ਫਸੇ ਹਨ। ਇਨ੍ਹਾਂ ਦੇ ਕਰਮਚਾਰੀ ਉਪਰਲੀ ਕਮਾਈ ਵੀ ਕਰਦੇ ਹਨ ਤੇ ਮੋਟੀ ਤਨਖਾਹ ਵੀ ਲੈਂਦੇ ਹਨ। ਮੋਟੀ ਕਮਾਈ ਵਾਲੀ ਪੋਸਟ ਦੀ ਤਾਂ ਬੋਲੀ ਵੀ ਲੱਗਦੀ ਹੈ। ਹਰ ਪੋਸਟ ਦਾ ਰੇਟ ਵੱਖ-ਵੱਖ ਹੁੰਦਾ ਹੇ। ਕਈ ਪੋਸਟਾਂ ਤੇ ਇਲਾਕੇ ਲੱਖਾਂ ਤੱਕ ਵੀ ਵਿਕ ਜਾਂਦੇ ਹਨ।
       ਸਰਕਾਰੀ ਕਰਮਚਾਰੀ ਤਾਂ ਅਪਣੇ ਆਪ ਨੂੰ ਸਰਕਾਰ ਦੇ ਜੁਆਈ ਅਖਵਾਉਂਦੇ ਹਨ। ਇਨ੍ਹਾਂ ਕੋਲ ਤੁਸੀਂ ਇੱਕ ਵਾਰੀ ਪੁੱਜ ਜਾਵੋ ਤੇ ਇਹ ਤੁਹਾਨੂੰ ਝਟਕਣ ਲਈ ਬਹੁਤੀ ਦੇਰ ਨਹੀ ਲਾਉਂਦੇ । ਇਹ ਤਾਂ ਹਰ ਵੇਲੇ ਅਪਣੀ ਛੁਰੀ ਤਿੱਖੀ ਕਰਕੇ ਰੱਖਦੇ ਹਨ। ਇਨ੍ਹਾਂ ਦੀ ਛੁਰੀ ਤੋਂ ਕੋਈ ਵੀ ਬਚ ਨਹੀਂ ਸਕਦਾ। ਸਮਾਜ ਵਿਚ ਕੋਈ ਵੀ ਥਾਂ ਅਜਿਹੀ ਨਹੀਂ ਜਿੱਥੇ ਘਪਲਾ ਨਾ ਹੋਇਆ ਹੋਵੇ। ਧਰਮ ਵੀ ਇਸ ਬਿਮਾਰੀ ਤੋਂ ਮੁਕਤ ਨਹੀਂ ਕਈ ਸ਼੍ਰੋਮਣੀ ਧਰਮ ਵਾਲਿਆਂ ਨੇ ਤਾਂ ਇਸ ਬਿਮਾਰੀ ਤੋਂ ਬੜਾ ਖੱਟਿਆ ਹੈ। ਕਰੋੜਾਂ ਦਾ ਤਾਂ ਤੇਲ ਹੀ ਪੀ ਗਏ। ਲੰਗਰ ਦਾ ਅਜੇ ਹਿਸਾਬ ਨਹੀਂ ਪੁੱਛਿਆ, ਜਿਸ ਦਿਨ ਉਹਦਾ ਹਿਸਾਬ ਆਇਆ ਤਾਂ . .. ਪਤਾ ਲੱਗੇਗਾ ਕਿੰਨਾਂ ਲੰਗਰ ਛਕ ਗਏ ?
       ਸਮਾਜ ਵਿਚ ਇੱਕ ਵਰਗ ਸਾਹਿਤਕਾਰਾਂ ਦਾ ਹੈ। ਇਹ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਦੇ ਨਾਂ ਹੇਠ ਪੁਸਤਕਾਂ ਲਿਖਦੇ ਹਨ। ਇਹ ਮਾਂ ਬੋਲੀ ਦੀ ਸੇਵਾਦਾਰ ਅਖਵਾਉਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਇਹ ਮਾਂ ਬੋਲੀ ਦੀ ਸੇਵਾ ਘੱਟ 'ਅਪਣੀ ਤੇ ਅਪਣੇ ਚਹੇਤੇ ਤੇ ਚਹੇਤੀਆਂ' ਦੀ ਸੇਵਾ ਵੱਧ ਕਰਦੇ ઠਹਨ। ਹਰ ਸ਼ਹਿਰ ਤੇ ਕਸਬੇ ਵਿਚ ਸਾਹਿਤ ਦੇ ਮੱਠ ਹੁੰਦੇ ਹਨ। ਇਨ੍ਹਾਂ ਮੱਠਾਂ ਦਾ ਇੱਕ ਕੇਂਦਰੀ ਮੱਠ ਵੀ ਹੈ। ਕੇਂਦਰੀ ਮੱਠ ਦੀ ਜਦੋਂ ਚੋਣ ਹੁੰਦੀ ਹੈ। ਤਾਂ ਮੱਠ ਦੇ ਕਬਜ਼ਾਧਾਰੀ ਪੱਬਾਂ ਭਾਰ ਹੋ ਜਾਂਦੇ ਹਨ। ਚੋਣਾਂ ਮੌਕੇ ਟਰੱਕ-ਬੱਸਾਂ ਉਪਰ ਲੱਦ ਕੇ 'ਵੋਟਰਾਂ' ਨੂੰ ਲਿਆਉਂਦੇ ਹਨ ਤੇ ਆਪੋ ਅਪਣੀ ਪਾਰਟੀ ਦੇ ઠਹੱਕ ਵਿਚ ਭੁਗਤਾਉਂਦੇ ਹਨ। ਉਹ ਵੋਟਾਂ ਫਿਰ ਅਗਲੀਆਂ ਚੋਣਾਂ ਦੀ ਅੰਡਰ ਗਰਾਊਂਡ ਹੋ ਜਾਂਦੀਆਂ ਹਨ।ઠ
    ਹਰ ਮੱਠ ਕੋਈ ਨਾ ਕੋਈ ਸਾਹਿਤਕ ਕਰਵਾ ਕੇ ਅਪਣੇ ਮੁਰਦੇ ਸਰੀਰ ਵਿਚ ਆਕਸੀਜ਼ਨ ਭਰਦਾ ਰਹਿੰਦਾ ਹੈ। ਕਈ ਮੱਠ ਤਾਂ ਬੜੇ ਚਰਚਿਤ ਹਨ। ਜਿਹੜੇ ਹਰ ਮਹੀਨੇ ਕੋਈ ਨ ਕੋਈ ਅਜਿਹਾ 'ਲੱਕਾ ਕਬੂਤਰ' ਭਾਲ ਲੈਂਦੇ ਹਨ, ਜਿਹੜਾ ਇਨ੍ਹਾਂ ਦੇ ਇਸ਼ਾਰੇ 'ਤੇ ਕਲਾਬਾਜ਼ੀਆਂ ਲਾਉਂਦਾ ਹੈ। ਇਹ ਕਬੂਤਰ ਨੂੰ ਚੋਗਾ ਹੀ ਨਹੀਂ ਪਾਉਂਦੇ ਸਗੋਂ ਉਸ ਦਾ ਮਾਸ ਖਾਣ ਤੱਕ ਜਾਂਦੇ ਹਨ। ਜੇ ਕਿਤੇ ਕੋਈ 'ਕਬੂਤਰੀ' ਹੋਵੇ ਫਿਰ ਤਾਂ ਇਹ ਡੰਡੋਤ ਵੀ ਕਰਦੇ ਹਨ। ਸਪੇਰੇ ਵਾਂਗ ਬੀਨ ਵਜਾਉਂਦੇ ਨੇ ਉਸ ਦੇ ਸੋਹਿਲੇ ਗਾਉਂਦੇ ਨੇ।
       ਹਰ ਮੱਠ ਦਾ ਆਪੋ ਅਪਣਾ ਦਾਇਰਾ ਹੈ। ਜਿਹੜੇ ਮੱਠ ਹਰ ਸਾਲ ਪੁਰਸਕਾਰ ਵੰਡਦੇ ਹਨ। ਉਨ੍ਹਾਂ ਮੱਠਾਂ ਦੇ ਪੁਜਾਰੀਆਂ ਦੀ ਬੜੀ ਕਦਰ ਹੁੰਦੀ ਹੈ। ਹਰ ਸਾਲ ਇਹ ਮੱਠ ਵਾਲੇ ਆਪੋ ਆਪਣੇ ਚਹੇਤੇ ਚਹੇਤੀਆਂ ਨੂੰ ਪੁਰਸਕਾਰ ਦੇ ਕੇ ਬਾਹਰ ਵਿਦੇਸ਼ਾਂ ਦਾ ਟੂਰ ਕਰਦੇ ਹਨ ਤੇ ਮੋਟੀ ਗਜਾ ਕਰਕੇ ਮੁੜਦੇ ਹਨ। ਪਿਛਲੀ ਵਾਰੀ ਇੱਕ ਮੱਠ ਦੇ ਪੁਜਾਰੀ ਨੇ ਤਾਂ ਗਜਾ ਕਰਨ ਵਾਲੇ ਅਗਲੇ ਪਿਛਲੇ ਸਾਰੇ ਹੀ ਰਿਕਾਰਡ ਤੋੜ ਦਿੱਤੇ। ਜਦੋਂ ਮੱਠ ਵਾਪਸ ਆਇਆ ਤਾਂ ਬੀਮਾਰ ਹੋ ਕੇ ਹਸਪਤਾਲ ਦਾਖਿਲ ਹੋ ਕੇ ਪੈ ਗਿਆ। ਜਦੋਂ ਪੁਜਾਰੀ ਬੀਮਾਰ ਹੋਵੇ ਫਿਰ ਕਿਸ ਨੇ ਪੁਛਣਾ ਸੀ ਕਿ ਵਿਦੇਸ਼ 'ਚ ਕੀਤੀ ਗਜਾ ਦਾ ਹਿਸਾਬ ਕਿਤਾਬ।
       ਖੈਰ ਪੁਰਸਕਾਰ ਹਾਸਲ ਕਰਨ ਦੀ ਦੌੜ ਵਿੱਚ ਕਈ ਤਾਂ ਪੁਰਸਕਾਰ ਵਿਚ ਮਿਲਣ ਵਾਲੀ ਰਾਸ਼ੀ ਤੋਂ ਵਧੇਰੇ ਪੱਲਿਓਂ ਖ਼ਰਚ ਕਰ ਦੇਂਦੇ ਹਨ। ਉਹ ਪੁਰਸਕਾਰ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦਾ ਹਰਬਾ ਵਰਤਦੇ ਹਨ। ਉਹ ਅਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦੇ ਹਨ। ਉਹ ਪੁਰਸਕਾਰ ਲੈਣ ਲਈ ਕੀ ਕੀ ਕਰਦੇ ਹਨ ? ਇਹ ਤਾਂ ਉਹ ਹੀ ਜਾਣਦੇ ਹਨ ਜਿਹੜੇ ਪੁਰਸਕਾਰ ਲਈ ਖ਼ਾਕ ਛਾਣਦੇ ਹਨ।
      ਜਦੋਂ ਮੱਠ ਪੁਰਸਕਾਰ ਦੇਣ ਲਈ ਨਾਵਾਂ ਦੀ ਭਾਲ ਕਰਦੇ ਹਨ ਤਾਂ ਪੁਰਸਕਾਰ ਹਥਿਆਉਣ ਵਾਲੇ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਕੋਈ ਝੋਲੀ ਅੱਡ ਕੇ, ਕੋਈ ਡੰਡੋਤ ਕਰਦਾ ਹੈ। ਕੋਈ ਹੋਰ ਢੰਗ ਤਰੀਕਾ ਵਰਤਦਾ ਹੈ। ਪਹਿਲਾਂ ਅਗਲਾ ਮਿੰਨਤ ਤਰਲਾ ਕਰਦਾ ਹੈ ਜੇ ਲਿਸਟ 'ਚ ਉਸ ਦਾ ਨਾਂਅ ਨਾ ਦਿਖੇ ਤਾਂ ਉਹ ਕੱਟੇ ਵਾਂਗ ਅਰਾਟ ਪਾਉਂਦਾ ਹੈ। ਉਸ ਦਾ ਇਹ ਅਰਾਟ ਜਦੋਂ ਕੋਈ ਸੁਣਦਾ ਨਹੀਂ ਤਾਂ ਉਹ ਕੁੱਤੇ ਵਾਂਗ ਆਪਣੇ ਕੀਤੇ ਜ਼ਖ਼ਮਾਂ ਨੂੰ ਆਪਣੀ ਹੀ ਜੀਭ ਨਾਲ ਚੱਟਣ ਲੱਗਦਾ ਹੈ ਤੇ ਫੇਰ ਜੁਆਕਾਂ ਵਾਂਗ ਰੋਣ ਲਗਦਾ ਹੈ। ਇਹ ਵੀ ਆਪਣੀ ਕਿਸਮ ਦਾ ਸੋਸ਼ਣ ਹੈ। ਇਸ ਭ੍ਰਿਸ਼ਟਾਚਾਰ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਤਨ, ਕੋਈ ਮਨ, ਕੋਈ ਧਨ ਤੇ ਕੋਈ ਜਜ਼ਬਾਤਾਂ ਤੇ ਭਾਵਨਾਵਾਂ ਦਾ ਢੰਗ ਤਰੀਕਾ ਵਰਤਦਾ ਹੈ।
       ਕਈ ਤਾਂ ਸ਼ਬਦਾਂ ਦੀਆਂ ਉਲਟੀਆਂ ਕਰ ਕਰ ਕੇ ਚਾਰੇ ਪਾਸੇ ਬਦਬੂ ਫ਼ੈਲਾ ਦੇਂਦੇ ਹਨ। ਜਦੋਂ ਉਨ੍ਹਾਂ ਨੂੰ ਉਹ ਬੋਅ ਚੜ੍ਹਦੀ ਹੈ ਤਾਂ ਫਿਰ ਉਹ ਖਾਮੋਸ਼ ਹੋ ਜਾਂਦੇ । ਉਨ੍ਹਾਂ ਦੀ ਖਾਮੋਸ਼ੀ ਉਦਾਸੀ ਵਿਚ ਬਦਲ ਜਾਂਦੀ ਹੈ।
        ਕਈ ਮੱਠਾਂ ਦਾ ਕੰਮ ਹੀ ਪੁਸਤਕਾਂ ਰਿਲੀਜ਼ ਕਰਨੀਆਂ, ਗੋਸ਼ਟੀਆਂ ਕਰਵਾਉਣੀਆਂ ਬਣ ਗਿਆ ਹੈ। ਉਹ ਪੁਸਤਕ ਰਿਲੀਜ਼ ਮੌਕੇ ਲੇਖਕ, ਲੇਖਿਕਾ ਨੂੰ ਅਸਮਾਨ 'ਤੇ ਚਾੜਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ । ਅਖ਼ਬਾਰਾਂ ਵਿਚ ਖ਼ਬਰਾਂ ਤੇ ਫੋਟੋਆਂ ਲਵਾ ਕੇ ਬੱਲੇ ਬੱਲੇ ਕਰਵਾਉਂਦੇ ਹਨ। ਇਹ ਮੱਠ ਵਾਲੇ ਪਰਵਾਸੀ ਲੇਖਕਾਂ ਤੇ ਖਾਸਕਰ 'ਬੀਬੀਆਂ' ਦਾ ਬਹੁਤਾ ਖਿਆਲ ਰੱਖਦੇ ਹਨ। ਇਹ ਸਦਾ ਛੱਤਰੀ ਤਾਣੀ ਰੱਖਦੇ ਹਨ। ਹਰ ਮਹੀਨੇ ਕੋਈ ਨਾ ਕੋਈ 'ਕਬੂਤਰ ਕਬੂਤਰੀ' ਛੱਤਰੀ ਉੱਤੇ ਉਤਾਰ ਹੀ ਲੈਂਦੇ ਹਨ। ਜੇ ਕਿਸੇ ਕੋਲ ਪੁਸਤਕ ਵੀ ਨਾ ਹੋਵੇ ਤਾਂ ਇਹ ਦਿਨਾਂ ਵਿਚ ਹੀ ਪੁਸਤਕ ਦਾ ਪ੍ਰਬੰਧ ਕਰ ਲੈਂਦੇ ਹਨ। ਝੱਟ - ਪੱਟ ਛਪਵਾ ਕੇ ਰਿਲੀਜ਼ ਕਰ ਦੇਂਦੇ ਹਨ। ਇਹਨਾਂ ਮੱਠਾਂ ਵਾਲਿਆਂ ਨੇ ਕਈ 'ਬੀਬੀਆਂ ' ਨੂੰ ਸਾਹਿਤ ਦੇ ਮੈਦਾਨ ਵਿਚ ਲਾਂਚ ਵੀ ਕੀਤਾ ਹੈ। ਉਨ੍ਹਾਂ ਨੂੰ 'ਪੰਜਾਬ ਦੀ ਧੀ' ਪੁਰਸਕਾਰ ਵੀ ਦਿੱਤਾ ਹੈ।
       ਇਨ੍ਹਾਂ ਮੱਠ ਵਾਲਿਆਂ ਦਾ ਪ੍ਰਕਾਸ਼ਕਾਂ ਨਾਲ ਸਿੱਧਾ ਸਬੰਧ ਹੁੰਦਾ ਹੈ, ਜਿਹੜੇ ਹਰ ਕਿਸੇ ਤੋਂ ਦੁਗੱਣੇ ਪੈਸੇ ਲੈ ਕੇ ਪੁਸਤਕ ਛਾਪਦੇ ਹਨ। ਸੌ ਡੇਢ ਲੇਖਕ ਦੇ ਹੱਥ ਫੜਾ ਬਾਕੀ ਦਾ ਫੇਰ ਮੁੱਲ ਵੱਟਦੇ ਹਨ। ਇਹਨਾਂ ਪ੍ਰਕਾਸ਼ਕਾਂ ਦਾ ਅੱਗੇ ਲਾਇਬ੍ਰੇਰੀਆਂ ਤੇ ਯੂਨੀਵਰਸਿਟੀ ਦੀਆਂ ਸਿਲੇਬਸ ਕਮੇਟੀਆਂ ਨਾਲ ਸਬੰਧ ਹੁੰਦਾ ਹੈ। ਇਹ ਕਮੇਟੀ ਵਾਲੇ ਉਸ ਪ੍ਰਕਾਸ਼ਕ ਦੀ ਕੋਈ ਨਾ ਕੋਈ ਪੁਸਤਕ ਸਿਲੇਬਸ ਵਿਚ ਲਾ ਦਿੰਦੇ ਹਨ ਤੇ ਫਿਰ ਪ੍ਰਕਾਸ਼ਕਾਂ ਦਾ ਕਈ ਵਰ੍ਹੇ ਤੋਰੀ ਫੁਲਕਾ ਚਲਦਾ ਰਹਿੰਦਾ ਹੈ। ਇਹ 'ਮਾਂ ਬੋਲੀ ਦੇ ਸੇਵਾਦਾਰ' ਹਰ ਸਾਲ ਆਪਣੀ ਝੋਲੀ ਭਰਦੇ ਰਹਿੰਦੇ ਹਨ। ਇਨ੍ਹਾਂ ਦਾ ਆਪਣਾ ਹੀ ਨੈਟਵਰਕ ਹੁੰਦਾ ਹੈ। ਕਈ ਤਾਂ ਜੁਗਾੜ ਲਾ ਕੇ 'ਸਰਬੋਤਮ ਪ੍ਰਕਾਸ਼ਕ' ਦਾ ਪੁਰਸਕਾਰ ਵੀ ਢੁੱਕ ਲੈਂਦੇ ਹਨ।
        ਹਰ ਮੱਠ ਦਾ ਆਪੋ ਆਪਣਾ ਘੇਰਾ ਹੁੰਦਾ ਹੈ। ਇਹ ਆਪਣੇ ਘੇਰੇ ਵਿਚ ਕਿਸੇ ਗ਼ੈਰ ਨੂੰ ਦਖ਼ਲ ਨਹੀਂ ਹੋਣ ਦੇਂਦੇ। ਮੱਠ 'ਤੇ ਕਿਸੇ ਦਾ ਕਬਜ਼ਾ ਵੀ ਨਹੀਂ ਹੋਣ ਦੇਂਦੇ ਜੇ ਕਦੇ ਕਿਸੇ ਚੋਣ ਵਿਚ ઠਹਾਰ ਦੀ ਹਾਲਤ ਬਣ ਜਾਵੇ ਇਹ ਪਾਸਾ ਬਦਲਣ ਲੱਗੇ ਦੇਰ ਨਹੀਂ ਲਾਉਂਦੇ। ਇਹ ਵੀ ਸਿਆਸੀ ਆਗੂਆਂ ਵਾਂਗ ਪੱਗ ਬਦਲਕੇ ਦੂਜੇ ਪਾਸੇ ਜਾ ਹੱਥ ਮਿਲਾਉਂਦੇ ਹਨ ਤਾਂ ਕਿ ਮੱਠ 'ਤੇ ਕੋਈ ਹੋਰ ਕਬਜ਼ਾ ਨਾ ਕਰ ਲਵੇ। ਉਂਝ ਇਹ ਮੱਠ ਹਰ ਸਾਲ ਆਪੋ ਅਪਣੇ ਚਹੇਤਿਆਂ ਦੀਆਂ ਵੋਟਾਂ ਬਣਾਉਂਦੇ ਰਹਿੰਦੇ ਹਨ ਤਾਂ ਕਿ ਮੱਠ ਵਿਚ ਧੜਾ ਭਾਰੂ ਰਹੇ।
      ਮੱਠ ਦੇ ਪੁਜਾਰੀ ਹਰ ਸਾਲ ਠੰਢੇ ਮੁਲਕਾਂ ਵਿਚ 'ਮਾਂ ਬੋਲੀ' ਦੀ ਸੇਵਾ ਲਈ ਉਗਰਾਈ ਉੱਤੇ ਜਾਂਦੇ ਹਨ। ਮਾਂ ਬੋਲੀ ਦੇ ਨਾਂ ਉਤੇ ਮੋਟੀ ਮਾਰ, ਮਾਰ ਕੇ ਮੁੜਦੇ ਹਨ। ਉਧਰ ਬੈਠੇ ਪੰਜਾਬੀਆਂ ਨੂੰ ਇਹ 'ਮਾਂ ਬੋਲੀ' ਦੇ ਪੁਜਾਰੀ ਭਰਮਾਉਂਦੇ ਹਨ, 'ਮਾਂ ਬੋਲੀ' ਮਰ ਰਹੀ ਹੈ, ਦਾ ਵਾਸਤਾ ਪਾਉਂਦੇ ਤੇ ਉਨ੍ਹਾਂ ਦੀਆਂ ਜੇਬਾਂ ਖਾਲੀ ਕਰਵਾਉਂਦੇ ਹਨ ਤੇ ਇਧਰ ਆ ਕੇ ਮਾ ਬੋਲੀ ਦੇ ਨਾਂ 'ਤੇ ਕੋਈ ਛੋਟਾ ਮੋਟਾ ਸੈਮੀਨਾਰ ਕਰਵਾਉਂਦੇ ਹਨ। ਬਾਕੀ ਮਾਲ ਜੇਬ 'ਚ ਪਾਉਂਦੇ ਹਨ ਤੇ ઠਲੋਕਾਂ ਵਿਚ ਮਾਂ ਬੋਲੀ ਦੇ ਸੇਵਕ ਅਖਵਾਉਂਦੇ ਹਨ। ਇਹ ਮਾਂ ਬੋਲੀ ਦੇ ਸੇਵਕ ਹੋਰ ਕੀ ਕੀ ਕਰਦੇ ਹਨ? ਇਹ ਕਦੇ ਫੇਰ ਦੱਸਾਂਗੇ ਅਜੇ ਤੁਸੀਂ ਆਖੋ 'ਮਾਂ ਬੋਲੀ ਦੇ ਸੇਵਕਾਂ' ਦੀ ਜੈ । ਸਾਹਿਤਕ ਭ੍ਰਿਸ਼ਟਾਚਾਰ ਜ਼ਿੰਦਾਬਾਦ- ਜ਼ਿੰਦਾਬਾਦ ।

ਸੰਪਰਕ : 94643-70823
budhsinghneelon@gmail.com