'ਸ੍ਰੀ ਕਰਤਾਰਪੁਰ ਸਾਹਿਬ ਲਾਂਘਾ' : ਖੁਸ਼ੀ ਦੀ ਲਹਿਰ ਹੈ ਪਰਵਾਸੀ ਸਿੱਖ ਭਾਈਚਾਰੇ ਅੰਦਰ - ਯਾਦਵਿੰਦਰ ਸਿੰਘ ਸਤਕੋਹਾ

ਕਰਤਾਰਪੁਰ ਸਾਹਿਬ ਲਾਂਘੇ ਦੇ ਦੁਵੱਲੀ ਰੱਖੇ ਗਏ ਨੀਂਹ ਪੱਥਰਾਂ ਦੀ ਇਤਿਹਾਸਕ ਘਟਨਾਂ ਨਾਲ ਜਿੱਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਉਤਸ਼ਾਹ ਦਾ ਮਾਹੌਲ ਬਣਿਆ ਹੈ ਉੱਥੇ ਹੀ ਸਾਰੀ ਦੁਨੀਆਂ ਵਿਚ ਵੱਸਦੇ ਪਰਵਾਸੀ ਸਿੱਖ ਭਾਈਚਾਰੇ ਅੰਦਰ ਖੁਸ਼ੀ ਅਤੇ ਤਸੱਲੀ ਦੀ ਲਹਿਰ ਫੈਲ ਗਈ ਹੈ। ਕੌਮੀ ਪੱਧਰ ਦੀ ਇਸ ਖੁਸ਼ੀ ਦੇ ਚਲਦਿਆਂ ਭਾਈਚਾਰੇ ਅੰਦਰ ਆਪਸ ਵਿਚ ਮੁਬਾਰਕਾਂ ਦੇਣ ਦਾ ਸਿਲਸਿਲਾ ਜਾਰੀ ਹੈ। ਖਾਸ ਤੌਰ ਤੇ ਜਦ ਇਸ ਸਮੇਂ ਸਾਰੀ ਕੌਮ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਤਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਦੀ ਖਬਰ ਨੇਂ ਇਸ ਮਹਾਂਨ ਸਮਾਰੋਹ ਦੀਆਂ ਤਿਆਰੀਆਂ ਵਿਚ ਹੁਲਾਸ ਭਰੀ ਨਵੀਂ ਤਰੰਗ ਛੇੜ ਦਿਤੀ ਹੈ। ਪਰਵਾਸੀ ਸਿੱਖ ਭਾਈਚਾਰਾ ਸਿਰਫ ਆਪਸ ਵਿਚ ਹੀ ਇਸ ਨੂੰ ਨਹੀਂ ਮਨਾ ਰਿਹਾ ਸਗੋਂ ਲਹਿੰਦੇ ਪੰਜਾਬ ਦੇ ਮੁਸਲਮਾਨ ਪੰਜਾਬੀ ਪਰਵਾਸੀ ਭਾਈਚਾਰੇ ਨੂੰ ਵੀ ਆਪਣੀ ਖੁਸ਼ੀ ਵਿਚ ਸ਼ਾਮਲ ਕਰ ਰਿਹਾ ਹੈ। ਬਿਨਾਂਸ਼ੱਕ ਲਹਿੰਦੇ ਪੰਜਾਬ ਦਾ ਪਰਵਾਸੀ ਭਾਈਚਾਰਾ ਇਸ ਵਿਚ ਸ਼ਾਮਲ ਹੋਣ ਦਾ ਪੂਰੀ ਤਰਾਂ ਹੱਕਦਾਰ ਵੀ ਹੈ ਕਿਉਂਕਿ ਆਖਰਕਾਰ ਉਹ ਮੇਜ਼ਬਾਨ ਹੋਣ ਦਾ ਹੱਕ ਰੱਖਦੇ ਹਨ। ਵੈਸੇ ਵੀ ਵਿਦੇਸ਼ਾਂ ਵਿਚ ਵੱਸਦੇ ਲਹਿੰਦੇ ਅਤੇ ਚੜ੍ਹਦੇ ਪੰਜਾਬੀਆਂ ਦੀ ਆਪਸੀ ਸਾਂਝ ਪੀਢੀ ਹੈ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੀ ਖਬਰ ਨੇਂ ਇਸ ਨੂੰ ਹੋਰ ਪਕੇਰਾ ਕੀਤਾ ਹੈ।
    ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦ ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਬਣੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਸਰਕਾਰ ਸਿੱਖ ਕੌਮ ਦੇ ਸੱਤ ਦਹਾਕਿਆਂ ਤੋਂ ਠੰਢੇ ਬਸਤੇ ਵਿਚ ਪਏ ਇਸ ਮਸਲੇ ਵੱਲ ਏਨੀਂ ਛੇਤੀ ਧਿਆਨ ਦੇਵੇਗੀ। ਪਾਕਿਸਤਾਂਨ ਇਸ ਸਮੇਂ ਭਾਰੀ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਪਾਕਿਸਤਾਨੀ ਸਰਕਾਰ ਨੂੰ ਹੋਰ ਵੀ ਕਈ ਵੱਡੀਆਂ ਅੰਤਰਰਾਸ਼ਟਰੀ ਰਾਜਨੀਤਕ ਚੁਣੌਤੀਆਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ। ਇਸ ਸਭ ਦੇ ਬਾਵਜੂਦ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਲੈਣ ਨਾਲ ਪਾਕਿਸਤਾਨੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇਂ ਸਾਰੀ ਦੁਨੀਆਂ ਵਿਚ ਵੱਸਦੇ ਸਿੱਖ ਭਾਈਚਾਰੇ ਵਿਚ ਆਪਣਾਂ ਕੱਦ ਬਹੁਤ ਉੱਚਾ ਕਰ ਲਿਆ ਹੈ। ਪਰਵਾਸੀ ਸਿੱਖ ਤਾਂ ਇਮਰਾਂਨ ਖਾਨ ਦੀ ਤੁਲਨਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕਰਦੇ ਸੁਣਾਈ ਦੇ ਰਹੇ ਹਨ ਕਿਉਕਿ ਅੰਤਰਰਾਸ਼ਟਰੀ ਪੱਧਰ ਦੇ ਇਨ੍ਹਾਂ ਦੋਵਾਂ ਵੱਡੇ ਆਗੂਆਂ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਲਈ ਵਿਹਾਰਕ ਪੱਧਰ ਤੇ ਕੰਮ ਕਰਨ ਵਿਚ ਨਿੱਜੀ ਦਿਲਚਸਪੀ ਲਈ ਹੈ ਅਤੇ ਸਫਲਤਾ ਵੀ ਹਾਸਲ ਕੀਤੀ ਹੈ। ਪਾਕਿਸਤਾਂਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਮੌਕੇ ਰੱਖੇ ਗਏ ਸਮਾਗਮ ਦੌਰਾਂਨ ਇਮਰਾਂਨ ਖਾਂਨ ਦੇ ਬੇਹੱਦ ਸੰਜੀਦਾ ਅਤੇ ਹਾਂ-ਵਾਚਕ ਭਾਸ਼ਨ ਦੀ ਦੋਵਾਂ ਪੰਜਾਬਾਂ ਦੇ ਪਰਵਾਸੀ ਭਾਈਚਾਰੇ ਵਿਚ ਸੁਖਾਂਵੀਂ ਚਰਚਾ ਹੋਈ ਹੈ। ਵਿਦੇਸ਼ੀ ਸਿੱਖਾਂ ਦੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਨੇ ਭਾਰਤ ਸਰਕਾਰ ਦੇ ਹਾਂ-ਪੱਖੀ ਵਿਹਾਰ ਦੀ ਵੀ ਸਿਫਤ ਕਰਦਿਆਂ ਦਿਲੀ ਧੰਨਵਾਦ ਕੀਤਾ ਹੈ। ਬਿਨਾ ਸ਼ੱਕ ਭਾਰਤ ਸਰਕਾਰ ਦੇ ਹੁੰਗਾਰੇ ਤੋਂ ਬਿਨਾ ਇਸ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸੀ ਸਕਦਾ।
    ਇਸ ਇਤਿਹਾਸਕ ਘਟਨਾਕ੍ਰਮ ਵਿਚ ਨਵਜੋਤ ਸਿੰਘ ਸਿੱਧੂ ਇਕ ਵੱਡਾ ਪਾਤਰ ਕੇ ਉੱਭਰੇ ਹਨ ਅਤੇ ਪਰਵਾਸੀ ਸਿੱਖ ਭਾਈਚਾਰੇ ਵਿਚ ਵੀ ਉਨ੍ਹਾਂ ਦੀ ਚੰਗੇਰੀ ਅਤੇ ਪਕੇਰੀ ਸਾਖ ਬਣੀ ਹੈ। ਸਿੱਧੂ ਨੇ ਜਦ ਇਸ ਮਸਲੇ ਨੂੰ ਇਮਰਾਨ ਖਾਨ ਦੇ ਸਹੁੰ-ਚੁੱਕ ਸਮਾਗਮ ਵਾਲੇ ਦੌਰੇ ਦੌਰਾਂਨ ਚੁੱਕਿਆ ਸੀ ਤਾਂ ਭਾਰਤੀ ਮੀਡੀਆ ਵੱਲੋਂ ਉਨ੍ਹਾਂ ਦੀ ਰੱਜ ਕੇ ਨੁਕਤਾਚੀਨੀ ਕੀਤੀ ਗਈ । ਇਸ ਮੰਗ ਨੂੰ ਰਾਜਨੀਤਕ ਰੰਗ ਦੇਣ ਦੀ ਕੋਸ਼ਿਸ਼ ਕਰਦਿਆਂ ਆਪਣਿਆਂ ਵੱਲੋਂ ਵੀ ਸਿੱਧੂ ਨੂੰ ਨਿਸ਼ਾਨਾ ਬਣਾਇਆ ਗਿਆ ਪਰ  ਸਮੇਂ ਦੀ ਕਸਵੱਟੀ ਤੇ ਸਿੱਧੂ ਦਾ ਅਕਸ ਨਿੱਖਰ ਕੇ ਹੀ ਸਾਹਮਣੇਂ ਆਇਆ। ਅਮਰੀਕਨ ਸਿੱਖ ਭਾਈਚਾਰੇ ਵੱਲੋਂ ਸਿੱਧੂ ਦਾ ਸੋਨ-ਤਮਗੇ ਨਾਲ ਸਨਮਾਨ ਕਰਨ ਬਾਰੇ ਬਿਆਨ ਜਾਰੀ ਕੀਤਾ ਗਿਆ ਹੈ।
     ਇਸ ਵਿਚ ਕੋਈ ਸ਼ੱਕ ਨਹੀਂ ਸ਼੍ਰੋਮਣੀ ਅਕਾਲੀ ਦਲ ਇਸ ਸਾਰੇ ਘਟਨਾਕ੍ਰਮ ਵਿਚ ਆਪਣੀ ਭੂਮਿਕਾ ਸਟੀਕ ਢੰਗ ਨਾਲ ਨਹੀਂ ਨਿਭਾ ਸਕਿਆ ਅਤੇ ਵਿਦੇਸ਼ੀ ਸਿੱਖ ਭਾਈਚਾਰੇ ਵਿਚ ਇਸ ਬਾਰੇ ਸਰਗੋਸ਼ੀਆਂ ਚੱਲ ਰਹੀਆਂ ਹਨ। ਭਾਵੇਂ ਪਾਕਿਸਤਾਨ ਸਰਕਾਰ ਵੱਲੋਂ ਰੱਖੇ ਨੀਂਹ-ਪੱਥਰ ਸਮਾਗਮ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਿਰਕਤ ਕੀਤੀ ਗਈ ਹੈ ਪਰ ਇਸ ਸਭ ਵਰਤਾਰੇ ਦੀ ਸ਼ੁਰੂਆਤ ਵਿਚ ਉਨ੍ਹਾਂ ਵੱਲੋਂ ਸਿੱਧੂ ਪ੍ਰਤੀ ਨਾਂਹਵਾਚਕ ਬਿਆਨਬਾਜ਼ੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਤੋਂ ਹੀ ਡਿੱਗੇ ਪੰਥਕ ਵੱਕਾਰ ਨੂੰ ਹੋਰ ਧੁੰਧਲਾ ਕੀਤਾ ਹੈ। ਜਿਆਦਾ ਵਧੀਆ ਹੁੰਦਾ ਜੇਕਰ ਇਸ ਮਾਮਲੇ ਵਿਚ ਸਭ ਪੰਜਾਬੀ ਰਾਜਨੀਤਕ ਪਾਰਟੀਆਂ ਮਿਲ ਕੇ ਸਿੱਧੂ ਦੀ ਹਮਾਇਤ ਕਰਦੀਆਂ ਜਿਸ ਨਾਲ ਪੰਜਾਬੀਅਤ ਦੀ ਭਾਵਨਾਂ ਨੂੰ ਬਲ ਮਿਲਦਾ ਪਰ ਸਿਆਸਤ ਦੇ ਡਿੱਗੇ ਪੱਧਰ ਨੇ ਇਸ ਖੂਬਸੂਰਤ ਮੌਕੇ ਨੂੰ ਆਪਸੀ ਤੁਹਮਤਬਾਜ਼ੀ ਦਾ ਰੰਗ ਦੇ ਦਿੱਤਾ ਹੈ। ਇਸ ਮਸਲੇ ਦੀ ਸ਼ੁਰੂਆਤ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਧੂ ਦਾ ਸਾਥ ਦੇਣਾਂ ਜਿਆਦਾ ਵਧੀਆ ਹੋਣਾਂ ਸੀ ਕਿਉਂਕਿ ਸਿੱਖ ਕੌਮ ਲਈ ਇਹ ਮਾਮਲਾ ਰਾਜਨੀਤਕ ਨਹੀਂ ਹੈ, ਪਰ ਬਦਕਿਸਮਤੀ ਨਾਲ ਇਸ ਤਰਾਂ ਨਹੀਂ ਹੋ ਸਕਿਆ।
ਭਾਰਤੀ ਖਬਰੀ ਮੀਡੀਆ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਬਹੁਤ ਅਜੀਬ ਅਤੇ ਨੁਕਤਾਚੀਨੀ ਭਰੇ ਰੁਖ ਪ੍ਰਤੀ ਵਿਦੇਸ਼ੀ ਸਿੱਖ ਭਾਈਚਾਰੇ ਵਿਚ ਨਰਾਜ਼ਗੀ ਹੈ। ਹੁਣ ਜਦ ਕਿ ਦੋਵਾਂ ਸਰਕਾਰਾਂ ਦੀ ਸਹਿਮਤੀ ਨਾਲ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਤਾਂ ਵੀ ਭਾਰਤੀ ਮੀਡੀਆ ਇਸ ਸਭ ਨੂੰ ਪਾਕਿਸਤਾਨ ਸਰਕਾਰ ਦੇ ਕਿਸੇ ਲੁਕਵੇਂ ਮਕਸਦ ਦਾ ਨਾਂਅ ਦੇ ਕੇ ਮਿਆਰ ਤੋਂ ਡਿੱਗੀ ਹੋਈ ਰਿਪੋਰਟਿੰਗ ਕਰੀ ਜਾ ਰਿਹਾ ਹੈ ਜਿਸ ਦਾ ਵਿਦੇਸ਼ਾਂ ਵਿਚ ਚਲਦੇ ਪੰਜਾਬੀ ਟੀ.ਵੀ. ਚੈਨਲਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਪਾਕਿਸਤਾਨੀ ਮੀਡੀਆ ਵੱਲੋਂ ਲਗਾਤਾਰ ਉਸਾਰੂ ਢੰਗ ਦੀ ਰਿਪੋਰਟਿੰਗ ਕੀਤੀ ਜਾ ਰਹੀ ਹੈ। ਸਿੱਖ ਧਰਮ ਦੀ ਅਕੀਦਤ ਨਾਲ ਡੂੰਘੀ ਤਰਾਂ ਜੁੜੇ ਹੋਏ ਇਸ ਮਸਲੇ ਨੂੰ ਰਾਜਨੀਤਕ ਜਾਂ ਫਿਰਕੂ ਰੰਗਤ ਦੇ ਕੇ ਪੇਸ਼ ਕਰਨਾਂ ਸਰਾਸਰ ਗਲਤ ਹੈ।
 ਨਵਜੋਤ ਸਿੰਘ ਸਿੱਧੂ ਦੇ ਬਾਰੇ ਵੀ ਤਰਾਂ ਤਰਾਂ ਦੀ ਨੁਕਤਾਚੀਨੀ ਭਰੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਨਾਲ ਵਿਦੇਸ਼ੀ ਸਿੱਖ ਬਿਲਕੁਲ ਸਹਿਮਤ ਨਹੀਂ ਹਨ। ਸਿੱਧੂ ਨਾਲ ਜੇਕਰ ਉਸਦੀ ਆਪਣੀ ਪਾਰਟੀ ਦੇ ਜਾਂ ਵਿਰੋਧੀ ਪਾਰਟੀਆਂ ਦੇ ਵਿਰੋਧ ਵਾਲੇ ਕੁਝ ਸਰੋਕਾਰ ਹਨ ਤਾਂ ਉਨ੍ਹਾਂ ਨੂੰ ਉਸ ਦੀ ਪਾਕਿਸਤਾਂਨ ਫੇਰੀ ਨਾਲ ਜੋੜ ਕੇ ਵੇਖਣਾਂ ਨੀਵੀਂ ਸਿਆਸਤ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਘੇ ਦੇ ਵਿਰੋਧ ਵਿੱਚ ਲਗਾਤਾਰ ਦਿੱਤੇ ਜਾ ਰਹੇ ਬਿਆਨਾਂ ਵਿੱਚੋਂ ਵੀ ਸਿਆਸਤ ਦੇ ਘਟੀਆ ਪੱਧਰ ਦੀ ਬਦਬੋ ਆ ਰਹੀ ਹੈ। ਚਾਹੀਦਾ ਤਾਂ ਸੀ ਕਿ ਕਈ ਦਹਾਕਿਆਂ ਬਾਅਦ ਸਿੱਖ ਕੌਮ ਦੀ ਦੋਵਾਂ ਸਰਕਾਰਾਂ ਵੱਲੋਂ ਮੰਗੀ ਗਈ ਮੰਗ ਤੇ ਸਾਰੀ ਕੌਮ ਇਕਜੁੱਟ ਹੋ ਕੇ ਖੁਸ਼ੀ ਮਨਾਉਂਦੀ ਪਰ ਸਿਆਸਤ ਦੇ ਇਸ ਨੀਵੇਂ ਤਲ ਨੇਂ ਇਸ ਖੁਸ਼ੀ ਵਿਚ ਵਿਘਨ ਪਾਇਆ ਹੈ ਅਤੇ ਜਾਗਰੂਕ ਪਰਵਾਸੀ ਭਾਈਚਾਰਾ ਇਸ ਨੂੰ ਸਾਫ ਵੇਖ ਰਿਹਾ ਹੈ।
    ਹੁਣ ਵਿਦੇਸ਼ੀ ਸਿੱਖ ਸੰਗਤਾਂ ਵੀ ਇਸ ਇੰਤਜ਼ਾਰ ਵਿਚ ਹਨ ਕਿ ਉਸਾਰੀ ਤੋਂ ਬਾਅਦ ਛੇਤੀ ਤੋਂ ਛੇਤੀ ਇਹ ਲਾਂਘਾ ਖੁੱਲ੍ਹੇ ਅਤੇ ਸੰਗਤ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੇ। ਇਸ ਲਾਂਘੇ ਬਾਰੇ ਇਕ ਤਕਨੀਕੀ ਪੱਖ ਦੀ ਜਾਣਕਾਰੀ ਵਿਦੇਸ਼ੀ ਸਿੱਖਾਂ ਨੂੰ ਅਜੇ ਵੀ ਦਰਕਾਰ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਉਹ ਸਿੱਖ ਜੋ ਵਿਦੇਸ਼ੀ ਨਾਗਰਿਕਤਾ ਹਾਸਲ ਕਰ ਚੁੱਕੇ ਹਨ, ਵੀ ਭਾਰਤ ਤੋਂ ਇਸ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ ਜਾਂ ਇਹ ਸਹੂਲਤ ਸਿਰਫ ਭਾਰਤੀ ਨਾਗਰਿਕਾਂ ਲਈ ਹੀ ਰਹੇਗੀ ? ਵੈਸੇ ਪਰਵਾਸੀ ਪੰਜਾਬੀ ਭਾਈਚਾਰੇ ਲਈ ਪਾਕਿਸਤਾਂਨ ਦੇ ਗੁਰਧਾਮਾਂ ਦੀ ਯਾਤਰਾ ਭਾਰਤੀਆਂ ਦੀ ਨਿਸਬਤ ਸੌਖੀ ਹੈ ਅਤੇ ਅਮਰੀਕਾ, ਕੈਨੇਡਾ, ਅਸਟਰੇਲੀਆ ਜਾਂ ਯੂਰਪ ਆਦਿ ਦੇਸ਼ਾਂ ਦੇ ਪਾਕਿਸਤਾਨੀ ਸਫਾਰਤਖਾਨੇ ਸਿੱਖਾਂ ਨੂੰ ਸੌਖਿਆਂ ਹੀ ਪਾਕਿਸਤਾਨੀ ਵੀਜ਼ਾ ਜਾਰੀ ਕਰ ਦਿੰਦੇ ਹਨ ਪਰ ਆਪਣੀ ਧਰਤੀ ਤੋਂ ਬਿਨਾ ਵੀਜ਼ਾ ਪਾਕਿਸਤਾਂਨ ਜਾ ਕੇ ' ਖੁੱਲ੍ਹੇ ਦਰਸ਼ਨ ਦੀਦਾਰ' ਦੇ ਸੁਪਨੇ ਨੂੰ ਹਕੀਕਤ ਵਿਚ ਬਦਲਿਆ ਹੋਇਆ ਵੇਖਣ ਦਾ ਸੁਪਨਾਂ ਹਰ ਸਿੱਖ ਦਾ ਹੈ ਅਤੇ ਇਹ ਸੁਪਨਾਂ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਅੰਦਰ ਬਿਨਾ ਵੀਜ਼ਾ ਕਦਮ ਰੱਖਣ ਨਾਲ ਹੀ ਪੂਰਾ ਹੋ ਸਕਦਾ ਹੈ। ਆਸ ਹੈ ਕਿ ਇਸ ਸਬੰਧ ਵਿਚ ਵੀ ਛੇਤੀ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਸਾਰੇ ਵਿਦੇਸ਼ੀ ਸਿੱਖ ਭਾਈਚਾਰੇ ਦੀ ਇਹੀ ਆਰਦਾਸ ਹੈ ਕਿ ਇਹ ਲਾਂਘੇ ਦੀ ਉਸਾਰੀ ਬਿਨਾਂ ਕਿਸੇ ਰੁਕਾਵਟ ਤੋਂ ਅੱਗੇ ਵਧੇ ਅਤੇ ਦੋਵਾਂ ਦੇਸ਼ਾਂ ਦਰਮਿਆਂਨ ਅਕਸਰ ਪੈਦਾ ਹੁੰਦੀ ਰਹਿੰਦੀ ਕਸ਼ਮਕਸ਼ ਦਾ ਅਸਰ ਇਸ ਤੇ ਨਾਂ ਪਏ। ਵਤਨੋਂ ਦੂਰ ਬੈਠਾ ਪਰਵਾਸੀ ਪੰਜਾਬੀ ਭਾਈਚਾਰਾ ਖੁਦ ਵੀ ਇਸ ਲਾਂਘੇ ਰਾਹੀਂ ਜਾ ਕੇ ਉਸ ਪਾਵਨ ਧਰਤੀ ਦੇ ਦਰਸ਼ਨ ਕਰਨਾਂ ਚਾਹੁੰਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਖੇਤੀ ਕਰਦਿਆਂ ਕਿਰਤ ਕਰਨ, ਨਾਂਮ ਜਮਣ ਅਤੇ ਵੰਡ ਛਕਣ ਦੇ ਸਿਧਾਤਾਂ ਨੂੰ ਇਕੱਠਿਆਂ ਵਿਹਾਰ ਵਿਚ ਲਿਆਂਦਾ ਸੀ।


(ਸਮਾਪਤ)

ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ,ਪੋਲੈਂਡ।
0048516732105
yadsatkoha@yahoo.com