ਕੀ '84 ਸੱਚੀਂ ਮੁੱਚੀਂ ਭੁਲਾ ਦੇਣੀ ਚਾਹੀਦੀ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.

ਆਮ ਹੀ ਇਹ ਗੱਲ ਉਛਾਲੀ ਜਾਣ ਲੱਗ ਪਈ ਹੈ ਕਿ '84 ਬਾਰੇ ਗੱਲ ਕਰਨੀ ਦੇਸਧ੍ਰੋਹ ਹੈ। ਇਸੇ ਲਈ ਹਥਲੇ ਲੇਖ ਨੂੰ ਲਿਖਣ ਦੀ ਲੋੜ ਪਈ।
    ਅੱਜ ਕੱਲ ਮੁੰਬਈ ਵਿਚ 26 ਨਵੰਬਰ ਦੀ ਯਾਦ ਉਸਾਰਣ ਬਾਰੇ ਜ਼ੋਰ ਸ਼ੋਰ ਦੀ ਆਵਾਜ਼ ਚੁੱਕੀ ਜਾਣ ਲੱਗ ਪਈ ਹੈ, ਜੋ ਕਿ ਜਾਇਜ਼ ਹੈ। ਕਾਰਨ ਜੋ ਦੱਸੇ ਜਾ ਰਹੇ ਹਨ, ਉਹ ਹਨ :-
1.    ਯਾਦਾਂ ਸਾਂਭ ਕੇ ਰੱਖਣ ਸਦਕਾ ਹੀ ਅਸੀਂ ਇਨਸਾਨ ਮੰਨੇ ਜਾਂਦੇ ਹਾਂ।
2.    ਪੁਰਾਣੀਆਂ ਯਾਦਾਂ ਤੋਂ ਸੇਧ ਅਤੇ ਸਿੱਖਿਆ ਲੈਣੀ ਤੇ ਅੱਗੇ ਤੋਂ ਅਜਿਹਾ ਹੋਣ ਤੋਂ ਰੋਕਣ ਲਈ ਸਮੂਹਿਕ ਜਤਨ ਆਰੰਭਣੇ।
3.    ਮਨੁੱਖੀ ਹੱਕਾਂ ਦੇ ਘਾਣ ਤੇ ਮਨੁੱਖੀ ਅੱਤਿਆਚਾਰਾਂ ਨੂੰ ਯਾਦ ਰੱਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਹਰ ਡੂੰਘਾ ਜ਼ਖ਼ਮ ਜੋ ਜੰਗਾਂ ਜਾਂ ਮੰਦਭਾਗੀਆਂ ਘਟਨਾਵਾਂ ਵਿਚ ਨਾਸੂਰ ਬਣ ਕੇ ਮਨਾਂ ਵਿਚ ਖੁੱਭ ਜਾਂਦਾ ਹੈ, ਉਸ ਵੇਦਨਾ ਨੂੰ ਅਜਿਹੀਆਂ ਉਸਾਰੀਆਂ ਯਾਦਾਂ ਨੂੰ ਵੇਖ ਕੇ ਅੱਖਾਂ ਰਾਹੀਂ ਵਹਿ ਜਾਣ ਨਾਲ ਜ਼ਖ਼ਮਾਂ ਦੀ ਪੀੜ ਘੱਟ ਜਾਂਦੀ ਹੈ।
4.    ਆਪਣੇ ਬੱਚਿਆਂ ਦੇ ਮਨਾਂ ਵਿਚ ਯਾਦਾਂ ਦਾ ਵਸਾਉਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਉਹ ਆਉਣ ਵਾਲੇ ਖ਼ਤਰਿਆਂ ਤੋਂ ਸੁਚੇਤ ਰਹਿਣ ਤੇ ਆਪਸੀ ਸਾਂਝ ਗੰਢ ਕੇ ਰੱਖਣ ਅਤੇ ਇਕਜੁੱਟਤਾ ਦਾ ਸੰਦੇਸ਼ ਸਿੱਖਣ।
5.    ਕਿਸੇ ਖਾਸ ਕੌਮ ਜਾਂ ਮੁਲਕ ਉੱਤੇ ਹੋਏ ਅੱਤਿਆਚਾਰ ਨੂੰ ਜੇ ਯਾਦ ਨਾ ਰੱਖਿਆ ਜਾਵੇ ਤਾਂ ਅੱਗੋਂ ਉਹ ਆਪਣੀ ਰੱਖਿਆ ਕਰਨ ਯੋਗ ਨਹੀਂ ਰਹਿੰਦੇ ਤੇ ਸੌਖੇ ਸ਼ਿਕਾਰ ਬਣ ਜਾਂਦੇ ਹਨ।
6.    ਮੁਲਕ ਦੇ ਰਾਖੇ ਵੀ ਤਾਂ ਹੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਕਾਗਰਤਾ ਨਾਲ ਨਿਭਾਉਣਗੇ ਜੇ ਉਨ੍ਹਾਂ ਨੂੰ ਆਪਣੇ ਤੋਂ ਪਹਿਲਾਂ ਸ਼ਹੀਦ ਹੋਇਆਂ ਦੀ ਯਾਦ ਹਰ ਸਾਲ ਕਰਵਾਈ ਜਾਏ ਤੇ ਸ਼ਹੀਦਾਂ ਦੀ ਯਾਦ ਅੱਗੇ ਨਤਮਸਤਕ ਹੋਣ ਲਈ ਉਤਸਾਹਿਤ ਕੀਤਾ ਜਾਏ। ਇੰਜ ਹੀ ਕਿਸੇ ਇਕ ਇਲਾਕੇ ਜਾਂ ਕੌਮ ਉੱਤੇ ਹਮਲਿਆਂ ਦੀ ਯਾਦ ਉਸਾਰਨ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਦੁਬਾਰਾ ਅਜਿਹੇ ਹਮਲੇ ਤੋਂ ਬਚਾਓ ਲਈ ਅਗਲੀ ਪੁਸ਼ਤ ਪੂਰਨ ਰੂਪ ਵਿਚ ਤਿਆਰ ਰਹੇ।
7.    ਜ਼ੁਲਮਾਂ ਦੀਆਂ ਯਾਦਾਂ ਬਣਾਉਣ ਨਾਲ ਭਾਈਚਾਰਕ ਨੇੜਤਾ ਵਧਦੀ ਹੈ ਅਤੇ ਚੰਗੀ ਸੋਚ ਵਾਲੇ ਲੋਕ ਦੁਖ ਵਿਚ ਇਕ ਦੂਜੇ ਦੀਆਂ ਬਾਹਵਾਂ ਬਣਨ ਲੱਗ ਪੈਂਦੇ ਹਨ।
8.    ਮੈਮੋਰੀਅਲ ਬਣਾਉਣ ਨਾਲ ਜ਼ਖ਼ਮ ਛੇਤੀ ਭਰਦੇ ਹਨ। ਜਿੱਥੇ ਇਕ ਪਾਸੇ ਜ਼ੁਲਮਾਂ ਦੀ ਦਾਸਤਾਨ ਤੇ ਜਾਨ ਗੁਆਇਆਂ ਦੀ ਯਾਦ ਤਾਜ਼ਾ ਹੁੰਦੀ ਰਹਿੰਦੀ ਹੈ, ਉੱਥੇ ਵੱਖੋ-ਵੱਖ ਲੋਕਾਂ ਦੀ ਚੰਗੀ ਰਾਇ ਮਿਲਣ ਨਾਲ ਮਨਾਂ ਵਿਚਲੀ ਕੌੜ ਘਟਣ ਲੱਗ ਜਾਂਦੀ ਹੈ। ਸਾਰੇ ਰਲ ਕੇ ਅਜਿਹਾ ਜ਼ੁਲਮ ਅੱਗੇ ਤੋਂ ਨਾ ਹੋਣ ਬਾਰੇ ਸੋਚ ਵਿਚਾਰ ਕਰਨ ਲੱਗ ਪੈਂਦੇ ਹਨ।
9.    ਮੈਮੋਰੀਅਲ ਵਿਚ ਸੱਚਾਈ ਵਿਖਾ ਕੇ, ਅਖ਼ੀਰ ਵਿਚ ਅੱਲ੍ਹੇ ਜ਼ਖ਼ਮਾਂ ਨੂੰ ਭਰਨ ਅਤੇ ਪਿਆਰ ਮੁਹੱਬਤ ਫੈਲਾਉਣ ਦੇ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਜ਼ਰੂਰੀ ਹੁੰਦਾ ਹੈ।
10.    ਮੈਮੋਰੀਅਲ ਨਾ ਉਸਾਰ ਕੇ ਇਕ ਕੌਮ ਜਾਂ ਮੁਲਕ ਦੇ ਲੋਕਾਂ ਦੇ ਮਨਾਂ ਵਿਚਲਾ ਰੋਸ ਡੂੰਘਾ ਘਰ ਕਰ ਜਾਂਦਾ ਹੈ ਜੋ ਅਗਲੀ ਪੁਸ਼ਤ ਨੂੰ ਨਫ਼ਰਤ ਦਾ ਸੰਦੇਸ਼ ਦਿੰਦਾ ਰਹਿੰਦਾ ਹੈ ਤੇ ਜ਼ਖ਼ਮ ਭਰਨ ਹੀ ਨਹੀਂ ਦਿੰਦਾ।
11.    ਮੈਮੋਰੀਅਲ ਬਣਾਉਣ ਨਾਲ ਸਰਕਾਰ ਦੀ ਨੀਅਤ ਬਾਰੇ ਪਤਾ ਲੱਗ ਜਾਂਦਾ ਹੈ ਕਿ ਉਹ ਲੋਕਾਂ ਨੂੰ ਜੋੜਨਾ ਚਾਹੁੰਦੀ ਹੈ ਜਾਂ ਪਾੜ ਪਾਉਣਾ ਚਾਹੁੰਦੀ ਹੈ। ਜੇ ਮੈਮੋਰੀਅਲ ਬਣਦਾ ਹੈ ਤਾਂ ਸਰਕਾਰ ਦੀ ਨੀਅਤ ਸਾਫ਼ ਹੈ ਪਰ ਜੇ ਨਹੀਂ ਤਾਂ ਇਸ ਦਾ ਮਤਲਬ ਹੈ ਕਿ ਉਹ ਭਾਈਚਾਰਕ ਸਾਂਝ ਪਾਉਣ ਨਹੀਂ ਦੇਣਾ ਚਾਹੁੰਦੀ ਤੇ ਲੋਕਾਂ ਦੇ ਮਨਾਂ ਵਿਚ ਇਕ ਲਕੀਰ ਖਿੱਚੀ ਰਹਿਣ ਦੇਣਾ ਚਾਹੁੰਦੀ ਹੈ।
    ਇਹ ਲਕੀਰ ਦੋ ਮੁਲਕਾਂ ਵਿਚ ਵੀ ਹੋ ਸਕਦੀ ਹੈ ਜਾਂ ਕਿਸੇ ਘਟਨਾ ਨਾਲ ਸਬੰਧਤ, ਕਿਸੇ ਖ਼ਾਸ ਧਰਮ ਨਾਲ ਜਾਂ ਜਾਤ-ਪਾਤ ਵਿਚਲਾ ਵਿਤਕਰਾ।
12.    ਜਿਹੜਾ ਮੈਮੋਰੀਅਲ ਬਣਾਇਆ ਜਾਵੇ, ਉਸ ਦੇ ਆਲੇ-ਦੁਆਲੇ ਦੀ ਥਾਂ ਵਿਚ ਸਭ ਧਰਮਾਂ ਦੇ ਲੋਕਾਂ ਲਈ ਬੈਠਣ ਦੀ ਥਾਂ ਹੋਣੀ ਚਾਹੀਦੀ ਹੈ ਤਾਂ ਜੋ ਸਭਨਾਂ ਦੇ ਮਨਾਂ ਵਿਚ ਤਰਕ ਉਪਜੇ ਤੇ ਉਹ ਮਾੜੇ ਚੰਗੇ ਵਿਚਲਾ ਫਰਕ ਪਛਾਣ ਸਕਣ।
13.    ਸਾਂਝੀਵਾਲਤਾ ਦਾ ਇਹਸਾਸ ਉਦੋਂ ਹੀ ਜਾਗਦਾ ਹੈ ਜਦੋਂ ਕਈ ਲੋਕ ਇਕੱਲੇ ਹੋ ਕੇ ਦੁਖ ਸਾਂਝਾ ਕਰਨ ਤੇ ਆਪਣਿਆਂ ਦੀਆਂ ਜਾਨਾਂ ਚਲੀਆਂ ਜਾਣ ਲਈ ਇਕ ਦੂਜੇ ਨੂੰ ਦਿਲਾਸਾ ਦੇਣ! ਅਜਿਹਾ ਸਭ ਕੁੱਝ ਸਿਰਫ਼ ਕਿਸੇ ਯਾਦਗਾਰ ਵਾਲੀ ਥਾਂ ਉੱਤੇ ਹੀ ਹੋ ਸਕਦਾ ਹੈ। ਇੰਜ ਮਾਨਸਿਕ ਨਿਤਾਣਾਪਨ ਵੀ ਘੱਟ ਹੋ ਜਾਂਦਾ ਹੈ ਜੋ ਨਿਰੋਗ ਸਮਾਜ ਨੂੰ ਉਸਾਰਨ ਵਿਚ ਮਦਦ ਕਰਦਾ ਹੈ।
14.    ਕਿਸੇ ਤ੍ਰਾਸਦੀ ਵਾਲੀ ਥਾਂ ਨੂੰ ਜਦੋਂ ਸੈਲਾਨੀਆਂ ਦੀ ਆਵਾਜਾਈ ਵਾਲੀ ਥਾਂ ਬਣਾ ਦਿੱਤੀ ਜਾਵੇ ਤਾਂ ਮਨੋਵਿਗਿਆਨੀ ਮੰਨਦੇ ਹਨ ਕਿ ਉਸ ਥਾਂ ਉੱਤੇ ਸ਼ਾਂਤੀ ਦਾ ਵਰਤਾਰਾ ਪਸਰ ਜਾਂਦਾ ਹੈ । ਜਿਨ੍ਹਾਂ ਘਰਾਂ ਦੀਆਂ ਜਾਨਾਂ ਗਈਆਂ ਹੁੰਦੀਆਂ ਹਨ, ਉਹ ਵੀ ਉੱਥੇ ਉਨ੍ਹਾਂ ਦੀ ਹਾਜ਼ਰੀ ਮਹਿਸੂਸ ਕਰ ਕੇ ਅਜਿਹੀ ਥਾਂ ਪਹੁੰਚ ਕੇ ਸ਼ਾਂਤ ਹੋ ਜਾਂਦੇ ਹਨ।
15.    ਅਜਿਹੀ ਥਾਂ ਉੱਤੇ ਅਰਦਾਸ ਕਰਨ ਦੀ ਥਾਂ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਮੈਡੀਟੇਸ਼ਨ ਦੀ ਵੀ।
16.    ਨਿਊਯਾਰਕ ਵਿਚ ਵੀ 9/11 ਦੀ ਯਾਦ ਬਣਾ ਕੇ ਉਸ ਦੀਆਂ ਕੰਧਾਂ ਉੱਤੇ ਅਲੱਗ-ਅਲੱਗ ਧਰਮਾਂ ਵਿਚਲੀਆਂ ਸ਼ਾਂਤੀ ਦੀਆਂ ਸਤਰਾਂ ਲਿਖ ਦਿੱਤੀਆਂ ਗਈਆਂ ਹਨ।
17.    ਦੰਗੇ, ਬਲਾਤਕਾਰ, ਦਹਿਸ਼ਤਗਰਦੀ, ਨਸਲਕੁਸ਼ੀ, ਆਦਿ ਵਰਗੇ ਸੰਗੀਨ ਜੁਰਮਾਂ ਨੂੰ ਅੱਗੇ ਤੋਂ ਰੋਕਣ ਲਈ ਲੋਕਾਂ ਨੂੰ ਹਲੂਣਾ ਦੇਣਾ ਜ਼ਰੂਰੀ ਹੈ ਜਿਸ ਵਾਸਤੇ ਦਿਲ ਨੂੰ ਝੰਜੋੜਨ ਵਾਲੀਆਂ ਤਸਵੀਰਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਨ ਜਿਵੇਂ ਹਿਟਲਰ ਦੇ ਜ਼ੁਲਮਾਂ ਦੀਆਂ ਹੁਣ ਤਕ ਸਾਂਭੀਆਂ ਹੋਈਆਂ ਹਨ।
18.    ਜਿਵੇਂ 'ਹੈਰੀਟੇਜ ਬਿਲਡਿੰਗਾਂ' ਪੂਰੀ ਦੁਨੀਆ ਵਿਚ ਬਣੀਆਂ ਹੋਈਆਂ ਹਨ, ਉਸੇ ਤਰ੍ਹਾਂ ਜ਼ੁਲਮ ਦੌਰਾਨ ਢਾਹੀਆਂ ਇਮਾਰਤਾਂ ਭਾਰਤ ਵਿਚ ਵੀ ਉਂਜ ਹੀ ਢਠੀਆਂ ਹੋਈਆਂ ਸਾਂਭੀਆਂ ਜਾਣੀਆਂ ਚਾਹੀਦੀਆਂ ਹਨ।
    ਇਹ ਸਾਰੇ 18 ਨੁਕਤੇ ਪੂਰੇ ਜ਼ੋਰ ਸ਼ੋਰ ਨਾਲ ਮੁੰਬਈ ਵਿਚਲੇ ਤਾਜ ਹੋਟਲ ਵਿਚ ਹੋਏ ਦਹਿਸ਼ਤਗਰਦ ਹਮਲੇ ਲਈ ਚੁੱਕੇ ਜਾ ਰਹੇ ਹਨ ਤਾਂ ਜੋ ਉੱਥੇ ਮੈਮੋਰੀਅਲ ਦੀ ਉਸਾਰੀ ਹੋ ਸਕੇ।
    ਸਵਾਲ ਇਹ ਉੱਠਦਾ ਹੈ ਕਿ ਨਿੱਕੀਆਂ ਵੱਡੀਆਂ ਹਰ ਤ੍ਰਾਸਦੀਆਂ ਦੀਆਂ ਯਾਦਾਂ ਤੇ ਯਾਦਗਾਰਾਂ ਸਾਂਭੀਆਂ ਜਾ ਰਹੀਆਂ ਹਨ, ਤਾਂ ਕੀ 1984 ਵਿਚ ਕੋਈ ਤ੍ਰਾਸਦੀ ਵਾਪਰੀ ਹੀ ਨਹੀਂ?
    ਸੈਂਕੜੇ ਸਿੱਖ ਔਰਤਾਂ ਦੀ ਪੱਤ ਕੀ ਅਰਸ਼ੋਂ ਉੱਤਰੇ ਹੈਵਾਨ ਲੁੱਟ ਗਏ ਸਨ? ਕੀ ਸਿੱਖਾਂ ਨੇ ਬਲਦੇ ਟਾਇਰ ਆਪੇ ਹੀ ਆਪਣੇ ਗਲੇ ਵਿਚ ਪਾ ਕੇ ਲੋਹੇ ਦੀਆਂ ਰਾਡਾਂ ਨਾਲ ਆਪਣੇ ਆਪ ਨੂੰ ਮਾਰ ਲਿਆ? ਬੇਕਾਬੂ ਹੋਈ ਭੀੜ ਜਦੋਂ ਮਾਲ ਅਸਬਾਬ ਲੁੱਟ ਕੇ ਘਰਾਂ ਤੇ ਦੁਕਾਨਾਂ ਨੂੰ ਅੱਗ ਲਾ ਰਹੀ ਸੀ ਤਾਂ ਕੀ ਉਸ ਭੀੜ ਵਿਚ ਕੋਈ ਵੀ ਇਨਸਾਨ ਨਹੀਂ, ਸਭ ਆਦਮਖੋਰ ਹੀ ਸਨ?
    ਆਖ਼ਰ ਕੋਈ ਤਾਂ ਕਾਰਨ ਹੋਵੇ ਕਿ ਸੈਂਕੜੇ ਕਤਲ ਹੋਏ ਹੋਣ ਦੇ ਸਬੂਤ ਹੋਣ ਤੇ ਕਾਤਲ ਕੋਈ ਹੋਵੇ ਹੀ ਨਾ? ਇਮਾਰਤਾਂ ਢਹਿ ਚੁੱਕੀਆਂ ਹੋਣ ਤੇ ਨਿਸ਼ਾਨੀ ਕੋਈ ਛੱਡੀ ਨਾ ਗਈ ਹੋਵੇ?
    ਜੇ ਉੱਪਰ ਦੱਸੇ ਨੁਕਤੇ ਲਾਗੂ ਕੀਤੇ ਜਾਣ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਅੱਲ੍ਹੇ ਜ਼ਖ਼ਮਾਂ ਨੂੰ ਲਗਾਤਾਰ ਦੱਬੀ ਜਾਣ ਸਦਕਾ 34 ਸਾਲਾਂ ਬਾਅਦ ਤੱਕ ਮਨ ਅੰਦਰਲੀ ਅੱਗ ਹਾਲੇ ਵੀ ਧੁਖਦੀ ਪਈ ਹੈ।
    ਜੇ ਦੁਨੀਆ ਭਰ ਦੇ ਚੋਟੀ ਦੇ ਮਨੋਵਿਗਿਆਨੀਆਂ ਦੇ ਸੁਝਾਓ ਮੰਨ ਲਏ ਜਾਣ, ਤਾਂ ਮੁਬੰਈ ਹਮਲੇ ਲਈ ਉਸਾਰੀ ਜਾਣ ਵਾਲੀ ਯਾਦਗਾਰ ਲਈ ਸੁਝਾਏ ਨੁਕਤਿਆਂ ਅਨੁਸਾਰ 1984 ਦੀ ਯਾਦਗਾਰ ਵੀ ਤੁਰੰਤ ਬਣਾਉਣ ਦੀ ਲੋੜ ਹੈ।
    ਹੁਣ ਤਾਂ ਫੈਸਲਾ ਪਾਠਕ ਹੀ ਕਰਨ ਕਿ 1984 ਦੀ ਯਾਦਗਾਰ ਬਣਾਉਣ ਦੀ ਗੱਲ ਕਰਨ ਵਾਲਾ ਦੇਸਧ੍ਰੋਹੀ ਹੈ ਜਾਂ 1984 ਦੇ ਜ਼ਖ਼ਮਾਂ ਵਿਚ ਲੂਣ ਪਾ ਕੇ ਉਸ ਗੱਲ ਨੂੰ ਦੱਬੀ ਰੱਖ ਕੇ ਸਿਰਫ਼ ਚੋਣਾਂ ਦੌਰਾਨ ਮੁੱਦਾ ਬਣਾ ਕੇ ਉਛਾਲਣ ਵਾਲਾ ਦੇਸਧ੍ਰੋਹੀ ਅਖਵਾਉਣਾ ਚਾਹੀਦਾ ਹੈ।
    ਅੰਤ ਵਿਚ ਇਹ ਦਸ ਦਿਆਂ ਕਿ ਹਾਅ ਦਾ ਨਾਅਰਾ ਮਾਰਨ ਵਾਲੇ ਹਿੰਦੂ ਧਰਮ ਦੇ ਵੀਰ ਭੈਣ, ਜਿਨ੍ਹਾਂ ਨੇ ਪੂਰੀ ਹਿੰਮਤ ਨਾਲ ਕਈ ਸਿਖ ਵੀਰਾਂ ਭੈਣਾਂ ਨੂੰ ਬਚਾਇਆ ਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਦੀ ਵੀ ਸ਼ਮੂਲੀਅਤ ਅਜਿਹੀ ਯਾਦਗਾਰ ਵਿਚ ਵਧੀਆ ਤਰੀਕੇ ਹੋਣੀ ਚਾਹੀਦੀ ਹੈ ਜੋ ਸਾਂਝੀਵਾਲਤਾ ਦਾ ਸੁਣੇਹਾ ਦੇਵੇਗੀ।
    ਪਰ, ਇਹ ਵੀ ਦੱਸੋ ਕਿ ਉਨ੍ਹਾਂ 12 ਔਰਤਾਂ ਦਾ ਕਿਵੇਂ ਜ਼ਿਕਰ ਕੀਤਾ ਜਾਵੇਗਾ ਜਿਨ੍ਹਾਂ ਦੀ ਪੱਤ ਲੁੱਟੀ ਗਈ, ਸਾਰੇ ਘਰ ਦੇ ਜੀਅ ਮਾਰ ਜਾਂ ਸਾੜ ਦਿੱਤੇ ਗਏ, ਘਰ ਬਾਰ ਲੁੱਟ ਲਿਆ ਗਿਆ ਤੇ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ!
    ਇਨ੍ਹਾਂ ਬਾਰਾਂ ਔਰਤਾਂ ਦਾ ਜ਼ਿਕਰ ਮੇਰੇ ਕੋਲ ਇਕ ਮੁਸਲਮਾਨ ਵੀਰ ਨੇ ਕੀਤਾ, ਜੋ ਯੂਨਾਈਟਿਡ ਨੇਸ਼ਨਜ਼ ਵੱਲੋਂ ਭੇਜੇ ਵਫ਼ਦ ਵਿਚ ਸ਼ਾਮਲ ਸੀ ਤੇ ਉਸ ਨੇ ਲਾਅਨਤ ਪਾਉਂਦਿਆਂ ਮੈਨੂੰ ਪੁੱਛਿਆ ਸੀ, ''ਭੈਣ ਜੀ, ਤੁਹਾਡੀ ਕੌਮ ਵਿਖਾਵੇ ਵਿਚ ਰੁੱਝੀ ਪਈ ਹੈ। ਖ਼ਬਰਾਂ ਵਿਚ ਆਉਣ ਲਈ, ਇਮਾਰਤਾਂ ਉੱਤੇ ਸੋਨਾ ਚੜ੍ਹਾਉਣ ਲਈ, ਰੌਲਾ ਪਾਉਣ ਲਈ ਜਾਂ ਲੰਗਰ ਲਾਉਣ ਲਈ ਤਾਂ ਕਾਹਲੇ ਹਨ ਪਰ ਇਹ 12 ਔਰਤਾਂ ਸਾਂਭ ਸਕਣ ਯੋਗ ਨਹੀਂ ਜੋ ਅੱਜ ਵੀ ਆਪਣੀ ਪੱਤ ਲੁੱਟਣ ਵਾਲੇ ਹੈਵਾਨਾਂ ਦੇ ਘਰਾਂ ਵਿਚ, ਦਿੱਲੀ ਵਿਚ ਹੀ ਭਾਂਡੇ ਮਾਂਜ ਕੇ, ਕਪੜੇ ਧੋ ਕੇ ਤੇ ਸਫ਼ਾਈਆਂ ਕਰ ਕੇ ਆਪਣੀ ਜੂਨ ਮੁੱਕ ਜਾਣ ਦਾ ਇੰਤਜ਼ਾਰ ਕਰ ਰਹੀਆਂ ਹਨ! ਕੀ ਉਨ੍ਹਾਂ ਦੇ ਮਨਾਂ ਦੀ ਪੀੜ ਉੱਤੇ ਕੋਈ ਮਲ੍ਹਮ ਕੰਮ ਕਰ ਸਕਦੀ ਹੈ?''
    ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਸਿਵਾਏ ਸ਼ਰਮ ਨਾਲ ਸਿਰ ਝੁਕਾਉਣ ਦੇ! ਮੈਨੂੰ ਇਸ ਗੱਲ ਦਾ ਪਤਾ ਹੀ 34 ਸਾਲਾਂ ਬਾਅਦ ਲੱਗਿਆ ਸੀ। ਇਹ ਵੀ ਨਹੀਂ ਪਤਾ ਅੱਜ ਉਹ  ਜਿਉਂਦੀਆਂ ਵੀ ਹਨ ਜਾਂ ਨਹੀਂ। ਜੇ ਹਨ, ਤਾਂ ਮੇਰੀ ਬੇਨਤੀ ਹੈ ਕਿ ਜਿਸ ਪਾਠਕ ਨੂੰ ਪਤਾ ਹੋਵੇ, ਇਨ੍ਹਾਂ ਬਾਰੇ ਦੱਸੇ ਤਾਂ ਜੋ ਪੰਥ ਵਿਚਲੇ ਦਰਦਵੰਦ ਇਨ੍ਹਾਂ ਨੂੰ ਮਦਦ ਪਹੁੰਚਾ ਸਕਣ! ਜੇ ਹੋਰ ਕੋਈ ਅਗਾਂਹ ਆਉਣ ਨੂੰ ਤਿਆਰ ਨਹੀਂ, ਤਾਂ ਮੈਂ ਹਾਜ਼ਰ ਹਾਂ।
    ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਕਹੀ ਗ਼ੱਲ ਦਾ ਕਿਸੇ ਸਿਆਸਤਦਾਨ ਉੱਤੇ ਉੱਕਾ ਕੋਈ ਅਸਰ ਨਹੀਂ ਪੈਣਾ ਕਿਉਂਕਿ ਉਨ੍ਹਾਂ ਦਾ ਕੰਮ ਹੁੰਦਾ ਹੈ ਧਰਮ ਦੇ ਨਾਂ ਉੱਤੇ ਪਾੜ ਪਾ ਕੇ ਆਮ ਲੋਕਾਂ ਨੂੰ ਭੜਕਾ ਕੇ ਉਨ੍ਹਾਂ ਦਾ ਲਹੂ ਵਹਾ ਦੇਣਾ ਤੇ ਆਪ ਰਾਜ ਪਾਟ ਸਾਂਭ ਲੈਣਾ।
    ਜੇ ਹਾਲੇ ਵੀ ਕਿਸੇ ਨੂੰ ਬੇਯਕੀਨੀ ਹੋਵੇ ਤਾਂ ਕਰਤਾਰਪੁਰ ਲਾਂਘੇ ਦੇ ਜਸ਼ਨਾਂ ਨੂੰ ਸਿਆਸੀ ਅਖਾੜੇ ਵਿਚ ਤਬਦੀਲ ਕਰ ਕੇ ਗੁਰੂ ਸਾਹਿਬ ਦੀ 'ਤੇਰਾ ਤੇਰਾ' ਵਾਲੀ ਸੋਚ ਨੂੰ ਛਿੱਕੇ ਟੰਗ ਕੇ 'ਮੇਰਾ ਮੇਰਾ' ਕਰਨ ਵਾਲੇ ਸਿਆਸੀ ਆਗੂਆਂ ਵੱਲ ਝਾਤ ਮਾਰ ਕੇ ਆਪਣੀ ਬੇਯਕੀਨੀ ਦੂਰ ਕਰ ਸਕਦਾ ਹੈ।
    ਇਸੇ ਲਈ ਆਓ ਰਲ ਕੇ ਹੰਭਲਾ ਮਾਰੀਏ ਤੇ ਆਪਣੀ ਤਾਕਤ ਪਛਾਣ ਕੇ ਇਕਜੁੱਟ ਹੋ ਜਾਈਏ ਅਤੇ 1984 ਦੀ ਯਾਦਗਾਰ ਬਣਾਉਣ ਦੀ ਨੀਂਹ ਧਰੀਏ!
   
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

18 Dec. 2018