ਡਾਇਰੀ ਦੇ ਪੰਨੇ  - ਨਿੰਦਰ ਘੁਗਿਆਣਵੀ

ਕਦੋਂ ਢੱਠਣਗੀਆਂ ਸਿਆਸੀ ਭੱਠੀਆਂ!

26 ਨਵੰਬਰ ਦੀ ਦੁਪੈਹਿਰ ਨੂੰ ਟੈਲੀਵਿਯਨ ਦੇਖਦਾ ਉਦਾਸ ਤੇ ਦੁਖੀ ਹੋ ਰਿਹਾ ਸਾਂ। ਹਾਏ ਓ ਰੱਬਾ ਮੇਰਿਆ! ਦੁੱਖਾਂ ਦੀ ਦੁਨੀਆਂ ਨੇ ਘੇਰਿਆ। ਏਡੇ ਪਵਿੱਤਰ ਤੇ ਮਹਾਨ ਕਾਰਜ ਸਮੇਂ ਵੀ ਸਾਡੇ ਨੇਤਾ ਲੜ ਰਹੇ ਸਨ ਡੇਰਾ ਬਾਬਾ ਨਾਨਕ ਵਿਖੇ। ਤਾਹਨੇ ਮਿਹਣਿਆਂ ਦਾ ਅੰਤ ਕੋਈ ਨਹੀਂ ਸੀ। ਜਿੰਦਾਬਾਦ ਤੇ ਮੁਰਦਾਬਾਦ ਦੇ ਨਾਅਰਿਆਂ ਦੀ ਤਾਂ ਵਾਹੇਗੁਰੂ-ਵਾਹੇਗੁਰੂ ਕਿਸੇ ਨਾ ਜਪਿਆ। ਹਰ ਇੱਕ ਦਾ ਹਿਰਦਾ ਤਪਿਆ। ਲਾਂਗੇ ਦੇ ਮੁੱਦੇ ਉਤੇ ਹਰ ਕੋਈ ਆਪਣੇ ਸਿਹਰਾ ਸਜਾਉਣ ਵਾਸਤੇ ਪੱਬਾਂ ਭਾਰ ਹੋਇਆ ਦਿਖਾਈ ਦਿੰਦਾ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਸਿਆਣਪ ਵਰਤੀ ਕਿ ਇਹਨਾਂ ਵਿਚ ਉਹ ਵੜਿਆ ਹੀ ਨਹੀਂ ਤੇ ਪਾਸੇ-ਪਾਸੇ ਦੀ ਲੰਘ ਗਿਆ ਦੂਰਬੀਨ ਵਿਚ ਦੀ ਦੀਦਾਰੇ  ਕਰ ਕੇ!
ਸੋਚਣ ਤੇ ਦੁਖ ਦੇਣ ਵਾਲੀ ਗੱਲ ਹੈ ਕਿ ਜਦ ਵੀ ਪੰਜਾਬ ਵਿਚ ਕਿਸੇ ਗੁਰੂ ਪੀਰ ਦਾ ਉਤਸਵ ਆਂਦਾ ਹੈ ਤਾਂ ਸਾਡੇ ਨੇਤਾ ਇੱਕ ਦੂਜੇ ਨਾਲ ਲੜਨ ਵਾਸਤੇ ਤੇ ਸਟੇਜਾਂ ਉਤੋਂ ਗਾਲਾਂ ਕੱਢਣ ਲਈ ਕਈ ਕਈ ਦਿਨ ਪਹਿਲਾਂ ਹੀ ਤਰਲੋ ਮੱਛੀ ਹੋਣ ਲਗਦੇ ਹਨ। ਹੁਣ ਇਹਨਾਂ ਨੂੰ ਇੱਕ ਹੋਰ ਥਾਂ ਲੱਭ ਗਈ ਗਈ ਹੈ ਹਰ ਸਾਲ ਲਈ ਡੇੇਰਾ ਬਾਬਾ ਨਾਨਕ! ਟੈਲੀਵਿਯਨ ਦੇਖਦਾ ਮੈਂ ਆਪਣਾ ਡਾਇਰੀ ਲਿਖਣ ਬੈਠ ਜਾਂਦਾ ਹਾਂ ਤੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਅਣਡਿੱਠ ਕਰਨ ਵਾਲੇ ਨੇਤਾਵਾਂ ਬਾਬਤ ਸੋਚਦਾ ਹਾਂ ਕਿ ਬਾਬਾ ਇਹਨਾਂ ਨੂੰ ਸੁਮੱਤ ਕਦੋਂ ਬਖਸ਼ੇਗਾ? ਇਹ ਸਵਾਲ ਮੇਰੇ ਮਨ ਵਿਚ ਇੱਕ ਬੇਰ ਦੀ ਗਿਟਕ ਵਾਂਗ ਅੜ ਕੇ ਖਲੋ ਜਾਂਦਾ ਹੈ।
ਇਹਨਾਂ ਨੇਤਾਵਾਂ ਨੂੰ ਰੱਬ ਦੀ ਕਰਨੀ ਕਿ ਐਸੀ ਮਾਰ ਹੈ, ਹਰ ਨੇਕ ਕਾਰਜ ਅੱਗੇ ਸਿਆਸਤ ਦੀ ਭੱਠੀ ਬਾਲ ਕੇ ਬਹਿ ਜਾਂਦੇ ਨੇ। ਸਿਵਾਏ ਤਾਹਨੇ-ਮਿਹਣਿਆਂ ਤੋਂ ਕੁਝ ਨਹੀਂ ਅਹੁੜਦਾ ਇਹਨਾਂ ਨੂੰ! ਸੁਨੀਲ ਜਾਖੜ ਨੇ ਵੀ ਸੁਣਾਈਆਂ ਅਕਾਲੀਆਂ ਨੂੰ ਤੇ ਘੱਟ ਹਰਸਿਮਰਤ ਵੀ ਨਹੀਂ ਕਿਸੇ ਤੋਂ। ਜਦੋਂ ਬੋਲਣ ਲੱਗੀ ਤਾਂ ਸੰਤ ਸਮਾਜ ਖਿਝ ਖਾ ਗਿਆ, ਨਾਨੇ ਉੱਠ ਕੇ ਤੁਰਦੇ ਬਣੇ। ਮਜੀਠੀਆ ਸੰਗਤਾਂ ਵਿਚ ਬੈਠਾ ਬਾਹਾਂ ਉਲਾਰ ਉਲਾਰ ਨਾਹਰੇ ਮਾਰੀ ਗਿਆ। ਕੈਪਟਨ ਸਾਹਬ ਦੀ ਕਮਾਲ ਦੇਖੋ ਕਿ ਪਾਕਿਸਤਾਨ ਦੀ ਫੌਜ ਦੇ ਮੁਖੀ ਬਾਜਵੇ ਨੂੰ ਧਮਕੀਆਂ ਦੇਈ ਗਏ। ਸੁਖਜਿੰਦਰ ਸਿੰਘ ਰੰਧਾਵਾ ਬਾਦਲਾਂ ਪਿਓ-ਪੁੱਤਾਂ ਦਾ ਨਾਂ ਉਦਘਾਟਨੀ ਪੱਥਰ ਉਤੇ ਉਕਰੇ ਦੇਖ ਕਾਲੀਆਂ ਟੇਪਾਂ ਲਾਉਂਦਾ ਰਿਹਾ ਰੋਸ ਵਜੋਂ ਆਪਣੇ ਤੇ ਕੈਪਟਨ ਦੇ ਨਾਵਾਂ ਉਤੇ।
ਉੱਪ ਰਾਸ਼ਟਰਪਤੀ ਵਕਈਆਂ ਨਾਇਡੂ ਇਸ ਕਾਟੋ-ਕਲੇਸ ਨੂੰ ਨੇੜੇ ਤੋਂ ਤਕਦੇ ਰਹੇ ਤੇ ਜ਼ਰੂਰ ਸੋਚਦੇ ਹੋਣਗੇ ਕਿ ਸਿੱਖਾਂ ਪਾਸ ਲੜਨ ਤੋਂ ਸਿਵਾਏ ਬਾਕੀ ਕੁਝ ਨਹੀਂ ਰਹਿ ਗਿਐ! ਡਾਇਰੀ ਦਾ ਪੰਨਾ ਲਿਖ ਕੇ ਜਦ ਫੋਨ ਦਾ ਵੈਟਸ-ਐਪ ਫਰੋਲਿਆ ਤਾਂ ਕਵੀ ਮਿੱਤਰ ਬਰਜਿੰਦਰ ਚੌਹਾਨ ਦਾ ਲਿਖਿਆ ਹੋਇਆ ਸ਼ੇਅਰ  ਅੱਖਾਂ ਸਾਹਮਣੇ ਸੀ:

ਨਾ ਨਾਨਕ ਹੈ ਕਿਤੇ ਨਾ ਰਾਮ
ਨਾ ਕੋਈ ਇਬਾਦਤ ਹੈ
ਤੇਰੇ ਹਰ ਫੈਸਲੇ ਅੰਦਰ ਲੁਕੀ ਹੋਈ ਸਿਆਸਤ ਹੈ

ਬਹੁਤ ਉਦਾਸ ਹਾਂ ਬਾਬਾ ਨਾਨਕ! ਮੈਂ ਬਹੁਤ ਉਦਾਸ ਹਾਂ। ਤੇਰੇ ਨਾਮ ਲੇਵਾ ਸਿਆਣੇ ਹੋ ਜਾਵਣ, ਤੇਰਾ ਜਨਮ ਦਿਨ ਰੱਜ ਰੱਜ ਕੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਵਣ! ਮੁੱਕ ਜਾਵਣ ਇਹ ਤਾਹਨੇ ਮਿਹਣੇ ਤੇ ਲੜੋ-ਲੜਾਈਆਂ ਤੇ ਢੱਠ ਜਾਵਣ ਇਹ ਸਿਆਸੀ ਭੱਠੀਆਂ! ਇਹੋ ਮੇਰੀ ਅਰਦਾਸ ਹੈ। ਜਾਪਦੈ ਕਿ ਪ੍ਰਵਾਨ ਹੋਏਗੀ।

94174-21700

04 Nov. 2018