ਸਿਆਸਤਦਾਨੋ ਬਾਬਾ ਨਾਨਕ ਦੀ ਕਰਮ ਭੂਮੀ ਦੇ ਦਰਸ਼ਨੇ ਦੀਦਾਰੇ ਦੇ ਰੰਗ ਵਿਚ ਭੰਗ ਨਾ ਪਾਓ - ਉਜਾਗਰ ਸਿੰਘ

ਸਿਆਸਤਦਾਨ ਭਰਾਵੋ ਤੇ ਭੈਣੋ ਬਾਬੇ ਨਾਨਕ ਦੀ ਕਰਮ ਭੂਮੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨੇ ਦੀਦਾਰ ਕਰਨ ਦਾ ਮੌਕਾ ਗੁਰੂ ਨਾਨਕ ਦੇਵ ਜੀ ਦੀ ਅਪਾਰ ਕ੍ਰਿਪਾ ਸਦਕੇ ਮਿਲਣ ਜਾ ਰਿਹਾ ਹੈ। ਕ੍ਰਿਪਾ ਕਰਕੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰਨ ਤੋਂ ਪ੍ਰਹੇਜ ਕਰੋ ਤਾਂ ਜੋ ਇਸ ਬਣਨ ਜਾ ਰਹੇ ਕਰਤਾਰਪੁਰ ਲਾਂਘੇ ਦੇ ਰਸਤੇ ਵਿਚ ਕੋਈ ਰੁਕਾਵਟ ਨਾ ਪਵੇ। ਦੋਹਾਂ ਦੇਸ਼ਾਂ ਵਿਚ ਸਦਭਾਵਨਾ ਦੇ ਬਣੇ ਮਾਹੌਲ ਨੂੰ ਵਿਗਾੜਨ ਵਿਚ ਆਪਣਾ ਯੋਗਦਾਨ ਨਾ ਪਾਓ। ਸਿਆਸਤਦਾਨਾ ਦੀ ਰਾਜਨੀਤੀ ਕਰਕੇ ਪਿਛਲੇ 71 ਸਾਲਾਂ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀਆਂ ਰਹੀਆਂ ਹਨ। ਕਿਤੇ ਇਹ ਨਾ ਹੋਵੇ ਕਿ ਤੁਹਾਡੀ ਆਪਸੀ ਖਹਿਬਾਜੀ ਕਰਕੇ ਦੋਹਾਂ ਦੇਸ਼ਾਂ ਨੂੰ ਲਾਂਘਾ ਬਣਾਉਣ ਦੇ ਰਸਤੇ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਜਾਣ ਕਿਉਂਕਿ ਪਹਿਲਾਂ ਵੀ ਅਜਿਹੇ ਫੈਸਲੇ ਤਿੰਨ ਵਾਰ ਹੋ ਚੁੱਕੇ ਸਨ ਪ੍ਰੰਤੂ ਸਿਰੇ ਨਹੀਂ ਚੜ੍ਹ ਸਕੇ। ਜੇ ਹੋ ਸਕੇ ਤਾਂ ਦੋਹਾਂ ਦੇਸ਼ਾਂ ਦੇ ਕੂਟਨੀਤਕ ਸੰਬੰਧ ਸਾਜਗਾਰ ਬਣਾਉਣ ਵਿਚ ਸਹਾਈ ਹੋਣ ਦੀ ਕੋਸ਼ਿਸ਼ ਕਰੋ। ਬਿਆਨਬਾਜ਼ੀ ਹਮੇਸ਼ਾ ਕੁੜੱਤਣ ਪੈਦਾ ਕਰਦੀ ਹੈ। ਇਸ ਲਈ ਅਜਿਹੇ ਬਿਆਨ ਨਾ ਦਾਗੋ ਜਿਹੜੇ ਸਦਭਾਵਨਾ ਦੀ ਪ੍ਰਵਿਰਤੀ ਵਿਚ ਘਿਰਣਾ ਪੈਦਾ ਕਰਨ ਵਿਚ ਸਹਾਈ ਹੋਣ। ਕਰਤਾਪੁਰ ਲਾਂਘੇ ਦਾ ਸੰਬੰਧ 12 ਕਰੋੜ ਲੋਕਾਂ ਦੀ ਧਾਰਮਿਕ ਅਕੀਦਤ ਨਾਲ ਸੰਬੰਧਤ ਹੈ। ਇਸ ਉਪਰ ਰਾਜਨੀਤੀ ਨਾ ਖੇਡੀ ਜਾਵੇ। ਰਾਜਨੀਤੀ ਕਰਨ ਦੇ ਹੋਰ ਬਥੇਰੇ ਮੌਕੇ ਮਿਲਣਗੇ। ਇਸ ਲਾਂਘੇ ਲਈ ਪਹਿਲਾਂ ਵੀ 1988 ਵਿਚ ਰਾਜੀਵ ਗਾਂਧੀ ਅਤੇ ਬੇਨਜ਼ੀਰ ਭੁੱਟੋ ਸਹਿਮਤ ਹੋ ਗਏ ਸਨ। ਫਿਰ 2000 ਵਿਚ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਵੀ ਦੋਵੇਂ ਸਰਕਾਰਾਂ ਰਾਜੀ ਹੋ ਗਈਆਂ ਸਨ ਪ੍ਰੰਤੂ ਕਾਰਗਿਲ ਦੀ ਲੜਾਈ ਰਸਤੇ ਵਿਚ ਰੋੜਾ ਬਣ ਗਈ ਸੀ। 2004 ਤੋਂ 2014 ਦਰਮਿਆਨ  ਇਸ ਲਾਂਘੇ ਦੀ ਮੰਗ ਜ਼ੋਰ ਫੜਦੀ ਰਹੀ ਪ੍ਰੰਤੂ ਕਿਸੇ ਤਨ ਪੱਤਣ ਨਹੀਂ ਲੱਗੀ। ਡਾਕਟਰ ਮਨਮੋਹਨ ਸਿੰਘ ਸਮੇਂ ਵੀ ਕੋਸ਼ਿਸ਼ਾਂ ਹੋਈਆਂ ਪ੍ਰੰਤੂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਸਕਿਆ। ਨਰਿੰਦਰ ਮੋਦੀ ਦੀ ਸਰਕਾਰ ਵਿਚ 2017 ਵਿਚ ਸੰਸਦੀ ਕਮੇਟੀ ਨੇ ਪਾਕਿਸਤਾਨ ਸਰਕਾਰ ਨਾਲ ਸਾਜਗਾਰ ਸੰਬੰਧ ਨਾ ਹੋਣ ਦਾ ਬਹਾਨਾ ਬਣਾਕੇ ਤਜ਼ਵੀਜ਼ ਰੱਦ ਕਰ ਦਿੱਤੀ। ਹੁਣ ਇਸ ਲਾਂਘੇ ਦੀ ਸ਼ੁਰੂਆਤ ਕਰਵਾਉਣ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜਦੋਂ ਉਨ੍ਹਾਂ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਇਕ ਕ੍ਰਿਕਟਰ ਦੇਸਤ ਦੇ ਤੌਰ ਤੇ ਬੁਲਾਇਆ ਤਾਂ ਉਥੋਂ ਦੀ ਫ਼ੌਜ ਦੇ ਮੁੱਖੀ ਨੇ ਪਾਕਿਸਤਾਨ ਸਰਕਾਰ ਦੀ ਕਰਤਾਰਪੁਰ ਲਾਂਘਾ ਖੁੋਲ੍ਹਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਨਵਜੋਤ ਸਿੰਘ ਸਿੱਧੂ ਨੇ ਭਾਰਤ ਆ ਕੇ ਇਸ ਲਾਂਘੇ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਤਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਉਸਨੂੰ ਦੁਸ਼ਮਣ ਦੇਸ਼ ਵਿਚ ਜਾਣ ਅਤੇ ਫ਼ੌਜ ਮੁੱਖੀ ਨਾਲ ਜੱਫੀ ਪਾਉਣ ਕਰਕੇ ਦੇਸ਼ ਧਰੋਹੀ ਅਤੇ ਗ਼ਦਾਰ ਤੱਕ ਆਖ ਦਿੱਤਾ। ਫਿਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਦੋ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚ ਗਏ। ਸਿਆਸਤਦਾਨ ਥੁੱਕ ਕੇ ਚੱਟਣ ਵਿਚ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਅਟਲ ਬਿਹਾਰੀ ਵਾਜਪਾਈ, ਨਰਿੰਦਰ ਮੋਦੀ ਅਤੇ ਪਰਕਾਸ਼ ਸਿੰਘ ਬਾਦਲ ਵੀ ਪਾਕਿਸਤਾਨ ਗਏ ਸਨ ਉਦੋਂ ਤਾਂ ਕਿਸੇ ਨੇਤਾ ਨੂੰ ਤਕਲੀਫ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਦੀ ਇਸ ਭੂਮਿਕਾ ਨੂੰ ਇਤਿਹਾਸ ਅਣਡਿਠ ਨਹੀਂ ਕਰ ਸਕਦਾ ਪ੍ਰੰਤੂ ਜੇਕਰ ਭਾਰਤ ਸਰਕਾਰ ਇਮਰਾਨ ਖ਼ਾਨ ਦੀ ਪਹਿਲ ਦਾ ਹੁੰਘਾਰਾ ਨਾ ਭਰਦੀ ਤਾਂ ਵੀ ਕਰਤਾਰਪੁਰ ਲਾਂਘੇ ਦਾ ਸੁਪਨਾ ਸਾਕਾਰ ਨਹੀਂ ਹੋ ਸਕਣਾ ਸੀ। ਕਈ ਵਾਰ ਹਾਲਾਤ ਐਸੇ ਬਣ ਜਾਂਦੇ ਹਨ ਕਿ ਸਰਕਾਰਾਂ ਵੀ ਬੇਬਸ ਹੋ ਜਾਂਦੀਆਂ ਹਨ, ਜਿਵੇਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਮੌਕੇ ਲਾਂਘੇ ਦੀ ਗੱਲ ਲਗਪਗ ਸਿਰੇ ਚੜ੍ਹ ਗਈ ਸੀ ਪ੍ਰੰਤੂ ਕਾਰਗਿਲ ਦੀ ਲੜਾਈ ਨੇ ਸਾਰਾ ਕੁਝ ਹੀ ਉਲਟਾ ਪੁਲਟਾ ਕਰ ਦਿੱਤਾ ਸੀ। ਇਸ ਲਈ ਸਾਜਗਾਰ ਮਾਹੌਲ ਦਾ ਹੋਣਾ ਦੋਹਾਂ ਦੇਸ਼ਾਂ ਲਈ ਕਰਤਾਰਪੁਰ ਲਾਂਘੇ ਦੇ ਮੁਕੰਮਲ ਕਰਨ ਲਈ ਜ਼ਰੂਰੀ ਹੈ। ਸਿਆਸਤਦਾਨਾ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਕੋਈ ਅੜਿਕਾ ਪੈਦਾ ਹੋਵੇ। ਇਸ ਲਾਂਘੇ ਦਾ ਸਿਹਰਾ ਲੈਣ ਦੀ ਰਾਜਨੀਤੀ ਵੀ ਨਹੀਂ ਕਰਨੀ ਚਾਹੀਦੀ। ਨਵਜੋਤ ਸਿੰਘ ਸਿੱਧੂ ਤਾਂ ਆਪਣੇ ਦੋਸਤ ਦੇ ਸੱਦੇ ਤੇ ਉਸਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਗਿਆ ਸੀ। ਜੇਕਰ ਉਹ ਇਸ ਲਾਂਘੇ ਲਈ ਮਦਦਗਾਰ ਸਾਬਤ ਹੋਇਆ ਹੈ ਤਾਂ ਸਾਨੂੰ ਉਸਦੇ ਉਦਮ ਦੀ ਸ਼ਲਾਘਾ ਕਰਨੀ ਬਣਦੀ ਹੈ ਪ੍ਰੰਤੂ ਸਾਡੇ ਸਿਆਸਤਦਾਨ ਇਸ ਧਾਰਮਿਕ ਕੰਮ ਉਪਰ ਵੀ ਸਿਆਸਤ ਕਰਨ ਲੱਗ ਪਏ। ਸ੍ਰੀ ਗੁਰੂ ਨਾਨਕ ਦੇਵ ਦੀ ਸਾਰੀ ਬਾਣੀ ਹੀ ਧਾਰਮਿਕ ਸ਼ਹਿਨਸ਼ੀਲਤਾ, ਸ਼ਾਂਤੀ, ਆਪਸੀ ਸਹਿਯੋਗ, ਸਰਬਤ ਦਾ ਭਲਾ ਅਤੇ ਆਪਸੀ ਸਦਭਾਵਨਾ ਦਾ ਸੰਦੇਸ਼ ਦਿੰਦੀ ਹੈ ਪ੍ਰੰਤੂ ਸਾਡੇ ਸਿਆਸਤਦਾਨ ਲਾਂਘੇ ਦਾ ਸਿਹਰਾ ਲੈਣ ਲਈ ਗੁਰੂ ਦੀ ਕਰਮਭੂਮੀ ਦੇ ਦਰਸ਼ਨਾ ਉਪਰ ਹੀ ਬਿੱਲੀਆਂ ਦੀ ਤਰ੍ਹਾਂ ਲੜਨ ਲੱਗ ਪਏ। ਨਵਜੋਤ ਸਿੰਘ ਸਿੱਧੂ ਨੇ ਤਾਂ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਹੈ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਵਾਲੇ ਤਾਂ ਉਸਨੂੰ ਪਾਕਿਸਤਾਨ ਜਾਣ ਕਰਕੇ ਗਦਾਰ ਅਤੇ ਦੇਸ਼ ਧਰੋਹੀ ਤੱਕ ਆਖ ਗਏ। ਬਾਅਦ ਵਿਚ ਆਪ ਵੀ ਉਥੇ ਚਲੇ ਗਏ। ਉਨ੍ਹਾਂ ਦੇ ਕੁਝ ਨੇਤਾ ਅਜੇ ਵੀ ਉਸਨੂੰ ਦੇਸ਼ ਧਰੋਹੀ ਕਹੀ ਜਾਂਦੇ ਹਨ। ਵਿਰੋਧੀ ਪਾਰਟੀ ਦੇ ਨੇਤਾ ਤਾਂ ਸਿੱਧੂ ਵਿਰੁਧ ਬਿਆਨਬਾਜ਼ੀ ਕਰਨ ਕੋਈ ਵੱਡੀ ਗੱਲ ਨਹੀਂ ਕਿਉਂਕਿ ਉਹ ਉਨ੍ਹਾਂ ਦੀ ਪਾਰਟੀ ਵਿਚੋਂ ਅਸਤੀਫ਼ਾ ਦੇ ਕੇ ਆਇਆ ਹੋਇਆ ਹੈ। ਉਨ੍ਹਾਂ ਨੂੰ ਇਸ ਗੱਲ ਦੀ ਨਰਾਜ਼ਗੀ ਹੈ ਪ੍ਰੰਤੂ ਕਾਂਗਰਸ ਪਾਰਟੀ ਦੇ ਨੇਤਾ ਵੀ ਨਵਜੋਤ ਸਿੰਘ ਸਿੱਧੂ ਦੀ ਵੱਧ ਰਹੀ ਸ਼ਾਖ ਤੋਂ ਖਾਰ ਖਾਣ ਲੱਗ ਪਏ। ਇਸ ਲਾਂਘੇ ਦੇ ਦੋਹਾਂ ਦੇਸ਼ਾਂ ਵੱਲੋਂ ਨੀਂਹ ਪੱਥਰ ਰੱਖਣ ਤੋਂ ਬਾਅਦ ਸਿੱਧੂ ਦਾ ਸਿਆਸੀ ਕੱਦ ਉਚਾ ਹੋ ਗਿਆ ਹੈ। ਇਸ ਲਈ ਕਾਂਗਰਸ ਪਾਰਟੀ ਦੇ ਪੁਰਾਣੇ ਨੇਤਾ ਉਸਦੇ ਪਰ ਕੁਤਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਮੈਂ ਆਪਣੇ ਲੇਖਾਂ ਵਿਚ ਲਿਖਦਾ ਰਹਿੰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਮਰਿਆਦਾ ਵਿਚ ਰਹਿਕੇ ਹੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਬਹੁਤੇ ਛੜੱਪੇ ਨਹੀਂ ਮਾਰਨੇ ਚਾਹੀਦੇ। ਹੁਣ ਉਹ ਕਿਸੇ ਸ਼ੋ ਦਾ ਕੋਈ ਕਲਾਕਾਰ ਨਹੀਂ ਇੱਕ ਜ਼ਿੰਮੇਵਾਰ ਮੰਤਰੀ ਹੈ। ਆਪਣੇ ਮੁੱਖ ਮੰਤਰੀ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ। ਟੋਭੇ ਵਿਚ ਰਹਿੰਦਿਆਂ ਮਗਰਮੱਛ ਨਾਲ ਵੈਰ ਰੱਖਣਾ ਖ਼ਤਰਨਾਕ ਹੋ ਸਕਦਾ ਹੈ। ਮੀਡੀਆ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕੋਤਾਹੀ ਕਰ ਰਿਹਾ ਹੈ। ਜੇਕਰ ਉਨ੍ਹਾਂ ਸਿੱਧੂ ਦੀ ਪੂਰੀ ਵੀਡੀਓ ਕਲਿਪ ਵਿਖਾਈ ਹੁੰਦੀ ਤਾਂ ਇਹ ਵਾਦਵਿਵਾਦ ਪੈਦਾ ਹੀ ਨਹੀਂ ਹੋਣਾ ਸੀ। ਉਸਨੇ ਤਾਂ ਮੁੱਖ ਮੰਤਰੀ ਨੂੰ ਆਪਣੇ ਪਿਤਾ ਸਮਾਨ ਕਿਹਾ ਸੀ ਪ੍ਰੰਤੂ ਵੀਡੀਓ ਕਲਿਪ ਵਿਚੋਂ ਇਹ ਕੱਢਕੇ ਬਾਕੀ ਵੀਡੀਓ ਵਾਇਰਲ ਕਰ ਦਿੱਤੀ। ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ ਪ੍ਰੰਤੂ ਪੰਜਾਬ ਦੇ ਮੰਤਰੀ ਸਹਿਬਾਨ ਨੂੰ ਵੀ ਕਿਸੇ ਕਿਸਮ ਦੀ ਬਿਆਨਬਾਜ਼ੀ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਜੇਕਰ ਕੋਈ ਮਸਲਾ ਆਪਸੀ ਵਿਚਾਰ ਵਟਾਂਦਰੇ ਨਾਲ ਹੱਲ ਹੋ ਸਕਦਾ ਹੋਵੇ ਤਾਂ ਹਲ ਕਰਨਾ ਚਾਹੀਦਾ ਹੈ। ਕਾਂਗਰਸੀ ਨੇਤਾਵਾਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਪੰਜਾਬ ਵਿਚ ਸਰਕਾਰ ਹੈ। ਇਸ ਕਾਟੋ ਕਲੇਸ਼ ਨਾਲ ਸਰਕਾਰ ਦੇ ਅਕਸ ਤੇ ਅਸਰ ਪੈਂਦਾ ਹੈ। ਵਿਰੋਧੀ ਪਾਰਟੀ ਤਾਂ ਚਾਹੁੰਦੀ ਹੀ ਹੈ ਕਿ ਪੰਜਾਬ ਵਿਚ ਅਸਥਿਰਤਾ ਦਾ ਵਾਤਾਵਰਨ ਬਣੇ ਕਿਉਂਕਿ ਦਸ ਸਾਲ ਦੇ ਰਾਜ ਤੋਂ ਬਾਅਦ ਉਹ ਰਾਜ ਭਾਗ ਪ੍ਰਾਪਤ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਅਜੇ ਇਸ ਸਰਕਾਰ ਨੂੰ ਹੋਂਦ ਵਿਚ ਆਇਆਂ ਥੋੜ੍ਹਾ ਸਮਾਂ ਹੀ ਹੋਇਆ ਸਾਢੇ ਤਿੰਨ ਸਾਲ ਕਾਂਗਰਸ ਪਾਰਟੀ ਨੇ ਰਾਜ ਕਰਨਾ ਹੈ। ਇਸ ਲਈ ਕਾਂਗਰਸੀ ਨੇਤਾਵਾਂ ਨੂੰ ਪੰਜਾਬ ਦੇ ਵਿਕਾਸ, ਬੇਰੋਜ਼ਗਾਰੀ, ਕਿਸਾਨ ਖ਼ੁਦਕਸ਼ੀਆਂ ਵਰਗੇ ਮਹੱਤਵਪੂਰਨ ਕੰਮਾ ਵਲ ਧਿਆਨ ਦੇਣਾ ਚਾਹੀਦਾ ਹੈ। ਉਹ ਬੇਵਜਾਹ ਹੀ ਵਾਦਵਿਵਾਦ ਵਿਚ ਉਲਝੇ ਪਏ ਹਨ। ਅਜੇ ਵੀ ਡੁਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੰਜਮ ਤੋਂ ਕੰਮ ਲੈਣ ਵਿਚ ਹੀ ਪੰਜਾਬ ਦਾ ਭਲਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

03 Nov. 2018