ਝੋਨੇ ਸਬੰਧੀ ਵਿਚਾਰ-ਚਰਚਾ ਦੀ ਲੋੜ : ਗੰਭੀਰ ਵਾਤਾਵਰਨ ਅਸੰਤੁਲਨ ਵੱਲ ਵਧ ਰਿਹੈ ਪੰਜਾਬ - ਵਿਜੈ ਬੰਬੇਲੀ

ਝੋਨਾ ਜ਼ਿਆਦਾ ਵਰਖੇਈ ਅਤੇ ਸਿੱਲੇ ਇਲਾਕਿਆਂ ਦੀ ਫ਼ਸਲ ਹੈ। ਜਿੱਥੇ ਬਹੁ-ਵੰਨਗੀ ਫ਼ਸਲਾਂ ਹੋ ਸਕਦੀਆਂ ਹਨ, ਉੱਥੇ ਦੀ ਵੀ ਇਹ ਜ਼ਰੂਰੀ ਫ਼ਸਲ ਨਹੀਂ। ਖਾਸ ਕਰਕੇ ਧਰਤੀ ਹੇਠਲੇ ਪਾਣੀ ਨਾਲ ਸਿੰਚਾਈ ਲਈ ਮਜਬੂਰ ਹੋ ਜਾਣ ਵਾਲੇ ਖੇਤਰਾਂ ਦੀ ਤਾਂ ਬਿਲਕੁਲ ਹੀ ਨਹੀਂ। ਆਜ਼ਾਦੀ ਉਪਰੰਤ ਤਿੱਖੇ ਅੰਨ ਸੰਕਟ ਕਾਰਨ, ਜਿੱਥੇ ਖਾਸ ਇਲਾਕਿਆਂ ਵਿਚ ਹਰੇ ਖਿੱਤੇ ਸਥਾਪਿਤ ਕਰਨਾ ਇਕ ਫੌਰੀ ਲੋੜ ਸੀ, ਉੱਥੇ ਪੰਜਾਬ ਵਰਗੇ ਮਿਹਨਤੀ ਅਤੇ ਜਰਖੇਜ਼ ਖੇਤਰਾਂ, ਜਿਸ ਦੀ ਝੋਨਾ ਬਿਲਕੁਲ ਵੀ ਰਵਾਇਤੀ ਫ਼ਸਲ ਨਹੀਂ ਸੀ, ਆਪਣੀਆਂ ਲੋੜਾਂ, ਥੋੜ੍ਹਾ ਹਿੱਤ ਉਸ ਨੂੰ ਬਿਜਾਉਣਾ ਉਦੋਂ ਇਕ ਮਜਬੂਰੀ ਸੀ। ਦਰ-ਹਕੀਕਤ, ਮਾਈਗਰੇਟ (ਗ਼ੈਰ-ਰਵਾਇਤੀ) ਫ਼ਸਲ ਲਾਭਦਾਇਕ ਨਹੀਂ ਹੁੰਦੀ ਜਾਂ ਉਹ ਮੋੜਵੇਂ ਰੂਪ ਵਿਚ ਬਹੁਪਰਤੀ ਨੁਕਸਾਨ ਦਾ ਕਾਰਨ ਬਣਦੀ ਹੈ, ਇਹੀ ਸੰਤਾਪ ਹੁਣ ਪੰਜਾਬ ਨੂੰ ਹੰਢਾਉਣਾ ਪੈ ਰਿਹਾ ਹੈ।
         ਇਹ ਸਹੀ ਹੈ ਕਿ ਝੋਨਾ 1965 ਤੋਂ ਬਾਅਦ ਹੀ ਵੱਡੇ ਪੱਧਰ 'ਤੇ ਖੇਤਾਂ ਵਿਚ ਆਇਆ, ਪਰ ਸੱਚ ਇਹ ਵੀ ਹੈ ਕਿ ਪਿਛਲੇ ਚਾਰ ਦਹਾਕਿਆਂ ਤੋਂ ਹੀ ਭਾਰਤ, ਖ਼ਾਸ ਕਰਕੇ ਪੰਜਾਬ ਦੀ ਮਿੱਟੀ ਹਰ ਸਾਲ ਪੌਸ਼ਟਿਕ ਤੱਤਾਂ ਦੇ ਘਾਟੇ ਵਿਚ ਜਾਣ ਲੱਗੀ। ਇਸ ਦੇ 70 ਫ਼ੀਸਦੀ ਖੇਤੀ ਰਕਬੇ ਵਿਚ ਜਰਖੇਜ਼ੀ ਤੱਤ 50 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਪ੍ਰਤੀ ਸਾਲ ਨਸ਼ਟ ਹੋਣ ਲੱਗੇ। ਫ਼ਿਰ ਮੁੱਖ ਉਪਜਾਊ ਤੱਤ (ਨਾਈਟਰੋਜਨ, ਪੋਟਾਸ਼ ਤੇ ਫ਼ਾਰਫੋਰਸ) ਕਰੀਬ 60 ਲੱਖ ਟਨ ਪ੍ਰਤੀ ਸਾਲ ਨਸ਼ਟ ਹੋਏ, ਮਗਰੋਂ ਖੇਤੀ ਰਕਬੇ ਦਾ 47 ਫ਼ੀਸਦੀ ਹਿੱਸੇ ਵਿਚ ਜ਼ਿੰਕ ਦੀ ਘਾਟ ਉਪਰੰਤ ਉਪਜ ਦੀ ਵਾਧਾ ਦਰ ਪਿਛਲਖੁਰੀ ਹੋ ਗਈ। 1965 ਤੋਂ ਕੁਝ ਵਰ੍ਹੇ ਪਹਿਲਾਂ ਪੰਜਾਬ ਦੀ ਜ਼ਮੀਨ ਵਿਚ ਸਿਰਫ਼ ਨਾਈਟਰੋਜਨ ਦੀ ਹੀ ਘਾਟ ਸੀ। 1975 ਤੱਕ ਪੁੱਜਦਿਆਂ ਇਹ ਘਾਟ ਨਾਈਟਰੋਜਨ ਤੇ ਫਾਰਫੋਰਸ ਦੀ ਹੋ ਗਈ। 1980 ਤੱਕ ਇਨ੍ਹਾਂ ਦੋਵਾਂ ਤੱਤਾਂ ਨਾਲ ਜ਼ਿੰਕ ਅਤੇ ਪੋਟਾਸ਼ ਦੀ ਵੀ ਘਾਟ ਰਿਕਾਰਡ ਕੀਤੀ ਗਈ। 1985ਵਿਆਂ ਤੱਕ ਲੋਹਾ, ਸਲਫ਼ਰ ਵੀ ਘਟ ਗਈਆਂ। 1995 ਤੋਂ ਬਾਅਦ ਮੈਂਗਨੀਜ਼ ਅਤੇ ਕਾਪਰ ਦੀ ਘਾਟ ਰਿਕਾਰਡ ਕੀਤੀ ਜਾਣ ਲੱਗੀ। ਇਨ੍ਹਾਂ ਅੱਠ ਤੱਤਾਂ ਦੀ ਘਾਟ ਅਤੇ ਕਾਰਬਨਡਾਇਆਕਸਾਈਡ, ਹਾਈਡਰੋਜਨ, ਆਕਸੀਜਨ ਤੱਤ ਕਿਉਂਕਿ ਹਵਾ ਵਿੱਚੋਂ ਮਿਲਦੇ ਹਨ ਜਿਨ੍ਹਾਂ ਦੀ ਸ਼ੁੱਧਤਾ ਅਤੇ ਮਾਤਰਾ ਵੀ ਗੜਬੜਾ ਗਈ ਤਾਂ ਕੁੱਲ 17 ਤੱਤ ਜੋ ਪੌਦੇ ਨੂੰ ਚਾਹੀਦੇ ਹਨ ਵਿਚੋਂ 11 ਤੱਤਾਂ ਦੀ ਘਾਟ ਖ਼ਤਰੇ ਦੇ ਕਿਸ ਨਿਸ਼ਾਨ ਨੂੰ ਦਰਸਾਉਂਦੀ ਹੈ ਦੱਸਣ ਦੀ ਲੋੜ ਨਹੀਂ। ਤੱਤਾਂ ਦੀ ਇਹ ਘਾਟ ਝੋਨਾ ਖੇਤਰਾਂ, ਖ਼ਾਸ ਕਰਕੇ ਜਿੱਥੇ ਪਰਾਲੀ ਲੂਹੀ ਜਾਂਦੀ ਹੈ, ਵਿਚ ਜ਼ਿਆਦਾ ਨੋਟ ਕੀਤੀ ਗਈ।
       ਖੇਤੀਬਾੜੀ ਦਾ ਅਸਲ ਅਰਥ ਬਦਲਵੀਆਂ ਅਤੇ ਬਹੁਮੰਤਵੀ ਫ਼ਸਲਾਂ ਹਨ। ਇਕੋ ਤਰ੍ਹਾਂ ਦੀ ਫ਼ਸਲ ਮਿੱਟੀ, ਪਾਣੀ ਅਤੇ ਵਾਤਾਵਾਰਨ ਲਈ ਨਾਂਹ-ਪੱਖੀ ਹੁੰਦੀ ਹੈ। ਇਹ ਇਕੋ ਕਿਸਮ ਦੀ ਖੇਤੀ ਦਾ ਸਿੱਟਾ ਹੈ ਕਿ 1980 ਤੋਂ ਲੈ ਕੇ ਹੁਣ ਤੱਕ ਸਿਰਫ਼ ਪੰਜਾਬ ਦੀ ਧਰਤੀ ਵਿਚ ਹੀ ਕਰੀਬ 51 ਲੱਖ ਟਨ ਨਾਈਟਰੋਜਨ ਤੱਤ, 47 ਲੱਖ ਟਨ ਪੋਟਾਸ਼ੀਅਮ ਅਤੇ 65 ਹਜ਼ਾਰ ਟਨ ਫ਼ਾਰਫ਼ੋਰਸ ਖ਼ਤਮ ਹੋ ਗਈ। ਕੁਦਰਤੀ ਤੌਰ 'ਤੇ ਪ੍ਰਾਪਤ ਹੁੰਦੇ ਇਨ੍ਹਾਂ ਤੱਤਾਂ ਦੀ ਬਨਾਵਟੀ ਪੂਰਤੀ ਲਈ ਖਾਦਾਂ, ਧਾਤਾਂ ਅਤੇ ਰਸਾਇਣਾਂ ਉੱਤੇ ਕਰੋੜਾਂ ਰੁਪਏ ਕਿਸਾਨਾਂ ਦੀ ਜੇਬ ਵਿਚੋਂ ਜਾਣ ਲੱਗੇ। ਜਦ ਅਸੀਂ, ਕੁਦਰਤ ਦਾ ਸਾਵਾਂਪਨ ਬਰਕਰਾਰ ਰੱਖਣ ਵਿਚ ਅਚੇਤ ਸੁਚੇਤ ਅਸਫ਼ਲ ਰਹੇ ਜਾਂ ਅਸਫ਼ਲ ਕਰ ਦਿੱਤੇ ਗਏ, ਕੁਦਰਤੀ ਸੋਮਿਆਂ ਦੀ ਰਵਾਇਤੀ ਢੰਗਾਂ ਨਾਲ ਅਤੇ ਕੁਦਰਤੀ ਤੌਰ 'ਤੇ ਮੁੜ ਭਰਪਾਈ ਨਾ ਕੀਤੀ, ਫ਼ਲਸਰੂਪ ਮਿੱਟੀ ਵਿਚਲੇ ਇਹ ਕੁਦਰਤੀ ਤੱਤ ਤੇਜ਼ੀ ਨਾਲ ਘਟਣ ਲੱਗ ਪਏ। ਇਨ੍ਹਾਂ ਕੁਦਰਤੀ ਤੱਤਾਂ ਦੀ ਘਾਟ ਪੂਰਤੀ, ਸਿਰਫ਼ ਬਨਾਵਟੀ ਤਰੀਕਿਆਂ ਨਾਲ ਹੀ ਕਰਨ ਲਈ, ਸਾਨੂੰ ਵਰਗਲਾ ਲਿਆ ਗਿਆ। ਇੱਕਲਾ ਪੰਜਾਬ, ਜੋ ਭਾਰਤ ਦੇ ਕੁੱਲ ਖੇਤਰਫ਼ਲ ਦਾ ਮਸਾਂ ਡੇਢ ਫ਼ੀਸਦੀ ਰਕਬੇ ਦਾ ਮਾਲਕ ਹੈ, ਦੇਸ਼ ਦੀ ਕੁੱਲ ਖਾਦ ਖਪਤ ਦਾ ਤੀਜਾ ਹਿੱਸਾ ਅਤੇ ਜ਼ਹਿਰਾਂ ਦੀ ਮਾਤਰਾ ਦਾ 19 ਫ਼ੀਸਦੀ ਵਰਤਣ ਲੱਗਾ। ਖਾਦਾਂ-ਜ਼ਹਿਰਾਂ ਦੀ ਜ਼ਿਆਦਾ ਵਰਤੋਂ ਗ਼ੈਰ-ਰੁੱਤੀ ਫ਼ਸਲਾਂ ਜਾਂ ਸਬਜ਼ੀ, ਕਪਾਹ ਅਤੇ ਝੋਨਾ ਦੇ ਖਿੱਤਿਆਂ ਵਿਚ ਹੋਈ। ਇਨ੍ਹਾਂ ਖਾਦਾਂ ਜ਼ਹਿਰਾਂ ਦੀ ਵਰਤੋਂ ਘਟਣ ਦੀ ਬਜਾਏ ਵਧ ਰਹੀ ਹੈ। ਫ਼ਲਸਰੂਪ ਪੰਜਾਬ ਦਾ ਪੈਸਾ ਹੀ ਬਾਹਰ ਨਹੀਂ ਜਾਣ ਲੱਗਾ ਸਗੋਂ ਜ਼ਹਿਰੀਲੀਆਂ ਪੱਟੀਆਂ ਵੀ ਵਿਕਸਤ ਹੋ ਗਈਆਂ।
        ਪੰਜਾਬ ਦਾ ਖੇਤੀ ਰਕਬਾ 35 ਲੱਖ ਹੈਕਟੇਅਰ ਹੈ। 27 ਲੱਖ ਹੈਕਟੇਅਰ ਝੋਨਾ ਲਾਇਆ ਜਾਂਦਾ ਹੈ। ਜਿਸ ਦੀ ਅੰਦਾਜ਼ਨ 20 ਲੱਖ ਟਨ ਪਰਾਲੀ ਦਾ 85 ਫ਼ੀਸਦੀ ਹਿੱਸਾ ਸਾੜਿਆ ਜਾਂਦਾ ਹੈ। ਪਰਾਲੀ ਜਲਾਉਣ ਨਾਲ ਪੈਦਾ ਹੋਈ ਤਪਸ਼, ਧਰਤੀ ਦੀ ਨਮੀ, ਮਿੱਤਰ ਜੀਵਾਂ ਅਤੇ ਮਿੱਟੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਪਰਾਲੀ ਸਾੜਨ ਨਾਲ ਲਗਪਗ 25 ਫ਼ੀਸਦੀ ਨਾਈਟਰੋਜਨ, 30 ਫ਼ੀਸਦੀ ਫ਼ਾਸਫ਼ੋਰਸ, 50 ਫ਼ੀਸਦੀ ਸਲਫ਼ਰ ਅਤੇ 75 ਫ਼ੀਸਦੀ ਪੋਟਾਸ਼ੀਅਮ, ਜੋ ਫ਼ਸਲਾਂ ਮਿੱਟੀ ਤੋਂ ਲੈਂਦੀਆਂ ਹਨ, ਖ਼ਤਮ ਹੋ ਜਾਂਦੇ ਹਨ। ਅਸੀਂ ਇਸ ਦੀ ਸਹੀ ਵਰਤੋਂ ਕਰਕੇ 3.55 ਲੱਖ ਟਨ ਨਿਰੋਲ ਉਪਯੋਗੀ ਤੱਤ ਹਰ ਵਰ੍ਹੇ ਪ੍ਰਾਪਤ ਕਰ ਸਕਦੇ ਹਾਂ। ਥੋੜ੍ਹੀ ਜਿਹੀ ਮਿਹਨਤ ਸਮੇਂ ਅਤੇ ਕਿਫ਼ਾਇਤੀ ਢੰਗਾਂ ਨਾਲ ਹੀ ਨਾਈਟਰੋਜਨ, ਫ਼ਾਸਫ਼ੋਰਸ ਤੇ ਪੋਟਾਸ਼ ਆਦਿ ਤੱਤ ਹਾਸਲ ਕੀਤੇ ਜਾ ਸਕਦੇ ਹਨ। ਜਿਨ੍ਹਾਂ ਦਾ ਬਾਜ਼ਾਰੀ ਮੁੱਲ 238 ਕਰੋੜ ਬਣਦਾ ਹੈ। ਪੰਜਾਬ ਵਿਚ ਕਰੀਬ 10.30 ਲੱਖ ਟਨ ਨਾਈਟਰੋਜਨ, 2.08 ਲੱਖ ਟਨ ਫ਼ਾਸਫ਼ੋਰਸ ਤੇ 0.13 ਲੱਖ ਟਨ ਪੋਟਾਸ਼ ਦੀ ਖਪਤ ਹੁੰਦੀ ਹੈ। ਸਿਰਫ਼ ਪਰਾਲੀ ਤੋਂ ਹੀ ਪ੍ਰਾਪਤ ਹੋ ਸਕਣ ਵਾਲੀ 2.11 ਲੱਖ ਟਨ ਨਾਈਟਰੋਜਨ, 4.90 ਹਜ਼ਾਰ ਟਨ ਪੋਟਾਸ਼, 35 ਹਜ਼ਾਰ ਟਨ ਫ਼ਾਸਫ਼ੋਰਸ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕਲੀ ਨਾਈਟਰੋਜਨ ਦਾ ਹੀ ਬਾਜ਼ਾਰੀ ਮੁੱਲ ਕਰੋੜਾਂ ਵਿਚ ਬਣਦਾ ਹੈ। ਇੱਕ ਅੰਦਾਜ਼ੇ ਮੁਤਾਬਿਕ ਧਰਤੀ ਵਿਚੋਂ ਝੋਨੇ ਦੁਆਰਾ ਲਈ ਗਈ 25 ਫ਼ੀਸਦੀ ਨਾਈਟਰੋਜਨ ਅਤੇ ਫ਼ਾਸਫ਼ੋਰਸ, 50 ਫ਼ੀਸਦੀ ਗੰਧਕ ਅਤੇ 75 ਫ਼ੀਸਦੀ ਪੋਟਾਸ਼ ਪਰਾਲੀ ਵਿਚ ਹੀ ਰਹਿ ਜਾਂਦੀ ਹੈ। ਇੱਕ ਟਨ ਪਰਾਲੀ ਵਿਚ 400 ਕਿੱਲੋ ਜੈਵਿਕ ਕਾਰਬਨ, 25 ਕਿੱਲੋ ਪੋਟਾਸ਼ੀਅਮ, 10 ਕਿੱਲੋ ਸਲਫ਼ਰ, 5 ਕਿੱਲੋ ਨਾਈਟਰੋਜਨ, 2.3 ਕਿੱਲੋ ਫ਼ਾਸਫ਼ੋਰਸ, 1.2 ਕਿੱਲੋ ਗੰਧਕ 777 ਗਰਾਮ ਆਇਰਨ, 745 ਗਰਾਮ ਮੈਗਨੀਸ਼ੀਅਮ ਅਤੇ 100 ਗਰਾਮ ਜਿੰਕ ਹੁੰਦਾ ਹੈ।
      ਸਾੜੀ ਜਾਂਦੀ ਨਾੜ/ਪਰਾਲੀ ਭਾਰੀ ਮਾਤਰਾ ਵਿਚ ਕਾਰਬਨ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ ਅਤੇ ਕਾਰਬਨ ਮੋਨੋਅਕਸਾਈਡ ਆਦਿ ਜ਼ਹਿਰੀਲੀਆਂ ਗੈਸਾਂ ਵਾਯੂਮੰਡਲ ਵਿਚ ਛੱਡਦੀ ਹੈ। ਝੋਨੇ ਦੇ ਵੱਢ ਸਾੜਨ ਨਾਲ ਹੀ 70 ਫ਼ੀਸਦੀ ਕਾਰਬਨ ਡਾਇਆਕਸਾਈਡ, 7 ਪ੍ਰਤੀਸ਼ਤ ਕਾਰਬਨ, 0.66 ਫ਼ੀਸਦੀ ਮੀਥੇਨ ਅਤੇ 2.09 ਫ਼ੀਸਦੀ ਨਾਈਟਰਿਕ ਆਕਸਾਈਡ ਹਵਾ ਵਿਚ ਘੁਲਦੀ ਹੈ। ਪਹਿਲੀਆਂ ਦੋਵੇਂ ਗੈਸਾਂ ਦਾ ਅਸਰ ਹਵਾ ਮੰਡਲ ਵਿਚ 100 ਵਰ੍ਹਿਆਂ ਤੱਕ ਰਹਿੰਦਾ ਹੈ ਤੇ ਮਗਰਲੀ ਨਾਈਟਰੇਟਸ ਦਾ 170 ਵਰ੍ਹਿਆਂ ਤਾਈਂ। ਇਹ ਗੈਸਾਂ ਸੂਰਜ ਤੋਂ ਆ ਰਹੇ ਇਨਫ਼ਰਾ ਰੈਡ ਪ੍ਰਕਾਸ਼ ਕਿਰਨਾਂ ਨੂੰ ਆਪਣੇ ਅੰਦਰ ਸਮੋ ਲੈਂਦੀਆਂ ਹਨ ਜਿਸ ਕਾਰਨ ਮੌਸਮਾਂ ਵਿਚ ਬੇਕਿਰਕ ਤਬਦੀਲੀ ਆਉਂਦੀ ਹੈ। ਇਹ ਗੈਸਾਂ ਅਤੇ ਬੇਲੋੜਾ ਤਾਪਮਾਨ ਗਲੇਸ਼ੀਅਰ ਨੂੰ ਪਿਘਲਾ ਕੇ ਤੋੜਦਾ ਹੈ। ਪਿਘਲੀ ਹੋਈ ਬਰਫ਼, ਸਮੰਦਰ, ਅਤੇ ਜਲ ਸੋਮਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਅੱਗ ਨਾਲ ਉਪਰਲੀ ਮਿੱਟੀ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਅਤੇ ਇਹ ਕੁਦਰਤੀ ਤੱਤਾਂ ਅਤੇ ਨਮੀ ਵਿਹੁਣੀ ਹੋ ਜਾਂਦੀ ਹੈ। ਸੜੀ ਹੋਈ ਧਰਤੀ ਵੱਧ ਪਾਣੀ ਮੰਗਦੀ ਹੈ ਜਿਹੜਾ ਕਿ ਪਹਿਲਾਂ ਹੀ ਥੋੜ੍ਹਾ ਹੈ। ਗੈਸਾਂ ਨਾਲ ਵਰਖਾ ਪ੍ਰਭਾਵਿਤ ਹੁੰਦੀ ਹੈ ਅਤੇ ਤੇਜ਼ਾਬੀ ਛਿੜਕਾਅ ਦੀਆਂ ਸੰਭਾਵਨਾਵਾਂ ਵਧਦੀਆਂ ਹਨ।
       ਮਾਹਿਰਾਂ ਅਨੁਸਾਰ ਜੇ ਝੋਨੇ ਦੇ ਖੇਤ ਵਿਚ 174 ਕਿੱਲੋ ਨਾਈਟਰੋਜਨ ਪ੍ਰਤੀ ਹੈਕਟੇਅਰ ਦੇ ਹਿਸਾਬ ਪਾਈ ਜਾਵੇ ਤਾਂ ਝੋਨੇ ਦੇ ਝਾੜ ਵਿਚ ਵਾਧਾ ਤਾਂ ਦੋ ਤੋਂ ਢਾਈ ਗੁਣਾ ਹੋ ਜਾਂਦਾ ਹੈ, ਪਰ ਇਸ ਦੇ ਨਾਲ ਹੀ ਜ਼ਮੀਨ ਵਿਚਲੀ ਫ਼ਾਸਫ਼ੋਰਸ, ਪੋਟਾਸ਼ ਅਤੇ ਸਲਫ਼ਰ ਦੀ ਕ੍ਰਮਵਾਰ 2.6, 3.7 ਅਤੇ 4.5 ਗੁਣਾ ਘਾਟ ਹੋ ਜਾਂਦੀ ਹੈ। ਜ਼ਮੀਨ ਦੀ ਨਮੀ ਵੀ ਘਟ ਜਾਂਦੀ ਹੈ, ਕੁਦਰਤੀ ਰੂਪ ਵਿਚ ਇਨ੍ਹਾਂ ਤੱਤਾਂ ਦੀ ਬਹਾਲੀ ਲਈ ਲੋੜੀਂਦੇ ਸੂਖਮ ਮਿੱਤਰ ਜੀਵ ਵੀ ਘਟ ਜਾਂਦੇ ਹਨ। ਹੌਲੀ ਹੌਲੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਫ਼ਿਰ ਹੋਰ ਦਰ ਹੋਰ ਰਸਾਇਣ ਪਾਉਣੇ ਪੈਂਦੇ ਹਨ ਜਿਹੜੇ ਕਿ ਬੰਦੇ ਦੀ ਸਿਹਤ ਅਤੇ ਜੇਬ ਨਿਚੋੜਦੇ ਹਨ। ਅਗੇਤੇ ਝੋਨੇ ਲਈ ਜ਼ਿਆਦਾ ਸਿੰਚਾਈ ਮਤਲਬ ਪਾਣੀ ਡੂੰਘਾ ਹੋਰ ਡੂੰਘਾ ਹੋਈ ਜਾਣਾ। ਇਸ ਡੂੰਘੇ ਪਾਣੀ ਵਿਚ ਭੈੜੇ ਤੱਤ ਜ਼ਿਆਦਾ ਹੁੰਦੇ ਹਨ। ਪਾਣੀ ਵਿਚ 60 ਮਾਈਕਰੋਗਰਾਮ ਪ੍ਰਤੀ ਲੀਟਰ ਤੋਂ ਵੱਧ ਯੂਰੇਨੀਅਮ ਨਹੀਂ ਹੋਣਾ ਚਾਹੀਦਾ। ਪਰੰਤੂ ਵੱਖ-ਵੱਖ ਥਾਵਾਂ ਤੋਂ ਬਹੁਤੀ ਡੂੰਘਾਈ 'ਤੇ ਇਸ ਦੀ ਅਤੇ ਹੋਰ ਹਾਨੀਕਾਰਕ ਧਾਤਾਂ ਦੀ ਮਿਕਦਾਰ ਕਿਤੇ ਵੱਧ ਪਾਈ ਗਈ। ਕਪਾਹ ਖਿੱਤਾ ਹੀ ਨਹੀਂ ਹੁਣ ਝੋਨਾ ਖੇਤਰ 'ਚ ਵੀ ਅਥਾਹ ਬਿਮਾਰੀਆਂ ਦਾ ਵਾਧਾ ਹੋਇਆ ਹੈ। ਥੱਲਿਓਂ ਜ਼ਿਆਦਾ ਖਿੱਚਿਆ ਪਾਣੀ ਕਈ ਪੱਖੋਂ ਨੁਕਸਾਨਦਾਇਕ ਹੁੰਦਾ ਹੈ। ਵੱਖ-ਵੱਖ ਫ਼ਸਲਾਂ ਦੀ ਪਾਣੀ ਦੀ ਖਪਤ ਨੂੰ ਵੇਖੀਏ ਤਾਂ ਇੱਕ ਏਕੜ ਝੋਨੇ ਦੀ ਕਾਸ਼ਤ ਲਈ 750 ਤੋਂ 2500 ਮਿਲੀਲੀਟਰ ਉਚਾਈ ਤੱਕ ਪਾਣੀ ਦੀ ਲੋੜ ਪੈਂਦੀ ਹੈ। ਅਗੇਤਾ ਇਕ ਕਿੱਲੋ ਚਾਵਲ ਪੈਦਾ ਕਰਨ ਲਈ 4500 ਲੀਟਰ ਤੱਕ ਪਾਣੀ ਦੀ ਖਪਤ ਕਰਦਾ ਹੈ। ਔਸਤਨ 25 ਕੁਇੰਟਲ ਝੋਨਾ ਪੈਦਾਵਾਰ ਲਈ 1,12,50,000 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਚਾਵਲ ਸਾਡੀ ਖੁਰਾਕ ਨਹੀਂ, ਜੇ ਪਾਣੀ ਦੀ ਕੀਮਤ ਔਸਤਨ ਇਕ ਰੁਪਏ ਲੀਟਰ ਵੀ ਮੰਨ ਲਈਏ ਤਾਂ 1960 ਤੋਂ ਲੈ ਕੇ ਹੁਣ ਤੱਕ ਅਸੀਂ ਕਿੰਨੀ ਰਕਮ ਦਾ ਪਾਣੀ ਚਾਵਲ ਦੇ ਰੂਪ ਵਿਚ ਮੁਫ਼ਤੋ-ਮੁਫ਼ਤ ਹੀ ਦੂਜੇ ਸੂਬਿਆਂ ਜਾਂ ਬੇਗਾਨੇ ਮੁਲਕਾਂ ਨੂੰ ਦਿੰਦੇ ਆ ਰਹੇ ਹਾਂ। ਕੌਣ ਕਹੇਗਾ, ਸਾਨੂੰ ਅਕਲਮੰਦ? ਝੋਨੇ ਦੀ ਸਿੰਚਾਈ ਵੇਲੇ ਟਿਊਬਵੈਲ ਜ਼ਿਆਦਾ ਚਲਦੇ ਹਨ। ਪੰਜਾਬ ਦੇ ਕਰੀਬ 14 ਲੱਖ ਸਿੰਚਾਈ ਟਿਊਬਵੈਲ, ਇਸ ਤੋਂ ਡੇਢੇ ਛੋਟੇ-ਵੱਡੇ ਘਰੇਲੂ ਅਤੇ ਉਦਯੋਗੀ ਬੋਰ, ਹੁਣ ਤੱਕ ਦਿਨ ਰਾਤ ਧਰਤੀ ਹੇਠੋਂ ਪਾਣੀ ਉਗਲੱਛ ਰਹੇ ਹਨ। ਸਿਰਫ਼ ਚਾਵਲਾਂ ਲਈ 129 ਘਣ ਕਿਲੋਮੀਟਰ ਪਾਣੀ ਧਰਤੀ ਹੇਠੋਂ ਖਿੱਚ ਚੁੱਕੇ ਹਾਂ। ਭਾਖੜਾ ਝੀਲ ਦੀ ਜਲ ਸੰਗ੍ਰਹਿ 9.4 ਘਣ ਕਿੱਲੋਮੀਟਰ ਹੈ ਅਰਥਾਤ ਅਸੀਂ ਭਾਖੜੇ ਵਰਗੀਆਂ 13 ਝੀਲਾਂ ਦਾ ਪਾਣੀ ਹੁਣ ਤੱਕ ਸਿਰਫ਼ ਝੋਨੇ ਲਈ ਵਰਤ ਚੁੱਕੇ ਹਾਂ। ਭਾਖੜਾ ਝੀਲ ਨਾਲ ਇਕੋ ਵਾਰ-ਸਾਰੇ ਪੰਜਾਬ ਦੇ 54 ਲੱਖ ਹੈਕਟੇਅਰ ਰਕਬੇ ਵਿਚ 16 ਫ਼ੁੱਟ ੳੱਂਚਾ ਪਾਣੀ ਖੜ੍ਹਾਇਆ ਜਾ ਸਕਦਾ ਹੈ, ਅੰਦਾਜ਼ਾ ਲਾਓ ਜੇ ਇਸ ਪਾਣੀ ਦੀ ਮਿਕਦਾਰ 13 ਗੁਣਾ ਹੋਵੇ ਤਾਂ ਕਿੰਨਾ ਪਾਣੀ ਹੁਣ ਤੱਕ ਅਸੀਂ ਵਰਤ ਗੁਆ ਚੁੱਕੇ ਹਾਂ। ਇੰਜ ਧਰਤੀ ਹੇਠ ਕੈਪਟੀ-ਖਲਾਅ ਉਪਰੰਤ ਭਵਿੱਖ ਵਿਚ ਲੂਣਾ ਅਤੇ ਭੁਚਾਲਾਂ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪਵੇਗਾ। ਝੋਨੇ ਕਾਰਨ ਪੈਦਾ ਹੋਏ ਜਲ ਸੰਕਟ ਸਬੰਧੀ ਪੰਜਾਬ ਫ਼ਾਰਮਰਜ਼ ਕਮਿਸ਼ਨ ਨੇ 2007 ਵਿਚ ਹੀ ਚਿਤਾਵਨੀ ਦੇ ਦਿੱਤੀ ਸੀ। ਤਿੰਨ ਦਹਾਕੇ ਪਹਿਲਾਂ ਆਈ ਡਾ: ਐਸ. ਐਸ. ਜੌਹਲ ਦੀ ਖੇਤੀਬਾੜੀ ਵੰਨਸੁਵਨੰਤਾ ਬਾਰੇ ਰਿਪੋਰਟ ਨੇ ਤਾਂ ਝੋਨੇ ਉੱਪਰ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ। ਹੁਣ ਜਲ ਮਾਹਿਰ ਸ੍ਰੀ ਏ. ਐਸ. ਮੁਗਲਾਨੀ ਦੀ ਰਿਪੋਰਟ ਹੈ ਕਿ ਸਿੰਚਾਈ ਲਈ ਧਰਤੀ ਹੇਠੋਂ 73 ਫ਼ੀਸਦੀ ਪਾਣੀ ਕੱਢਿਆ ਜਾ ਚੁੱਕਾ ਹੈ ਜਿਸ ਕਾਰਨ ਜਲ ਤੱਗੀਆਂ 60 ਮੀਟਰ ਹੋਰ ਹੇਠਾਂ ਚਲੀਆਂ ਗਈਆਂ ਹਨ। ਜੇ ਅਸੀਂ ਧਰਤੀ ਹੇਠਲਾ 30 ਫ਼ੀਸਦੀ ਪਾਣੀ ਵਰਤੀਏ ਤਦ 70 ਫ਼ੀਸਦੀ ਮੁੜ ਭਰਪਾਈ ਦੀ ਲੋੜ ਹੈ। 40 ਫ਼ੀਸਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ ਹੈ ਜੇ ਵਰਤੋਂ 70 ਫ਼ੀਸਦੀ ਹੋ ਜਾਵੇ ਤਾਂ ਸਮਝੋ ਭਿਆਨਕ ਹਾਲਤ। ਪਰ ਝੋਨੇ ਕਾਰਨ ਪੰਜਾਬ 146 ਫ਼ੀਸਦੀ ਪਾਣੀ ਦੀ ਵਰਤੋਂ ਕਰਦਾ ਹੈ। 
-----
ਤਜਰਬੇ ਦਰਸਾਉਂਦੇ ਹਨ ਕਿ 10 ਮਈ ਨੂੰ ਲਗਾਏ ਝੋਨੇ ਕਾਰਨ ਪਾਣੀ ਦਾ ਪੱਧਰ 60 ਸੈਂਟੀਮੀਟਰ ਹੇਠਾਂ ਹੋ ਜਾਂਦਾ ਹੈ। 25 ਮਈ ਨੂੰ ਲਗਾਏ ਝੋਨੇ ਨਾਲ, 28 ਸੈਂਟੀਮੀਟਰ, 10 ਜੂਨ ਨੂੰ ਲਗਾਉਣ ਨਾਲ ਇਹ ਗਿਰਾਵਟ 10 ਸੈਂਟੀਮੀਟਰ ਹੀ ਰਹਿ ਜਾਂਦੀ ਹੈ ਪਰੰਤੂ 25 ਜੂਨ ਨੂੰ ਲਗਾਏ ਝੋਨੇ ਵਿਚ ਇਹ ਗਿਰਾਵਟ ਜ਼ੀਰੋ ਹੁੰਦੀ ਹੈ। ਜ਼ੀਰੋ ਦਾ ਮਤਲਬ ਇਹ ਕਿ ਜਿੰਨਾ ਪਾਣੀ ਧਰਤੀ ਹੇਠੋਂ ਖਿੱਚਿਆ ਗਿਆ ਹੈ ਤਕਰੀਬਨ ਓਨਾ ਕੁ ਹੀ ਮੌਕੇ ਦੀ ਬਰਸਾਤ ਨਾਲ ਰੀਚਾਰਜ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ। ਸ਼ਰਤ ਇਹ ਹੈ ਕਿ ਬਰਸਾਤ ਸਾਂਵੀਂ ਹੋਵੇ ਅਤੇ ਵਰਖੇਈ ਜਲ ਗਰਕਾਉਣ ਲਈ ਢੁਕਵੇਂ ਸਰੋਤ ਜਾਂ ਮਾਹੌਲ ਹੋਵੇ। ਜੰਗਲ ਵਿਨਾਸ਼ ਅਤੇ ਕੰਕਰੀਟ ਕਲਚਰ ਇਕ ਹੋਰ ਅਲਾਮਤ ਹੈ। ਸਾਂਵੀਂ ਬਰਸਾਤ ਲਈ ਢੁਕਵੇਂ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਪਰੰਤੂ ਅਸੀਂ ਤਾਂ ਸਾਰੇ ਪੰਜਾਬ ਨੂੰ ਮਸਨੂਈ ਝੀਲ ਵਿਚ ਬਦਲ ਕੇ ਹੁੰਮਸੀ ਵਾਤਾਵਾਰਨ ਪੈਦਾ ਕਰ ਦਿੰਦੇ ਹਾਂ ਜੋ ਵਰਖਾ ਨੂੰ ਗੜਬੜਾ ਦਿੰਦਾ ਹੈ, ਜੋ ਜਾਂ ਤਾਂ ਪੈਂਦੀ ਨਹੀਂ ਜਾਂ ਫ਼ਿਰ ਹੇਠਲੀ ਉੱਤੇ ਲਿਆ ਦਿੰਦੀ ਹੈ। ਝੋਨੇ ਦੀ ਅਗੇਤੀ ਬਿਜਾਈ ਪਾਣੀ ਦੇ ਨੁਕਸਾਨ ਦੇ ਨਾਲ ਨਾਲ ਝੋਨੇ ਦੀ ਫ਼ਸਲ ਉੱਤੇ ਕੀਟਾਂ ਦੇ ਹਮਲੇ ਵੀ ਵਧਾਉਂਦੀ ਹੈ, ਇੰਜ ਕਿਸਾਨ ਵੱਧ ਦਵਾਈਆਂ ਵਰਤਦਾ ਹੈ।
         ਪੰਜਾਬ ਵਿਚ ਮਾਨਸੂਨ ਦੇਰੀ ਨੂੰ ਜਿਸ ਸੋਕੇ ਦਾ ਨਾਂਅ ਦਿੱਤਾ ਜਾਂਦਾ ਹੈ, ਦਰ ਹਕੀਕਤ ਇਹ ਕੁਦਰਤੀ ਵਰਤਾਰਾ ਨਹੀਂ, ਸਗੋਂ ਪੰਜਾਬ ਵਿਚ ਝੋਨੇ ਦੀ ਫ਼ਸਲ ਦਾ ਸੋਕੇ ਦੀ ਮਾਰ ਹੇਠਾਂ ਆਉਣਾ ਹੈ, ਜੋ ਪੰਜਾਬ ਵਿਚ ਝੋਨੇ ਦੀ ਖੇਤੀ 'ਤੇ ਹੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਅਰਥਾਤ ਵਰਤਾਰਾ ਕੁਦਰਤੀ ਹੈ, ਫ਼ਸਲ ਗ਼ੈਰ-ਕੁਦਰਤੀ ਹੈ ਕਿਉਂਕਿ ਤੱਟਵਰਤੀ ਜਾਂ ਸਿੱਲ੍ਹੇ ਖੇਤਰਾਂ ਵਿਚ ਝੋਨੇ ਨਾਲ ਇਵੇਂ ਮਾਨਸੂਨ ਫੇਲ੍ਹ ਹੋਣ ਵਿਚ ਵਾਪਰਦਾ ਹੈ। ਇਕ ਹੋਰ ਭਾਣਾ ਵਾਪਰਦਾ ਹੈ, ਅਸੀਂ ਖੇਤਾਂ ਨੂੰ ਪਾਣੀ ਨਾਲ ਭਰਦੇ ਹਾਂ, ਗਰਮੀ ਨਾਲ ਪਾਣੀ ਉੱਡਦਾ ਰਹਿੰਦਾ ਹੈ ਪਰ ਪਿੱਛੇ ਲੂਣ ਮਿੱਟੀ ਵਿਚ ਜਮ੍ਹਾਂ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦੀ ਮਿਕਦਾਰ ਬਰਸਾਤੀ ਸਿੰਚਾਈ ਨਾਲ ਨਾ-ਮਾਤਰ ਜਦ ਕਿ ਧਰਤੀ ਹੇਠਲੇ ਡੂੰਘੇ ਪਾਣੀਆਂ ਕਾਰਨ ਜ਼ਿਆਦਾ ਵਧਦੀ ਹੈ। ਇਸ ਤਰ੍ਹਾਂ ਮਿੱਟੀ ਦਾ ਕੱਲਰ ਸ਼ੁਰੂ ਹੋ ਜਾਂਦਾ ਹੈ। ਝੋਨਾ ਸੀਜ਼ਨ ਦੌਰਾਨ ਸਾਰਾ ਪੰਜਾਬ ਇਕ ਮਸਨੂਈ ਝੀਲ ਵਿਚ ਬਦਲ ਜਾਂਦਾ ਹੈ। ਪਾਣੀ ਭਾਫ਼ ਬਣ ਕੇ ਉੱਡਦਾ ਹੈ ਜਿਸ ਨਾਲ ਹੁੰਮਸ ਪੈਦਾ ਹੁੰਦਾ ਹੈ। ਸਾਡੇ ਸਰੀਰ ਦਾ ਤਾਪਮਾਨ ਹਮੇਸ਼ਾ 37 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਤਾਪਮਾਨ ਉੱਤੇ ਹੀ ਸਾਰੇ ਅੰਗ ਸਹੀ ਕਾਰਜ ਕਰਦੇ ਹਨ ਜੇ ਬਾਹਰੀ ਤਾਪਮਾਨ ਜਾਂ ਹੁੰਮਸ ਵਧਦਾ ਹੈ ਤਾਂ ਸਰੀਰ ਸਾਂਵਾਂ ਨਹੀਂ ਰਹਿੰਦਾ। ਹੁੰਮਸ ਕਾਰਨ ਨਵੇਂ-ਨਵੇਂ ਕੀੜੇ ਮਕੌੜਿਆਂ ਦੀ ਭਰਮਾਰ ਹੋ ਜਾਂਦੀ ਹੈ। ਦੁਸ਼ਮਣ ਕੀੜੇ ਪਨਪਦੇ ਹਨ ਜਦ ਕਿ ਮਿੱਤਰ ਕੀੜੇ ਸੁਸਤੀ ਅਖ਼ਤਿਆਰ ਕਰ ਜਾਂਦੇ ਹਨ। ਹੁੰਮਸ ਸਜੀਵ ਵਸਤੂਆਂ ਨੂੰ ਤਾਂ ਨੁਕਸਾਨ ਪਹੁੰਚਾਉਂਦਾ ਹੀ ਹੈ ਉਲਟਾ ਚੰਗੀ ਭਲੀ ਮਾਨਸੂਨ ਨੂੰ ਵੀ ਕੁਰਾਹੇ ਪਾ ਦਿੰਦਾ ਹੈ।
         ਪੰਜਾਬ ਦੇ ਚਾਰ ਥਰਮਲ ਪਲਾਂਟਾ ਦੀ ਕੁੱਲ ਪੈਦਾਵਾਰ ਬਰਾਬਰ ਬਿਜਲੀ ਤਾਂ ਡੂੰਘੇ ਟਿਊਬਵੈੱਲ, ਜਿਹੜੇ ਹੋਰ ਡੂੰਘੇ ਕਰੀ ਜਾਣ ਨਾਲ ਪੰਜਾਬ ਦੇ 16 ਲੱਖ ਕਰੋੜ ਰੁਪਏ ਖਾ ਚੁੱਕੇ ਹਨ, ਹੀ ਨਿਗਲੀ ਜਾਦੇ ਹਨ। ਇਕ ਅੰਦਾਜ਼ੇ ਅਨੁਸਾਰ ਹਰ ਸਾਲ 1150 ਕਰੋੜ ਯੂਨਿਟ ਬਿਜਲੀ ਸਿਰਫ਼ ਝੋਨਾ ਹੀ ਖਾ ਜਾਂਦਾ ਹੈ। ਇਕ ਯੂਨਿਟ ਦੀ ਪੈਦਾਵਾਰੀ ਕੀਮਤ ਘੱਟੋ ਘੱਟ 10 ਰੁਪਏ ਪੈਂਦੀ ਹੈ : ਦੱਸੋ ਕਿੰਨੇ ਦੀ ਬਿਜਲੀ ਫ਼ੂਕ ਬਹਿੰਦੇ ਹਾਂ, ਅਸੀਂ? ਖੇਤਾਂ ਦੀ ਮੁਫ਼ਤ ਬਿਜਲੀ ਜਿਸ ਦਾ ਕਰੀਬ 75 ਫ਼ੀਸਦੀ ਹਿੱਸਾ ਝੋਨਾ ਸੀਜ਼ਨ ਵੇਲੇ ਵਰਤਿਆ ਜਾਂਦਾ ਹੈ, ਦੀ ਸਬਸਿਡੀ ਦੀ ਕੀਮਤ 5,800 ਕਰੋੜ ਰੁਪਏ ਪ੍ਰਤੀ ਸਾਲ ਦੀ ਬਣਦੀ ਹੈ। ਪੰਜਾਬ ਦੇ ਚਾਰ ਥਰਮਲ ਪਲਾਂਟ 4 ਕਰੋੜ 80 ਲੱਖ ਟਨ ਕੋਲੇ ਦੀ ਖਪਤ ਕਰਦੇ ਹਨ, ਜਿਸ ਦਾ ਚੌਥਾ ਹਿੱਸਾ ਭਾਵ ਇਕ ਕਰੋੜ ਟਨ ਹੈਵੀ ਮੈਟਲ ਅਤੇ ਸੁਆਹ ਹਰ ਸਾਲ ਛਡਦੇ ਹਨ। ਹੁਣ ਲਾਓ ਜੋੜ ਕਿ ਇੰਝ ਝੋਨਾ, ਸਾਡੀ ਕਿੰਨੀ ਜਲ ਸੰਪਤੀ, ਬਿਜਲੀ, ਵਾਤਾਵਾਰਨ ਅਤੇ ਕਿੰਨੀ ਕੁ ਸਿਹਤ ਨਿਗਲ ਗਿਆ? ਫ਼ਿਰ ਹਾਈਬ੍ਰਿਡ ਬੀਜ, ਖਾਦਾਂ, ਦਵਾਈਆਂ ਕਿੰਨੀ ਰਕਮ ਦੀਆਂ ਬਣੀਆਂ? ਸਾਡੇ ਪਾਣੀ ਅਤੇ ਮੁਸ਼ੱਕਤ ਨੂੰ ਝੋਨੇ ਦੇ ਰੂਪ ਵਿਚ ਅਸਲ ਵਿਚ ਕੌਣ ਲੁੱਟ ਰਿਹਾ ਹੈ?
         ਬੰਪਰ ਕਰਾਪ ਦੀ ਧੁੱਸ ਕਿਸਾਨ ਨੂੰ ਕਰਜ਼ੇ ਤੇ ਬਿਮਾਰੀਆਂ ਦੇ ਰਹੀ ਹੈ? ਭਲਾ, ਅਸੀਂ ਕਿਸ ਲਈ ਮਿਹਨਤ ਕਰ ਜਾਂ ਕਮਾ ਰਹੇ ਹਾਂ? ਹਾਈਬ੍ਰਿਡ ਬੀਜਾਂ ਖਾਦਾਂ, ਦਵਾਈਆਂ ਦੀ ਅੰਨ੍ਹੀ ਦੌੜ ਤੁਹਾਡੀ ਮਿਹਨਤ ਅਤੇ ਕਮਾਈ ਨੂੰ ਲੁਕਵੇਂ ਰੂਪ ਵਿਚ ਕੌਣ ਹੜਪ ਰਿਹਾ? ਸਾਡੇ ਗੁਦਾਮ ਪਹਿਲਾਂ ਹੀ ਤੂੜੇ ਪਏ ਹਨ। ਮੁਲਕ ਦੇ ਵੱਖ-ਵੱਖ ਖਿੱਤਿਆਂ ਵਿਚ ਗਰੀਨ ਬੈਲਟਾਂ ਜਾਂ ਝੋਨਾ ਖੇਤਰ ਉੱਭਰ ਰਹੇ ਹਨ। ਸਰਕਾਰ ਨੇ ਕੋਠੇ ਚਾੜ੍ਹ ਕੇ ਪੌੜੀ ਖਿੱਚ ਲਈ ਹੈ। ਹੁਣ ਮੰਡੀਆਂ ਅਤੇ ਗੁਦਾਮ ਤੁਹਾਡੀ ਫ਼ਸਲ ਨਹੀਂ ਝੱਲ ਰਹੇ, ਹਰ ਸਾਲ ਕਰੋੜਾਂ ਟਨ ਅਨਾਜ ਸੜ ਰਿਹਾ ਹੈ। ਭਾਰਤ ਦੀ ਕੁੱਲ ਆਬਾਦੀ ਇਕ ਅਰਬ ਤੀਹ ਕਰੋੜ ਵਿਚੋਂ ਤੀਹ ਕਰੋੜ ਦੇ ਕਰੀਬ ਲੋਕ ਭੁੱਖੇ ਸੌਂਦੇ ਹਨ। ਸਰਕਾਰ ਫ਼ਿਰ ਪੈਦਾ ਕਿਸ ਲਈ ਕਰਵਾ ਰਹੀ ਹੈ? ਕਸੂਰ ਕਿਸਾਨ ਦਾ ਨਹੀਂ, ਸਿਸਟਮ ਦੀ ਨੀਤ ਅਤੇ ਯੋਜਨਾਬੰਦੀ ਦਾ ਹੈ।
        ਕਿਸਾਨ ਮਜਬੂਰੀ ਵਿਚ ਝੋਨਾ ਬੀਜਦਾ ਹੈ। ਕੀ ਕਰੇ ਉਹ? ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਉਪਦਾਨ, ਖਾਦਾਂ, ਪਾਣੀ, ਬਿਜਲੀ ਜਾਂ ਕਿਸੇ ਹੋਰ ਰੂਪ ਵਿਚ, ਕਿਸਾਨ ਨੂੰ ਦਿੰਦੀ ਹੈ ਉਹ ਸਾਜ਼ਗਾਰ ਬਦਲਵੇਂ ਪ੍ਰਬੰਧਾਂ ਤੱਕ ਕਿਸਾਨਾਂ ਨੂੰ ਨਗਦੀ ਜਾਂ ਰੁਜ਼ਗਾਰ ਰੂਪ ਵਿਚ ਦੇ ਕੇ ਝੋਨਾ ਰੁਕਵਾਏ। ਜੇ ਖੇਤ ਵਿਹਲੇ ਵੀ ਰੱਖਣੇ ਪੈਣ ਤਾਂ ਵੀ ਉਪਦਾਨੀ ਰਕਮ ਦਾ ਵੱਡਾ ਹਿੱਸਾ ਸਰਕਾਰ ਨੂੰ ਬਚ ਜਾਵੇਗਾ। ਤੇਲ, ਮਸ਼ੀਨਰੀ, ਵਾਤਾਵਾਰਨ ਤਾਂ ਬਚੇਗਾ ਹੀ ਸਗੋਂ ਮੰਡੀਆਂ, ਢੋਆ-ਢੁਆਈ ਅਤੇ ਗੁਦਾਮਾਂ ਦੇ ਖ਼ਰਚੇ ਵੀ ਬੋਨਸ ਦੇ ਰੂਪ ਵਿਚ ਬਚਣਗੇ। ਇੰਜ ਭਾਵੇਂ ਕੁਝ ਸਮੇਂ ਲਈ ਕਰ ਲਿਆ ਜਾਵੇ। ਕਈ ਮੁਲਕ ਇਵੇਂ ਕਰਦੇ ਹਨ। ਫਿਰ ਕੋਈ ਹੋਰ ਫ਼ਸਲ, ਢੁਕਵੇਂ ਹੱਲ ਜਾਂ ਤੌਰ-ਤਰੀਕੇ ਲੱਭੇ ਜਾਣ। ਸਾਡੇ ਕੋਲ ਮਾਹਿਰਾਂ ਅਤੇ ਸਿਆਣੇ ਬੰਦਿਆਂ ਦੀ ਕਮੀ ਨਹੀਂ, ਬੱਸ ਦ੍ਰਿੜ੍ਹ ਇੱਛਾ ਸ਼ਕਤੀ ਦੀ ਲੋੜ ਹੈ।
      ਪੰਜਾਬ ਭੀਸ਼ਣ ਜਲ, ਵਾਤਾਵਾਰਨ ਅਤੇ ਕਿਸਾਨੀ ਸੰਕਟ ਵੱਲ ਵਧ ਰਿਹਾ ਹੈ। ਜੇ ਅਸੀਂ ਨਾ ਸੰਭਲੇ ਤਾਂ ਸਾਫ਼ ਹਵਾ, ਪਾਣੀ ਅਤੇ ਰੁਜ਼ਗਾਰ ਪੂਰਤੀ ਲਈ ਅਗਲੇ ਦੋ ਕੁ ਦਹਾਕਿਆਂ ਤਾਂਈ ਹੀ ਪੰਜਾਬ ਵਿਚੋਂ ਵੱਡੇ ਪੱਧਰ ਉੱਤੇ ਹਿਜਰਤ ਹੋਵੇਗੀ। ਕਾਸ਼! ਉਹ ਵੇਲਾ ਨਾ ਆਵੇ ਜਦੋਂ ਸਾਡੇ ਵਾਰਸ ਕਹਿਣ 'ਕਿੰਨਾ ਬੇਕਿਰਕ ਸੀ ਸਿਸਟਮ ਅਤੇ ਕਿੰਨੇ ਨਾਲਾਇਕ ਸਨ ਸਾਡੇ ਪੁਰਖੇ, ਜਿਹੜੇ ਸਾਡੇ ਲਈ ਸ਼ੁੱਧ ਹਵਾ-ਅੰਨ ਤਾਂ ਇਕ ਪਾਸੇ, ਪਾਣੀ ਦੀ ਘੁੱਟ ਵੀ ਨਹੀਂ ਛੱਡ ਕੇ ਗਏ।' ਮੁੱਕਦੀ ਗੱਲ, ਤੁਰਤ-ਪੈਰੀਂ ਸੰਵਾਦ ਰਚਾਉਣ ਦੀ ਲੋੜ, ਕਿਤੇ ਝੋਨਾ ਪੰਜਾਬ ਲਈ ਇਕ ਹੋਰ ਸੰਤਾਪ ਨਾ ਬਣ ਜਾਵੇ।
- ਸੰਪਰਕ : 94634 3907

15 Dec. 2018