ਜਦੋਂ ਹਾਲਾਤ ਨੇ ਦਿੱਲੀ ਦੀ ਰਾਜਨੀਤੀ ਬਦਲ ਦਿੱਤੀ! - ਜਸਵੰਤ ਸਿੰਘ 'ਅਜੀਤ'

ਜਦੋਂ ਨਿਤ ਅਨੁਸਾਰ ਮਜ਼ਮੂਨ ਲਿਖਣ ਲਈ ਕਿਸੇ ਮੁੱਦੇ ਦੀ ਤਲਾਸ਼ ਵਿੱਚ ਰਿਕਾਰਡ ਵਿਚਲੀਆਂ ਪੁਰਾਣੀਆਂ ਅਖਬਾਰਾਂ ਦੀਆਂ ਕਟਿੰਗਾਂ ਵਾਲੀਆਂ ਫਾਈਲਾਂ ਫਰੋਲ ਰਿਹਾ ਸਾਂ ਕਿ ਅਚਾਨਕ ਹੀ ਦਿੱਲੀ ਦੇ ਇਕ ਸਾਬਕਾ ਡੀ ਆਈ ਜੀ ਸ਼੍ਰੀ ਪਦਮ ਰੋਸ਼ਾ ਦੇ ਮਜ਼ਮੂਨ 'ਜਦੋਂ ਗੁਰਦੁਆਰਾ ਸੀਸ ਗੰਜ 'ਤੇ ਹਮਲਾ ਹੋਇਆ' ਦੀ ਕਟਿੰਗ ਸਾਹਮਣੇ ਆ ਗਈ, ਜਿਸ ਵਿੱਚ  ਉਨ੍ਹਾਂ ਵਲੋਂ ਮਈ-71 ਵਿੱਚ ਬਾਬਾ ਵਿਰਸਾ ਸਿੰਘ ਦੇ ਹਥਿਆਰਬੰਦ ਬੰਦਿਆਂ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਪੁਰ ਕਬਜ਼ਾ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੋਇਆ ਸੀ। ਉਨ੍ਹਾਂ ਆਪਣੇ ਇਸ ਮਜ਼ਮੂਨ ਵਿੱਚ ਇਸ ਘਟਨਾ ਦੇ ਪਿਛੋਕੜ ਵਿੱਚਲੀ ਨੀਤੀ 'ਤੇ ਰਣਨੀਤੀ ਤੋਂ ਪੜਦਾ ਚੁਕਣ ਤੋਂ ਪੂਰੀ ਤਰ੍ਹਾਂ ਸੰਕੋਚ ਵਰਤਿਆ ਸੀ। ਸ਼ਾਇਦ ਇਸਦਾ ਕਾਰਣ ਇਹ ਸੀ ਕਿ ਉਸ ਸਮੇਂ, ਜਦੋਂ ਇਹ ਘਟਨਾ ਵਾਪਰੀ, ਉਹ ਉੱਚ ਸਰਕਾਰੀ ਅਹੁਦੇ ਪੁਰ ਤੈਨਾਤ ਸਨ, ਜਿਸ ਕਾਰਣ ਉਹ ਸੇਵਾ-ਸ਼ਰਤਾਂ ਅਨੁਸਾਰ ਸਰਕਾਰੀ ਨੀਤੀ ਤੇ ਰਣਨੀਤੀ ਦੇ ਭੇਦ ਨੂੰ ਛੁਪਾਈ ਰਖਣ ਦੇ ਪਾਬੰਧ ਸਨ। ਇਹ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਨਾਲ ਸਬੰਧਤ ਪਿਛੋਕੜ, ਸਰਕਾਰੀ ਨੀਤੀ ਅਤੇ ਰਣਨੀਤੀ ਦੀ ਜਾਣਕਾਰੀ ਨਹੀਂ ਰਹੀ ਹੋਵੇਗੀ।

ਹਮਲੇ ਦਾ ਪਿਛੋਕੜ : ਮਈ-1971 ਵਿੱਚ ਗੁਰਦੁਆਰਾ ਸੀਸ ਗੰਜ ਪੁਰ ਕਬਜ਼ਾ ਕਰਨ ਤੋਂ ਕੁਝ ਹੀ ਸਮਾਂ ਪਹਿਲਾਂ, ਬਾਬਾ ਵਿਰਸਾ ਸਿੰਘ ਦੇ ਇਨ੍ਹਾਂ ਹੀ ਹਥਿਆਰਬੰਦ ਬੰਦਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਪੁਰ ਕਬਜ਼ਾ ਕੀਤਾ ਸੀ, ਪਰ ਉਥੇ ਕੀਤੇ ਗਏ ਕਬਜ਼ੇ ਵਾਲੇ ਹਿਸੇ ਵਿੱਚ ਜਨ-ਸਹੂਲਤਾਂ ਦਾ ਕੋਈ ਵੀ ਪ੍ਰਬੰਧ ਨਾ ਹੋਣ ਕਾਰਣ, ਉਨ੍ਹਾਂ ਨੂੰ ਬਾਰਾਂ ਘੰਟਿਆਂ ਵਿੱਚ ਹੀ ਆਪਣਾ ਕਬਜ਼ਾ ਛਡਣ ਦੇਣ ਤੇ ਮਜਬੂਰ ਹੋਣਾ ਪੈ ਗਿਆ। ਇਸਤੋਂ ਬਾਅਦ ਕੁਝ ਸਮਾਂ ਪਾ ਕੇ ਉਨ੍ਹਾਂ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰਨ ਦੀ ਰਣਨੀਤੀ ਅਪਨਾ ਲਈ।
ਉਸ ਸਮੇਂ ਗੁਰਦੁਆਰਾ ਸੀਸਗੰਜ ਦੀ ਇਮਾਰਤ ਵਿੱਚ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਟੇਟ (ਵਰਤਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦਾ ਦਫ਼ਤਰ ਹੁੰਦਾ ਸੀ। ਜਿਸ ਕਾਰਣ ਉਥੇ ਸਾਰੀਆਂ ਹੀ ਸਹੂਲਤਾਂ ਉਪਲਬੱਧ ਸਨ। ਇਸੇ ਕਾਰਣ ਹੀ ਇਸ ਗੁਰਦੁਆਰੇ ਪੁਰ ਕੀਤੇ ਗਏ ਕਬਜ਼ੇ ਨੂੰ ਕਈ ਦਿਨਾਂ ਤਕ ਜਾਰੀ ਰਖਿਆ ਜਾ ਸਕਿਆ।


ਕਾਰਣ ਤੇ ਰਣਨੀਤੀ : ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਫਿਰ ਗੁਰਦੁਆਰਾ ਸੀਸਗੰਜ ਪੁਰ ਬਾਬਾ ਵਿਰਸਾ ਸਿੰਘ ਦੇ ਬੰਦਿਆਂ ਵਲੋਂ ਕਬਜ਼ਾ ਕੀਤੇ ਜਾਣ ਦੇ ਪਿਛੇ ਇਕ ਸੋਚੀ-ਸਮਝੀ ਰਣਨੀਤੀ ਕੰਮ ਕਰ ਰਹੀ ਸੀ। ਬਾਬਾ ਵਿਰਸਾ ਸਿੰਘ ਅਤੇ ਉਨ੍ਹਾਂ ਦੀ ਪੈਰੋਕਾਰ ਬੀਬੀ ਨਿਰਲੇਪ ਕੌਰ, ਜਥੇਦਾਰ ਸੰਤੋਖ ਸਿੰਘ, ਜੋ ਕਿ ਉਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤ੍ਰ ਅਤੇ ਨਿਯਮਾਨੁਸਾਰ ਕਮੇਟੀ ਦੇ ਸਰਵੇ-ਸਰਵਾ ਸਨ, ਦੇ ਕਟੜ ਵਿਰੋਧੀਆਂ ਵਿੱਚੋਂ ਮੰਨੇ ਜਾਂਦੇ ਸਨ। ਫਲਸਰੂਪ ਜ. ਸੰਤੋਖ ਸਿੰਘ ਜਨਤਕ ਤੋਰ ਤੇ ਉਨ੍ਹਾਂ ਪੁਰ ਤਿਖੇ ਹਮਲੇ ਕਰਦੇ ਰਹਿੰਦੇ ਸਨ। ਜਿਸ ਕਾਰਣ ਉਹ ਹਰ ਸਮੇਂ ਜ. ਸੰਤੋਖ ਸਿੰਘ ਤੋਂ ਬਦਲਾ ਲੈਣ ਦੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ।       
ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਇਕ ਵੱਡੇ ਵੋਟ-ਬੈਂਕ ਨੂੰ ਪ੍ਰਭਾਵਤ ਕਰਨ ਦੀ ਸਮਰਥਾ ਹੋਣ ਕਾਰਣ ਹੋਰ ਸਾਧਾਂ ਵਾਂਗ ਬਾਬਾ ਵਿਰਸਾ ਸਿੰਘ ਨੂੰ ਵੀ ਰਾਜਨੈਤਿਕ ਖੇਤ੍ਰ ਵਿੱਚ ਚੰਗਾ ਮਾਣ-ਸਤਿਕਾਰ ਪ੍ਰਾਪਤ ਸੀ। ਪ੍ਰੰਤੂ ਇਸਦੇ ਬਾਵਜੂਦ, ਉਹ ਜ. ਸੰਤੋਖ ਸਿੰਘ ਨੂੰ ਮਾਤ ਨਹੀਂ ਸੀ ਦੇ ਪਾ ਰਹੇ। ਇਸਦਾ ਮੁਖ ਕਾਰਣ ਇਹ ਸੀ ਕਿ ਉਸ ਸਮੇਂ ਦੇ ਕੇਂਦਰੀ ਹਾਊਸਿੰਗ ਮੰਤ੍ਰੀ ਸ. ਇਕਬਾਲ ਸਿੰਘ ਦੇ ਸਹਿਯੋਗ ਨਾਲ, ਉਨ੍ਹਾਂ ਵਲੋਂ ਕੇਂਦਰੀ ਸਰਕਾਰ, ਵਿਸੇਸ਼ ਕਰਕੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਪਾਸੋਂ ਇਤਿਹਾਸਕ ਗੁਰਦੁਆਰਿਆਂ ਲਈ ਹਾਸਲ ਕੀਤੀਆਂ ਗਈਆਂ ਜ਼ਮੀਨਾਂ ਆਦਿ ਦੀਆਂ ਪ੍ਰਾਪਤੀਆਂ ਕਾਰਣ, ਉਨ੍ਹਾਂ ਨੂੰ ਦਿੱਲੀ ਦੇ ਸਿੱਖਾਂ ਦਾ ਭਰਪੂਰ ਵਿਸ਼ਵਾਸ ਪ੍ਰਾਪਤ ਸੀ। ਜਿਸ ਸਦਕਾ, ਉਨ੍ਹਾਂ ਦੀ ਪ੍ਰਧਾਨ ਮੰਤਰੀ ਦੇ ਦਫ਼ਤਰ ਤਕ ਸਿੱਧੀ ਪਹੁੰਚ ਸਵੀਕਾਰੀ ਜਾਂਦੀ ਸੀ।
ਉਨ੍ਹਾਂ ਹੀ ਦਿਨਾਂ ਵਿੱਚ ਇਕ ਅਜਿਹੀ ਘਟਨਾ ਵਾਪਰ ਗਈ, ਜਿਸਦੇ ਫਲਸਰੂਪ ਜ. ਸੰਤੋਖ ਸਿੰਘ ਨੇ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਨਾਰਾਜ਼ਗੀ ਮੁਲ ਲੈ ਲਈ ਅਤੇ ਦੋਹਾਂ ਵਿੱਚ ਦੂਰੀ ਪੈਦਾ ਹੋ ਗਈ। ਗਲ ਇਉਂ ਹੋਈ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲਗਦੀ ਜ਼ਮੀਨ, ਜਿਥੇ ਇਸ ਸਮੇਂ ਸਰੋਵਰ ਬਣਿਆ ਹੋਇਆ ਹੈ, ਪੁਰ ਸਰਕਾਰੀ ਚੈਂਬਰੀਆਂ ਹੁੰਦੀਆਂ ਸਨ, ਯੋਗਾ ਗੁਰੂ ਧੀਰੇਂਦਰਾ ਬ੍ਰਹਮਚਾਰੀ ਨੇ ਸ੍ਰੀਮਤੀ ਇੰਦਰਾ ਗਾਂਧੀ ਨਾਲ ਆਪਣੀ ਪਰਿਵਾਰਕ ਨੇੜਤਾ ਹੋਣ ਦਾ ਲਾਭ ਉਠਾਂਦਿਆਂ, ਇਹ ਜ਼ਮੀਨ ਆਪਣੇ ਆਸ਼ਰਮ ਲਈ ਅਲਾਟ ਕਰਵਾ ਲਈ। ਜ. ਸੰਤੋਖ ਸਿੱੰਘ ਨੂੰ ਇਹ ਗਲ ਪਸੰਦ ਨਹੀਂ ਆਈ। ਉਹ ਚਾਹੁੰਦੇ ਸਨ ਕਿ ਇਹ ਚੈਂਬਰੀਆਂ ਵਾਲੀ ਜਗ੍ਹਾ ਜੇ ਕਿਸੇ ਨੂੰ ਦਿਤੀ ਜਾਣੀ ਹੈ ਤਾਂ ਇਹ ਗੁਰਦੁਆਰਾ ਬੰਗਲਾ ਸਾਹਿਬ ਨਾਲ ਜੋੜੀ ਜਾਣੀ ਜਾਏ।
ਦਸਿਆ ਜਾਂਦਾ ਹੈ ਕਿ ਉਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੈਬਿਨਟ ਦੇ ਕੁਝ ਮੰਤਰੀ, ਜਿਨ੍ਹਾਂ ਵਿੱਚ ਕੇਂਦਰੀ ਗ੍ਰਹਿ ਮੰਤ੍ਰੀ ਸ਼੍ਰੀ ਵਾਈ ਬੀ ਚਵਾਨ ਵੀ ਸ਼ਾਮਲ ਸਨ, ਸ੍ਰੀਮਤੀ ਇੰਦਰਾ ਗਾਂਧੀ ਦੀ ਲਗਾਤਾਰ ਵੱਧ ਰਹੀ ਤਾਕਤ ਨੂੰ ਆਪਣੇ ਲਈ ਚੰਗਾ ਸ਼ਗਨ ਨਹੀਂ ਸੀ ਸਮਝਦੇ, ਇਸਲਈ ਉਨ੍ਹਾਂ ਜ. ਸੰਤੋਖ ਸਿੰਘ ਨੂੰ ਉਕਸਾਇਆ ਕਿ ਉਹ ਇਹ ਜਗ੍ਹਾ ਗੁਰਦੁਆਰਾ ਬੰਗਲਾ ਸਾਹਿਬ ਲਈ ਲੈਣ ਵਾਸਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ ਫੈਸਲੇ ਦੇ ਵਿਰੁਧ ਮੋਰਚਾ ਲਾ ਦੇਣ, ਉਹ ਉਨ੍ਹਾਂ ਦੀ ਪੂਰੀ ਮਦੱਦ ਕਰਨਗੇ। ਅਜਿਹਾ ਕਰਨ ਨਾਲ ਉਨ੍ਹਾਂ ਦੀ ਸਿੱਖਾਂ ਵਿੱਚ ਗਲ ਵੀ ਬਣੇਗੀ ਕਿ ਉਨ੍ਹਾਂ ਨੇ ਦਬਾਉ ਬਣਾ ਕੇ ਪ੍ਰਧਾਨ ਮੰਤ੍ਰੀ ਨੂੰ ਆਪਣਾ ਫੈਸਲਾ ਬਦਲਣ ਤੇ ਮਜਬੂਰ ਕਰ ਦਿਤਾ ਹੈ।
ਇੰਦਰਾ-ਵਿਰੋਧੀਆਂ ਦੀ ਇਸ ਉਕਸਾਹਟ ਦੇ ਵਿਰੁਧ, ਉਸ ਸਮੇਂ ਦੇ ਕੇਂਦਰੀ ਹਾਊਸਿੰਗ ਮੰਤ੍ਰੀ ਸ. ਇਕਬਾਲ ਸਿੰਘ ਨੇ ਜ. ਸੰਤੋਖ ਸਿੰਘ ਨੂੰ ਸਲਾਹ ਦਿਤੀ ਕਿ ਉਹ ਕੋਈ ਮੋਰਚਾ ਲਾਉਣ ਦੀ ਬਜਾਏ, ਦਿੱਲੀ ਦੇ ਸਿੱਖਾਂ ਵਲੋਂ ਇਕ ਰੋਸ-ਪਤ੍ਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੇ ਕੇ ਮੰਗ ਕਰਨ ਕਿ ਇਹ ਜ਼ਮੀਨ, ਕਿਉਂਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲਗਦੀ ਹੈ, ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ, ਇਹ ਗੁਰਦੁਆਰਾ ਸਾਹਿਬ ਲਈ ਦਿਤੀ ਜਾਏ ਤੇ ਬਦਲੇ ਵਿੱਚ ਯੋਗੀ ਧੀਰੇਂਦਰਾ ਬ੍ਰਹਮਚਾਰੀ ਨੂੰ ਕਿਧਰੇ ਹੋਰ ਯੋਗ ਜਗ੍ਹਾ ਅਲਾਟ ਕਰ ਦਿਤੀ ਜਾਏ। ਬਾਕੀ ਉਹ ਸੰਭਾਲ ਲੈਣਗੇ।


ਵਿਰੋਧੀਆਂ ਦੇ ਬਹਿਕਾਵੇ ਵਿੱਚ : ਜ. ਸੰਤੋਖ ਸਿੰਘ ਇੰਦਰਾ-ਵਿਰੋਧੀਆਂ ਦੀ ਉਕਸਾਹਟ ਦਾ ਸ਼ਿਕਾਰ ਹੋ ਗਏ ਅਤੇ ਸ. ਇਕਬਾਲ ਸਿੰਘ ਦੀ ਸਲਾਹ ਨੂੰ ਅਣਗੋਲਿਆਂ ਕਰ, ਉਨ੍ਹਾਂ ਜ. ਅਵਤਾਰ ਸਿੰਘ ਕੋਹਲੀ ਅਤੇ ਕੁਝ ਹੋਰ ਸਾਥੀਆਂ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਭੁਖ ਹੜਤਾਲ ਸ਼ੁਰੂ ਕਰ ਦਿਤੀ। ਇੰਦਰਾ-ਵਿਰੋਧੀ ਮੰਤ੍ਰੀ ਉਥੇ ਆ, ਵਿਖਾਵੇ ਵਜੋਂ ਉਨ੍ਹਾਂ ਨੂੰ ਭੁਖ ਹੜਤਾਲ ਖਤਮ ਕਰਨ ਦੀ ਅਪੀਲ ਕਰਦੇ ਪਰ ਅਪ੍ਰਤਖ ਰੁਪ ਵਿੱਚ ਉਨ੍ਹਾਂ ਨੂੰ ਡਟੇ ਰਹਿਣ ਲਈ ਹਲਾਸ਼ੇਰੀ ਦੇ ਜਾਂਦੇ ਰਹੇ।
ਆਖਿਰ ਕਿਸੇ ਤਰ੍ਹਾਂ ਸ. ਇਕਬਾਲ ਸਿੰਘ ਨੇ ਵਿੱਚ ਪੈ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਹਿਮਤੀ ਨਾਲ ਧੀਰੇਂਦਰਾ ਬ੍ਰਹਮਚਾਰੀ ਨੂੰ ਸਬੰਧਤ ਜ਼ਮੀਨ ਨਾਲੋਂ ਕਿਤੇ ਵੱਧ, ਉਥੇ ਸਾਹਮਣੇ ਹੀ ਚੌਂਕ ਵਿਚ ਜ਼ਮੀਨ ਅਲਾਟ ਕਰਨ ਦਾ ਭਰੋਸਾ ਦੇ, ਉਹ ਜ਼ਮੀਨ ਗੁਰਦੁਆਰਾ ਬੰਗਲਾ ਸਾਹਿਬ ਲਈ ਛਡਣਾ ਮਨਾ ਲਿਆ। ਇਸਤਰ੍ਹਾਂ ਜ. ਸੰਤੋਖ ਸਿੰਘ ਦੀ ਜਿਤ ਤਾਂ ਹੋ ਗਈ, ਪਰ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਵਿਰੋਧੀਆਂ ਦੀ ਉਕਸਾਹਟ ਵਿੱਚ ਆ, ਉਨ੍ਹਾਂ ਨੂੰ ਆਪਣੇ ਨਾਲ ਨਾਰਾਜ਼ ਕਰ ਲਿਆ ਅਤੇ ਉਨ੍ਹਾਂ ਤੋਂ ਦੂਰ ਹੋ ਗਏ।
ਇਸੇ ਮੌਕੇ ਦਾ ਫਾਇਦਾ ਉਠਾਂਦਿਆਂ ਬੀਬੀ ਨਿਰਲੇਪ ਕੌਰ ਅਤੇ ਬਾਬਾ ਵਿਰਸਾ ਸਿੰਘ ਨੇ ਕਿਸੇ ਤਰ੍ਹਾਂ ਸ਼੍ਰੀਮਤੀ ਇੰਦਰਾ ਗਾਂਧੀ ਤਕ ਪਹੁੰਚ ਕਰ, ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲਿਆ 'ਤੇ ਪਹਿਲਾਂ ਤੋਂ ਹੀ ਸੋਚੀ-ਸਮਝੀ ਰਣਨੀਤੀ ਅਨੁਸਾਰ ਹਥਿਆਰਬੰਦ ਬੰਦਿਆਂ ਰਾਹੀਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਪੁਰ ਕਬਜ਼ਾ ਕੀਤਾ, ਜਿਥੇ ਉਹ 12 ਘੰਟਿਆਂ ਤੋਂ ਵੱਧ ਕਬਜ਼ਾ ਨਾ ਰਖ ਸਕੇ ਤੇ ਫਿਰ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰ ਲਿਆ। ਬੀਬੀ ਨਿਰਲੇਪ ਕੌਰ ਆਪਣੀ ਰਣਨੀਤੀ ਅਨੁਸਾਰ ਰੋਜ਼ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰੀ ਬੈਠੇ ਵਿਅਕਤੀਆਂ ਨੂੰ ਮਿਲਣ ਆਉਂਦੇ ਤੇ ਉਨ੍ਹਾਂ ਨੂੰ ਹਲਾਸ਼ੇਰੀ ਦੇ ਜਾਂਦੇ।
ਦਸਿਆ ਗਿਆ ਕਿ ਉਧਰ ਕੇਂਦਰ ਵਲੋਂ ਮਿਲੇ ਸੰਕਤਾਂ ਅਨੁਸਾਰ ਪੁਲਿਸ-ਅਧਿਕਾਰੀ ਕਬਜ਼ਾਧਾਰੀਆਂ ਨੂੰ ਕਬਜ਼ਾ ਛੱਡਣ ਲਈ ਵਿਖਾਵੇ ਵਜੋਂ ਮੰਨਾਂਦੇ ਰਹਿੰਦੇ। ਅਸਲ ਵਿੱਚ ਉਹ ਉਨ੍ਹਾਂ ਪਾਸੋਂ ਗੁ. ਸਸਿਗੰਜ ਦਾ ਕਬਜ਼ਾ ਛੁਡਾਣ ਦੀ ਬਜਾਏ, ਹਾਲਾਤ ਨੂੰ ਕਾਬੂ ਵਿੱਚ ਰਖਣ ਦੇ ਜਤਨ ਕਰਦੇ। ਉਧਰ ਇਕ ਪਾਸੇ ਕਬਜ਼ਾ ਛੁਡਾਣ ਲਈ ਅਤੇ ਦੂਜੇ ਪਾਸੇ ਜ. ਸੰਤੋਖ ਸਿੰਘ ਦੀ ਕਮੇਟੀ ਭੰਗ ਕਰਨ ਦੀ ਮੰਗ ਨੂੰ ਲੈ ਕੇ ਦੋਹਾਂ ਧਿਰਾਂ ਵਲੋਂ ਜੱਥੇ ਭੇਜੇ ਜਾਣੇ ਸ਼ੁਰੂ ਕਰ ਦਿਤੇ ਗਏ, ਜਿਨ੍ਹਾਂ ਨੂੰ ਪੁਲਿਸ ਗੁਰਦੁਆਰਾ ਸੀਸਗੰਜ ਤਕ ਪੁਜਣ ਤੋਂ ਪਹਿਲਾਂ ਹੀ ਰੋਕ ਲੈਦੀ। ਇਸਤਰ੍ਹਾਂ ਕਬਜ਼ਾ ਛੱਡਾਣ ਲਈ ਦਬਾਉ ਬਨਾਣ ਦਾ ਨਾਟਕ ਹੁੰਦਾ ਰਹਿੰਦਾ। ਇਸਦੇ ਨਾਲ ਹੀ ਸੋਚੀ-ਸਮਝੀ ਰਣਨੀਤੀ ਅਨੁਸਾਰ ਜ. ਸੰਤੋਖ ਸਿੰਘ ਦੇ ਵਿਰੋਧੀ, ਇਨ੍ਹਾਂ ਹਾਲਾਤ ਲਈ ਉਨ੍ਹਾਂ ਨੂੰ ਜ਼ਿਮੇਂਦਾਰ ਠਹਿਰਾ, ਗੁਰਦੁਆਰਾ ਕਮੇਟੀ ਭੰਗ ਕਰਨ ਦੇ ਲਗਾਤਾਰ ਬਿਆਨ ਜਾਰੀ ਕਰਨ ਲਗ ਪਏ। ਸਰਕਾਰ ਇਸ ਸਥਿਤੀ ਨੂੰ ਤਦ ਤਕ ਬਣਾਈ ਰਖਣਾ ਚਾਹੁੰਦੀ ਸੀ, ਜਦ ਤਕ ਕਿ ਇਸਦੇ ਲਈ ਜ. ਸੰਤੋਖ ਸਿੰਘ ਨੂੰ ਜ਼ਿਮੇਂਦਾਰ ਗਰਦਾਨਦਿਆਂ, ਉਨ੍ਹਾਂ ਵਿਰੁਧ ਸਿੱਖਾਂ ਵਿੱਚ ਵਾਤਾਵਰਣ ਨਹੀਂ ਬਣ ਜਾਂਦਾ। ਇਸਦਾ ਕਾਰਣ ਇਹ ਸੀ ਕਿ ਉਹ ਚਾਹੁੰਦੀ ਸੀ ਕਿ ਜੇ ਉਹ ਕਮੇਟੀ ਭੰਗ ਕਰਨ ਦਾ ਕੋਈ ਫੈਸਲਾ ਕਰੇ ਤਾਂ ਉਸ ਵਿਰੁਧ ਸਿੱਖਾਂ ਵਲੋਂ ਕੋਈ ਪ੍ਰਤੀਕ੍ਰਿਆ ਨਾ ਹੋਵੇ।
ਆਖਿਰ ਅਜਿਹਾ ਵਾਤਾਵਰਣ ਬਣ ਹੀ ਗਿਆ ਅਤੇ ਕੇਦਰ ਸਰਕਾਰ ਨੇ ਇਕ ਆਰਡੀਨੈਂਸ ਜਾਰੀ ਕਰ, ਬਣੇ ਚਿੰਤਾਜਨਕ ਹਾਲਾਤ ਦਾ ਹਵਾਲਾ ਦਿੰਦਿਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਭੰਗ ਕਰ, ਪੰਜ ਮੈਂਬਰੀ 'ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ' ਗਠਤ ਕਰ, ਦਿੱਲ਼ੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਸਨੂੰ ਸੌਪ ਦਿਤਾ। ਇਸ ਪੰਜ ਮੈਂਬਰੀ ਬੋਰਡ ਵਿੱਚ ਸਰ ਜੋਗਿੰਦਰਾ ਸਿੰਘ (ਜੋ ਉਸ ਸਮੇਂ ਰਾਜਸਥਾਨ ਦੇ ਰਾਜਪਾਲ ਸਨ) ਨੂੰ ਚੇਅਰਮੈਨ, ਸ. ਬਹਾਦਰ ਰਣਜੀਤ ਸਿੰਘ, ਟਿੱਕਾ ਜਗਜੀਤ ਸਿੰਘ, ਭਾਈ ਮੋਹਨ ਸਿੰਘ (ਰੈਨਬਕਸੀ) ਅਤੇ ਸ. ਪ੍ਰੀਤਮ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ।
ਜਿਉਂ ਹੀ ਇਹ ਖਬਰ ਬੀਬੀ ਨਿਰਲੇਪ ਕੌਰ ਰਾਹੀਂ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰੀ ਬੈਠੇ ਵਿਅਕਤੀਆਂ ਤਕ ਪੁਜੀ, ਉਨ੍ਹਾਂ ਤੁਰੰਤ ਹੀ ਗੁਰਦੁਆਰਾ ਸੀਸਗੰਜ ਦਾ ਗੇਟ ਖੋਲ੍ਹ, ਪੁਲਿਸ ਸਾਹਮਣੇ ਆਤਮ-ਸਮਰਪਣ ਕਰ ਦਿਤਾ। ਇਸਤਰ੍ਹਾਂ ਅੱਠ-ਦਿਨਾ ਡਰਾਮਾ ਖਤਮ ਹੋ ਗਿਆ। ..ਅਤੇ ਇਸਦੇ ਨਾਲ ਹੀ ਜ. ਸੰਤੋਖ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੀ ਠਲ੍ਹ ਪੈ ਗਈ।


 ...ਅਤੇ ਅੰਤ ਵਿੱਚ: ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਮੋਰਚੇ ਦੇ ਫਲਸਰੂਪ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਲੋਕਤਾਂਤ੍ਰਿਕ ਵਿਵਸਥਾ ਸਥਾਪਤ ਕਰਨ ਵਾਸਤੇ 1971 ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-1971 ਬਣਾ ਦਿਤਾ ਗਿਆ। ਪਰ ਇਸ ਐਕਟ ਅਨੁਸਾਰ ਚੋਣਾਂ ਚਾਰ ਸਾਲ ਬਾਅਦ, ਅਰਥਾਤ 1975 ਵਿੱਚ, ਉਸ ਸਮੇਂ ਕਰਵਾਈਆਂ ਗਈਆਂ, ਜਦੋਂ ਜ. ਸੰਤੋਖ ਸਿੰਘ ਨੂੰ ਉਸੇ ਹੀ ਪ੍ਰਧਾਨ ਮੰਤਰੀ (ਸ਼੍ਰੀਮਤੀ ਇੰਦਰਾ ਗਾਂਧੀ) ਦੀ ਮੁੜ ਨੇੜਤਾ ਪ੍ਰਾਪਤ ਹੋ ਗਈ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

14 Dec. 2018