ਅਦੁੱਤੀ ਸ਼ਹਾਦਤਾਂ ਨੂੰ ਛੁਟਿਆਣ ਦੀ ਸਾਜ਼ਿਸ਼ ਤਾਂ ਨਹੀਂ ਹੋ ਰਹੀ? - ਜਸਵੰਤ ਸਿੰਘ 'ਅਜੀਤ'

ਬੀਤੇ ਕੁਝ ਸਮੇਂ ਤੋਂ ਕੁਝ ਰਾਜਸੀ ਵਿਅਕਤੀਆਂ, ਜਿਨ੍ਹਾਂ ਵਿੱਚ ਕਈ ਸਿੱਖ ਵੀਰ ਵੀ ਜਾਣੇ-ਅਨਜਾਣੇ ਸ਼ਾਮਲ ਹੋ ਗਏ ਹੋਏ ਹਨ, ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 'ਰਾਸ਼ਟਰ ਪਿਤਾ' ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ 'ਬਾਲ ਦਿਵਸ' ਵਜੋਂ ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਇੱਕ ਅਖੌਤੀ ਮੁਹਿੰਮ ਜਿਹੀ ਸ਼ੁਰੂ ਕੀਤੀ ਗਈ ਹੋਈ ਹੈ। ਜਿਸਤੋਂ ਇਉਂ ਜਾਪਦਾ ਹੈ, ਜਿਵੇਂ ਇਨ੍ਹਾਂ ਸਜਣਾਂ ਨੂੰ ਨਾ ਤਾਂ ਸਿੱਖ ਧਰਮ ਦੀਆਂ ਸਥਾਪਤ ਮਾਨਤਾਵਾਂ ਦੀ ਸੋਝੀ ਹੈ ਅਤੇ ਨਾ ਹੀ ਇਸ ਮੁਹਿੰਮ ਦੇ ਪਿਛੇ ਉਨ੍ਹਾਂ ਦੀ ਈਮਾਨਦਾਰਾਨਾ ਸੋਚ ਹੀ ਕੰਮ ਕਰ ਰਹੀ ਹੈ। ਉਨ੍ਹਾਂ ਦੀ ਇਸ ਮੁਹਿੰਮ ਦੇ ਪਿਛੇ ਕੇਵਲ ਅਤੇ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਆਪਣੇ ਰਾਜਸੀ ਸਵਾਰਥ ਦੀ ਪੂਰਤੀ ਲਈ ਮੋਹਰੇ ਵਜੋਂ ਵਰਤ, ਛੁਟਿਆਣ ਦੀ ਸੋਚ ਕੰਮ ਕਰ ਰਹੀ ਹੈ।
ਜਿਥੋਂ ਤਕ ਇਨ੍ਹਾਂ ਸ਼ਹਾਦਤਾਂ ਦਾ ਸੰਬੰਧ ਹੈ, ਇਹ ਕਿਸੇ ਸੰਕੋਚਵੀਂ ਵਿਚਾਰਧਾਰਾ ਅਧੀਨ ਨਹੀਂ ਦਿੱਤੀਆਂ ਗਈਆਂ, ਸਗੋਂ ਇਨ੍ਹਾਂ ਪਿੱਛੇ ਸਮੁਚੀ ਮਾਨਵਤਾ ਦੇ ਧਾਰਮਕ ਵਿਸ਼ਵਾਸ ਅਤੇ ਹਿਤਾਂ ਦੀ ਰਖਿਆ ਪੁਰ ਅਧਾਰਤ ਸੋਚ ਕੰਮ ਕਰ ਰਹੀ ਸੀ। ਜਿਸ ਕਾਰਣ ਇਨ੍ਹਾਂ ਸ਼ਹਾਦਤਾਂ ਨੂੰ ਵਿਸ਼ਵ-ਪੱਧਰੀ ਮਹਤੱਤਾ ਪ੍ਰਾਪਤ ਹੋ ਗਈ ਹੋਈ ਹੈ। ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਆਪਣੀ ਸ਼ਹਾਦਤ, ਜੋ ਕਿ ਸਮੇਂ ਦੇ ਹਾਲਾਤ ਤੇ ਉਨ੍ਹਾਂ ਹਾਲਾਤ ਦੀ ਮੰਗ ਦੇ ਅਧਾਰ 'ਤੇ ਹਿੰਦੂ ਧਰਮ, ਉਸਦੀਆਂ ਮਾਨਤਾਵਾਂ ਅਤੇ ਵਿਸ਼ਵਾਸ ਦੀ ਰਖਿਆ ਲਈ ਦਿੱਤੀ ਗਈ ਸੀ, ਪ੍ਰੰਤੂ ਅਸਲ ਵਿੱਚ ਇਸਦੇ ਪਿਛੇ ਇਹ ਧਾਰਣਾ ਕੰਮ ਕਰ ਰਹੀ ਸੀ ਕਿ ਸੰਸਾਰ ਭਰ ਵਿੱਚ ਪ੍ਰਚਲਤ ਸਾਰੇ ਧਰਮਾਂ, ਜਿਨ੍ਹਾਂ ਵਿੱਚ ਹਿੰਦੂ ਧਾਰਮ ਵੀ ਸ਼ਾਮਲ ਹੈ, ਦੇ ਪੈਰੋਕਾਰਾਂ ਨੂੰ ਆਪੋ-ਆਪਣੇ ਧਰਮ ਪ੍ਰਤੀ ਵਿਸ਼ਵਾਸ ਅਤੇ ਉਸ ਦੀਆਂ ਮਾਨਤਾਵਾਂ ਦੇ ਪਾਲਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਬਿਨਾਂ ਕਿਸੇ ਡਰ-ਭਉ ਦੇ ਉਨ੍ਹਾਂ ਦਾ ਪਾਲਣ ਆਪਣੀ ਸ਼ਰਧਾ ਤੇ ਸਥਾਪਤ ਪਰੰਪਰਾ ਅਨੁਸਾਰ ਕਰਦੇ ਰਹਿ ਸਕਣ। ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਉਨ੍ਹਾਂ ਦੇ ਆਪਣੇ ਧਰਮ ਪ੍ਰਤੀ ਵਿਸ਼ਵਾਸ ਨੂੰ ਬਦਲਣ ਲਈ, ਉਨ੍ਹਾਂ ਪੁਰ ਅਥਾਹ ਅਤੇ ਅਕਹਿ ਜ਼ੁਲਮ ਢਾਹੇ।
ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਆਤਮ-ਸਨਮਾਨ ਅਤੇ ਧਾਰਮਕ ਵਿਸ਼ਵਾਸ ਦੀ ਰਖਿਆ ਲਈ ਦਿੱਤੀ ਗਈ ਸ਼ਹਾਦਤ ਸੀ। ਦੋ ਛੋਟੇ ਸਾਹਿਬਜ਼ਾਦਿਆਂ ਨੇ ਮਾਤ੍ਰ ਛੋਟੀ-ਜਿਹੀ (5 ਅਤੇ 10 ਵਰ੍ਹੇ) ਉਮਰ ਹੋਣ ਦੇ ਬਾਵਜੂਦ ਜ਼ੋਰ-ਜਬਰ ਅਤੇ ਅਨਿਆਇ ਸਾਹਮਣੇ ਸਿਰ ਝੁਕਾ, ਆਪਣੇ ਧਾਰਮਕ ਵਿਸ਼ਵਾਸ ਨੂੰ ਬਦਲ ਲੈਣ ਨਾਲੋਂ ਦੀਵਾਰਾਂ ਦੀਆਂ ਨੀਂਹਾਂ ਵਿੱਚ 'ਚਿਣਿਆਂ' ਜਾਣ ਨੂੰ ਤਰਜੀਹ ਦਿੱਤੀ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਨੇ (14 ਅਤੇ 19 ਵਰ੍ਹਿਆਂ) ਮੈਦਾਨ-ਏ-ਜੰਗ ਵਿੱਚ ਜਾਬਰਾਂ ਅਤੇ ਜ਼ਾਲਮਾਂ ਦੀ ਅਥਾਹ ਸੈਨਾ ਨਾਲ ਜੂਝਦਿਆਂ ਆਪਣਾ ਆਪ ਕੁਰਬਾਨ ਕਰ ਦਿੱਤਾ। ਇਨ੍ਹਾਂ ਸ਼ਹਾਦਤਾਂ ਦਾ ਉਦੇਸ਼ ਵਿਸ਼ਵ-ਵਿਆਪੀ ਹੋਣ ਦੇ ਨਾਲ ਹੀ ਸਮੁਚੀ ਮਨੁਖਤਾ ਲਈ ਇੱਕ ਸਾਰਥਕ ਸੰਦੇਸ਼ ਵੀ ਸੀ, ਜਿਸਦੇ ਚਲਦਿਆਂ, ਨਾ ਤਾਂ ਇਨ੍ਹਾਂ ਨੂੰ ਕਿਸੀ ਵਿਸ਼ੇਸ਼ ਵਰਗ ਤਕ ਸੀਮਤ ਰਖਿਆ ਜਾ ਸਕਦਾ ਹੈ ਅਤੇ ਨਾ ਹੀ ਅਜਿਹਾ ਕਰਨ ਦੀ ਇਜਾਜ਼ਤ ਹੀ ਕਿਸੇ ਨੂੰ ਦਿੱਤੀ ਜਾ ਸਕਦੀ ਹੈ।
ਇੱਕ ਗਲ ਹੋਰ ਜਿਸਨੂੰ ਸਪਸ਼ਟ ਰੂਪ ਵਿੱਚ ਸਮਝ ਲਿਆ ਜਾਣਾ ਬਹੁਤ ਜ਼ਰੂਰੀ ਹੈ, ਉਹ ਇਹ ਕਿ ਸਿੱਖ ਧਰਮ 'ਖੋਹ ਲੈਣ' ਵਿੱਚ ਵਿਸ਼ਵਾਸ ਨਹੀਂ ਰਖਦਾ, ਇਸਦੇ ਵਿਰੁਧ ਉਸਦਾ ਵਿਸ਼ਵਾਸ ਵੰਡਦਿਆਂ ਰਹਿਣ ਵਿੱਚ ਹੈ। ਇਸੇ ਲਈ ਉਨ੍ਹਾਂ ਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼ਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਲਈ ਮਹਾਤਮਾ ਗਾਂਧੀ ਤੋਂ ਉਨ੍ਹਾਂ ਦੇ 'ਰਾਸ਼ਟਰ ਪਿਤਾ' ਦੇ ਖਿਤਾਬ ਅਤੇ ਪੰਡਤ ਨਹਿਰੂ ਪਾਸੋ ਉਨ੍ਹਾਂ ਦੇ 'ਬਾਲ ਦਿਵਸ' ਨੂੰ ਖੋਹ, ਸ੍ਰੀ ਗੁਰੂ ਤੇਗ ਬਹਦਰ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾਲ ਜੋੜ, ਉਨ੍ਹਾਂ ਦੀ ਮਹਤੱਤਾ ਨੂੰ ਘਟਾ ਦਿੱਤੇ ਜਾਣ ਵਿੱਚ ਕਿਸੇ ਦੀ ਵੀ ਦਿਲਚਸਪੀ ਨਹੀਂ ਹੋ ਸਕਦੀ।


ਧਾਰਮਕ ਸੰਸਥਾਵਾਂ ਦੇ ਮੁੱਖੀਊ ਜਾਗੋ : ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਸਿੱਖੀ ਸੰਭਾਲ ਪ੍ਰਤੀ ਸਮਰਪਤ ਹੋਣ ਦੀਆਂ ਦਾਅਵੇਦਾਰ ਸਿੱਖ ਸੰਸਥਾਵਾਂ, ਵਿਸ਼ੇਸ਼ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਚਾਹੀਦਾ ਹੈ ਕਿ ਉਹ ਚੇਤੰਨ ਹੋ, ਸਮਾਂ ਰਹਿੰਦਿਆਂ ਆਪਣੀ ਜ਼ਿਮੇਂਦਾਰੀ ਸਮਝਣ ਤੇ ਉਸਨੂੰ ਸੰਭਾਲਣ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 'ਰਾਸ਼ਟਰ ਪਿਤਾ' ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ 'ਬਾਲ ਦਿਵਸ' ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੋਈ ਮੁਹਿੰਮ ਨੂੰ ਰੋਕਣ ਲਈ ਅੱਗੇ ਆਉਣ ਅਤੇ ਜ਼ੋਰਦਾਰ ਸ਼ਬਦਾਂ ਵਿੱਚ ਸਪਸ਼ਟ ਕਰ ਦੇਣ ਕਿ ਉਹ ਕਿਸੇ ਵੀ ਕੀਮਤ 'ਤੇ ਕਿਸੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਰਾਜਸੀ ਸਵਾਰਥ ਲਈ ਮੋਹਰੇ ਦੇ ਰੂਪ ਵਿੱਚ ਵਰਤਣ ਦਾ ਅਧਿਕਾਰ ਨਹੀਂ ਦੇ ਸਕਦੇ।


ਸ. ਬਾਦਲ ਬਜ਼ਿਦ ਕਿਉਂ? : ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰਐਸ ਸੋਢੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਆਏ ਦਿਨ ਪੰਥ ਲਈ ਜਾਨਾਂ ਸਮੇਤ ਸਭ ਕੁਝ ਕੁਰਬਾਨ ਕਰ ਦੇਣ ਦਾ ਦਾਅਵਾ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਆਖਰ ਕੀ ਮਜਬੂਰੀ ਹੈ, ਕਿ ਜਿਸਦੇ ਚਲਦਿਆਂ ਉਹ ਆਪਣੇ ਪੁਰਾਣੇ, ਟਕਸਾਲੀ ਅਤੇ ਸੀਨੀਅਰ ਅਕਾਲੀ ਮੁਖੀਆਂ, ਜੋ ਲੰਬੇ ਸਮੇਂ ਤਕ ਉਨ੍ਹਾਂ ਦੇ ਬਹੁਤ ਹੀ ਨਜ਼ਦੀਕੀ ਅਤੇ ਵਿਸ਼ਵਾਸ ਪ੍ਰਾਪਤ ਸਾਥੀ ਰਹੇ ਹਨ, ਦੀ ਇਸ ਮੰਗ ਨੂੰ ਸਵੀਕਾਰਨ ਤੋਂ ਕਿਉਂ ਹਿਚਕਿਚਾ ਰਹੇ ਹਨ ਕਿ ਸ. ਸੁਖਬੀਰ ਸਿੰਘ ਬਾਦਲ ਨੂੰ ਦਲ ਦੇ ਪ੍ਰਧਾਨਗੀ ਦੇ ਅਹੁਦੇ ਤੋੇਂ ਹਟਾ, ਉਹ ਖੁਦ ਉਸਨੂੰ ਸੰਭਾਲ ਲੈਣ। ਜਸਟਿਸ ਸੋਢੀ ਨੇ ਪੁਛਿਆ ਕਿ ਕੀ ਸ. ਬਾਦਲ ਸ਼੍ਰੋਮਣੀ ਅਕਾਲੀ ਦਲ ਪੁਰ ਪਰਿਵਾਰਿਕ ਪਕੜ ਮਜ਼ਬੂਤ ਕਰੀ ਰਖਦਿਆਂ ਉਸਨੂੰ ਨਿਜੀ ਜਾਇਦਾਦ ਬਣਾਈ ਰਖਣਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਸ. ਬਾਦਲ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿਜੀ ਜਾਇਦਾਦ ਨਹੀਂ, ਉਹ ਸਮਚੇ ਪੰਥ ਦੀ ਅਮਾਨਤ ਹੈ, ਜਿਸਨੂੰ ਪੰਥ ਨੇ ਅਥਾਹ ਕੁਰਬਾਨੀਆਂ ਕਰਕੇ ਪ੍ਰਵਾਨ ਚੜ੍ਹਾਇਆ ਹੈ। ਉਸ ਵਿੱਚ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ 'ਖਿਆਨਤ', ਕੁਦਰਤ ਦੀਆਂ ਮਾਨਤਾਵਾਂ ਅਨੁਸਾਰ ਬਹੁਤ ਹੀ ਮਹੰਗੀ ਪੈ ਸਕਦੀ ਹੈ।


ਸਿੱਖ ਕਤਲ-ਏ-ਆਮ ਦੇ ਇੱਕ ਮੁਖ ਦੋਸ਼ੀ ਨੂੰ ਸਜ਼ਾ : ਨਵੰਬਰ-84 ਦੇ ਸਿਖ ਕਤਲ-ਏ-ਆਮ ਦੇ 34 ਵਰ੍ਹਿਆਂ ਬਾਅਦ ਦਿੱਲੀ ਹਾਈ ਕੋਰਟ ਨੇ ਇਸ ਕਤਲ-ਏ-ਆਮ ਦੇ ਇੱਕ ਮੁੱਖ ਦੋਸ਼ੀ, ਸੱਜਣ ਕੁਮਾਰ ਨੂੰ ਉਮਰ ਕੈਦ, ਉਸਦੇ ਕੁਝ ਸਾਥੀਆਂ ਨੂੰ ਉਮਰ ਅਤੇ ਕੁਝ ਨੂੰ ਦਸ ਸਾਲ ਕੈਦ ਕੀ ਜੋ ਸਜ਼ਾ ਸੁਣਾਈ ਹੈ, ਉਹ ਨਾ ਕੇਵਲ ਪ੍ਰਸ਼ੰਸਾਯੋਗ ਹੈ, ਸਗੋਂ ਇਹ ਸੰਤੁਸ਼ਟੀ ਦੇਣ ਵਾਲੀ ਵੀ ਹੈ ਕਿ ਜੇ ਜੂਡੀਸ਼ੀਅਰੀ ਪੁਰ ਕਿਸੇ ਤਰ੍ਹਾਂ ਦਾ ਬਾਹਰੀ ਦਬਾਉ ਨਾ ਹੋਵੇ ਤਾਂ ਉਹ ਆਮ ਲੋਕਾਂ ਵਿੱਚ ਆਪਣੇ ਪ੍ਰਤੀ ਵਿਸ਼ਵਾਸ ਦ੍ਰਿੜ੍ਹ ਕਰਨ ਵਿੱਚ ਮਹਤੱਤਾਪੂਰਣ ਭੂਮਿਕਾ ਅਦਾ ਕਰ ਸਕਦੀ ਹੈ। ਅਦਾਲਤ ਦੇ ਇਸ ਫੈਸਲੇ, ਜੋ ਇਨਸਾਫ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਦਾ ਸਵਾਗਤ ਜਿਸਤਰ੍ਹਾਂ ਸਿੱਖ ਜਗਤ ਵਲੋਂ ਕੀਤਾ ਗਿਆ ਹੈ, ਉਹ ਕੋਈ ਬਹੁਤ ਹੈਰਾਨ ਕਰਨ ਵਾਲਾ ਨਹੀਂ! ਅਸਲ ਵਿੱਚ ਹੈਰਾਨੀ ਤਾਂ ਇਸ ਗਲ ਨੂੰ ਲੈ ਕੇ ਹੋ ਰਹੀ ਹੈ ਕਿ ਇਸ ਫੈਸਲੇ ਨੂੰ ਲੈ ਕੇ ਜਿਸ ਪ੍ਰਕਾਰ ਹਰ ਕੋਈ ਆਪਣੇ ਸਿਰ ਜਿੱਤ ਦਾ ਸੇਹਰਾ ਬੰਨ੍ਹ, ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵਿੱਚ ਲਗਾ ਹੋਇਆ ਹੈ ਕਿ ਇਹ ਇਨਸਾਫ ਉਸੇ ਦੀਆਂ ਕੋਸ਼ਸ਼ਾਂ ਦਾ ਨਤੀਜਾ ਫਲ ਹੈ। ਉਹ ਲੋਕ ਵੀ ਆਪਣੇ ਗਲ ਵਿੱਚ ਹਾਰ ਪਾਈ ਨਜ਼ਰ ਆਉਣ ਲਗੇ ਹਨ, ਜਿਨ੍ਹਾਂ ਇਸ ਕਾਂਡ ਲਈ ਦੋਸ਼ੀਆਂ ਨਾਲ ਗੁਆਹਵਾਂ ਦੇ ਸੌਦੇ ਕਰਵਾ ਮੋਟੀਆਂ ਦਲਾਲੀਆਂ ਵਸੂਲ ਕਰ ਆਪਣੇ ਘਰ ਭਰੇ।


...ਅਤੇ ਅੰਤ ਵਿੱਚ : ਇਸ ਸਫਲਤਾ ਨੂੰ ਲੈ ਕੇ ਹਰ ਕੋਈ ਆਪਣੇ ਹੀ ਸਿਰ ਪੁਰ ਸਿਹਰਾ ਸਜਾਉਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਪ੍ਰੰਤੂ ਉਸ ਵਿਅਕਤੀ, ਸ. ਗੁਰਲਾਡ ਸਿੰਘ ਕਾਹਲੋਂ ਦੀ ਚਰਚਾ ਕਿਧਰੇ ਸੁਣਾਈ ਨਹੀਂ ਦੇ ਰਹੀ, ਜਿਸਦੀ ਮੇਹਨਤ ਨੇ ਅਜਿਹੇ ਕਈ ਹੋਰ ਮਾਮਲੇ ਅਗੇ ਵਧਾਉਣ ਦਾ ਰਾਹ ਪੱਧਰਾ ਕੀਤਾ। ਦਸਣ ਵਾਲੇ ਦਸਦੇ ਹਨ ਕਿ ਸਿੱਖ ਆਗੂਆਂ ਦੀ ਉਦਸੀਨਤਾ ਦੇ ਚਲਦਿਆਂ ਸੀਬੀਆਈ ਨੇ ਨਵੰਬਰ-84 ਨਾਲ ਸੰਬੰਧਤ 400 ਤੋਂ ਵੱਧ ਮਾਮਲੇ ਇਸ ਰਿਪੋਰਟ ਨਾਲ ਬੰਦ ਕਰ ਦਿੱਤੇ ਸਨ ਕਿ ਇਨ੍ਹਾਂ ਮਾਮਲਿਆਂ ਨਾਲ ਸੰਬੰਧਤ ਗੁਆਹਵਾਂ ਤਕ ਪਹੁੰਚ ਪਾਣਾ ਸੰਭਵ ਨਹੀਂ ਹੋਇਆ। ਉਧਰ ਇਹ ਵੀ ਦਸਿਆ ਗਿਆ ਕਿ ਕੇਂਦਰ ਸਰਕਾਰ ਵਲੋਂ ਇਨ੍ਹਾਂ ਮਮਾਲਿਆਂ ਦੀ ਮੁੜ ਛਾਣਬੀਣ ਕਰਨ ਲਈ ਜਿਸ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ, ਉਸਨੇ ਵੀ ਸੀਬੀਆਈ ਦੀ ਰਿਪੋਰਟ ਪੁਰ ਮੋਹਰ ਲਾ ਦਿੱਤੀ। ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਸ. ਗੁਰਲਾਡ ਸਿੰਘ ਕਾਹਲੋਂ ਨੇ ਇਨ੍ਹਾਂ ਫੈਸਲਿਆਂ ਪੁਰ ਅਸੰਤੁਸ਼ਟਤਾ ਪ੍ਰਗਟ ਕਰਦਿਆਂ ਸੁਪ੍ਰੀਮ ਕੋਰਟ ਵਿੱਚ ਗੁਹਾਰ ਲਾਈ ਅਤੇ ਮੰਗ ਕੀਤੀ ਕਿ ਅਦਾਲਤ ਆਪਣੀ ਨਿਗਰਾਨੀ ਵਿੱਚ ਵਿਸ਼ੇਸ਼ ਜਾਂਚ ਦਲ ਦਾ ਗਠਨ ਕਰ ਇਨ੍ਹਾਂ ਬੰਦ ਕਰ ਦਿੱਤੇ ਗਏ ਮਾਮਲਿਆਂ ਦੀ ਮੁੜ ਜਾਂਚ ਕਰਵਾਏ। ਮੰਨਿਆ ਜਾਂਦਾ ਹੈ ਕਿ ਸੁਪ੍ਰੀਮ ਕੋਰਟ ਦੇ ਵਿਦਵਾਨ ਜੱਜਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਸ. ਗੁਰਲਾਡ ਸਿੰਘ ਦੀ ਮੰਗ ਸਵੀਕਾਰ ਕਰ ਆਪਣੀ ਨਿਗਰਨੀ ਵਿੱਚ ਵਿਸ਼ੇਸ਼ ਜਾਂਚ ਦਲ ਦਾ ਗਠਨ ਕਰ ਦਿੱਤਾ। ਇਸ ਜਾਂਚ ਦਲ ਦੇ ਇੱਕ ਮੈਂਬਰ ਵਲੋਂ ਸ਼ੁਰੂ ਵਿੱਚ ਹੀ ਆਪਣੇ ਨੂੰ ਇਸ ਦਲ ਨਾਲੋਂ ਵੱਖ ਕਰ ਲਏ ਜਾਣ ਦੇ ਬਾਅਦ ਵੀ ਇਸ ਦਲ ਨੇ ਆਪਣਾ ਕੰਮ ਜਾਰੀ ਰਖਦਿਆਂ ਇਨਸਾਫ ਮਿਲਣ ਦਾ ਰਸਤਾ ਬੰਦ ਨਹੀਂ ਹੋਣ ਦਿੱਤਾ।  

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

21 Dec. 2018