ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ

10 Dec. 2018

ਪੰਜਾਬ 'ਚ ਟਰਾਂਸਪੋਰਟ ਮਾਫ਼ੀਆ ਦੀ ਜਕੜ ਤੋੜਨ 'ਚ ਪੰਜਾਬ ਸਰਕਾਰ ਫ਼ੇਲ੍ਹ- ਇਕ ਖ਼ਬਰ
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਦੇਖਾਂ ਆਣ ਕੇ ਕਦੋਂ ਬੁਝਾਂਵਦਾ ਈ।

ਪਹਿਲੀ ਵਾਰ ਰਾਜਸਥਾਨ 'ਚ ਅਕਾਲੀ ਦਲ ਬਾਦਲ ਚੋਣ ਪ੍ਰਚਾਰ 'ਚੋਂ ਬਾਹਰ- ਇਕ ਖ਼ਬਰ
ਰੋਟੀ ਲੈ ਕੇ ਦਿਓਰ ਦੀ ਚਲੀ, ਅੱਗੇ ਜੇਠ ਬੱਕਰਾ ਹਲ਼ ਵਾਹੇ।

ਸਮੁੱਚੀ ਅਕਾਲੀ ਲੀਡਰਸ਼ਿੱਪ ਅਕਾਲ ਤਖ਼ਤ 'ਤੇ ਪੇਸ਼ ਹੋ ਕੇ 'ਭੁੱਲਾਂ' ਬਖ਼ਸ਼ਵਾਈਆਂ-ਇਕ ਖ਼ਬਰ
ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਿਰਗਾਹਿ।

ਬੰਗਾਲ 'ਚ ਮਮਤਾ ਵਲੋਂ ਅਮਿਤ ਸ਼ਾਹ ਦੇ ਰੱਥ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ- ਇਕ ਖ਼ਬਰ
ਘੁੰਡ ਕੱਢਣਾ ਤਵੀਤ ਨੰਗਾ ਰੱਖਣਾ, ਛੜਿਆਂ ਦੀ ਹਿੱਕ ਲੂਹਣ ਨੂੰ।

ਵਿਧਾਨ ਸਭਾ ਸੈਸ਼ਨ 'ਚ ਡਟ ਕੇ ਘੇਰਾਂਗੇ ਕਾਂਗਰਸ ਸਰਕਾਰ ਨੂੰ- ਸੁਖਬੀਰ ਬਾਦਲ
ਜਸਟਿਸ ਰਣਜੀਤ ਸਿੰਘ ਰਿਪੋਰਟ ਵੇਲੇ ਤਾਂ ਚਿ....ੜਾਂ 'ਚ ਪੂਛ ਦੇ ਕੇ ਭੱਜ ਗਏ ਸੀ।

ਈਰਾਨ ਨੇ ਅਮਰੀਕਾ ਨੂੰ ਤੇਲ ਨਿਰਯਾਤ ਕਰਨ ਲਈ ਰਸਤਾ ਬੰਦ ਕਰਨ ਦੀ ਮੁੜ ਦਿਤੀ ਧਮਕੀ- ਇਕ ਖ਼ਬਰ
ਗੰਨਾ ਪੁੱਟ ਕੇ ਸੁਰੈਣਾ ਬੋਲਿਆ, ਜਿੰਮੀਦਾਰੀ ਐਂ ਭੰਨ ਦਊਂ।

ਬੀ.ਜੇ.ਪੀ. ਨੇ ਹੁਣ ਮੰਨਿਆ ਕਿ ਆਪਰੇਸ਼ਨ ਨੀਲਾ ਤਾਰਾ ਇਕ 'ਇਤਿਹਾਸਕ ਭੁੱਲ' ਸੀ- ਇਕ ਖ਼ਬਰ
ਕੀ ਮੰਨੋਗੇ ਕਿ ਇੰਦਰਾ ਨੂੰ ਦੁਰਗਾ ਦਾ ਦਰਜਾ ਦੇਣਾ ਵੀ ਤੁਹਾਡੀ ਇਤਿਹਾਸਕ ਭੁੱਲ ਸੀ?

ਦੇਸ਼ ਵੰਡ ਬਾਰੇ ਬਿਆਨਬਾਜ਼ੀ ਨਾਲ਼ ਮੋਦੀ ਲੋਕਾਂ ਨੂੰ ਗੁਮਰਾਹ ਨਾ ਕਰਨ- ਸੁਖਜਿੰਦਰ ਰੰਧਾਵਾ
ਪਿਆਰ, ਜੰਗ ਅਤੇ ਚੋਣਾਂ 'ਚ ਸਭ ਕੁਝ ਜਾਇਜ਼ ਐ ਬਈ।

ਕਾਂਗਰਸ ਦੀਆਂ ਗ਼ਲਤੀਆਂ ਸੁਧਾਰਨ ਦਾ ਸੁਭਾਗ ਮੈਨੂੰ ਪਰਾਪਤ ਹੋਇਆ ਜਿਵੇਂ ਕਿ ਕਰਤਾਰ ਪੁਰ ਲਾਂਘਾ- ਮੋਦੀ
ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ।

ਵਿਦਿਅਕ ਖੇਤਰ ਨੂੰ ਫੰਡਾਂ ਦੀ ਵੰਡ 'ਚ ਸੰਸਦ ਮੈਂਬਰਾਂ ਨੇ ਹੱਥ ਘੁੱਟੇ- ਇਕ ਖ਼ਬਰ
ਨਾ ਬਈ ਨਾ, ਬਹੁਤਾ ਪੜ੍ਹਾ ਕੇ ਕੀ ਕਰਨਾ ਨਿਆਣਿਆਂ ਨੂੰ, ਰੁਜ਼ਗ਼ਾਰ ਤਾਂ ਅੱਗੇ ਹੈ ਨਹੀਂ।

ਮੋਦੀ ਨੇ ਕਾਂਗਰਸ ਨੂੰ ਪੁੱਛਿਆ ਕਿ ਉਨ੍ਹਾਂ ਨੇ ਹਿੰਦੂ ਧਰਮ ਦਾ ਗਿਆਨ ਕਿਥੋਂ ਹਾਸਲ ਕੀਤਾ ਹੈ- ਇਕ ਖ਼ਬਰ
ਮੋਦੀ ਸਾਹਿਬ ਜਿਹੜੇ ਸ਼ਾਸਤਰਾਂ 'ਚੋਂ ਤੁਸੀਂ ਸਾਇੰਸ ਵਿਗਿਆਨ ਕੱਢਿਆ ਹੈ।

ਤਾਲਿਬਾਨ ਨੂੰ ਗੱਲਬਾਤ ਲਈ ਰਾਜ਼ੀ ਕਰਨ ਸਬੰਧੀ ਟਰੰਪ ਨੇ ਇਮਰਾਨ ਖਾਨ ਤੋਂ ਮਦਦ ਮੰਗੀ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਹੁਣ 1984 'ਚ ਦਿੱਲੀ ਇਕ ਇਲਾਕੇ ਵਿਚ ਕਤਲ ਕੀਤੇ 63 ਸਿੱਖਾਂ ਦੀ ਫ਼ਾਈਲ ਗੁੰਮ ਹੋ ਗਈ- ਜੀ.ਕੇ.
ਗੁੰਮ ਹੋ ਗਈ ਜਾਂ ਜਾਣ ਬੁੱਝ ਕੇ ਗੁੰਮ ਕਰ ਦਿਤੀ ਗਈ।

ਪੰਜਾਬ ਦੀਆਂ ਜੇਲ੍ਹਾਂ 'ਚ ਵਿਦੇਸ਼ੀ ਕੈਦੀ ਚਲਾ ਰਹੇ ਹਨ ਨਸ਼ਾ ਸਪਲਾਈ ਦਾ ਰੈਕੇਟ- ਇਕ ਖ਼ਬਰ
ਦੇਸੀ ਬੰਦੇ ਤੁਸੀਂ ਵਿਹਲੇ ਕਰ'ਤੇ ਹੁਣ ਵਿਦੇਸ਼ੀਆਂ ਨੇ ਹੀ ਚਲਾਉਣਾ ਕੰਮ।

ਸਾਬਕਾ ਚੀਫ਼ ਜਸਟਿਸ ਦੀਪਕ ਮਿਸ਼ਰਾ ਕਿਸੇ ਬਾਹਰੀ ਪ੍ਰਭਾਵ ਹੇਠ ਸਨ- ਸਾਬਕਾ ਜੱਜ ਕੁਰੀਅਨ ਜੋਜ਼ਫ਼
ਰੜਕੇ, ਰੜਕੇ, ਰੜਕੇ, ਮੱਘਾ ਭੰਨਿਆਂ ਜੇਠ ਨਾਲ਼ ਲੜ ਕੇ।