ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ

17 Dec. 2018

ਪੰਜਾਬ ਦੇ ਹਿਤਾਂ ਲਈ ਲੋਕ ਸਭਾ ਦੀਆਂ ਚੋਣਾਂ ਲੜਨ ਤੋਂ ਵੀ ਗੁਰੇਜ਼ ਨਹੀਂ ਕਰਾਂਗਾ- ਖਹਿਰਾ
ਹੱਸ ਕੇ ਨਾ ਲੰਘ ਵੈਰੀਆ, ਮੇਰੀ ਸੱਸ ਭਰਮਾਂ ਦੀ ਮਾਰੀ।

ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦੇ ਮਾਮਲੇ 'ਚ ਸੁਖਬੀਰ ਦੀ ਐਮ.ਐਲ.ਏ. ਮੈਂਬਰਸ਼ਿੱਪ ਹੋਵੇ ਰੱਦ- ਗੁਰਦੀਪ ਸਿੰਘ ਬਠਿੰਡਾ
ਜਿਸ ਮਰਦ ਨੂੰ ਸ਼ਰਮ ਨਾ ਹੋਏ ਗ਼ੈਰਤ, ਉਸ ਮਰਦ ਤੋਂ ਚੰਗੀਆਂ ਤੀਵੀਆਂ ਨੇ।

ਕਿਸੇ ਵੀ ਕੀਮਤ 'ਤੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਕਾਂਗਰਸ- ਮੋਦੀ
ਤੇ ਤੂੰ ਭਾਈ ਕਿਹੜਾ ਦੇਸ਼ ਨੂੰ ਛੋਲੇ ਚਾਰਦੈਂ।

ਟਕਸਾਲੀ ਅਕਾਲੀਆਂ ਲਈ ਸ਼੍ਰੋਮਣੀ ਕਮੇਟੀ ਨੇ ਸੂਚਨਾ ਦਫ਼ਤਰ ਦੇ ਦਰਵਾਜ਼ੇ ਕੀਤੇ ਬੰਦ- ਇਕ ਖ਼ਬਰ
ਯਾਨੀ ਕਿ ਭਾਂਡੇ ਮਾਂਜਣ ਅਤੇ ਜੁੱਤੀਆਂ ਸਾਫ਼ ਕਰਨ ਤੋਂ ਬਾਅਦ ਵੀ ਸ਼ਰਮ ਨਹੀਂ ਆਈ ਇਹਨਾਂ ਨੂੰ।

ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਬਣੇ 'ਅਕਾਲੀ ਦਲਾਂ' ਨੂੰ ਲੋਕਾਂ ਨੇ ਹਮੇਸ਼ਾ ਨਕਾਰਿਆ- ਬਾਦਲ
ਤੇਲ ਦੇਖੋ ਤੇਲ ਦੀ ਧਾਰ ਦੇਖੋ, ਬਾਦਲ ਸਾਹਿਬ।

ਆਰ.ਐੱਸ.ਐੱਸ. ਦੀ ਬੋਲੀ ਬੋਲ ਰਹੇ ਨੇ ਕੈਪਟਨ ਅਮਰਿੰਦਰ ਸਿੰਘ- ਬੀਰਦਵਿੰਦਰ ਸਿੰਘ
ਹਾਇ ਰੇ ਇਨਸਾਨ ਕੀ ਮਜਬੂਰੀਆਂ।

ਕੈਪਟਨ ਵਲੋਂ ਗੁਰੂ ਤੇਗ਼ ਬਹਾਦਰ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਸੱਦਾ-ਇਕ ਖ਼ਬਰ
ਪਹਿਲਾਂ ਗੁਟਕਾ ਫੜੇ ਦੀ ਲਾਜ ਰੱਖੋ, ਫੇਰ ਮੱਤਾਂ ਦਿਓ ਲੋਕਾਂ ਨੂੰ ਰਾਜਾ ਜੀ।

ਭਾਜਪਾ ਤੋਂ ਅੱਕੇ ਲੋਕ ਹੁਣ ਤਬਦੀਲੀ ਚਾਹੁੰਦੇ ਹਨ- ਕੈਪਟਨ
ਵਾਰਸ ਸ਼ਾਹ ਤੇ ਰਾਂਝਣੇ ਸੋਗ ਹੋਇਆ, ਮਿਲਣ ਰੰਗ ਪੁਰ ਵਿਚ ਵਧਾਈਆਂ ਵੇ।

ਬਾਗ਼ੀ ਟਕਸਾਲੀ ਅਕਾਲੀ ਆਗੂਆਂ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ- ਇਕ ਖ਼ਬਰ
ਸ਼ਾਹ ਮੁਹੰਮਦਾ ਫੱਗਣੋਂ ਤੇਰ੍ਹਵੀਂ ਨੂੰ, ਹਮ ਸ਼ਹਿਰ ਲਹੌਰ ਵਿਚ ਵੜੇਗਾ ਜੀ।

ਬਾਦਲ ਪਰਵਾਰ ਸਾਰੇ ਅਹੁੱਦਿਆਂ ਤੋਂ ਅਸਤੀਫ਼ੇ ਦੇ ਕੇ ਬਖ਼ਸ਼ਾਵੇ ਭੁੱਲ- ਐਡਵੋਕੇਟ ਹੰਝਰਾ
ਪੁੰਨ ਪਾਪ ਤੇਰੇ ਬੰਦਿਆ, ਤੱਕੜੀ 'ਤੇ ਤੁਲ ਜਾਣਗੇ।

ਕੈਪਟਨ ਸਰਕਾਰ ਨੇ ਧੋਖੇ ਨਾਲ਼ ਪੰਜਾਬ ਦੀ ਨੌਜੁਆਨੀ ਨੂੰ ਲੁੱਟਿਆ- ਮਜੀਠੀਆ
ਜ਼ਰਾ ਆਪਣੇ ਬਾਰੇ ਵੀ ਦੱਸ ਦਿੰਦੇ ਕਿ ਤੁਸੀਂ ਨੌਜੁਆਨੀ ਕਿਵੇਂ ਬਰਬਾਦ ਕੀਤੀ।

ਜਨਰਲ ਜੇ. ਜੇ. ਸਿੰਘ ਨੇ ਅਕਾਲੀ ਦਲ ਬਾਦਲ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ
ਆਹ ਲੈ ਫੜ ਚੁੱਕ ਮਿੱਤਰਾ, ਸਾਡੇ ਬਾਂਕਾ ਮੇਚ ਨਾ ਆਈਆਂ।

ਲੋਕਾਂ ਦੀ ਇੱਛਾ 'ਭਾਜਪਾ ਮੁਕਤ' ਭਾਰਤ- ਸ਼ਿਵ ਸੈਨਾ
ਜੀਣੇ ਵੈਲੀ ਨੇ, ਹੱਥ ਜੋੜ ਕੇ ਗੰਡਾਸੀ ਮਾਰੀ।

ਮੈਨੂੰ ਜੇਲ੍ਹਾਂ ਨੇ ਹੀ ਭ੍ਰਿਸ਼ਟਾਚਾਰ ਵਿਰੁੱਧ ਲੜਨ ਦਾ ਹੌਸਲਾ ਦਿਤਾ- ਪਰਕਾਸ਼ ਸਿੰਘ ਬਾਦਲ
ਸੁਣ ਲੈ ਨਿਹਾਲੀਏ ਚੋ૴.ਦੀਆਂ ਗੱਲਾਂ।

ਅਕਾਲ ਤਖ਼ਤ ਦੇ ਜਥੇਦਾਰ ਵਲੋਂ ਅਕਾਲੀ ਦਲ ਬਾਦਲ ਨੂੰ 'ਕਲੀਨ ਚਿੱਟ'- ਇਕ ਖ਼ਬਰ
ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ, ਤੇਰੀ ਆਈ ਮੈਂ ਮਰ ਜਾਂ।

ਕਾਂਗਰਸ ਦੀ 'ਬੀ' ਟੀਮ ਹੈ ਆਮ ਆਦਮੀ ਪਾਰਟੀ- ਮਨਜਿੰਦਰ ਸਿਰਸਾ
ਤੁਸੀਂ ਵੀ ਆਪਣੀ 'ਏ' ਟੀਮ ਦਾ ਨਾਮ ਲੈ ਦਿੰਦੇ ਸਿਰਸਾ ਸਾਹਿਬ।