2018 , ਦੀ ਪੰਜਾਬੀ ਗਾਇਕੀ ਦਾ ਲੇਖਾ ਜੋਖਾ - ਮਨਜਿੰਦਰ ਸਿੰਘ ਸਰੌਦ

2018 ਦੌਰਾਨ ਵੀ ਫੁਕਰਾਪੰਥੀ ਗੀਤਾਂ ਦਾ ਰਿਹਾ ਬੋਲਬਾਲਾ ।
ਚੰਗਾ ਗਾਉਣ ਵਾਲਿਆਂ ਨੇ ਇਸ ਵਰੇ  ਵੀ  ਮਾਂ ਬੋਲੀ ਦੀ ਰੱਖੀ ਲਾਜ

ਪੰਜਾਬੀ ਗਾਇਕੀ ਦੀ ਗੰਧਲੀ ਹੋ ਚੁੱਕੀ ਆਬੋ ਹਵਾ ਨੇ ਵਿਰਸੇ ਦੇ ਚੰਗੇ ਬੋਲਾਂ ਨੂੰ ਐਸਾ ਨਾਗ ਵਲੇਵਾਂ ਮਾਰਿਆ ਕਿ ਸਾਰਾ ਕੁੱਝ ਗਰਦਸ ਦੀ ਕਾਲੀ ਹਨੇਰੀ ਵਿੱਚ ਰੁੜ੍ਹਦਾ ਚਲਿਆ ਗਿਆ। ਚੰਗੀ ਗਾਇਕੀ  ਦੇ ਰੰਗ ਅਲੋਪ ਹੋ ਗਏ ਤੇ ਮਾੜਿਆਂ ਨੇ ਆਪਣੇ ਬੇਸੁਰੇ ਬੋਲਾਂ ਰਾਹੀਂ ਆਪਣੇ ਹੀ ਵਿਰਸੇ ਦੀ ਧਰੋਹਰ ਨੂੰ ਗਰਦੋਗੋਰ ਕਰ ਦਿੱਤਾ ਅਤੇ ਗਾਇਕੀ ਅੰਦਰ ਇੱਕ ਅੱਚਵੀ ਜਿਹੀ ਭਰ ਉਸ ਨੂੰ ਸਾਹ ਹੀਣ ਕਰ ਰੱਜ ਕੇ ਬੋਲ ਕੁਬੋਲ ਬੋਲੇ । ਚੰਗੇ ਕਲਾਕਾਰਾਂ ਨੇ ਜਿੰਨਾ ਕੁ ਹੋ ਸਕਦਾ ਸੀ ਵਧੀਆ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਦੀ ਆਵਾਜ਼ ਵੀ ਕੱਚ ਘਰੜ ਕਲਾਕਾਰਾਂ ਦੇ ਪਾਏ ਰਾਮ ਰੌਲੇ ਵਿੱਚ ਗੁਆਚ ਗਈ ।
                                           2018  ਆਪਣੇ ਆਖਰੀ ਪਲਾਂ ਨੂੰ ਸਮੇਟਦਾ ਹੋਇਆ ਬੀਤ ਚੱਲਿਐ ਹੁਣ ਨਵੇਂ ਵਰ੍ਹੇ ਨੇ ਆਪਣੇ ਕਦਮਾਂ ਦੀ ਆਹਟ ਨਾਲ ਅਛੋਪਲੇ ਜਿਹੇ ਆ ਦਸਤਕ ਦੇਣੀ ਹੈ । ਕਈ ਵਰ੍ਹਿਆਂ ਤੋਂ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਅਸ਼ਲੀਲਤਾ ਦੀ ਮੱਚ ਰਹੀ  ਫੁੱਲਝੜੀ  ਅੱਜ ਵੀ ਬਾ ਦਸਤੂਰ ਜਾਰੀ ਹੈ । ਇਸ ਵਰ੍ਹੇ ਦੌਰਾਨ ਅਜਿਹਾ ਦੌਰ ਵੀ ਆਇਆ ਜਦ ਸਾਡੇ ਸਮਾਜ ਦੇ ਇੱਕ ਵੱਡੇ ਹਿੱਸੇ ਨੇ ਮਾੜਾ ਗਾਉਣ ਵਾਲਿਆਂ ਨੂੰ ਲਾਹਨਤਾਂ ਪਾਈਆਂ ਪਰ ਉਦੋਂ ਤੱਕ ਇਹ ਲੋਕ ਇਨੇ ਢੀਠ ਹੋ ਚੁੱਕੇ ਸਨ ਕਿ ਕਿਸੇ ਵੀ ਚੰਗੀ  'ਕਿਹਾ ਸੁਣੀ' ਦਾ ਇਨ੍ਹਾਂ ਤੇ ਕੋਈ ਅਸਰ ਨਾ ਮੁਮਕਿਨ ਸੀ ।
                                          ਪੈਸੇ ਦੇ ਪੁੱਤ ਬਣ ਕੇ ਇਨ੍ਹਾਂ  ਬੇ ਅਕਲੇ ਗਵੱਈਆਂ ਨੇ ਮਾਂ ਬੋਲੀ ਦੀ ਰੱਜ ਕੇ ਮਿੱਟੀ ਪਲੀਤ ਕੀਤੀ । ਕਈ ਗੀਤ ਲੰਘੇ ਵਰ੍ਹੇ ਦੇ ਸਭ ਤੋਂ ਮਾੜੇ ਗੀਤ  ਹੋ ਨਿੱਬੜੇ ਪਰ ਉਸ ਨੂੰ ਆਵਾਜ਼ ਦੇਣ ਵਾਲੇ ਫਨਕਾਰਾਂ ਨੇ ਸ਼ਰਮ ਵਾਲ਼ੀ ਲੋਈ ਲਾਹ ਕੇ ਹੀ ਪਾਸੇ ਰੱਖ ਦਿੱਤੀ । ਬਾਕੀ ਵਰ੍ਹਿਆਂ ਦੀ ਤਰ੍ਹਾਂ ਇਹ ਵਰ੍ਹਾ ਵੀ ਪੰਜਾਬੀ ਗਾਇਕੀ ਲਈ ਕੋਈ ਸ਼ੁਭ ਸ਼ਗਨ ਲੈ ਕੇ ਨਾ ਆਇਆ ਜਿਸ ਦੀ ਆਸ ਪਹਿਲਾਂ ਕੀਤੀ ਗਈ ਸੀ । ਗੋਲੀਆਂ, ਨਸ਼ੇ ਤੇ  ਬਦਮਾਸ਼ੀ ਦੇ ਕਿੱਸਿਆਂ ਨੂੰ ਬਿਆਨਦੇ  ਗੀਤ ਪਹਿਲਾਂ ਦੀ ਤਰ੍ਹਾਂ ਰਿਉੜੀਆਂ ਵਾਂਗ ਮਾਰਕੀਟ ਵਿੱਚ ਆਏ ਅਤੇ ਸੋਸ਼ਲ ਮੀਡੀਆ ਤੇ ਵੀ ਉਨ੍ਹਾਂ ਦਾ ਦੱਬ ਕੇ ਪ੍ਰਚਾਰ ਕੀਤਾ ਜਾਂਦਾ ਰਿਹਾ । ਬੇਹਿਆਤ ਬੋਲ ਤੇ ਮਾੜੀ ਸ਼ਬਦਾਵਲੀ ਪੰਜਾਬੀ ਗਾਇਕੀ ਨੂੰ ਸ਼ਰਮਸਾਰ ਕਰ ਸ਼ਰੇਆਮ ਗੂੰਜਦੀ ਰਹੀ। ਕਿਸੇ ਦੀ ਹਿੰਮਤ ਨਾ ਪਈ ਕਿ ਇਸ ਨੂੰ ਰੋਕਿਆ ਜਾਵੇ ਹਾਂ ਇੱਕ ਵਾਰ ਗੋਗਲੂਆਂ ਤੋਂ ਮਿੱਟੀ ਜ਼ਰੂਰ ਝਾੜੀ ਗਈ ।
 ਮਾਂ ਬੋਲੀ ਨੂੰ ਆਪਣੇ ਰਹਿਮੋ ਕਰਮ ਤੇ ਛੱਡ ਸਾਡੇ ਵੱਡੇ ਸਾਹਿਤਕਾਰ ਤੇ ਕਲਮਕਾਰ ਲੋਕ ਫਿਰ ਆਪਣੇ ਕੰਮਾਂ ਧੰਦਿਆਂ ਵਿੱਚ ਮਸਰੂਫ਼ ਹੋ ਗਏ। ਚੰਗਾ ਗਾਉਣ ਵਾਲਿਆਂ ਨੇ ਆਪਣਾ ਟਿੱਲ ਇਸ ਵਰੇ  ਵੀ  ਜਾਰੀ ਰੱਖਿਆ ਤੇ ਲੱਚਰਤਾ ਦੇ ਝੂਲਦੇ ਝੱਖੜਾਂ ਵਿੱਚ ਵੀ ਸੱਚ ਦਾ ਦੀਵਾ ਬਾਲਣ ਦੀ ਸਿਰ ਤੋੜ ਕੋਸ਼ਿਸ਼ ਕੀਤੀ । ਉਨ੍ਹਾਂ ਦੀ ਗਿਣਤੀ ਭਾਵੇਂ ਘੱਟ ਜ਼ਰੂਰ ਹੈ ਪਰ ਉੱਦਮ ਬਹੁਤ ਵੱਡੈ। ਪੱਲਾਂ ਫੂਕ ਜਿਹੜੇ ਮਾਂ ਬੋਲੀ ਦੇ ਅਸਲ ਸਰਵਣ ਪੁੱਤ ਬਣ ਕੇ ਕੰਧ ਵਾਂਗ ਖੜਦੇ  ਨੇ ਉਨਾਂ ਦੀ ਸਿਫਤ ਜ਼ਰੂਰ ਕਰਨੀ ਬਣਦੀ ਹੈ । ਮਾੜਾ ਗਾਉਣ ਵਾਲਿਆਂ ਨੇ  ਬੇਸ਼ਰਮਾ ਦੀ ਤਰ੍ਹਾਂ ਸੱਭਿਆਚਾਰ ਦੀ ਚਿੱਟੀ ਚਾਦਰ ਨੂੰ ਬਾਰ ਬਾਰ ਦਾਗ਼ਦਾਰ ਕਰਦਿਆਂ ਕਈ ਅਜਿਹੇ ਗੀਤਾਂ ਨੂੰ ਲਿਖਿਆ ਅਤੇ ਗਾਇਆ ਜਿਨ੍ਹਾਂ ਨੂੰ ਸਾਡੇ ਸਮਾਜ ਨੇ ਕਦੇ ਵੀ ਮਾਨਤਾ ਨਹੀਂ ਦੇਣੀ ਤੇ ਉਹ ਗੀਤ ਸਾਡੀ ਸੱਭਿਅਕ ਕਸੌਟੀ ਤੇ ਬਿਲਕੁਲ ਖਰੇ ਨਹੀਂ ਉੱਤਰਦੇ ਹਾਂ ਅਜਿਹੇ ਗੀਤਾਂ ਨੂੰ ਕਿਸੇ ਵੀ ਕਲਾਕਾਰ ਨੇ ਆਵਾਜ਼ ਦੇ ਕੇ ਆਪਣੀ ਕਮਅਕਲੀ ਦਾ ਸਬੂਤ ਜ਼ਰੂਰ ਦਿੱਤੈ।
                                        ਇੱਕ ਗੀਤ ਜਿਸ ਦੇ ਬੋਲਾਂ ਨੂੰ ਸੁਣ ਭੈਣ ਭਾਈ ਅਤੇ ਮਾਂ ਪਿਓ ਦੇ ਸੀਨੇ ਅੰਦਰੋਂ ਗੁੱਸੇ ਦੇ ਗੱਚ ਉੱਠਣ ਲੱਗ ਜਾਣ। ਸਾਹਿਤ ਪ੍ਰੇਮੀਆਂ ਦਾ ਸਭ ਤੋਂ ਜ਼ਿਆਦਾ ਨਜ਼ਲਾ, ਸੋਸ਼ਲ ਮੀਡੀਆ ਰਾਹੀਂ ਆਪਣੇ ਗਰੁੱਪ ਨੂੰ ਪ੍ਰਮੋਟ ਕਰਦੇ,  ਦਾ ਲੰਡਰਜ, ਨਾਂ ਦੇ ਅਖੌਤੀ ਕਲਾਕਾਰਾਂ ਤੇ ਡਿੱਗਿਆ ਇਨ੍ਹਾਂ ਦੀਆਂ ਮਾਰੀਆਂ ਖੱਬਲ ਵਾਦੀਆਂ ਨੂੰ ਜੇਕਰ ਇਸ ਵਰ੍ਹੇ ਦਾ ਸਭ ਤੋਂ ਮਾੜਾ ,ਖਿਲ਼ਰਿਆ ਝੱਲ, ਵੀ ਕਹਿ ਦੇਈਏ ਤਾਂ ਕੋਈ ਗਲਤ ਨਹੀਂ ਹੋਵੇਗਾ । ਹੁਣ ਸਾਡਾ ਭੋਲੂ ਸਾਨੂੰ ਮੋੜ ਦੇ, ਨਾਂਅ ਦੇ ਗੀਤ ਤੇ ਵੀ ਚਿੰਤਕ ਲੋਕਾਂ ਨੇ ਆਪਣਾ ਗੁੱਸਾ ਕੱਢਿਆ । ਉਸ ਤੋਂ ਬਾਅਦ,  ਕਰੰਟ ਮਾਰਦੈ, ਗੀਤ ਨੂੰ ਲੈ ਕੇ ਕਾਫੀ ਬਹਿਸਬਾਜ਼ੀ ਹੋਈ । ਹੋਰ ਖਾਸੇ ਗੀਤ ਜੋ ਕਈ ਚੰਗੇ ਭਲੇ ਕਲਾਕਾਰਾਂ ਤੇ ਆਹ ਬੂਝੜ ਫ਼ਨਕਾਰਾਂ ਵੱਲੋਂ ਗਾਏ ਗਏ ਇਸ ਵਰ੍ਹੇ ਚਰਚਾ ਵਿੱਚ ਰਹੇ। ਕਈਆਂ ਤੇ ਕਾਫੀ ਹੋ ਹੱਲਾ ਹੋਇਆ ਤੇ ਇਨ੍ਹਾਂ ਗੀਤਾਂ ਨੂੰ ਆਵਾਜ਼ ਦੇਣ ਵਾਲੇ ਅਣਸਿੱਖ ਫ਼ਨਕਾਰਾਂ  ਦੀ ਸੋਸ਼ਲ ਮੀਡੀਆ ਤੇ ਕਾਫੀ ਕਿਰਕਰੀ ਹੋਈ । ਬਹੁਤਿਆਂ ਦੇ ਗੀਤਾਂ ਨੂੰ ਸੁਣ ਜੋ ਕਮੈਂਟ ਆ ਰਹੇ ਸਨ ਉਹ ਨਾ ਪੜ੍ਹਨਯੋਗ ਸਨ।
                                        ਪਰ ਇਹ ਕਲਾਕਾਰ ਸ਼ਾਇਦ  ਇਸੇ ਨੂੰ ਆਪਣੀ ਸ਼ਾਨ ਸਮਝਦੇ ਨੇ ਇਸ ਦੇ ਮੁਕਾਬਲੇ ਤੇ ਚੰਗਾ ਗਾਉਣ ਵਾਲੇ ਅਤੇ ਵਿਰਸੇ ਦੇ ਵਾਰਸ ਕਲਾਕਾਰਾਂ ਵੱਲੋਂ ਪਿਛਲੇ ਸਮੇਂ ਦੀ ਤਰ੍ਹਾਂ ਇਸ ਵਰ੍ਹੇ ਵੀ ਆਪਣੀ ਚੰਗਾ ਗਾਉਣ ਦੀ ਪਿਰਤ ਬਰਕਰਾਰ ਰੱਖੀ । ਹਰਭਜਨ ਮਾਨ ਜਿਸ ਨੇ ਸਦਾ ਵਧੀਆ ਗਾਇਐ  ਉਸਨੇ ਸੱਤਰੰਗੀ ਪੀਂਘ , ਜਿੰਦੜੀਏ, ਵਰਗੇ ਵਿਰਸੇ ਨੂੰ ਪ੍ਰਣਾਏ ਗੀਤਾਂ ਨਾਲ ਹਾਜ਼ਰੀ ਲਵਾਈ । ਗਾਇਕ ਤੇ ਅਦਾਕਾਰ ਰਾਜ ਕਾਕੜਾ ਜਿਸ ਨੇ ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਕੇ ਗਾਇਕੀ ਦੇ ਖੇਤਰ ਵਿੱਚ ਨਿਵੇਕਲਾ ਰੁਤਬਾ ਹਾਸਲ ਕੀਤਾ । ਉਸ ਦੇ ਚਾਰੇ ਗੀਤ ਰਾਜਨੀਤੀ, ਮਾਂ, ਹੱਥ ਫੜੀਆਂ ਤਲਵਾਰਾਂ ਅਤੇ ਪੁੱਤ ਪੰਜ ਦਰਿਆਵਾਂ ਦੇ ਜੋ ਸਾਡੀ ਸੱਭਿਅਤਾ ਨੂੰ ਪਰਣਾਏ ਹੋਏ ਗੀਤ ਸਨ ਨੂੰ ਉਸ ਦੇ ਚਾਹੁਣ ਵਾਲਿਆਂ ਨੇ ਬੀਤੇ ਵਰ੍ਹੇ ਦੀ ਸਭ ਤੋਂ ਉੱਤਮ ਰਚਨਾ  ਦਾ ਖਿਤਾਬ ਦਿੱਤਾ
                                               ਸੋਹਣੇ ਸੁਨੱਖੇ ਤੇ ਪਾਏਦਾਰ ਆਵਾਜ਼ ਦੇ ਮਾਲਕ ਹਰਿੰਦਰ ਸੰਧੂ ਜਿਸ ਨੇ ਆਪਣੀ ਗਾਇਕੀ ਦੇ ਪੂਰੇ ਸਫ਼ਰ ਦੌਰਾਨ ਸ਼ਾਇਦ ਹੀ ਕਿਸੇ ਵਿਵਾਦਤ ਗੀਤ ਨੂੰ ਆਵਾਜ਼ ਦਿੱਤੀ ਹੋਵੇ, ਪੁੱਤ ਸਰਦਾਰਾਂ ਦੇ, ਗਿੱਧਾ ਭਾਬੀਆਂ ਦਾ, ਬੇਬੇ ਦੀਆਂ ਮੱਕੀ ਦੀਆਂ ਰੋਟੀਆਂ ਜਿਹੇ ਗੀਤ ਪਿਛਲੇ ਵਰ੍ਹੇ ਦੀ ਇੱਕ ਯਾਦਗਾਰ ਤਸਵੀਰ ਵਜੋਂ ਲੋਕ ਮਨਾਂ ਤੇ ਉੱਕਰੇ ਗਏ। 
                                        ਵਧੀਆ ਦਸਤਾਰ ਸਜਾਉਣ ਦੇ ਵਿੱਚ ਨੰਬਰ ਇੱਕ ਤੇ ਜਾਣੇ ਜਾਂਦੇ ਸਾਊ ਕਲਾਕਾਰ ਸੁਖਵਿੰਦਰ ਸਿੱਘ ਸੁੱਖੀ ਨੇ ਬਾਕੀ ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਆਪਣਾ ਮੁਕਾਮ ਕਾਮਯਾਬ ਰੱਖਿਆ। ਉਸ ਨੇ ਦਿੱਲ ਨੀ ਤੋੜਦੇ, ਜੱਟਾਂ ਦੇ ਗੋਤ, ਅੱਖ ਬਾਜ ਵਰਗੀ ਨਿਮਰਤਾ ਸਾਧ ਵਰਗੀ , ਕੱਚ ਦੀ ਵੰਗ , ਨੀਂਦ ਨਾ ਆਈ ਰਾਤ ਨੂੰ, ਵਰਗੇ ਗੀਤਾਂ ਦੇ ਨਾਲ ਨਾਲ ਧਾਰਮਿਕ ਪੱਖ ਤੋਂ ਵੀ ਸੱਭਿਅਤਾ ਦਾ ਪੱਲਾ ਘੁੱਟ ਕੇ ਫੜੀ ਰੱਖਿਆ ਤੇ ਨਕਾਰ ਦਿੱਤਾ ਉਨ੍ਹਾਂ ਚਰਚਾਵਾਂ ਨੂੰ ਕਿ ਕਲਾਕਾਰ ਪੈਸੇ ਪਿੱਛੇ ਕੁਝ ਵੀ ਸਮਝੌਤੇ ਕਰ ਸਕਦੇ ਨੇ । ਪੰਜਾਬੀ ਗਾਇਕੀ ਦੇ  ਖੁੰਢ ਕਲਾਕਾਰ ਅਤੇ ਵਿਦੇਸ਼ਾਂ ਵਿੱਚ ਆਪਣੀ ਗਾਇਕੀ ਦਾ ਡੰਕਾ ਵਜਾਉਣ ਵਾਲੇ ਪੰਮੀ ਬਾਈ ਨੇ ਵੀ ਇਸ ਵਰ੍ਹੇ ਆਪਣਾ , ਵਹੀ ਖਾਤਾ , ਵਧੀਆ ਗਾਇਕੀ ਦੇ ਨਾਲ ਲਬਰੇਜ਼ ਰੱਖਿਆ । 
                                              ਚੰਗੀ  ਸੂਰਤ ਤੇ ਸੀਰਤ ਦਾ  ਮਾਲਕ ਹਰਜੀਤ ਹਰਮਨ ਜੋ ਸ਼ੁਰੂ ਤੋਂ ਇਹ ਕਹਿੰਦਾ ਰਿਹਾ ਕਿ ਮੈਂ ਸਦਾ ਹੀ ਉਹ ਗੀਤ ਗਾਵਾਂਗਾ ਜਿਸ ਨੂੰ ਮੇਰੇ ਪਰਿਵਾਰ ਵਾਲੇ ਵੀ ਬੈਠ ਕੇ ਸੁਣ ਸਕਣ ਬਿਨਾਂ ਸ਼ੱਕ ਉਹ ਇਨ੍ਹਾਂ ਲਫ਼ਜ਼ਾਂ ਤੇ ਖਰਾ ਉਤਰਿਆ ਹੈ । ਇੱਕ ਪੰਜਾਬੀ ਫਿਲਮ ਦੇ ਨਾਲ ਨਾਲ , ਵੰਡਿਆ ਗਿਆ ਪੰਜਾਬ , ਮਾਏ ਨੀ ਮਾਏ, ਬੜਾ ਕੁਝ ਯਾਦ ਆਉਂਦਾ ਏ ਵਰਗੇ ਚੰਗੇ ਗੀਤਾਂ ਨੂੰ ਆਵਾਜ਼ ਦੇ ਕੇ ਉਸ ਨੇ ਮਾਂ ਬੋਲੀ ਦਾ ਝੰਡਾ ਬੁਲੰਦ ਰੱਖਣ ਦਾ ਨਾਮਣਾ ਖੱਟਿਐ।
                                           ਇਨ੍ਹਾਂ ਮਹਾਨ ਕਲਾਕਾਰਾਂ ਤੋਂ ਇਲਾਵਾ  ਪੰਮਾ ਹਠੂਰ, ਰੰਧਾਵਾ ਭਰਾ , ਪੰਮਾ ਡੂਮੇਵਾਲ , ਗੈਰੀ ਬਾਵਾ , ਮੰਗਤ ਖ਼ਾਨ , ਦਿਲਸ਼ਾਨ , ਗਗਨਪ੍ਰੀਤ ਬਠਿੰਡਾ , ਸਰਬ ਘੁਮਾਣ, ਮਾਲਵਿੰਦਰ ਉਕਸੀ, ਮਨਿੰਦਰ ਰੰਗੀ, ਹਰਮਿੰਦਰ  ਸਿੰਘ ਭੱਟ , ਗੁਰਜੰਟ ਪਟਿਆਲਾ, ਲਖਣ ਮੇਘੀਆ  ਸਮੇਤ ਕਈ ਅਜਿਹੇ ਨਾਂ ਨੇ ਜਿੰਨਾ ਇਸ ਵਰ੍ਹੇ ਵੀ ਆਪਣੇ ਮੂਲ ਨੂੰ ਪਛਾਣਿਆ ਅਤੇ ਚੰਗੇ ਗੀਤ ਗਾ ਕੇ ਜਬਲੀਆਂ ਮਾਰਨ ਵਾਲਿਆਂ ਨੂੰ ਨਸੀਹਤ ਦਿੱਤੀ ਹੈ ਕਿ ਸਾਰਾ ਕੁਝ ਸਮਝੌਤੇ ਨਹੀਂ ਹੁੰਦੇ । ਚੁੱਲ੍ਹਾ ਤਾਂ ਚੰਗਾ ਗਾਉਣ ਨਾਲ ਵੀ ਬਲ਼ ਸਕਦਾ ਹੈ। ਪੰਜਾਬੀਆਂ ਦਾ ਵੀ ਫਰਜ਼ ਬਣਦਾ ਹੈ ਕਿ ਇਨਾਂ ਮਾਂ ਬੋਲੀ ਦੇ ਪੁੱਤਰਾਂ ਨੂੰ ਮਾਣ ਦੇਈਏ ਤਾਂ ਕਿ ਇਹ ਅਗਲੇ ਸਮੇਂ ਨੂੰ ਕੁਝ ਹੋਰ ਚੰਗਾ ਕਰ ਸਕਣ ।
                                       ਲੰਘੇ ਵਰ੍ਹੇ ਪੰਜਾਬੀ ਗਾਇਕੀ ਵਿੱਚ ਖਿੱਚੀ ਲਕੀਰ ਬਰਕਰਾਰ  ਰਹੀ । ਸਰਕਾਰ ਅਤੇ ਕਈ ਵੱਡੇ ਚੌਧਰੀਆਂ ਵੱਲੋਂ ਗੀਤਾਂ ਵਿੱਚ ਆਈ ਲੱਚਰਤਾ ਨੂੰ ਦੂਰ ਕਰਨ ਦੇ ਲਈ ਕਈ ਵਿਉਂਤਾਂ ਘੜੀਆਂ , ਕਈ ਕਮਿਸ਼ਨ ਬਣੇ, ਅਤੇ ਕਮੇਟੀਆਂ ਕਾਇਮ ਕੀਤੀ ਗਈਆਂ । ਪਰ ਅਫਸੋਸ ਨਾਲ ਕਹਿਣਾ ਪੈ ਰਿਹੈ ਕਿ ਮਹਿਜ਼ ਇਹ  ਸਰਕਾਰੀ ਜਾਂ ਗੈਰ ਸਰਕਾਰੀ ਉਪਰਾਲੇ ਸਿਰਫ਼ ਦਿਖਾਵੇ ਜਾਂ ਤਸਵੀਰਾਂ ਖਿਚਵਾਉਣ ਦੇ ਲਈ ਹੀ ਕੀਤੇ ਗਏ ਸਨ । ਅਸਲ ਰਮਜ਼ ਨੂੰ ਕਿਸੇ ਨੇ ਸਮਝਣ ਦਾ ਯਤਨ ਹੀ ਨਹੀਂ ਕੀਤਾ । 2018 ਵੀ ਬਾਕੀ ਵਰ੍ਹਿਆਂ ਦੀ ਤਰ੍ਹਾਂ ਕੋਈ ਬਹੁਤ ਵਧੀਆ ਨਹੀਂ ਰਿਹਾ । ਸਾਰਾ ਸਾਲ ਗੀਤਾਂ ਵਿੱਚ ਗੋਲੀਆਂ ਚੱਲਦੀਆਂ ਰਹੀਆਂ ਬੰਦੇ ਮਰਦੇ ਰਹੇ  ਜ਼ਖਮੀਆਂ ਨੂੰ , ਐਂਬੂਲੈਂਸਾਂ , ਢੋਂਹਦੀਆਂ ਰਹੀਆਂ । ਮਾੜੇ ਬੋਲ ਪੰਜਾਬ ਦੀਆਂ ਫ਼ਿਜ਼ਾਵਾਂ ਵਿੱਚ ਜ਼ਹਿਰ ਵਾਂਗਰਾਂ ਗੂੰਜੇ ਅਤੇ ਚੀਰਦੇ ਰਹੇ ਉਹਨਾਂ ਸੀਨਿਆਂ ਨੂੰ ਜਿਹੜੇ ਸੱਚੇ ਮਨੋਂ ਰੱਬ ਰੂਹੀ ਗਾਇਕੀ ਦੇ ਮੁਰੀਦ ਨੇ ।
                                          ਫੁਕਰਾਪੰਥੀ ਕਲਾਕਾਰਾਂ ਦੇ ਨਾਲ ਸਰੋਤੇ ਵੀ ਇਸ ਸਾਰੇ ਮਾੜੇ ਵਰਤਾਰੇ ਦੇ ਲਈ ਜ਼ਿੰਮੇਵਾਰ ਹੋ ਨਿੱਬੜੇ । ਸਰਕਾਰ , ਸਾਹਿਤਕ ਜਥੇਬੰਦੀਆਂ ਤੇ, ਚੌਧਰੀ , ਲੋਕ  ਮਨੋਰੰਜਨ ਦੇ ਨਾਂਅ ਤੇ ਸੰਗੀਤਕ ਗੁੰਡਾਗਰਦੀ ਨੂੰ ਰੋਕਣ ਦੀ ਬਜਾਏ ਚੁੱਪ ਵਾਲੇ ਫਾਰਮੂਲੇ ਤੇ ਕਾਇਮ ਰਹੇ ਅਤੇ ਆਪਣੀ ਜ਼ੁਬਾਨ ਵਿੱਚੋਂ ਦੋ ਸ਼ਬਦ ਵੀ ਮਾਂ ਬੋਲੀ ਦਾ ਘਾਣ ਕਰਨ ਵਾਲੇ ਕਲਾਕਾਰਾਂ ਦੇ ਲਈ ਨਾ ਬੋਲ ਸਕੇ । ਉਨ੍ਹਾਂ ਨੂੰ ਵੀ ਦਾਦ ਦੇਣੀ ਬਣਦੀ ਹੈ ਜਿਹੜੇ ਇਸ ਵਪਾਰਕ ਮੰਡੀ ਦੇ ਅੰਦਰ ਅੱਜ ਵੀ ਸੱਚਾ ਤੇ ਸੁੱਚਾ ਸੌਦਾ ਕਰਨ ਦੀ ਹਾਮੀ ਭਰਦੇ ਨੇ ਤੇ ਜਿਨ੍ਹਾਂ ਦੇ ਕੋਮਲ ਮਨ ਇੱਕ ਚੀਸ ਜ਼ਰੂਰ ਵੱਟਦੇ ਹਨ ਜਦ ਕਿਤੇ ਸਾਡੀ ਸੱਭਿਅਤਾ ਦੀ ਚਿੱਟੀ ਚਾਦਰ ਦਾਗਦਾਰ ਹੁੰਦੀ ਹੈ ।
                                ਉਮੀਦ ਕਰਦੇ ਹਾਂ ਕਿ ਚੰਗਾ ਗਾਉਣ ਵਾਲੇ ਨਵੇਂ ਵਰ੍ਹੇ ਵੀ ਆਪਣੀ ਸੋਚ ਤੇ ਪਹਿਰਾ ਦਿੰਦਿਆਂ ਚੰਗਾ ਕਰਨ ਦਾ ਯਤਨ ਕਰਦੇ ਰਹਿਣਗੇ । ਤੇ ਮਾੜਾ ਗਾਉਣ ਵਾਲੇ ਵੀ ਫੁਕਰਾਪੰਥੀ  ਗੀਤਾਂ ਨੂੰ ਤਿਲਾਜਲੀ ਦੇ ਕੇ , ਸਰਬ ਸੱਚ , ਗਾਇਕੀ  ਦੇ ਪਾਲੇ ਵੱਲ ਪਰਤਣਗੇ। ਇਸੇ ਵਿੱਚ ਸਮਾਜ ਤੇ ਸਾਡੇ ਨੌਜਵਾਨਾਂ ਦੀ ਭਲਾਈ ਹੈ।

ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
94634-63136

21 Dec. 2018