ਪੀਐਚ. ਡੀ. ਦੀ ਘਪਲੇਬਾਜ਼ੀ  - ਬੁੱਧ ਸਿੰਘ ਨੀਲੋਂ

ਪੰਜਾਬੀ ਸਾਹਿਤ ਦੇ ਵਿਚ ਅੱਜਕੱਲ ਸਾਹਿਤ ਦੇ ਡਾਕਟਰਾਂ ਦੀ ਬਹੁਤ ਹੀ ਭਰਮਾਰ ਹੋ ਰਹੀ ਹੈ। ਯੂ ਜੀ ਸੀ ਨੇ ਡਾਕਟਰ ਦੀ ਡਿਗਰੀ, ਕਿਤਾਬ ਤੇ ਰਸਾਲਿਆਂ ਦੇ ਵਿਚ ਖੋਜ ਪੱਤਰ ਲਿਖਣੇ ਤਾਂ ਲਾਜ਼ਮੀ ਕਰ ਦਿੱਤੇ ਹਨ ਪਰ ਇਹ ਖੋਜਕਾਰ ਕਿਵੇਂ ਸਾਹਿਤ ਦੇ ਡਾਕਟਰ ਬਣਦੇ ਹਨ, ਇਹਨਾਂ 'ਤੇ ਖੋਜ ਕੀਤੀ ਹੈ। ਇਨ੍ਹਾਂ ਦੇ ਵਿਚੋਂ ਕੁੱਝ 'ਸਾਹਿਤ ਦੇ ਡਾਕਟਰੂ' ਤੁਹਾਡੀ ਨਜ਼ਰ ਕਰ ਰਿਹਾ ਹਾਂ।


ਇਉਂ ਬਣਦੇ ਨੇ ਸਾਹਿਤ ਦੇ ਡਾਕਟਰ!

ਪਿਛਲੇ ਦਿਨੀਂ ਇਕ ਖ਼ਬਰ ਛਪੀ ਸੀ ਕਿ ਇਕ ਡਾਕਟਰ ਨੇ ਜ਼ਖਮੀ ਦੇ ਸਿਰ ਦਾ ਅਪ੍ਰੇਸ਼ਨ ਕਰਨ ਦੀ ਬਜਾਏ ਉਸਦੀ ਲੱਤ ਦਾ ਅਪ੍ਰੇਰਸ਼ਨ ਕਰ ਦਿੱਤਾ, ਜਿਸ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ। ਮੈਡੀਕਲ ਖੇਤਰ ਵਿਚ ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਸਮੇਂ ਸਿਰ ਸਾਹਮਣੇ ਆਉਂਦੀਆਂ ਹਨ ਤੇ ਡਾਕਟਰ ਨੇ ਅਪ੍ਰਰੇਸ਼ਨ ਦੌਰਾਨ ਕੈਂਚੀ ਅੰਦਰ ਛੱਡ ਦਿੱਤੀ। ਕੈਂਚੀ ਦਾ ਪਤਾ ਫੁੱਲ ਚੁੱਗਣ ਦੌਰਾਨ ਲੱਗਿਆ ਸੀ। ਉਸ ਕੈਂਚੀ ਦੇ ਕਾਰਨ ਹੀ ਵਿਅਕਤੀ ਦੀ ਮੌਤ ਹੋ ਗਈ ਸੀ, ਇਸੇ ਤਰ੍ਹਾਂ ਹੀ ਪੰਜਾਬੀ ਸਾਹਿਤ ਵਿਚ ਇਸ ਤਰ੍ਹਾਂ ਬਣੇ ਡਾਕਟਰਾਂ ਨੇ ਜਿਹੜਾ ਪੰਜਾਬੀ ਭਾਸ਼ਾ, ਸਾਹਿਤ ਤੇ ਅਸਭਿਆਚਾਰ ਦਾ ਨੁਕਸਾਨ ਕੀਤਾ ਹੈ, ਇਸ ਦੇ ਨਤੀਜੇ ਹੁਣ ਪ੍ਰਤੱਖ ਤੌਰ ਤੇ ਸਾਹਮਣੇ ਆਉਣ ਲੱਗ ਪਏ, ਪੰਜਾਬੀ ਸਾਹਿਤ ਵਿਚ ਜਿਹੜੀ ਖੋੜਤ ਆਈ ਹੈ, ਉਸ ਦਾ ਮੁੱਖ ਕਾਰਨ ਇਹ ਹੈ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਅਜਿਹੇ ਅਖੌਤੀ ਡਾਕਟਰ ਹਨ, ਜਿਹੜੇ ਨਕਲ ਮਾਰ ਕੇ ਪੜੇ ਹਨ ਤੇ ਵਿਦਿਆਰਥੀਆਂ ਨੂੰ ਨਕਲ ਮਾਰਨ ਦੀ ਸਿੱਖਿਆ ਦਿੰਦੇ ਹਨ।
         ਹੁਣ ਤੱਕ ਪੰਜਾਬੀ ਸਾਹਿਤ, ਭਾਸ਼ਾ ਤੇ ਸਭਿਆਚਾਰ ਵਿਚ 22 ਸੋ ਤੋਂ ਉੱਪਰ ਪੀਐਚ ਡੀ ਕਰ ਚੁੱਕੇ ਹਨ। ਇਨ੍ਹਾਂ ਵਿਚੋਂ 1980 ਤੱਕ ਦੀਆਂ ਪੀਐਚ ਡੀ 789 ਬਣਦੀਆਂ ਹਨ। ਇਨ੍ਹਾਂ ਵਿਚ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਸਮੇਤ ਲੰਡਨ ਤੇ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਵੀ ਸ਼ਾਮਿਲ ਹਨ। ਅੱਜ ਪੰਜਾਬੀ ਸਾਹਿਤ ਵਿਚ ਧੜਾਧੜ ਛਪ ਰਹੀਆਂ ਹਨ, ਪਰ ਉਨ੍ਹਾਂ ਨੂੰ ਪੜ੍ਹਨ ਵਾਲਾ ਕੋਈ ਪਾਠਕ ਨਹੀਂ ਪਹਿਲੇ ਸਮਿਆਂ ਵਿਚ ਕਿਤਾਬਾਂ ਦੇ ਐਡੀਸ਼ਨ ਹਜ਼ਾਰਾਂ ਦੀ ਗਿਣਤੀ ਵਿਚ ਛਪਦੇ ਸਨ, ਹੁਣ 150 ਤੋਂ ਵੱਧ ਕੋਈ ਕਿਤਾਬ ਨਹੀਂ ਛਪਦੀ। ਹੁਣ ਲੇਖਕਾਂ ਨੂੰ ਖੁਦ ਹੀ ਪੱਲਿਓ ਖਰਚ ਕਰਕੇ ਕਿਤਾਬ ਛਪਾਉਣੀ ਤੇ ਰਿਲੀਜ਼ ਕਰਨੀ ਪੈਂਦੀ ਹੈ ਤੇ ਕਿਤਾਬਾਂ ਵੀ ਮੰਰੂਡਿਆ ਵਾਂਗ ਵੰਡਣੀਆਂ ਪੈਂਦੀਆਂ ਹਨ। ਪੰਜਾਬੀ ਖੋਜ ਵਿਚ ਵੀ ਖੋੜਤ ਆ ਗਈ ਹੈ। ਹਾਲਤ ਤਾਂ ਇਹ ਬਣ ਗਏ ਹਨ ਕਿ ਮੱਧ ਕਾਲ ਦੇ ਸਾਹਿਤ ਦਾ ਨਾਂ ਤਾਂ ਕੋਈ ਮੁਲਾਂਕਣ ਕਰਨ ਵਾਲਾ ਵਿਦਵਾਨ ਬਚਿਆ ਹੈ ਤੇ ਨਾ ਹੀ ਕੋਈ ਖੋਜਾਰਥੀ ਇਸ ਵਿਸ਼ੇ ਤੇ ਖੋਜ ਕਰਦਾ ਹੈ।
       ਪੰਜਾਬੀ ਸਾਹਿਤ ਦੀ ਵਿਚਾਰ ਧਾਰਾ ਇਕ ਦੁੱਕਾ ਥੀਸਿਸ਼ਾਂ ਤੋਂ ਬਿਨਾ ਬਾਕੀ ਸਭ ਥੀਸਿਸ਼ 1980 ਤੋਂ ਪਹਿਲਾਂ ਹੋਏ ਥੀਸਿਸਾਂ ਦੀ ਸਿੱਧੀ ਤੇ ਅਸਿੱਧੀ ਨਕਲ ਹਨ। ਅਸਂ ਇਨ੍ਹਾਂ ਨਕਲਾਂ ਦਾ ਖੁਲਾਸਾ ਕਈ ਵਾਰ ਕਰ ਚੁੱਕੇ ਹਾਂ ਤੇ ਇਸ ਦਾ ਨਾ ਤਾਂ ਯੂਜੀਸੀ ਦੇ ਚੇਅਰਮੈਨ ਤੇ ਨਾ ਹੀ ਯੂਨੀਵਰਸਿਟੀਆਂ ਦੇ ਉਪ-ਕੁੱਲਪਤੀਆਂ ਨੇ ਕੋਈ ਨੋਟਿਸ ਲਿਆ ਹੈ। ਹੁਣ ਤੱਕ ਦੀ ਹੋਈ ਖੋਜ ਨੂੰ ਪੜ੍ਹਦਿਆਂ ਇਹ ਗੱਲ ਸਪਸ਼ੱਟ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਇਸ ਵਿਚ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਕੁਝ ਉਹ ਵਿਦਵਾਨ ਹਨ ਜਿਨਾਂ ਨੇ ਇਹ ਨਕਲ ਕਰਵਾਈ ਹੈ। ਜਿਹੜੇ ਵਿਦਵਾਨ ਕੋਈ ਖੋਜ ਦਾ ਕਾਰਜ ਕਰਦੇ ਵੀ ਹਨ ਉਨ੍ਹਾਂ ਦਾ ਕੋਈ ਗੰਭੀਰ ਨੋਟਿਸ ਨਹੀਂ ਲੈਂਂਦਾ। ਇਸ ਨਕਲ ਦੇ ਰੁਝਾਨ ਦੇ ਵਿਚ ਜੋ ਕੁਝ ਵੀ ਹੁਣ ਤੱਕ ਸਾਹਮਣੇ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਸ਼ਾਇਦ ਕੋਈ ਇਸ ਦਾ ਨੋਟਿਸ ਲਵੇ।
       ਚਲੋ, ਕੋਈ ਗੱਲ ਨਹੀਂ । ਜੇਕਰ ਇਹ ਲੋਕ ਚੁੱਪ ਦੀ ਮਾਰ ਮਾਰਨ ਲਈ ਤਿਆਰ ਬੈਠੇ ਹਨ ਤਾਂ ਅਸੀਂ ਵੀ ਇੱਕ ਇੱਕ ਕਰਕੇ ਇਨ੍ਹਾਂ ਦੀਆਂ ਕਰਤੂਤਾਂ ਜਾਂ ਸਾਜਿਸ਼ਾਂ ਦੇ ਭਾਂਡੇ ਚੌਰਾਹੇ 'ਚ ਭੰਨਦੇ ਜਾਣੇ ਹਨ। ਕਦੇ ਤਾਂ ਕੋਈ ਸਾਡੀ ਗੱਲ ਸੁਣੇਗਾ ਹੀ। ਕਦੇ ਕੋਈ ਵਿਦਿਆਰਥੀ ਸੰਗਠਨ ਹੀ ਇਸ ਆਵਾਜ਼ ਨੂੰ ਬੁਲੰਦ ਕਰੇਗਾ। ਚਲੋ ਜੇ ਕੁੱਝ ਵੀ ਨਹੀਂ ਹੁੰਦਾ ਤਾਂ ਘੱਟੋ ਘੱਟ ਸਾਡੇ 'ਜ਼ਿਹਨ 'ਚ ਤਾਂ ਥੋੜ੍ਹੀ ਜਿਹੀ ਨਾਰਾਜ਼ਗੀ' ਰਹਿਣੀ ਹੀ ਚਾਹੀਦੀ ਹੈ। ਉਚੇਰੀ ਸਿੱਖਿਆ ਐਮ ਫਿਲ ਅਤੇ ਪੀਐਚ ਡੀ ਵਿੱਚ ਕਿਸ ਤਰ੍ਹਾਂ ਨਕਲ ਹੁੰਦੀ ਹੈ ਤੇ ਸਾਡੇ ਯੂਨੀਵਰਸਿਟੀਆਂ ਵਿੱਚ ਬੈਠੇ 'ਵਿਦਵਾਨ ' ਕਿਵੇਂ ਮੱਖੀ ਤੇ ਮੱਖੀ ਮਾਰੀ ਜਾ ਰਹੇ ਹਨ ਅਤੇ ਇੱਕੋ ਵਿਸ਼ੇ ਤੇ ਖੋਜ ਕਰਵਾਈ ਜਾ ਰਹੇ ਹਨ। ਖੋਜ ਦਾ ਵਿਸ਼ਾ ਇੱਕੋ ਹੁੰਦਾ ਹੈ, ਯੂਨੀਵਰਸਿਟੀ , ਗਾਇਡ ਤੇ ਖੋਜਾਰਥੀ ਬਦਲਦਾ ਹੈ। ਪੰਜਾਬੀ ਖੋਜ ਦਾ ਕੋਈ ਲੰਮਾ ਇਤਿਹਾਸ ਨਹੀਂ, ਕੋਈ 40 ਕੁ ਵਰ੍ਹਿਆਂ ਦਾ ਹੀ ਹੈ। 1980 ਤੱਕ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਤੇ ਜਿੰਨੀ ਕੁ ਖੋਜ ਹੋਈ ਹੈ, ਉਸ ਨੂੰ ਹੀ ਆਧਾਰ ਬਣਾ ਕੇ ਹੁਣ ਤੱਕ ਕੰਮ ਸਾਰਿਆ ਜਾ ਰਿਹਾ ਹੈ। ਹੁਣ ਤੱਕ ਹੋਈ ਖੋਜ ਦੇ 2 ਹਜਾਰ ਤੋਂ ਉੱਤੇ ਖੋਜ ਪ੍ਰਬੰਧ ਮਿਲਦੇ ਹਨ। ਜਿੰਨ੍ਹਾਂ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਇੱਕ ਸੈਮੀਨਾਰ ਦੌਰਾਨ ਪੰਜਾਬੀ ਦੇ ਇੱਕ ਪ੍ਰਸਿੱਧ ਆਲੋਚਕ ਡਾ. ਸੁਤਿੰਦਰ ਸਿੰਘ ਨੂਰ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਸੀ ਕਿ 2 ਹਜ਼ਾਰ ਥੀਸਿਸਾਂ ਵਿੱਚੋਂ 200 ਥੀਸਿਸ ਹੀ ਚੰਗੇ ਹਨ ਬਾਕੀ ਸਭ ਇੱਧਰੋਂ ਉੱਧਰੋਂ ਨਕਲ ਨਾਲ ਤਿਆਰ ਕੀਤੇ ਗਏ ਹਨ। ਆਓ ਦਿਖਾਈਏ ਤੁਹਾਨੂੰ ਕੁੱਝ ਥੀਸਿਸਾਂ ਦੇ ਨਮੂਨੇ ਜਿੰਨ੍ਹਾਂ ਨੇ ਆਪਣੇ ਤਂਂ ਪਹਿਲਾਂ ਹੋਏ ਥੀਸਿਸਾਂ ਵਿੱਚੋਂ ਕਿਵੇਂ ਨਕਲ ਮਾਰੀ ਹੈ।

1. ਆਧੁਨਿਕ ਪੰਜਾਬੀ ਇਸਤਰੀ ਕਵੀਆਂ ਦੀ ਕਾਵਿ-ਰਚਨਾ ਨਾਰੀ-ਸੰਵੇਦਨਾ, ਅਰਵਿੰਦਰ ਕੌਰ, ਨਿਗਰਾਨ ਡਾ. ਬਲਜੀਤ
    ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (1990)

2. ਪੰਜਾਬੀ ਇਸਤਰੀ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਚੇਤਨਾ- ਚਰਨਜੀਤ ਕੌਰ, ਨਿਗਰਾਨ ਡਾ. ਬਲਵਿੰਦਰ ਕੌਰ ਬਰਾੜ,
    ਪੰਜਾਬੀ ਯੂਨੀਵਰਸਿਟੀ, ਪਟਿਆਲਾ (1992)। ਇਹ ਦੋਵੇਂ ਥੀਸਿਸ ਵਿੱਚੋਂ ਗੁਰਪ੍ਰੀਤ ਕੌਰ ਕਿਵੇਂ ਨਕਲ ਮਾਰਦੀ ਹੈ।ઠ

3. ਪੰਜਾਬੀ ਇਸਤਰੀ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਸੰਵੇਦਨਾ, ਗੁਰਪ੍ਰੀਤ ਕੌਰ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (2002) ਇਨ੍ਹਾਂ ਥੀਸਿਸਾਂ ਵਿਚੋਂ ਕੁਰੂਕਸ਼ੇਤਰ ਯੂਨੀਵਰਸਿਟੀ ਵਾਲੇ ਥੀਸਿਸ ਵਿੱਚ ਉਪਰੋਕਤ ਦੋਵਾਂ ਥੀਸਿਸਾਂ ਵਿੱਚ ਬਹੁਤ ਸਾਰਾ ਮਸਾਲਾ ਚੋਰੀ ਕਰਕੇ ਹੂ-ਬ-ਹੂ ਉਤਾਰ ਦਿੱਤਾ ਗਿਆ ਹੈ। ਅਰਵਿੰਦਰ ਕੌਰ (1990) ਵਾਲੇ ਥੀਸਿਸ ਦੇ ਪੰਨਾ ਨੰਬਰ 27, 28, 29, 31, 33, 35, 36, 37, 38, 40, 3, 5, 6, 7 ਨੂੰ ਗੁਰਪ੍ਰੀਤ ਕੌਰ (2002) ਨੇ ਆਪਣੇ ਥੀਸਿਸ ਦੇ ਪੰਨਾ ਨੰਬਰ 116, 117, 118, 120, 124, 125, 126, 127, 128, 129, 130, 131, 132 ਤੱਕ ਸ਼ਬਦ-ਸ਼ਬਦ ਉਤਾਰਿਆ ਹੋਇਆ ਹੈ। ਗੁਰਪ੍ਰੀਤ ਕੌਰ ਨੇ ਚਰਨਜੀਤ ਕੌਰ (1992) ਦੇ ਥੀਸਿਸ ਦੇ ਪੰਨਾ ਨੰਬਰ 198, 199, 200, 201, 202, 203, 206, 207, 208, 209, 210, 212, 213, 215, 108, 148, 149 ਸਫੇ ਨੂੰ ਗੁਰਪ੍ਰੀਤ ਕੌਰ ਨੇ ਆਪਦੇ ਥੀਸਿਸ ਦੇ ਸਫਾ ਨੰਬਰ 263, 264, 265, 266, 267, 268, 269, 270, 271, 272, 273, 274, 275 ਅਤੇ 65, 96, 97 ਪੰਨਿਆ ਉੱਤੇ ਉਤਾਰਿਆ ਹੈ।

4. ਸ਼ਿਵ ਕੁਮਾਰ ਦੇ ਕਾਵਿ ਦਾ ਲੋਕ ਯਾਨਿਕ ਅਧਿਐਨ - ਅਮਰਪਾਲ ਕੌਰ ਨੇ ਡਾ. ਤ੍ਰਿਲੋਕ ਸਿੰਘ ਆਨੰਦ ਦੀ ਨਿਗਰਾਨੀ ਹੇਠ
    ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚ ਡੀ ਕੀਤੀ।ઠ

੫. ਸ਼ਿਵ ਕੁਮਾਰ ਦੇ ਕਾਵਿ ਦਾ ਲੋਕ ਯਾਨਿਕ ਅਧਿਐਨ - ਪ੍ਰੇਮ ਲਤਾ ਸ਼ਰਮਾ ਨੇ ਡਾ. ਨਰਵਿੰਦਰ ਕੌਸ਼ਲ ਦੀ ਨਿਗਰਾਨੀ ਹੇਠ
    ਕੁਰਕਸ਼ੇਤਰ ਯੂਨੀਵਰਸਿਟੀ ਕੁਰਕਸ਼ੇਤਰ ਤੋਂ ਪੀਐਚ ਡੀ ਕੀਤੀ।ઠ

ਪ੍ਰੇਮ ਲਤਾ ਸ਼ਰਮਾ ਨੇ ਆਪਣੇ ਤੋਂ ਪਹਿਲਾਂ ਹੋਏ ਥੀਸਿਸ ਦੇ ਪੂਰੇ ਦੇ ਪੂਰੇ ਤਿੰਨ ਅਧਿਆਏ ਆਪਣੇ ਥੀਸਿਸ ਦਾ ਸ਼ਿੰਗਾਰ ਬਣਾ ਲਏ। ਉਸ ਨੇ ਜਿਹੜੇ ਦੋ ਹੋਰ ਅਧਿਆਏ ਬਣਾਏ ਹਨ , ਉਹ ਵੀ ਪੀਐਚ. ਡੀ ਅਤੇ ਐਮ ਫਿਲ ਦੇ ਥੀਸਿਸਾਂ ਵਿੱਚੋਂ ਹਨ। ਬੀਬੀ ਪ੍ਰੇਮ ਲਤਾ ਸ਼ਰਮਾ ਨੇ ਭਾਵੇਂ ਆਪਣੇ ਖੋਜ ਪ੍ਰਬੰਧ ਵਿੱਚ ਵਾਧਾ ਤਾਂ ਕੋਈ ਕੀਤਾ ਨਹੀਂ ਪਰ ਅਮਰਪਾਲ ਕੌਰ ਦੇ ਥੀਸਿਸ ਵਿੱਚ ਦਿੱਤੀਆਂ ਸ਼ਿਵ ਕੁਮਾਰ ਕਾਵਿ ਦੀਆਂ ਤੁਕਾਂ ਕੱਟ ਦਿੱਤੀਆਂ ਹਨ। ਇਸੇ ਤਰ੍ਹਾਂ 'ਡਾ. ਗੁਰਨਾਮ ਸਿੰਘ ਤੀਰ ਦੀ ਹਾਸ ਵਿਅੰਗ ਕਲਾ' 'ਤੇ 1993 ਵਿੱਚ ਸੁਰਿੰਦਰ ਕੌਰ ਨੇ ਪੰਜਾਬ ਯੁਨੀਵਰਸਿਟੀ ਤੋਂ ਡਾ. ਆਤਮ ਹਮਰਾਹੀ ਦੀ ਅਗਵਾਈ ਹੇਠ ਪੀਐਚ ਡੀ ਕੀਤੀ ਤੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਬੀਬੀ ਸੁਖਦੀਪ ਕੌਰ ਨੇ ਡਾ. ਬਲਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ 'ਡਾ. ਗੁਰਨਾਮ ਸਿੰਘ ਤੀਰ ਦੀ ਪੰਜਾਬੀ ਹਾਸ ਵਿਅੰਗ ਸਾਹਿਤ ਨੂੰ ਦੇਣ-ਇੱਕ ਆਲੋਚਨਾਤਮਕ ਅਧਿਐਨ' 2001 ਵਿੱਚ ਪੀਐਚ ਡੀ ਕੀਤੀ। ਇਸ ਥੀਸਿਸ ਵਿੱਚ ਖੋਜਾਰਥੀ, ਗਾਇਡ ਅਤੇ ਯੂਨੀਵਰਸਿਟੀ ਬਦਲਦੀ ਹੈ ਤੇ ਬਾਕੀ ਸੁਰਿੰਦਰ ਕੌਰ ਦੇ ਥੀਸਿਸ ਨੂੰ ਹੀ ਪੇਸ਼ ਕੀਤਾ ਗਿਆ ਹੈ।
        ਹੁਣ ਦੋਸ਼ ਅਸੀਂ ਨਾ ਤਾਂ ਦਿੰਦੇ ਹਾਂ ਨਿਗਰਾਨ ਸਾਹਿਬਾਨ ਨੂੰ ਅਤੇ ਨਾ ਹੀ ਉਸ ਬੀਬੀਆਂ ਨੂੰ ਜਿਹੜੀਆਂ ਹੁਣ 'ਡਾਕਟਰ' ਬਣ ਕੇ ਪਤਾ ਨਹੀਂ ਕਿੱਥੇ-ਕਿਥੇ 'ਚਾਨਣ ਵੰਡ' ਰਹੀਆਂ ਹੋਣਗੀਆਂ। ਦੋਸ਼ ਤਾਂ ਸਿਸਟਮ ਦਾ ਹੈ। ਜਿਹੜਾ ਇਹ ਕੁੱਝ ਕਰਨ ਅਤੇ ਕਰਵਾਉਣ ਦੀ ਸਰਕਾਰੀ ਪ੍ਰਵਾਨਗੀ ਦਿੰਦਾ ਹੈ। ਜੇਕਰ ਸਿਸਟਮ ਹੀ ਅਜਿਹਾ ਹੋਵੇਗਾ ਤਾਂ ਇਨ੍ਹਾਂ ਬੀਬੀਆਂ ਨੇ ਕੋਈ ਜੱਗੋਂ ਤੇਰ੍ਹਵੀਂ ਨਹੀਂ ਕੀਤੀ। ਹੁਣ ਜੇਕਰ ਅਸੀਂ ਪੰਜਾਬੀ ਵਿਦਵਾਨਾਂ ਦੇ ਸਾਹਿਤ ਦੀ ਇਤਿਹਾਸਕਾਰੀ ਜਾਂ ਸਮੀਖਿਆ ਦ੍ਰਿਸ਼ਟੀਆਂ ਵਿੱਚ ਮਨੋ ਵਿਸ਼ਲੇਸ਼ਣ ਬਾਰੇ ਲਿਖਦਿਆਂ ਕਿਹੜੇ ਕਿਹੜੇ ਪੱਛਮੀ ਵਿਦਵਾਨਾਂ ਦੀਆਂ ਸਿੱਧੀਆਂ ਨਕਲਾਂ ਮਾਰੀਆਂ ਹਨ, ਨੂੰ ਨਸ਼ਰ ਕਰਨ ਤੁਰ ਪਈਏ ਤਾਂ ਪੰਜਾਬੀ ਵਿੱਚ ਕੋਈ ਵੀ 'ਆਲੋਚਨਾ ਦਾ ਸੈਮੀਨਾਰ' ਜਿੰਨ੍ਹਾਂ ਵਿਦਵਾਨਾਂ ਬਿਨਾਂ ਫਿੱਕਾ ਲੱਗਦਾ ਹੈ। ਉਹ ਵਿਦਵਾਨ ਸੈਮੀਨਾਰਾਂ ਵਿੱਚ ਜਾਣ ਤੋਂ ਕੰਨੀ ਕਤਰਾਉਣ ਲੱਗ ਪੈਣਗੇ। ਉਹ ਸਟੇਜਾਂ ਉੱਪਰ ਜਿਵੇਂ ਬੋਲਦੇ ਹਨ, ਨਸ਼ਰ ਹੋਣ 'ਤੇ ਨਾ ਬੁੱਲ੍ਹਾਂ 'ਤੇ ਪੇਪੜੀ ਆ ਗਈ ਤਾਂ ਸਾਨੂੰ ਕਹਿਓ।ઠ
        ਹੁਣ ਤੁਸੀਂ ਸਵਾਲ ਇਹ ਤਾਂ ਕਰ ਸਕਦੇ ਹੋ ਕਿ ਫੇਰ ਭਾਈ ਤੁਸੀਂ ਉਨ੍ਹਾਂ ਨੂੰ ਨਸ਼ਰ ਕਰਦੇ ਕਿਉਂ ਨਹੀਂ? ਇਸ ਦਾ ਵੀ ਜਵਾਬ ਬੜਾ ਵਧੀਆ ਹੈ। ਅਸੀਂ ਨਸ਼ਰ ਕਾਹਨੂੰ ਕਰੀਏ? ਮੈਟਾਕ੍ਰਿਟੀਸਜ਼ਮ ਵਾਲੇ ਕਰਨ ਇਹ ਕੰਮ ਕਰਨ। ਪੀਐਚ ਡੀ 'ਚ ਹੁੰਦੀ ਨਕਲ ਬਾਰੇ ਸਿਰਫ ਇੱਕ ਹੀ ਵਿਦਵਾਨ ਬੋਲਿਆ ਸੀ ਅਸੀਂ ਸੋਚਿਆ ਕਿਸੇ ਵਿਦਵਾਨ ਨੇ ਬੋਲਣ ਦੀ ਜੁਰਅਤ ਕੀਤੀ ਹੈ। ਉਨ੍ਹਾਂ ਨੇ ਅਜਿਹੇ ਸਵਾਲ ਪੈਦਾ ਕੀਤੇ ਸਨ, ਜਿੰਨ੍ਹਾਂ ਦਾ ਜਵਾਬ ਲੱਭੇ ਬਿਨ੍ਹਾਂ ਪੰਜਾਬੀ ਭਾਸ਼ਾ ਦਾ ਵਿਕਾਸ ਸੰਭਵ ਨਹੀਂ ਹੈ ਅਤੇ ਜੇਕਰ ਭਾਸ਼ਾ ਦਾ ਵਿਕਾਸ ਨਹੀਂ ਹੋ ਸਕੇਗਾ ਤਾਂ ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਦੀ ਤੁਸੀਂ ਉਮੀਦ ਨਹੀਂ ਕਰ ਸਕਦੇ ਅਤੇ ਜੇਕਰ ਲੋਕਾਂ ਦੀ ਸੱਭਿਆਚਾਰਕ ਤੌਰ ਤੇ ਮਾਨਸਿਕਤਾ ਵਿਕਾਸ ਨਹੀਂ ਕਰਦੀ, ਉਨ੍ਹਾਂ ਦੇ ਸਮਾਜਿਕ ਮਨੋਵਿਗਿਆਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਨਹੀਂ ਆਉਂਦੀ, ਉਦੋਂ ਤੱਕ ਮਨੁੱਖ ਦੇ ਉਤਪਾਦਨ ਦੇ ਵਿਕਾਸ ਦੀ ਵੀ ਕਲਪਨਾ ਕਰਨੀ ਅਸੰਭਵ ਹੈ। ਮਨੁੱਖ ਵੱਲੋਂ ਕੀਤੇ ਜਾਣ ਵਾਲੇ ਉਤਪਾਦਨ ਵਿੱਚ ਵਾਧਾ ਬਹੁਤ ਸਾਰੀਆਂ ਗੱਲਾਂ 'ਤੇ ਨਿਰਭਰ ਕਰਦਾ ਹੈ। ਇਸ ਲਈ ਇਹ ਸਾਰੇ ਨੁਕਤੇ ਆਪੋ-ਵਿੱਚੀਂ ਏਨੇ ਪੀਡੇ ਬੱਝੇ ਹੋਏ ਹਨ ਕਿ ਇੱਕ ਨਾਲੋਂ ਦੂਸਰੇ ਨੂੰ ਨਖੇੜ ਕੇ ਵੇਖਿਆ ਨਹੀਂ ਜਾ ਸਕਦਾ।
       ਗੱਲ ਆਪਾਂ ਥੀਸਿਸਾਂ ਬਾਰੇ ਕਰ ਰਹੇ ਹਾਂ। ਇੱਕ ਹੋਰ ਨਕਲਚੀ ਦੀ ਮਿੱਟੀ ਉੱਡਦੀ ਵੇਖੋ। ਇਹ ਪੰਜਾਬੀ ਯੁਨੀਵਰਸਿਟੀ ਵਿੱਚ ਪਹਿਲਾਂ 1990 ਤੇ ਫਿਰ ਦੋ ਸਾਲ ਬਾਅਦ ਵਿਸ਼ਾ ਬਦਲ ਕੇ ਕਰਵਾਇਆ ਜਾਂਦਾ ਹੈ। ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਤੋਂ ਆਧੁਨਿਕ ਪੰਜਾਬੀ ਕਾਵਿ ਵਿੱਚ ਨਵ-ਰਹੱਸਵਾਦੀ ਪ੍ਰਵਿਰਤੀਆਂ-1990 ਵਿੱਚ ਗੁਰਮੀਤ ਸਿੰਘ, ਡਾ. ਅੱਛਰਾ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਰਦਾ ਹੈ। ਫਿਰ ਪ੍ਰੋ: ਪੂਰਨ ਸਿੰਘ ਤੇ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਾਵਿ-ਰਚਨਾ ਵਿੱਚ ਰਹੱਸਵਾਦ ਦਾ ਤੁਲਨਾਤਮਕ ਅਧਿਐਨ-1992 ਵਿੱਚ ਡਾ. ਨਰੇਸ਼ ਜੀ ਦਾ ਰੱਹਸਵਾਦ, ਡਾ. ਰਜਿੰਦਰਜੀਤ ਕੌਰ ਢੀਂਡਸਾ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ 1975 ਤੋਂ ਡਾ. ਸੁਰਿੰਦਰ ਸਿੰਘ ਕੋਹਲੀ ਦੀ ਅਗਵਾਈ ਹੇਠ ਕਰਦੀ ਹੈ। ਸਿੱਖ ਰਹੱਸਵਾਦ, ਡਾ. ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, 1988 ਵਿੱਚ ਪੀ.ਐਚ.ਡੀ ਕਰਦੇ ਹਨ। ਹੁਣ ਇਨ੍ਹਾਂ ਥੀਸਿਸਾਂ ਦਾ ਰਹੱਸਵਾਦ ਸੰਬੰਧੀ ਸਿਧਾਂਤਕ ਅਧਿਆਇ ਇੱਕ-ਦੂਜੇ ਨਾਲ ਮਿਲਣਾ ਸੁਭਾਵਿਕ ਹੀ ਹੈ। ਪਰ ਸਿਤਮ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲਿਆਂ ਇਹ ਖੋਜਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹ ਜਿਸ ਥੀਸਿਸ ਉੱਪਰ ਕੰਮ ਕਰਨ ਦੀ ਮਨਜੂਰੀ ਦੇ ਰਹੇ ਹਨ, ਉਹ ਉਨ੍ਹਾਂ ਦੀ ਹੀ ਯੂਨੀਵਰਸਿਟੀ ਵਿੱਚ ਦੋ ਸਾਲ ਪਹਿਲਾਂ ਹੋ ਚੁੱਕਾ ਹੈ।
          ਹੁਣ ਹੋਰ ਕੀ ਹੋਇਆ ਹੈ? ਰਣਜੀਤ ਕੌਰ ਨੇ ਗੁਰਮੀਤ ਸਿੰਘ ਦੇ ਥੀਸਿਸ ਦੇ 7, 15, 13, 8, 11, 12, 16, 15, 17, 18, 19, 20, 23, 27, 28 ਨੂੰ ਆਪਣੇ ਥੀਸਿਸ ਦੇ ਪੰਨਿਆ 1,2,3, 4, 5, 6, 7, 8, 9, 10, 12, 13, 14, 15, 16, 17, 19, 20 ਉੱਤੇ ਉਤਾਰਿਆ ਹੈ। ਇੱਥੇ ਗੱਲ ਸਿਧਾਂਤਕ ਅਧਿਆਇ ਦੇ ਇੱਕ ਦੂਰਸੇ ਨਾਲ ਮਿਲਣ ਦੀ ਨਹੀਂ ਸਗੋਂ ਸ਼ਬਦ-ਸ਼ਬਦ ਦੂਸਰੇ ਥੀਸਿਸ ਦਾ ਚੇਪਣ ਦੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਉਤਾਰਾ ਕਰਨ ਵੇਲੇ ਜੇਕਰ ਪਹਿਲੇ ਥੀਸਿਸ ਦੀ ਕੋਈ ਸ਼ਾਬਦਿਕ ਉਕਾਈ ਰਹਿ ਗਈ ਹੈ ਤਾਂ ਦੂਸਰੇ ਥੀਸਿਸ ਵਾਲੇ ਮੱਖੀ ਉੱਤੇ ਮੱਖੀ ਐਸੀ ਮਾਰੀ ਹੈ ਕਿ ਉਹ ਸ਼ਾਬਦਿਕ ਉਕਾਈ ਵੀ ਉਸੇ ਤਰ੍ਹਾਂ ਹੀ ਉਤਾਰ ਲਈ ਗਈ ਹੈ। ਹੁਣ ਜੇਕਰ ਮੈਂ ਕਹਾਂ ਕਿ 'ਸ਼ਰਮ ਮਗਰ ਇਨਕੋ ਆਤੀ ਨਹੀਂ' ਤਾਂ ਤੁਸੀਂ ਗੁੱਸਾ ਕਰੋਗੇ। ਇਹ ਨਕਲਚੀ ਸਿਰਫ ਪੰਨਾ ਪੰਨਾ ਨਕਲ ਹੀ ઠਨਹੀਂ ਮਾਰਦੇ ਪੂਰੇ ਥੀਸਿਸ ਦੀ ਵਿਧੀ ਵੀ ਉਹੀ ਅਪਣਾਉਂਦੇ ਹਨ। ਪੀਐਚ ਡੀ ઠਦੇ ਵਿਦਵਾਨ ਕਿਵੇਂ ਮੱਖੀ 'ਤੇ ਮੱਖੀ ਮਾਰ ਰਹੇ ਹਨ, ਇਸ ਦਾ ਕੁਝ ਦਿਨ ਪਹਿਲਾ ਖੁਲਾਸਾ ਕੀਤਾ ਸੀ, ਜਿਸ ਵਿਚ ਕੁਝ ਅਖੌਤੀ ਵਿਦਵਾਨਾਂ ਦੇ ਖੋਜ ਪ੍ਰਬੰਧਾਂ ਵਿਚ ਕੀਤੀਆਂ ਗਈਆਂ ਘਪਲੇਬਾਜ਼ੀਆਂ ਨੂੰ ਤੱਥਾਂ ਸਮੇਤ ਸਿੱਧ ਕੀਤਾ ਸੀ ઠਇਹ ਵਿਦਵਾਨ ਆਪਣੇ ਸਮੇਂ ਤੋਂ ਪਹਿਲਾਂ ਹੋਏ ਖੋਜ ਪ੍ਰਬੰਧਾਂ ਨੂੰ ਕਿਵੇਂ ਜਿਉਂ ਤੇ ਤਿਉਂ ਚੇਪ ਰਹੇ ਹਨ। ਪੀਐਚ.ਡੀ. ਨਕਲਚੀ ਖੋਜ ਭਰਪੂਰ ਲੇਖ ਨੇ ਪੰਜਾਬੀ, ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਖਲਬਲੀ ਮਚਾ ਦਿੱਤੀ। ਉਸ ਦਿਨ ਤੋਂ ਲਗਾਤਾਰ ਫੋਨ ਤੇ ਵਿਦਵਾਨਾਂ ਵੱਲੋਂ ਇਸ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਭਾਵੇਂ ਯੂਜੀਸੀ ਨੇ 30 ਪ੍ਰਤੀਸ਼ਤ ਨਕਲ ਨੂੰ ਮਾਨਤਾ ਦੇ ਦਿੱਤੀ ਹੈ, ਪਰ ਖੋਜਾਰਥੀ ਅਕਲ ਤੋਂ ਬਿਨਾਂ ਨਕਲ ਮਾਰ ਰਹੇ ਹਨ। ਇਸ ਦਾ ਖੁਲਾਸਾ ਕੁਝ ਦੇਰ ਪਹਿਲਾਂ ਡਾ. ਧਰਮ ਸਿੰਘ ਦੀ ਪੁਸਤਕ ਖੋਜ ਸੰਦਰਭ ਦੇ ਵਿਚ ਕੀਤਾ ਸੀ, ਭਾਵੇਂ ਉਨ੍ਹਾਂ ਨੇ ਕੁੱਝ ਥੀਸਿਸਾਂ ਦੇ ਸਿਰਲੇਖ ਲਿਖ ਕੇ ਇਸ ਹਨੇਰ ਦਾ ਥੋੜ੍ਹਾ ਜਿਹਾ ਸੱਚ ਪੇਸ਼ ਕੀਤਾ ਸੀ, ਬਹੁਤ ਸਾਰੇ ਵਿਦਵਾਨਾਂ ਤੇ ਪੰਜਾਬੀ ਹਿਤੈਸ਼ੀਆਂ ਨੇ ਇਹ ਵੀ ਆਖਿਆ ਸੀ ਕਿ ਵਿਦਵਾਨ ਕਿਵੇਂ ਆਪਣੇ ਚਹੇਤੇ ਚੇਹਤੀਆ ਨੂੰ ਪੀਐਚ ਡੀ ਦੇ ਥੀਸਿਸ ਲਿਖ ਕੇ ਦੇ ਰਹੇ ਹਨ ਤੇ ਫਿਰ ਉਹਨਾਂ ਨੂੰ ਪੱਕੇ ਤੌਰ ਤੇ ਕਾਲਜਾਂ ਵਿਚ ਅਧਿਆਪਕ ਭਰਤੀ ਕਰ ਰਹੇ ਹਨ। ਇਸ ਵਿਚ ਯੂਨੀਵਰਸਿਟੀਆਂ ਦਾ ਵਿਦਵਾਨ ਦੁੱਧ ਧੋਤਾ ਨਹੀਂ ਜਿਹੜੇ ਚੰਗੇ ਹਨ ਉਹ ਚੁਪ ਹਨ। ਉਝ ਸਭ ਦੇ ਇਸ ਕਾਰੋਬਾਰ ਵਿਚ ਹੱਥ ਰੰਗੇ ਹੋਏ ਹਨ।ઠ
         ਡਾ. ਤੇਜਿੰਦਰ ਕੌਰ ਨੇ 1988 ਵਿਚ ਨਿਗਰਾਨ ਡਾ. ਕਰਨੈਲ ਸਿੰਘ ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ 'ਪੰਜਾਬ ਦੇ ਗਹਿਣੇ : ਸਮਾਜ, ਸਭਿਆਚਾਰਕ ਅਧਿਐਨ' ਵਿਸ਼ੇ ਤੇ ਖੋਜ ਪ੍ਰਬੰਧ ਲਿਖਿਆ ਸੀ ਤੇ ਡਾ. ਤੇਜਿੰਦਰ ਕੌਰ ਦੇ ਖੋਜ ਪ੍ਰਬੰਧ ਦੇ ਪੰਨਾ ਨੰਬਰ 1 ਤੋਂ 10, 59, 61, 68 ਤੋਂ 113, 134, 156, 159 ਤੋਂ 173, 179 ਤੋਂ 194, 226, 227, 231, 232 ਦੇ ਪੰਨੇ ਰਜਿੰਦਰ ਕੌਰ 2012 (ਨਿਗਰਾਨ ਡਾ. ਬਲਜੀਤ ਕੌਰ ਸੇਖੋ ਪੰਜਾਬੀ ਭਾਸ਼ਾ ਵਿਕਾਸ ਪਟਿਆਲਾ) ਨੇ 01 ਤੋਂ 10, 87 ਤੋਂ 89, 164 ਤੋਂ 219, 223 ਤੋਂ 250 ਨੇ ਡਾਕਟਰ ਤੇਜਿੰਦਰ ਕੌਰ ਦੇ ਥੀਸਿਸ ਦੇ ਪੰਨੇ ਪੰਨੇ ਆਪਣੇ ਥੀਸਿਸ ਵਿਚ ਚੇਪੇ ਹਨ। ઠਪਰ ਜਿਸ ਵਿਸ਼ੇ ਤੇ ਇਹ ਖੋਜ ਪ੍ਰਬੰਧ ਹੈ ਉਸ ਬਾਰੇ ਖਾਨਾ ਪੂਰਤੀ ਹੈ। ਹਰ ਥੀਸਿਸ ਨੂੰ ਚੈਕ ਕਰਨ ਵਾਲੇ ਦੋ ਪ੍ਰੀਖਿਅਕ ਹੁੰਦੇ ਹਨ ਤੇ ਨਿਗਰਾਨ ਆਪਣੇ ਵੱਲੋਂ ਖੋਜਾਰਥੀ ਨੂੰ ਸਰਟੀਫਿਕੇਟ ਵੀ ਦਿੰਦਾ ਹੈ ਕਿ ਇਸ ਤੋਂ ਪਹਿਲਾ ਇਸ ਵਿਸ਼ੇ 'ਤੇ ਖੋਜ ਕਾਰਜ ਨਹੀਂ ਹੋਇਆ, ਜਦਕਿ ਇਹ ਸੱਚ ਤੁਹਾਡੇ ਸਾਹਮਣੇ ਹੈ। ਬਹੁਤ ਸਾਰੇ ਵਿਦਵਾਨਾਂ ਨੇ ਤਾਂ ਇਹ ਵੀ ਮੰਗ ਕੀਤੀ ਹੈ ਕਿ ਇਨ੍ਹਾਂ ਥੀਸਿਸਾਂ ਦੀ ਜਾਂਚ ਕਰਵਾ ਕੇ ਇਹ ਥੀਸਿਸਾਂ ਨੂੰ ਰੱਦ ਕੀਤਾ ਜਾਵੇ ਤੇ ਸਬੰਧਤ ਨਿਗਰਾਨ, ਪ੍ਰੀਖਿਅਕ ਤੇ ਖੋਜਾਰਥੀ ਨੂੰ ਬਣਦੀ ਸਜ਼ਾ ਦਿੱਤੀ ਜਾਵੇ, ਪਰ ਸਵਾਲ ਤਾਂ ਇਹ ਹੈ 'ਕੌਣ ਆਖੇ ਰਾਣੀਏ ਅੱਗਾ ਢੱਕ' ਕਿਉਂਕਿ ਇਸ ਹਮਾਮ ਵਿਚ ਸਭ ਨੰਗੇ ਹਨ। ਜਿਵੇਂ ਕਹਿੰਦੇ ਹਨ ਕਿ 'ਕੀ ਗੰਜੀ ਨਾਹੂ ਤੇ ਕੀ ਨਚੋੜੂ'। ਉਚੇਰੀ ਸਿੱਖਿਆ ਵਿਚ ਵੱਧ ਰਿਹਾ ਹਨੇਰ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਨਹੀਂ ਬਲਕਿ ਹੋਰਨਾਂ ਵਿਸ਼ਿਆਂ ਵਿਚ ਵੀ ਇਹੀ ਕੁਝ ਹੁੰਦਾ ਹੈ। ਜੇ ਕੋਈ ਆਪਣੇ ਨਾਲ ਵਾਪਰੀਆਂ ਧੱਕੇਸ਼ਾਹੀਆਂ ਨੂੰ ਮੇਰੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹੈ, ਊਹ ਕਰ ਸਕਦਾ ਹੈ। ਜਿਵੇਂ ਕੁਝ ਦੇਰ ਪਹਿਲਾਂ ਸਾਵਲ ਧਾਮੀ ਨੇ ઠਕਹਾਣੀ 'ਗਾਇਡ' ਲਿਖੀ ਸੀ ਤੇ ਡਾ. ਬਲਵੰਤ ਸਿੰਘ ਸੰਧੂ ਨੇ 'ਆਓ ਪੀਐਚ ਡੀ ਕਰੀਏ' ਲਿਖ ਕੇ ਇਸ ਹਨੇਰ ਦਾ ਕੁਝ ਪੱਖ ਪਾਠਕਾਂ ਸਾਹਮਣੇ ਰੱਖਿਆ ਸੀ, ਪਰ ਢੱਕੀ ਰਿਝੱਣ ਦੇਓ ਵਾਲੀ ਗੱਲ ਹੈ। ਕਿਹੜੇ ਕਿਹੜੇ ਵਿਦਵਾਨ ਨੇ ਕਿਸ ਕਿਸ ਦਾ ਥੀਸਿਸ ਲਿਖੇ ਹਨ ਤੇ ਉਨ੍ਹਾਂ ਨੇ ਆਪਣੇ ਥੀਸਿਸਾਂ ਦੇ ਨਾਮ ਬਦਲ ਇਸ ਹਨੇਰ ਨੂੰ ਵਧਾਇਆ ਹੈ। ਸਭ ਤੋਂ ਵੱਧ ਕਿਸ ਨੇ ਬੀਬੀਆਂ ਨੂੰ ਪੀਐਚ ਡੀ ਕਰਵਾਈਆਂ ਤੇ ਕਿਸ ਕਿਸ ਨੂੰ ਕੀ ਕੀ ਕੀਤਾ ਕਰ ਰਹੇ ਹਨ ਇਸ ਸਬੰਧੀ ਖੋਜ ਜਾਰੀ ਹੈ।ઠ
        ਗੱਲ ਕਰਨੋ ਰਿਹਾ ਨਹੀਂ ਜਾਂਦਾ ਕਿਉਂਕਿ ਕੁੱਝ ਸੰਵੇਦਨਸ਼ੀਲ ਵਿਅਕਤੀ ਆ ਕੇ ਸਾਣ ਲਾਉਂਦੇ ਰਹਿੰਦੇ ਹਨ। ਅਸੀਂ ਡਾ. ਸੇਵਾ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਸਾਂ। ਗੱਲਬਾਤ ਕਰਦਿਆਂ ਉਨ੍ਹਾਂ ਸੂਫ਼ੀਮਤ ਬਾਰੇ ਤਾਂ ਜੋ ਗੱਲਾਂ ਕੀਤੀਆਂ, ਸੋ ਕੀਤੀਆਂ ਹੀ, ਜਿਹੜੀਆਂ ਗੱਲਾਂ ਉਨ੍ਹਾਂ ਸਾਡੀ ਮਿਡਲ ਕਲਾਸ ਬਾਰੇ ਕੀਤੀਆਂ, ਉਨ੍ਹਾਂ ਨੂੰ ਸੁਣ ਕੇ ਡਰ ਲਗਦਾ ਸੀ। ਕੋਈ ਸੰਵੇਦਨਸ਼ੀਲ ਵਿਅਕਤੀ ਬਚਿਆ ਹੀ ਨਹੀਂ ਹੈ। ਹੁਣ ਆਹ ਪ੍ਰੋਫੈਸਰ ਲੋਕ ਹੀ ਕਿੰਨੀ ਤਨਖਾਹ ਲੈਂਦੇ ਹਨ। ਸਹੂਲਤਾਂ ਕਿੰਨੀਆਂ ਹਨ, ਇੱਜ਼ਤ ਕਿੰਨੀ ਹੈ, ਹੋਰ ਤਾਂ ਹੋਰ ਜੋ ਸਮਝਣ ਤਾਂ ਜਿੰਮੇਵਾਰੀ ਕਿੱਡੀ ਵੱਡੀ ਹੈ, ਪਰ ਜੇਕਰ ਇਨ੍ਹਾਂ ਦੇ ਕਿਰਦਾਰ ਦੇਖੋ ਤਾਂ ਕੰਬ ਜਾਵੋਗੇ ਤੁਸੀਂ। ਹੁਣ ਆਹ ਡਿਗਰੀਆਂ ਕਰਦਿਆਂ, ਕਰਵਾਉਂਦਿਆਂ ਥੀਸਿਸਾਂ ਉੱਪਰ ਦਸਤਖ਼ਤ ਕਰਦਿਆਂ ਕਦੇ ਇਨ੍ਹਾਂ ਦੇ ਮਨ 'ਚ ਖਿਆਲ ਆਇਆ ਹੀ ਨਹੀਂ ਕਿ ਇਸ ਦਾ ਮਾੜਾ ਅਸਰ ਜੇਕਰ ਦੂਜਿਆਂ ਦੇ ਬੱਚਿਆਂ ਉੱਪਰ ਪੈਂਦਾ ਹੈ ਤਾਂ ਕਦੇ ਵਾਰੀ ਸਾਡੇ ਬੱਚਿਆਂ ਦੀ ਵੀ ਆ ਜਾਵੇਗੀ ਪਰ ਨਹੀਂ ਅਸੀਂ ਤਾਂ ਭ੍ਰਿਸ਼ਟਾਚਾਰ ਅਤੇ ਆਲਸੀਪੁਣੇ ਦੀ ਦਲਦਲ ਵਿੱਚ ਫਸੇ ਹੋਏ ਹਾਂ। ਸਾਨੂੰ ਹੁਣ ਕੱਢਣ ਵਾਲਾ ਕੌਣ ਹੈ?
        ਵੈਸੇ ਤੁਹਾਡਾ ਤਾਂ ਸਾਨੂੰ ਪਤਾ ਨਹੀਂ, ਪਰ ਇਸ ਤਰ੍ਹਾਂ ਦੀਆਂ ਨਕਲਾਂ ਮਾਰ ਕੇ ਲਈਆਂ ਪੀਐਚ ਡੀ ਦੀਆਂ ਡਿਗਰੀਆਂ ਅਤੇ ਵੱਡੇ ਵੱਡੇ ਪੰਜਾਬੀ ਵਿਦਵਾਨਾਂ ਦੀਆਂ ਭਾਰੇ ਭਾਰੇ ਸ਼ਬਦਾਂ ਵਾਲੀਆਂ ਆਲੋਚਨਾ/ਮੈਟਾ ਆਲੋਚਨਾ ਦੀਆਂ ਪੁਸਤਕਾਂ 'ਚ ਕੀਤੇ ਪੱਛਮੀ ਵਿਦਵਾਨਾਂ ਦੇ ਵਿਚਾਰਾਂ ਨੂੰ ਹੂ-ਬ-ਹੂ ਉਤਾਰੇ ਪੜ੍ਹ ਕੇ ਪੰਜਾਬੀ ਅਧਿਐਨ ਖੇਤਰ ਅਤੇ ਆਲੋਚਨਾ ਤੋਂ ਏਨੀ ਨਫ਼ਰਤ ਹੋ ਗਈ ਹੈ ਕਿਸੇ ਸੈਮੀਨਾਰ ਉੱਤੇ ਜਾਣ ਤੋਂ ਮਨ ਅੱਕ ਗਿਆ ਹੈ। ਜਦੋਂ ਇਹ ਨਕਲਚੀ ਵਿਦਵਾਨ ਸਟੇਜ ਉੱਪਰ ਬੋਲ ਰਹੇ ਹੁੰਦੇ ਹਨ ਅਤੇ ਲੋਕਾਂ ਨੂੰ ਜਾਦੂਗਰ ਵਾਂਗ ਭੈਅ-ਭੀਤ ਕਰ ਰਹੇ ਹੁੰਦੇ ਹਨ ਤਾਂ ਦਿਮਾਗ ਨੂੰ ਇਨ੍ਹਾਂ ਦੇ ਵਿਚਾਰ ਝੂਠੇ ਤੇ ਚੋਰੀ ਕੀਤੇ ਹੋਣ ਦੀਆਂ ਅੜਾਉਣੀਆਂ ਪ੍ਰੇਸ਼ਾਨ ਕਰਨ ਲੱਗਦੀਆਂ ਹਨ। ਇਨ੍ਹਾਂ ਦੇ ਚਿਹਰੇ ਭਿਆਨਕ ਦਿਸਣ ਲੱਗਦੇ ਹਨ, ਸਾਡੇ ਭਵਿੱਖ ਨੂੰ ਨਿਗਲ ਰਹੇ ਬਘਿਆੜਾਂ ਦੇ ਚਿਹਰੇ। ਤਦੇ ਅਸੀਂ ਕਹਿੰਦੇ ਹਾਂ ਕਿ ਅਜਿਹੇ ਘਾਗਾਂ ਸਾਹਮਣੇ ਉਹ ਵਿਚਾਰਾਂ ਪਟਿਆਲੇ ਦਾ 'ਮਸਕੀਨ' ਜਿਹਾ ਕਵੀ ਕੀ ਚੀਜ਼ ਹੈ, ઠਜਿਹੜਾ ਕਦੇ ਕਦੇ ਨਹੀਂ ਸਗੋਂ ਅਕਸਰ ਹੀ ਹਿੰਦੀ ਜਾਂ ਹੋਰ ਭਾਸ਼ਾਵਾਂ ਦੇ ਸਾਹਿਤ ਵਿਚੋਂ ਚੋਰੀ ਕਰਕੇ ਕਵਿਤਾਵਾਂ ਆਪਣੇ ਨਾਂਅ ਛਪਵਾ ਲੈਂਦਾ ਹੈ।
       ਅਖੀਰ 'ਚ ਇੱਕ ਪੈਰ੍ਹਾ ਉਸ ਵਿਦਵਾਨ ਦੇ ਨਾਂ ਕਹਿਣਾ ਚਾਹੁੰਦੇ ਹਾਂ, ਜਿਸ ਨੂੰ 'ਸਿਰਜਣਾ' ਮੈਗਜ਼ੀਨ ਵਿੱਚ ਇੱਕ ਹਿੰਦੀ ਲੇਖ ਦੀ ਨਕਲ ਕਰਕੇ ਆਪਣੇ ਨਾਂਅ ਹੇਠ ਛਪਵਾਈ ਸੀ। ਉਸ ਦਾ ਬਹੁਤ ਰੌਲਾ-ਰੱਪਾ ਵੀ ਪਿਆ ਪ੍ਰੰਤੂ ਸਾਜਿਸ਼ੀ ਤਾਣੇ ਵਿੱਚੋਂ ਅਜਿਹੇ ਵਿਦਵਾਨਾਂ ਨੂੰ ਗੱਫੇ ਹੀ ਮਿਲਦੇ ਹਨ। ਇਸ ਲਈ ਸਾਡਾ ਉਸ ਵਿਦਵਾਨ ਨੂੰ ਵੀ ਪ੍ਰਣਾਮ। ਕਿਉਂਕਿ ਕੰਮ ਬਹੁਤ ਲੰਮਾ ਹੈ ਤੇ ਸਮੇਂ ਦੀ ਮੰਗ ਕਰਦਾ ਹੈ, ਇਸ ਲਈ ਦਰਜਾ-ਬ-ਦਰਜਾ ਬਹੁਤ ਸਾਰਿਆਂ ਨੂੰ ਪ੍ਰਣਾਮ। ਪਰ ਇਹ ਸਿਲਸਿਲਾ ਅਜੇ ਰੁਕਿਆ ਨਹੀਂ। ਪੰਜਾਬ ਦੀਆਂ ਨਿੱਜੀ ਯੂਨੀਵਰਸਿਟੀਆਂ ਦੇ ਵਿਚ ਕੀ ਹੋ ਰਿਹਾ ਹੈ, ਇਸ ਬਾਰੇ ਜਲਦੀ ਹੀ ਕਰਦੇ ਹਾਂ ਖੁਲਾਸਾ। ਪਰ ਸਿੱਖਿਆ ਦੇ ਖੇਤਰ ਵਿਚ ਆਏ ਇਸ ਨਿਘਾਰ ਦਾ ਜੁੰਮੇਵਾਰ ਕੌਣ ਹੈ? ਜੇ ਕੋਈ ਦੱਸ ਸਕਦਾ ਤਾਂ ਉਸ ਦਾ ਅਗੇਤਾ ਹੀ ਸ਼ੁਕਰੀਆ ਕਰਦਾ ਹਾਂ।
ਸੰਪਰਕ : 9464370823

16 Dec. 2018