ਹਜੂਮੀ ਹਿੰਸਾ ਦੀ ਮਾਨਸਿਕਤਾ - ਸਵਰਾਜਬੀਰ

ਹਿੰਦੋਸਤਾਨ ਦੇ ਵੱਖ ਵੱਖ ਹਿੱਸਿਆਂ ਵਿਚ ਹਜੂਮਾਂ ਵੱਲੋਂ ਕੀਤੀ ਹਿੰਸਾ ਸਾਡੇ ਆਮ ਜੀਵਨ ਤੇ ਸਿਆਸਤ ਦਾ ਉੱਭਰਵਾਂ ਹਿੱਸਾ ਬਣ ਕੇ ਉੱਭਰੀ ਹੈ। ਵੱਖ ਵੱਖ ਥਾਵਾਂ 'ਤੇ ਲੋਕ ਇਕੱਠੇ ਕੀਤੇ ਜਾਂਦੇ ਹਨ ਤੇ ਫੇਰ ਉਨ੍ਹਾਂ ਦਾ ਰੁਖ਼ 'ਸਵੈ-ਇੱਛਤ ਨਿਸ਼ਾਨਿਆਂ' ਜਿਵੇਂ ਗਊਆਂ ਦੇ ਹੱਤਿਆਰੇ, ਪ੍ਰੇਮੀ ਜੋੜੇ ਤੇ ਘੱਟਗਿਣਤੀ ਨਾਲ ਸਬੰਧਿਤ ਲੋਕਾਂ ਵੱਲ ਮੋੜ ਦਿੱਤਾ ਜਾਂਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹੇ ਲੋਕ ਆਪਣੇ ਆਪ ਇਕੱਠੇ ਹੁੰਦੇ ਹਨ ਜਾਂ ਉਨ੍ਹਾਂ ਨੂੰ ਇਕੱਠੇ ਕੀਤੇ ਜਾਂਦਾ ਹੈ? ਕੀ ਉਹ ਪਹਿਲਾਂ ਹੀ ਧਾਰ ਕੇ ਆਏ ਹੁੰਦੇ ਹਨ ਕਿ ਉਨ੍ਹਾਂ ਨੇ ਹਿੰਸਾ ਕਰਨੀ ਹੈ ਅਤੇ ਕਿਸ ਨੂੰ ਨਿਸ਼ਾਨਾ ਬਣਾਉਣਾ ਹੈ ਜਾਂ ਫੇਰ ਇਹ ਮੌਕੇ ਅਤੇ ਇਤਫ਼ਾਕੀਆ ਤੌਰ 'ਤੇ ਤੈਅ ਕੀਤਾ ਜਾਂਦਾ ਹੈ? ਕੀ ਭੀੜ ਇਕੱਠੀ ਹੋਣ ਤੋਂ ਪਹਿਲਾਂ ਕੋਈ ਅਫ਼ਵਾਹ ਫੈਲਦੀ ਹੈ ਜਾਂ ਫੈਲਾਈ ਜਾਂਦੀ ਹੈ ਤੇ ਉਸ ਨੂੰ ਯੋਜਨਾਬੱਧ ਢੰਗ ਨਾਲ ਸੋਸ਼ਲ ਮੀਡੀਆ ਦੇ ਪਲੇਟਫਾਰਮ ૶ ਵੱਟਸਐਪ ਜਾਂ ਫੇਸਬੁੱਕ ਰਾਹੀਂ ਪ੍ਰਚਾਰਿਆ ਜਾਂਦਾ ਹੈ? ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਸੋਚੀ-ਸਮਝੀ ਸਿਆਸਤ ਅਧੀਨ ਕੀਤਾ ਜਾਂਦਾ ਹੈ ਤੇ ਇਕੱਠੀ ਹੋਈ ਭੀੜ ਨੂੰ ਸਿਆਸੀ ਸੰਦ ਵਜੋਂ ਵਰਤਿਆ ਜਾਂਦਾ ਹੈ।
      ਸਾਰੇ ਇਕੱਠਾਂ ਦਾ ਕਿਰਦਾਰ ਹਜੂਮਾਂ ਵਾਲਾ ਨਹੀਂ ਹੁੰਦਾ। ਧਾਰਮਿਕ ਤੇ ਸੱਭਿਆਚਾਰਕ ਸਮਾਗਮਾਂ ਵਿਚਲੇ ਇਕੱਠ ਸ਼ਰਧਾਮਈ ਹੁੰਦੇ ਹਨ ਅਤੇ ਉਨ੍ਹਾਂ ਵਿਚ ਸਦੀਆਂ ਤੋਂ ਚਲਿਆ ਆ ਰਿਹਾ ਅੰਦਰੂਨੀ ਅਨੁਸ਼ਾਸਨ ਪਾਇਆ ਜਾਂਦਾ ਹੈ। ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਇਕੱਠ ਵੀ ਆਮ ਤੌਰ 'ਤੇ ਅਹਿੰਸਕ ਹੁੰਦੇ ਹਨ। ਪਾਰਟੀਆਂ ਦੀ ਇਹ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਉਹ ਉਨ੍ਹਾਂ ਨੂੰ ਜ਼ਾਬਤੇ ਵਿਚ ਰੱਖਣ ਭਾਵੇਂ ਇਹੋ ਜਿਹੇ ਇਕੱਠਾਂ ਵਿਚੋਂ ਕਈ ਵਾਰ ਛੋਟੀਆਂ ਛੋਟੀਆਂ ਭੀੜਾਂ ਵੱਲੋਂ ਹੁੱਲੜਬਾਜ਼ੀ ਕਰਨ ਦੀਆਂ ਖ਼ਬਰਾਂ ਮਿਲਦੀਆਂ ਹਨ। ਜਿਹੜੇ ਇਕੱਠ ਲੋਕਰਾਜ ਲਈ ਖ਼ਤਰਾ ਬਣਦੇ ਹਨ, ਉਹ ਹਮੇਸ਼ਾ ਹਿੰਸਾ 'ਤੇ ਉਤਾਰੂ ਹੁੰਦੇ ਹਨ। ਉਨ੍ਹਾਂ ਦਾ ਨਿਸ਼ਾਨਾ ਇਕ ਖ਼ਾਸ ਫਿਰਕੇ ਜਾਂ ਵਿਅਕਤੀ ਵਿਸ਼ੇਸ਼ ਵੱਲ ਸਾਧਿਆ ਹੁੰਦਾ ਹੈ ਤੇ ਉਹ ਆਪਣਾ ਮਨੋਰਥ ਪੂਰਾ ਕਰਨ ਲਈ ਹਿੰਸਾ ਕਰਕੇ ਹੀ ਰਹਿੰਦੇ ਹਨ। ਹਿੰਦੋਸਤਾਨ ਵਿਚ ਇਹੋ ਜਿਹੇ ਹਜੂਮਾਂ ਦੁਆਰਾ ਫਿਰਕੂ ਲੀਹਾਂ 'ਤੇ ਕੀਤੀ ਗਈ ਹਿੰਸਾ ਦਾ ਲੰਬਾ ਇਤਿਹਾਸ ਹੈ। ਬਿਹਾਰ ਤੇ ਯੂ.ਪੀ. ਵਿਚ ਹੋਏ ਫ਼ਸਾਦ, 1984 ਦਾ ਦਿੱਲੀ ਵਿਚਲਾ ਸਿੱਖਾਂ ਦਾ ਕਤਲੇਆਮ, 1990ਵਿਆਂ ਵਿਚ ਮੁੰਬਈ ਤੇ ਹੋਰ ਥਾਵਾਂ 'ਤੇ ਹੋਈ ਫਿਰਕੂ ਹਿੰਸਾ, 2002 ਦੇ ਗੁਜਰਾਤ ਦੰਗੇ ਹਿੰਦੋਸਤਾਨੀ ਜਮਹੂਰੀਅਤ ਦੇ ਇਤਿਹਾਸ 'ਤੇ ਬਦਨੁਮਾ ਦਾਗ਼ ਹਨ।
        ਇਹ ਮੰਨਿਆ ਜਾਂਦਾ ਹੈ ਕਿ ਇਕੱਲਾ ਬੰਦਾ ਉਸ ਤਰ੍ਹਾਂ ਦੀ ਹਿੰਸਾ ਨਹੀਂ ਕਰਦਾ ਜਿਸ ਤਰ੍ਹਾਂ ਦੀ ਉਹ ਹਜੂਮ ਵਿਚ ਸ਼ਾਮਿਲ ਹੋ ਕੇ ਕਰਦਾ ਹੈ। ਇਹ ਸ਼ਾਇਦ ਇਸ ਲਈ ਹੁੰਦਾ ਹੈ ਕਿ ਇਕੱਲੇ ਰਹਿੰਦਿਆਂ, ਮਨੁੱਖ ਆਪਣੇ ਮਨ ਵਿਚ ਉਭਰਦੇ ਤਰਕਹੀਣ ਵਿਚਾਰਾਂ ਨੂੰ ਸਮਾਜਿਕ ਦਬਾਅ ਕਾਰਨ ਕਾਬੂ ਵਿਚ ਰੱਖਦਾ ਹੈ। ਜਦ ਉਹ ਕਿਸੇ ਹਜੂਮ ਵਿਚ ਸ਼ਾਮਿਲ ਹੋ ਜਾਂਦਾ ਹੈ ਤਾਂ ਉਹ ਇਹ ਸਮਝਦਾ ਹੈ ਕਿ ਉਸ ਦੀ ਨਿੱਜੀ ਜ਼ਿੰਮੇਵਾਰੀ ਖ਼ਤਮ ਹੋ ਗਈ ਹੈ ਅਤੇ ਉਹ ਚਿਹਰਾਹੀਣ ਭੀੜ ਦਾ ਹਿੱਸਾ ਬਣ ਗਿਆ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਭੀੜ ਦਾ ਆਪਣਾ ਆਜ਼ਾਦਾਨਾ ''ਦਿਮਾਗ਼'' ਹੁੰਦਾ ਹੈ ਜੋ ਇਕੱਠੇ ਹੋਏ ਲੋਕਾਂ ਦੇ ਦਿਮਾਗ਼ਾਂ ਵਿਚ ਚੱਲ ਰਹੀ ਸੋਚ ਪ੍ਰਕਿਰਿਆ ਉੱਤੇ ਕਾਬੂ ਪਾ ਲੈਂਦਾ ਹੈ। ਇਹ ਸਮੂਹਿਕ ਸੋਚਣ ਸ਼ਕਤੀ ਜਾਂ 'ਦਿਮਾਗ਼' ਕਿਵੇਂ ਬਣਦਾ ਹੈ? ਭੀੜ ਵਿਚ ਕੁਝ ਵਿਚਾਰ ਬਹੁਤ ਜਲਦੀ ਨਾਲ ਫੈਲਾਏ ਜਾਂਦੇ ਹਨ। ਹਜੂਮ ਦੀ ਆਪਮੁਹਾਰੇਪਣ ਵਾਲੀ ਪ੍ਰਵਿਰਤੀ ਕਾਰਨ ਕੁਝ ਲੋਕਾਂ ਵੱਲੋਂ ਦਿੱਤੇ ਜਾ ਰਹੇ ਇਹ ਸੁਝਾਅ ਭੀੜ ਦਾ ਮਨ ਜਿੱਤ ਲੈਂਦੇ ਹਨ ਤੇ ਉਸ ਦੀ ਸਮੂਹਿਕ ਸੋਚ ਬਣ ਜਾਂਦੇ ਹਨ। ਭੀੜ ਵਿਚ ਸ਼ਾਮਿਲ ਬੰਦਾ ਜਜ਼ਬਾਤੀ ਸੁਝਾਵਾਂ ਵੱਲ ਜਲਦੀ ਖਿੱਚਿਆ ਜਾਂਦਾ ਹੈ, ਭਾਵ ਉਸ ਦਾ ਬੌਧਿਕ ਪੱਧਰ ਡਿੱਗਦਾ ਹੈ। ਅਜਿਹੀ ਗਿਰਾਵਟ ਦਾ ਕਾਰਨ ਤਰਕ ਦੀ ਥਾਂ ਜਜ਼ਬਾਤ ਦਾ ਗ਼ਲਬਾ ਅਤੇ ਭੀੜ ਦਾ ਇਸ ਨੂੰ ਹੋਰ ਤੀਬਰ ਕਰਨ ਵਾਲਾ ਸੁਭਾਅ ਹੁੰਦਾ ਹੈ। ਫਰਾਇਡ ਦੇ ਅਨੁਸਾਰ, ਭੀੜ ਵਿਚ ਸਮਾਜਿਕ ਤੌਰ 'ਤੇ ਪ੍ਰਾਪਤ ਹੋਈ ਨੈਤਿਕਤਾ (ਸੁਪਰ ਈਗੋ) ਦਾ ਸੰਚਾਲਣ ਮੱਠਾ ਪੈ ਜਾਂਦਾ ਹੈ ਅਤੇ ਅਵਚੇਤਨ ਵਿਚ ਦਬੀਆਂ ਪੁਰਾਣੀਆਂ ਹਿੰਸਕ ਭੁੱਸਾਂ ਸਾਹਮਣੇ ਆ ਜਾਂਦੀਆਂ ਹਨ। ਹਜੂਮ ਦੀ ਮਾਨਸਿਕਤਾ ਕਚਿਆਈ ਵਾਲੀ, ਡੋਲਵੀਂ ਅਤੇ ਖਰ੍ਹਵੀਆਂ ਸੋਚਾਂ ਦੇ ਬੋਲਬਾਲੇ ਵਾਲੀ ਹੁੰਦੀ ਹੈ ਜਿਸ ਵਿਚ ਸੰਵੇਦਨਸ਼ੀਲਤਾ ਤੇ ਤਰਕ ਲਈ ਕੋਈ ਥਾਂ ਨਹੀਂ ਹੁੰਦੀ। ਇਸੇ ਤਰ੍ਹਾਂ ਹਜੂਮ ਵਿਚ ਨਾ ਤਾਂ ਸਵੈ-ਚੇਤਨਤਾ ਦਾ ਕੋਈ ਤੱਤ ਹੁੰਦਾ ਹੈ ਅਤੇ ਨਾ ਹੀ ਸਵੈਮਾਣ ਦਾ। ਹਜੂਮ ਚਿਹਰਾਹੀਣ ਹੁੰਦਾ ਹੈ।
       ਭੀੜ ਵਿਚਲੇ ਲੋਕ ਸਾਡੇ ਆਪਣੇ ਹੁੰਦੇ ਹਨ, ਦੋਸਤ ਤੇ ਹਮਸਾਏ, ਜਾਣੇ ਤੇ ਅਣਜਾਣੇ, ਆਮ ਕਰਕੇ ਸਮਾਜ ਵਿਚ ਰਵਾਇਤੀ ਭਾਈਚਾਰਕ ਸਾਂਝ ਅਨੁਸਾਰ ਵਿਚਰਦੇ ਹੋਏ। ਤਾਂ ਫੇਰ ਉਹ ਕੀ ਕਾਰਨ ਹਨ ਕਿ ਜਦ ਉਹ ਹਜੂਮ ਦਾ ਹਿੱਸਾ ਬਣਦੇ ਹਨ ਤਾਂ ਉਹ ਸਮਾਜਿਕ ਜ਼ਿੰਮੇਵਾਰੀਆਂ ਵਾਲੀ ਨਿੱਜੀ ਹੋਂਦ ਗਵਾ ਕੇ ਭੀੜ ਦੇ ਗ਼ੈਰਜ਼ਿੰਮੇਵਾਰਾਨਾ ਪ੍ਰਚਲਣ ਵਿਚ ਸ਼ਾਮਿਲ ਹੋ ਜਾਂਦੇ ਹਨ? ਇਸ ਦੇ ਕਈ ਕਾਰਨ ਹਨ। ਅਸਾਵੇਂ ਆਰਥਿਕ ਵਿਕਾਸ ਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਖਾਈ ਵਿਚ ਧੱਕ ਦਿੱਤਾ ਹੈ। ਵਰ੍ਹਿਆਂ ਦੇ ਵਰ੍ਹੇ ਕੰਮ ਨਾ ਮਿਲਣ ਜਾਂ ਬਹੁਤ ਘੱਟ ਉਜਰਤ 'ਤੇ ਕੰਮ ਕਰਨ ਕਰਕੇ ਉਨ੍ਹਾਂ ਦੇ ਮਨ ਰੋਸ ਤੇ ਵਿਸ਼ਾਦ ਨਾਲ ਭਰ ਜਾਂਦੇ ਹਨ। ਸਿਸਟਮ ਉਨ੍ਹਾਂ ਨੂੰ ਨਕਾਰਦਾ ਤੇ ਸਵੈਮਾਣ ਨੂੰ ਠੇਸ ਪਹੁੰਚਾਉਂਦਾ ਹੈ। ਉਨ੍ਹਾਂ ਨੂੰ ਨਿਮਾਣੇ ਤੇ ਨਿਤਾਣੇ ਬਣਾਉਂਦਾ ਹੈ। ਲਤਾੜਿਆ ਹੋਇਆ ਬੰਦਾ ਨਹੀਂ ਜਾਣਦਾ ਕਿ ਉਹ ਆਪਣਾ ਰੋਸ ਤਰਕਸ਼ੀਲ ਤਰੀਕੇ ਰਾਹੀਂ ਕਿਵੇਂ ਪ੍ਰਗਟਾਏ। ਉਹ ਘਰ ਤੇ ਸਮਾਜ ਵਿਚ ਹਿੰਸਾ ਕਰਨ 'ਤੇ ਉਤਾਰੂ ਰਹਿੰਦਾ ਹੈ ਪਰ ਬਹੁਤੀ ਵਾਰ ਜਾਂ ਤਾਂ ਉਹ ਸਮਾਜਿਕ ਜ਼ਬਤ ਕਾਰਨ ਹਿੰਸਾ ਨਹੀਂ ਕਰ ਸਕਦਾ ਜਾਂ ਏਨੇ ਜੋਗਾ ਹੁੰਦਾ ਹੀ ਨਹੀਂ ਕਿ ਹਿੰਸਾ ਕਰ ਸਕੇ।
       ਸਮਾਜ ਤੇ ਸਿਆਸਤ ਵਿਚ ਅਜਿਹੇ ਤੱਤ ਹਮੇਸ਼ਾ ਮੌਜੂਦ ਰਹਿੰਦੇ ਹਨ ਜੋ ਇਸ ਨਿਰਾਸ਼ਤਾ ਤੇ ਰੋਸ ਦਾ ਫ਼ਾਇਦਾ ਉਠਾਉਣਾ ਚਾਹੁੰਦੇ ਹਨ ਤੇ ਕੁਝ ਖ਼ਾਸ ਫਿਰਕਿਆਂ ਅਤੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਜਦੋਂ ਕੋਈ ਵੀ ਸਮਾਜ ਨਿਰਾਸ਼ਾ ਦੀ ਦਲਦਲ ਵਿਚ ਧੱਕਿਆ ਜਾਂਦਾ ਹੈ ਤਾਂ ਇਹੋ ਜਿਹੀਆਂ ਤਾਕਤਾਂ ਨੂੰ ਬਹੁਤ ਕਾਮਯਾਬੀ ਮਿਲਦੀ ਹੈ। ਸਭ ਤੋਂ ਵੱਡੀ ਮਿਸਾਲ ਵੀਹਵੀਂ ਸਦੀ ਵਿਚ ਯਹੂਦੀਆਂ ਦੀ ਨਸਲਕੁਸ਼ੀ ਦੀ ਹੈ ਜਦੋਂ ਯੂਰੋਪ ਵਿਚ ਯਹੂਦੀਆਂ ਵਿਰੋਧੀ ਪ੍ਰਚਾਰ ਕਾਰਨ ਲੋਕਾਂ ਦੀ ਬਹੁਗਿਣਤੀ ਇਹ ਵਿਸ਼ਵਾਸ ਕਰਨ ਲੱਗ ਪਈ ਸੀ ਕਿ ਦੁਨੀਆਂ ਦੇ ਸਭ ਦੁਸ਼ਟ ਤੇ ਮਾੜੇ ਕੰਮਾਂ ਅਤੇ ਉਨ੍ਹਾਂ ਦੀ ਨਿੱਘਰਦੀ ਆਰਥਿਕ ਹਾਲਤ ਲਈ ਸਿਰਫ਼ ਤੇ ਸਿਰਫ਼ ਯਹੂਦੀ ਹੀ ਜ਼ਿੰਮੇਵਾਰ ਸਨ। ਇਹੋ ਜਿਹੇ ਵਰਤਾਰਿਆਂ ਵਿਚ ਫਿਰਕਾਪ੍ਰਸਤੀ ਤੇ ਨਸਲੀ ਨਫ਼ਰਤ ਦੀਆਂ ਭਾਵਨਾਵਾਂ ਨੂੰ ਹਵਾ ਦਿੱਤੀ ਜਾਂਦੀ ਹੈ। ਇਤਿਹਾਸ ਤੇ ਮਿਥਿਹਾਸ ਨੂੰ ਗਿਣੀ-ਮਿਥੀ ਸਾਜ਼ਿਸ਼ ਦੇ ਤਹਿਤ ਪੁੱਠੀ ਰੰਗਤ ਦਿੱਤੀ ਜਾਂਦੀ ਹੈ ਤੇ ਇਹਦੀ ਪਾਣ ਲੋਕਾਂ ਦੇ ਮਨਾਂ 'ਤੇ ਚੜ੍ਹਾਈ ਜਾਂਦੀ ਹੈ। ਜ਼ਿੰਦਗੀ ਦਾ ਮਧੋਲਿਆ ਹਮਾਤੜ ਆਦਮੀ ਆਪਣੇ ਵਿਵੇਕ ਤੋਂ ਕੰਮ ਨਹੀਂ ਲੈਂਦਾ ਸਗੋਂ ਇਸ ਪ੍ਰਚਾਰ ਦਾ ਆਦੀ ਬਣ ਜਾਂਦਾ ਹੈ। ਕਈ ਵਾਰ ਉਸ ਨੂੰ ਇਹਦੇ ਵਿਚੋਂ ਸਵਾਦ ਵੀ ਆਉਂਦਾ ਹੈ ਅਤੇ ਮਾਨਸਿਕ ਰਾਹਤ ਵੀ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਅਸਾਵੇਂ ਆਰਥਿਕ ਵਿਕਾਸ, ਫਿਰਕੂ ਤੇ ਨਸਲੀ ਨਫ਼ਰਤ ਦਾ ਦਰੜਿਆ ਬੰਦਾ ਹਜੂਮਾਂ ਰਾਹੀਂ ਕੀਤੀ ਜਾਣ ਵਾਲੀ ਹਿੰਸਾ ਦਾ ਹਿੱਸਾ ਬਣ ਜਾਂਦਾ ਹੈ।
       ਪ੍ਰਸ਼ਨ ਇਹ ਹੈ ਕਿ ਇਸ ਹਜੂਮੀ ਹਿੰਸਾ 'ਤੇ ਕਾਬੂ ਕਿਵੇਂ ਪਾਇਆ ਜਾਏ? ਇਸ ਲਈ ਸਮਾਜ ਨੂੰ ਕਈ ਪੱਧਰਾਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਇਤਿਹਾਸ ਤੇ ਮਿਥਿਹਾਸ ਨੂੰ ਪੁੱਠੀ ਤੇ ਫਿਰਕੂ ਰੰਗਤ ਦੇ ਕੇ ਪੇਸ਼ ਕਰਨ ਵਿਰੁੱਧ ਲੜਿਆ ਜਾਣਾ ਚਾਹੀਦਾ ਹੈ ਤੇ ਰਵਾਇਤੀ ਸਦਭਾਵਨਾ ਤੇ ਸਾਂਝੀਵਾਲਤਾ ਦੀ ਵਿਰਾਸਤ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ। ਬੇਰੁਜ਼ਗਾਰੀ ਨਾਲ ਨਜਿੱਠਣਾ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਸਾਡੇ ਵਿਕਾਸ ਮਾਡਲ ਵਿਚ ਅੰਕੜਿਆਂ ਅਨੁਸਾਰ ਤਾਂ ਤਰੱਕੀ ਹੋ ਰਹੀ ਹੈ ਪਰ ਬਹੁਗਿਣਤੀ ਲੋਕ ਬਹੁਤ ਥੋੜ੍ਹੀ ਉਜਰਤ 'ਤੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਨਿੱਤ ਦਿਨ ਪੇਸ਼ ਆਉਂਦੀ ਆਰਥਿਕ ਮਜਬੂਰੀ ਉਨ੍ਹਾਂ ਨੂੰ ਤੰਤਹੀਣ ਬਣਾ ਦਿੰਦੀ ਹੈ।
       ਹਿੰਦੋਸਤਾਨ ਦੇ ਸੰਵਿਧਾਨ ਦਾ ਨਿਸ਼ਾਨਾ ਭਾਵੇਂ ਕਲਿਆਣਕਾਰੀ ਰਾਜ ਸਥਾਪਤ ਕਰਨਾ ਹੈ ਪਰ ਇਸ ਵੱਲ ਵੱਡੇ ਕਦਮ ਕਦੇ ਵੀ ਨਹੀਂ ਪੁੱਟੇ ਗਏ। ਸਭ ਤੋਂ ਵੱਡੀ ਸਮੱਸਿਆ ਕੁਝ ਸਿਆਸੀ ਪਾਰਟੀਆਂ ਅਤੇ ਆਪਣੇ ਆਪ ਨੂੰ ਸੱਭਿਆਚਾਰ ਦੇ ਰਖਵਾਲੇ ਅਖਵਾਉਣ ਵਾਲੇ ਸੰਗਠਨਾਂ ਦੀ ਹੈ ਜਿਹੜੇ ਸਮਾਜ ਵਿਚ ਫਿਰਕੂ ਜ਼ਹਿਰ ਘੋਲਦੇ ਰਹਿੰਦੇ ਹਨ ਅਤੇ ਜ਼ਰੂਰਤ ਪੈਣ 'ਤੇ ਆਪਣੇ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਲਈ ਹਜੂਮਾਂ ਦੀ ਵਰਤੋਂ ਕਰਦੇ ਹਨ। ਹੁਣ ਇਹੋ ਜਿਹੀਆਂ ਭਾਵਨਾਵਾਂ ਫੈਲਾਉਣ ਲਈ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਨੂੰ ਵਰਤਿਆ ਜਾ ਰਿਹਾ ਹੈ ਅਤੇ ਸਰਕਾਰ ਇਹੋ ਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਵਿਰੁੱਧ ਕੋਈ ਨਿੱਗਰ ਕਦਮ ਨਹੀਂ ਚੁੱਕਦੀ। ਚੰਗੀ ਗੱਲ ਸਿਰਫ਼ ਇਹ ਹੈ ਕਿ ਲੋਕਾਂ ਦੀ ਬਹੁਗਿਣਤੀ ਹਜੂਮੀ ਹਿੰਸਾ ਨੂੰ ਪਸੰਦ ਨਹੀਂ ਕਰਦੀ। ਕਈ ਵਾਰ ਲੋਕ-ਮਾਨਸ ਵਕਤੀ ਤੌਰ 'ਤੇ ਹਜੂਮੀ ਹਿੰਸਾ ਨੂੰ ਠੀਕ ਮੰਨ ਲੈਂਦਾ ਹੈ ਪਰ ਜਲਦੀ ਹੀ ਰਵਾਇਤੀ ਸਾਂਝੀਵਾਲਤਾ ਦੀ ਸੋਚ ਦੁਬਾਰਾ ਪਰਤ ਆਉਂਦੀ ਹੈ ਅਤੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਜੋ ਹੋਇਆ, ਉਹ ਗ਼ਲਤ ਹੈ। ਹਜੂਮੀ ਹਿੰਸਾ 'ਤੇ ਕਾਬੂ ਪਾਉਣ ਲਈ ਜ਼ਰੂਰੀ ਹੈ ਕਿ ਸਰਕਾਰ ਤੇ ਸਮਾਜ ਦੋਵੇਂ ਇਸ ਪ੍ਰਵਿਰਤੀ ਵਿਰੁੱਧ ਲੜਨ। ਸਰਕਾਰ ਦੀ ਸਖ਼ਤ ਕਾਰਵਾਈ ਕਾਰਨ ਹਜੂਮੀ ਹਿੰਸਾ ਨੂੰ ਠੱਲ੍ਹ ਪੈਂਦੀ ਹੈ ਕਿਉਂਕਿ ਇਸ ਮਾਨਸਿਕਤਾ ਦੇ ਪੈਰ ਠੋਸ ਧਰਾਤਲ 'ਤੇ ਨਹੀਂ ਹੁੰਦੇ। ਵਿਰੋਧਾਭਾਸ ਇਹ ਹੈ ਕਿ ਕਈ ਵਾਰ ਸਰਕਾਰ ਵਿਚ ਬੈਠੇ ਤੱਤ ਹੀ ਅਜਿਹੀ ਮਾਨਸਿਕਤਾ ਨੂੰ ਸ਼ਹਿ ਦਿੰਦੇ ਹਨ। ਇਹੋ ਜਿਹਾ ਵਰਤਾਰਾ ਜਮਹੂਰੀਅਤ ਨੂੰ ਡੂੰਘੇ ਸੰਕਟ ਵੱਲ ਧੱਕ ਸਕਦਾ ਹੈ। ਇਨ੍ਹਾਂ ਰੁਝਾਨਾਂ ਵਿਰੁੱਧ ਲੜਨਾ ਸਾਰੀਆਂ ਲੋਕਪੱਖੀ ਧਿਰਾਂ ਦਾ ਫਰਜ਼ ਹੈ ਅਤੇ ਉਨ੍ਹਾਂ ਦੇ ਇਕੱਠੇ ਹੋਣ ਤੋਂ ਬਿਨਾਂ ਇਹ ਲੜਾਈ ਲੜਨੀ ਬਹੁਤ ਮੁਸ਼ਕਲ ਹੈ।

08 ਦਸੰਬਰ 2018