ਸਿਆਸਤ ਨੂੰ ਇਸ਼ਾਰਿਆਂ ਉੱਤੇ ਨੱਚਦੀ ਸਮਝਣ ਵਾਲੇ ਸਾਧਾਂ ਦੇ ਹਸ਼ਰ ਦੀ ਗਾਥਾ ਅਜੇ ਰੁਕਣ ਵਾਲੀ ਨਹੀਂ - ਜਤਿੰਦਰ ਪਨੂੰ

ਭਾਰਤ ਦਾ ਮੀਡੀਆ ਹਾਲੇ ਤੱਕ ਡੇਰਾ ਸੱਚਾ ਸੌਦਾ ਵਾਲੇ ਗੁਰਮੀਤ ਰਾਮ ਰਹੀਮ ਸਿੰਘ ਦੀ ਕਥਾ ਕਰਨ ਵਿੱਚ ਰੁੱਝਾ ਦਿਖਾਈ ਦੇਂਦਾ ਹੈ। ਉਨ੍ਹਾਂ ਲਈ ਇਹ ਕੰਮ ਹਰ ਪੱਖੋਂ ਲਾਹੇਵੰਦਾ ਹੈ। ਦਰਸ਼ਕਾਂ ਦੀ ਵੱਡੀ ਗਿਣਤੀ ਅੱਜ-ਕੱਲ੍ਹ ਕਪਲ ਸ਼ਰਮਾ ਦਾ ਸ਼ੋਅ ਨਾ ਆਉਣ ਕਾਰਨ ਅਵਾਜ਼ਾਰ ਸੀ। ਉਹ ਦਰਸ਼ਕ ਹੁਣ ਰਾਮ ਰਹੀਮ ਸਿੰਘ ਦੀ ਕਹਾਣੀ ਚਸਕੇ ਲੈ ਕੇ ਸੁਣਦੇ ਹਨ ਤੇ ਮੀਡੀਏ ਵਾਲਿਆਂ ਨੂੰ ਹੋਰ ਕਹਾਣੀਆਂ ਪੇਸ਼ ਕਰਨ ਦੀ ਖੇਚਲ ਨਹੀਂ ਕਰਨੀ ਪੈਂਦੀ। ਜਦੋਂ ਹੋਰ ਕੋਈ ਖਿੱਚ ਪਾਉਣ ਵਾਲਾ ਮੁੱਦਾ ਨਹੀਂ ਹੁੰਦਾ, ਹਨੀਪ੍ਰੀਤ ਕੌਰ ਦੀਆਂ ਵੱਖੋ-ਵੱਖ ਪੋਜ਼ ਦੀਆਂ ਤਸਵੀਰਾਂ ਅਤੇ ਚਟਕਾਰੇ ਲੈ-ਲੈ ਪੇਸ਼ ਕਰਨ ਵਾਲੇ ਕਿੱਸੇ ਓਦੋਂ ਮੇਜ਼ ਦੀ ਦਰਾਜ ਵਿੱਚੋਂ ਕੱਢ ਲੈਂਦੇ ਹਨ। ਜਦੋਂ ਇਹ ਗੰਦ ਪੇਸ਼ ਕਰਨ ਦੀ ਲੋੜ ਸੀ, ਓਦੋਂ ਮੀਡੀਆ ਸਿਰਸੇ ਵਾਲੇ ਬਾਬੇ ਨੂੰ 'ਮੈਸੈਂਜਰ ਆਫ ਗਾਡ' ਵਜੋਂ ਪੇਸ਼ ਕਰਨ ਨੂੰ ਲੱਗਾ ਰਹਿੰਦਾ ਸੀ। ਆਪਣੇ ਪਾਪਾਂ ਦੇ ਸਿਆੜਾਂ ਵਿੱਚ ਬੀਜੇ ਜਾ ਚੁੱਕੇ ਉਸ ਬਾਬੇ ਕੋਲ ਬਾਹਰ ਆ ਸਕਣ ਦੇ ਬਹੁਤੇ ਮੌਕੇ ਹੁਣ ਨਹੀਂ ਰਹਿ ਗਏ। ਭਾਰਤ ਦੀ ਰਾਜਨੀਤੀ ਵਿੱਚ ਜਿਨ੍ਹਾਂ ਨੂੰ ਉਸ ਦੀ ਲੋੜ ਪੈਂਦੀ ਰਹਿੰਦੀ ਸੀ, ਉਹ ਵੀ ਉਸ ਨਾਲੋਂ ਨਾਤੇ ਤੋੜ ਰਹੇ ਹਨ। ਇਸ ਦੀ ਉੱਘੀ ਮਿਸਾਲ ਇਹ ਹੈ ਕਿ ਹਾਲੇ ਇੱਕ ਮਹੀਨਾ ਪਹਿਲਾਂ ਹਰਿਆਣਾ ਸਰਕਾਰ ਨੇ ਸਾਧ ਦੇ ਜਨਮ ਦਿਨ ਮੌਕੇ ਜਿਹੜਾ ਇਕਵੰਜਾ ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਉਹ ਹੁਣ ਵਾਪਸ ਲੈ ਲਿਆ ਹੈ। ਸਿਰਫ ਵਾਪਸ ਨਹੀਂ ਲਿਆ, ਵਾਪਸ ਲੈਣ ਦਾ ਐਲਾਨ ਉਸ ਮੰਤਰੀ ਤੋਂ ਕਰਵਾਇਆ ਹੈ, ਜਿਹੜਾ ਇਹ ਚੈੱਕ ਸਿਰਸੇ ਵਿੱਚ ਬਾਬੇ ਨੂੰ ਭੇਟ ਕਰਨ ਲਈ ਉਸ ਦੇ ਚਰਨਾਂ ਵਿੱਚ ਝੁਕਿਆ ਸੀ ਤੇ ਜਿਸ ਦਿਨ ਪੰਚਕੂਲੇ ਵਿੱਚ ਸਾਧ ਦੀ ਪੇਸ਼ੀ ਹੋਣੀ ਸੀ, ਓਥੇ ਲਿਆਂਦੀ ਭੀੜ ਦੇ ਖਾਣ-ਪੀਣ ਸਮੇਤ ਹੋਰ ਸਾਰੇ ਪ੍ਰਬੰਧਾਂ ਦਾ ਜ਼ਿੰਮਾ ਸੰਭਾਲਦਾ ਰਿਹਾ ਸੀ। ਉਹ ਮੰਤਰੀ ਵੀ ਕਿਸੇ ਅਗਲੀ ਲੋੜ ਲਈ ਹੁਣ ਇੱਕ ਦਮ ਨਵਾਂ ਗੇਅਰ ਲਾਉਣ ਤੁਰ ਪਿਆ ਹੈ।
ਇਨ੍ਹਾਂ ਮਾਮਲਿਆਂ ਵਿੱਚ ਸਿਰਫ ਰਾਜਨੀਤਕ ਲੋੜਾਂ ਨਹੀਂ, ਕਈ ਕਿਸਮ ਦੇ ਹੋਰ ਗੇੜੇ ਵੀ ਪੈ ਜਾਇਆ ਕਰਦੇ ਹਨ, ਜਿਹੜੇ ਸਮਝਣੇ ਏਨੇ ਸੌਖੇ ਨਹੀਂ ਹੁੰਦੇ, ਜਿੰਨੇ ਅਸੀਂ ਸੋਚ ਲੈਂਦੇ ਹਾਂ। ਇਸ ਵਾਰੀ ਡੇਰਾ ਸੱਚਾ ਸੌਦਾ ਰਾਜਨੀਤੀ ਦੀ ਤਿਕੜਮ ਤੋਂ ਬਗੈਰ ਫਸ ਗਿਆ। ਫਸਦੇ ਨੂੰ ਬਚਾਉਣ ਲਈ ਰਾਜਨੀਤੀ ਦੇ ਧਨੰਤਰਾਂ ਨੇ ਪੂਰਾ ਜ਼ੋਰ ਲਾਇਆ, ਪਰ ਜਦੋਂ ਬਚਾਇਆ ਨਹੀਂ ਜਾ ਸਕਿਆ ਤਾਂ ਹੁਣ ਹੋ ਰਹੀਆਂ ਖੇਡਾਂ ਉਸ ਬਾਬੇ ਨਾਲ ਸੰਬੰਧਤ ਨਹੀਂ, ਬਾਬੇ ਦੀ ਚਾਰ ਹਜ਼ਾਰ ਕਰੋੜ ਦੀ ਜਾਇਦਾਦ ਵਾਲੇ ਡੇਰੇ ਉੱਤੇ ਕੋਈ ਚੇਲਾ ਬਿਠਾਉਣ ਵਾਸਤੇ ਚੱਲ ਰਹੀਆਂ ਹਨ। ਇਸ ਵਿੱਚ ਕਈ ਪੱਖਾਂ ਦਾ ਜ਼ੋਰ ਲੱਗਦਾ ਸੁਣਿਆ ਜਾ ਰਿਹਾ ਹੈ। ਬਹੁਤੀ ਸੰਭਾਵਨਾ ਇਹ ਹੈ ਕਿ ਕਦੀ ਬਾਬੇ ਦੇ ਚਰਨਾਂ ਵਿੱਚ ਇਕਵੰਜਾ ਲੱਖ ਰੁਪਏ ਦਾ ਚੈੱਕ ਰੱਖ ਕੇ ਮੱਥਾ ਟੇਕਣ ਤੇ ਕਦੀ ਉਹ ਚੈੱਕ ਮੋੜ ਲਿਆਉਣ ਵਾਲੀ ਧਿਰ ਇਸ ਵਾਰੀ ਹੋਰਨਾਂ ਨੂੰ ਠਿੱਬੀ ਲਾਉਣ ਤੇ ਆਪਣੀ ਮਰਜ਼ੀ ਦਾ ਕੋਈ ਨਵਾਂ 'ਮਹਾਂਪੁਰਸ਼' ਪੇਸ਼ ਕਰ ਕੇ ਉਸ ਅੱਡੇ ਉੱਪਰ ਕਬਜ਼ਾ ਪੱਕਾ ਕਰਨ ਵਿੱਚ ਕਾਮਯਾਬ ਹੋ ਜਾਵੇਗੀ।
ਸਾਨੂੰ ਪੰਜਾਬ ਦੀ ਰਾਜਨੀਤੀ ਦਾ ਵੀ ਏਦਾਂ ਦੇ ਬਹੁਤ ਸਾਰੇ ਮੌਕਿਆਂ ਦਾ ਤਜਰਬਾ ਹੈ ਅਤੇ ਦੂਸਰੇ ਰਾਜਾਂ ਦੇ ਡੇਰਿਆਂ ਵਿੱਚ ਹੁੰਦੇ-ਵਾਪਰਦੇ ਦੀ ਕਨਸੋਅ ਵੀ ਮਿਲ ਜਾਂਦੀ ਹੈ। ਪੰਜਾਬ ਵਿੱਚ ਤੀਹ ਕੁ ਸਾਲ ਪਹਿਲਾਂ ਅਕਾਲੀਆਂ ਦੇ ਇੱਕ ਧੜੇ ਨੇ ਇੱਕ ਸੋਹਣਾ-ਸੁਣੱਖਾ ਮੁੰਡਾ ਸ਼ਿੰਗਾਰ ਕੇ ਸਿੱਖ ਪੰਥ ਅੱਗੇ ਪੇਸ਼ ਕੀਤਾ ਸੀ। ਬੋਲੀ ਵਿੱਚ ਮਿਠਾਸ ਸੀ। ਲੋਕਾਂ ਵਿੱਚ ਜਦੋਂ ਉਹ ਕਾਫੀ ਥਾਂ ਬਣਾ ਗਿਆ ਤਾਂ ਇੱਕ ਦਿਨ ਪੰਥਕ ਰਾਜਨੀਤੀ 'ਚ ਨਵਾਂ ਉੱਭਰਦਾ ਆਗੂ ਉਸ ਦੇ ਡੇਰੇ ਕੋਲੋਂ ਲੰਘਣ ਵੇਲੇ ਮਿਲਣ ਚਲਾ ਗਿਆ। ਬਾਬਾ ਬਣ ਚੁੱਕਾ ਉਹ ਮੁੰਡਾ ਉਸ ਰਾਜਸੀ ਆਗੂ ਦੇ ਬਾਪ ਦੀ ਇੱਜ਼ਤ ਕਰਦਾ ਸੀ, ਪਰ ਰਾਜਸੀ ਉਠਾਣ ਦੇ ਨਵੇਂ ਮਹੱਤਵ ਨੂੰ ਨਾ ਸਮਝ ਸਕਿਆ ਤੇ ਬਜ਼ੁਰਗ ਲੀਡਰ ਦੇ ਫਰਜ਼ੰਦ ਨੂੰ ਬਣਦਾ ਸਤਿਕਾਰ ਦੇਣ ਤੋਂ ਖੁੰਝ ਗਿਆ। ਅਗਲੇ ਸਾਲ ਉਹਦੇ ਨਾਲੋਂ ਵੱਧ ਤਿੱਖੀ ਬੋਲੀ ਵਾਲਾ ਉਸ ਨਾਲੋਂ ਕੁਝ ਸਾਲ ਛੋਟਾ ਇੱਕ ਗੱਭਰੂ ਚੁਣ ਕੇ ਪੰਥ ਦੇ ਨਵੇਂ ਕਥਾਕਾਰ ਵਜੋਂ ਪੇਸ਼ ਕਰ ਦਿੱਤਾ ਗਿਆ। ਨਵਾਂ ਬਾਬਾ ਪਹਿਲੇ ਤੋਂ ਵੀ ਵੱਧ ਚਮਕਿਆ। ਅਸੀਂ ਪਿਛਲੇ ਪੰਜਾਹ ਸਾਲਾਂ ਵਿੱਚ ਕਈ ਬਾਬੇ ਏਦਾਂ ਉੱਭਰਦੇ ਤੇ ਫਿਰ ਖੂੰਜੇ ਲੱਗਦੇ ਜਾਂ ਲਾਏ ਜਾਂਦੇ ਵੇਖੇ ਹਨ। ਇਹ ਨਵਾਂ ਉੱਠਿਆ ਬਾਬਾ ਜਦੋਂ ਪੰਥਕ ਰਾਜਨੀਤੀ ਦੇ ਭਵਿੱਖ ਦਾ ਮੁਹਰੈਲ ਸਮਝੇ ਜਾਂਦੇ ਆਗੂ ਦੀ ਅੱਖ ਨਾ ਪਛਾਣ ਸਕਿਆ ਤਾਂ ਕਈ ਲੋਕ ਉਸੇ ਵੇਲੇ ਇਹ ਗੱਲਾਂ ਕਰਨ ਲੱਗ ਪਏ ਕਿ ਹੁਣ ਇਸ ਨੌਜਵਾਨ ਦੇ ਸੌਖੇ ਦਿਨ ਨਹੀਂ ਰਹਿ ਸਕਣੇ। ਫਿਰ ਉਹੋ ਗੱਲ ਹੁੰਦੀ ਵੇਖ ਲਈ। ਹੁਣ ਜੋ ਕੁਝ ਸਿਰਸੇ ਦੇ ਆਂਢ-ਗਵਾਂਢ ਵਾਪਰਦਾ ਦਿਖਾਈ ਦੇਂਦਾ ਹੈ, ਉਸ ਵਿੱਚੋਂ ਵੀ ਏਦਾਂ ਦੇ ਸੰਕੇਤ ਮਿਲਦੇ ਹਨ।
ਇਸ ਤੋਂ ਪਹਿਲਾਂ ਆਸੂ ਮੱਲ ਉਰਫ ਆਸਾ ਰਾਮ ਦੀ ਕਹਾਣੀ ਵੀ ਇਹੋ ਸੀ। ਪਾਕਿਸਤਾਨ ਵਿੱਚ ਰਹਿ ਗਏ ਸਿੰਧ ਦੇ ਨਵਾਬਸ਼ਾਹ ਜ਼ਿਲ੍ਹੇ ਵਿੱਚ ਜਨਮੇ ਆਸੂ ਮੱਲ ਨੇ ਇੰਦਰਾ ਗਾਂਧੀ ਦੇ ਰਾਜ ਦੌਰਾਨ ਗੁਜਰਾਤ ਵਿੱਚ ਜਦੋਂ ਡੇਰਾ ਸ਼ੁਰੂ ਕੀਤਾ ਤਾਂ ਉਸ ਨਾਲ ਚਾਰ-ਪੰਜ ਪੱਕੇ ਜੋੜੀਦਾਰ ਸਨ ਜਿਹੜੇ ਨਾਲ ਦੇ ਪਿੰਡਾਂ ਤੋਂ ਰਾਸ਼ਣ ਮੰਗਣ ਵਾਸਤੇ ਜਾਇਆ ਕਰਦੇ ਸਨ। ਹੌਲੀ-ਹੌਲੀ ਇਹ ਟੋਲੀ ਓਥੇ ਰਾਜ ਕਰਦੀ ਕਾਂਗਰਸ ਪਾਰਟੀ ਨਾਲ ਜੁੜ ਗਈ ਅਤੇ ਇਨ੍ਹਾਂ ਦੇ ਪਿੱਛੇ ਖੜੀਆਂ ਵੋਟਾਂ ਦੀ ਝਾਕ ਵਿੱਚ ਕਾਂਗਰਸ ਦੇ ਮੰਤਰੀ ਓਥੇ ਆਉਣ ਲੱਗ ਪਏ। ਕਾਂਗਰਸੀ ਸਰਕਾਰ ਨੇ ਇਨ੍ਹਾਂ ਨੂੰ ਬੜਾ ਵੱਡਾ ਪਲਾਟ ਮੁੱਖ ਮੰਤਰੀ ਕੋਟੇ ਵਿੱਚੋਂ ਦੇ ਦਿੱਤਾ ਤੇ ਇਹ ਆਨੇ-ਬਹਾਨੇ ਉਸ ਪਾਰਟੀ ਦਾ ਪੱਖ ਪੂਰਦੇ ਰਹੇ, ਪਰ ਜਦੋਂ ਕੁਝ ਸਾਲਾਂ ਬਾਅਦ ਓਥੇ ਭਾਜਪਾ ਸਰਕਾਰ ਬਣਦੀ ਦਿਖਾਈ ਦੇਣ ਲੱਗੀ, ਓਦੋਂ ਲੋਕਾਂ ਦਾ ਮੂਡ ਵੇਖ ਕੇ ਗੁਪਤ ਸੌਦੇ ਹੇਠ ਆਸਾ ਰਾਮ ਉਨ੍ਹਾਂ ਨਾਲ ਜੁੜ ਗਿਆ। ਸਰਕਾਰ ਬਣਦੇ ਸਾਰ ਕਾਂਗਰਸ ਦੇ ਦਿੱਤੇ ਪਲਾਟ ਨਾਲੋਂ ਵੱਡਾ ਪਲਾਟ ਭਾਜਪਾ ਵਾਲਿਆਂ ਦੇ ਦਿੱਤਾ। ਆਸਾ ਰਾਮ ਨੂੰ ਉਨ੍ਹਾਂ ਨਾਲ ਨਿਭੀ ਜਾਣ ਵਿੱਚ ਔਖ ਨਹੀਂ ਸੀ, ਪਰ ਜਦੋਂ ਗੁਜਰਾਤ ਦੀ ਰਾਜਨੀਤੀ ਵਿੱਚ ਨਰਿੰਦਰ ਮੋਦੀ ਦਾ ਉਭਾਰ ਹੋ ਰਿਹਾ ਸੀ, ਓਦੋਂ ਆਸਾ ਰਾਮ ਕੋਲੋਂ ਅੰਦਾਜ਼ੇ ਦੀ ਗਲਤੀ ਹੋ ਗਈ। ਸਰਕਾਰੀ ਤੇ ਗੈਰ ਸਰਕਾਰੀ ਜ਼ਮੀਨਾਂ ਉੱਤੇ ਹੱਦ ਤੋਂ ਵੱਧ ਖਿਲਾਰਾ ਪਾ ਕੇ ਆਪਣੇ ਆਪ ਨੂੰ ਵੱਡੀ ਹਸਤੀ ਵਜੋਂ ਪੇਸ਼ ਕਰਨ ਦਾ ਸ਼ੌਕੀਨ ਬਣ ਚੁੱਕਾ ਆਸਾ ਰਾਮ ਨਰਿੰਦਰ ਮੋਦੀ ਦੇ ਖਿਲਾਫ ਮੋਰਚਾ ਖੋਲ੍ਹ ਬੈਠਾ। ਅੱਗੋਂ ਮੋਦੀ ਨੇ ਸਰਕਾਰੀ ਅਫਸਰ ਭੇਜੇ ਅਤੇ ਇੱਕੋ ਹੱਲੇ ਵਿੱਚ ਆਸਾ ਰਾਮ ਦੇ ਆਸ਼ਰਮ ਹੇਠਲੀ ਸਤਾਹਠ ਹਜ਼ਾਰ ਏਕੜ ਜ਼ਮੀਨ ਛੁਡਵਾ ਲਈ। ਇਸ ਨਾਲ ਆਸਾ ਰਾਮ ਦੇ ਮੰਦੇ ਦਿਨ ਚੱਲ ਪਏ। ਕਾਂਗਰਸ ਤੋਂ ਆਸਾ ਰਾਮ ਨੂੰ ਇਸ ਮੌਕੇ ਮਦਦ ਦੀ ਝਾਕ ਸੀ, ਪਰ ਉਨ੍ਹਾਂ ਨੇ ਚੁਫੇਰਗੜ੍ਹੀਏ ਬਲਾਤਕਾਰੀ ਆਸਾ ਰਾਮ ਦੀ ਮਦਦ ਕੀ ਕਰਨੀ, ਦਿੱਲੀ ਵਿੱਚ ਉਹ ਕੇਸ ਕਾਂਗਰਸੀ ਸਰਕਾਰ ਵੇਲੇ ਆਸਾ ਰਾਮ ਉੱਤੇ ਦਰਜ ਹੋਇਆ, ਜਿਸ ਕਾਰਨ ਉਹ ਅੱਜ ਤੱਕ ਜੇਲ੍ਹ ਵਿੱਚ ਹੈ। ਉਸ ਨਾਲ ਜਿੰਨੀ ਹੋਈ-ਬੀਤੀ ਸੀ, ਉਹ ਕਈਆਂ ਨਾਲ ਵਾਪਰੀ ਹੈ ਤੇ ਕਈਆਂ ਨਾਲ ਅੱਗੋਂ ਵੀ ਵਾਪਰ ਸਕਦੀ ਹੈ।
ਪੰਜਾਬ ਵਿੱਚ ਇਸ ਦੀ ਇੱਕ ਮਿਸਾਲ ਨਿਹੰਗ ਲੀਡਰ ਅਜੀਤ ਸਿੰਘ ਪੂਹਲਾ ਸੀ। ਗਵਰਨਰੀ ਰਾਜ ਵਿੱਚ ਕਾਂਗਰਸੀ ਲੀਡਰਾਂ ਦੀ ਕ੍ਰਿਪਾ ਨਾਲ ਉੱਭਰਿਆ ਸੀ। ਹਾਲਾਤ ਬਦਲੇ ਤਾਂ ਪਹਿਲੀ ਵਾਰ ਬਣੀ ਅਕਾਲੀ-ਭਾਜਪਾ ਸਰਕਾਰ ਦੇ ਨੇੜੇ ਜਾਣ ਦੇ ਯਤਨ ਕਰਨ ਲੱਗ ਪਿਆ। ਜਦੋਂ ਬਾਬਾ ਬਕਾਲਾ ਵਿੱਚ ਕਾਨਫਰੰਸ ਕਰਨ ਲਈ ਅਕਾਲੀਆਂ ਨੂੰ ਥਾਂ ਨਹੀਂ ਸੀ ਮਿਲੀ, ਉਸ ਨੇ ਆਪਣੇ ਡੇਰੇ ਵਿੱਚ ਕਾਨਫਰੰਸ ਕਰਨ ਦੀ ਪੇਸ਼ਕਸ਼ ਕਰ ਦਿੱਤੀ। 'ਕੈਮਲ ਐਂਡ ਦ ਮਰਚੈਂਟ' ਦੀ ਪੁਰਾਣੀ ਕਹਾਣੀ ਵਾਂਗ ਊਠ ਨੂੰ ਵੜਨ ਦਾ ਮੌਕਾ ਦੇਣ ਦੀ ਭੁੱਲ ਜਿਵੇਂ ਵਪਾਰੀ ਨੂੰ ਮਹਿੰਗੀ ਪਈ ਤੇ ਫਿਰ ਊਠ ਨੇ ਉਸ ਨੂੰ ਬਾਹਰ ਕੱਢ ਦਿੱਤਾ ਸੀ, ਅਜੀਤ ਸਿੰਘ ਪੂਹਲੇ ਨੂੰ ਵੀ ਇਹੋ ਪੇਸ਼ਕਸ਼ ਮਹਿੰਗੀ ਪੈ ਗਈ। ਇਸ ਤੋਂ ਬਾਕੀ ਬਾਬੇ ਕੁਝ ਨਹੀਂ ਸਿੱਖ ਸਕੇ।
ਸਿਰਸੇ ਦੇ ਸੱਚਾ ਸੌਦਾ ਡੇਰੇ ਵਾਲਾ ਬਾਬਾ 'ਰੱਬ ਨੇੜੇ ਕਿ ਘਸੁੰਨ' ਦੇ ਫਾਰਮੂਲੇ ਵਾਂਗ ਜਿਹੜੀ ਧਿਰ ਰਾਜ ਕਰ ਰਹੀ ਹੁੰਦੀ ਸੀ, ਉਸੇ ਨਾਲ ਅੱਖ ਮਿਲ ਕੇ ਤੁਰ ਪੈਂਦਾ ਸੀ, ਪਰ ਜਦੋਂ ਉਸ ਧਿਰ ਦੀ ਸੱਤਾ ਤੋਂ ਦੂਰੀ ਵੇਖਦਾ ਸੀ ਤਾਂ ਕਾਂਟਾ ਬਦਲ ਜਾਂਦਾ ਸੀ। ਮੁੱਖ ਮੰਤਰੀ ਹੁੰਦਿਆਂ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਭੁਗਤਿਆ, ਪਰ ਅਮਰਿੰਦਰ ਸਿੰਘ ਦੀ ਧਿਰ ਜਿੱਤ ਨਾ ਸਕੀ ਤੇ ਅਕਾਲੀਆਂ ਨੇ ਰਗੜਾ ਕੱਢ ਦਿੱਤਾ। ਅਗਲੀਆਂ ਦੋ ਵਾਰੀਆਂ ਉਹ ਡਰਦਾ ਅਕਾਲੀਆਂ ਪਿੱਛੇ ਭੁਗਤਿਆ, ਪਰ ਹਰਿਆਣੇ ਦੀਆਂ ਚੋਣਾਂ ਮੌਕੇ ਅਕਾਲੀਆਂ ਦੇ ਕਹਿਣ ਦੇ ਬਾਵਜੂਦ ਅਕਾਲੀਆਂ ਦੇ ਜੋੜੀਦਾਰ ਚੌਟਾਲਿਆਂ ਦੀ ਮਦਦ ਕਰਨ ਤੋਂ ਇਨਕਾਰ ਕਰ ਗਿਆ। ਕਾਰਨ ਇਹ ਸੀ ਕਿ ਉਸ ਦੇ ਕੇਸਾਂ ਦੀ ਜਾਂਚ ਜਿਹੜੀ ਸੀ ਬੀ ਆਈ ਕਰਦੀ ਪਈ ਸੀ, ਉਸ ਦੀ ਕਮਾਨ ਭਾਜਪਾ ਲੀਡਰਸ਼ਿਪ ਦੇ ਕੋਲ ਸੀ। ਇਸ ਤਰ੍ਹਾਂ ਹਰ ਵਾਰੀ ਦਲ-ਬਦਲੀ ਕਰਦਿਆਂ ਉਹ 'ਬੇਪੇਂਦੇ ਕਾ ਲੋਟਾ' (ਇੱਕ ਗੋਲ ਥੱਲੇ ਵਾਲਾ ਗੜਵਾ, ਜਿਹੜਾ ਕਿਸੇ ਪਾਸੇ ਵੀ ਰਿੜ੍ਹ ਸਕਦਾ ਹੈ) ਬਣ ਗਿਆ ਤੇ ਉਸ ਦਾ ਸਾਥ ਦੇਣ ਵਾਲੀ ਪੱਕੀ ਧਿਰ ਕੋਈ ਨਹੀਂ ਸੀ ਰਹਿ ਗਈ। ਹੁਣ ਜੇਲ੍ਹ ਵਿੱਚ ਬੈਠਾ ਉਹ ਵਾਰਸ ਸ਼ਾਹ ਦੇ ਲਫਜ਼ ਯਾਦ ਕਰਦਾ ਹੋਵੇਗਾ: ''ਨਾਲੇ ਰੰਨ ਖੁੱਸੀ, ਨਾਲੇ ਕੰਨ ਪਾਟੇ, ਇਸ ਇਸ਼ਕ 'ਚੋਂ ਅਸਾਂ ਕੀ ਖੱਟਿਆ ਸੂ"।
ਅਗਲੀ ਗੱਲ ਜਿਹੜੀ ਅਸੀਂ ਕਹਿਣ ਲੱਗੇ ਹਾਂ, ਵੇਲੇ ਤੋਂ ਪਹਿਲਾਂ ਦੀ ਲੱਗ ਸਕਦੀ ਹੈ, ਪਰ ਕਨਸੋਆਂ ਸੁਣ ਰਹੀਆਂ ਹਨ ਕਿ ਸਿਆਸਤ ਨੂੰ ਆਪਣੇ ਇਸ਼ਾਰਿਆਂ ਉੱਤੇ ਨੱਚਦੀ ਸਮਝਣ ਵਾਲਾ ਇੱਕ ਹੋਰ ਸਾਧ ਅਗਲੇ ਦਿਨਾਂ ਵਿੱਚ ਚੱਬ ਹੇਠ ਆ ਸਕਦਾ ਹੈ। ਉਸ ਦੇ ਖਿਲਾਫ ਵੀ ਬੜੇ ਕੇਸ ਬਣੇ ਹੋਏ ਹਨ। ਆਸਾ ਰਾਮ ਵਾਂਗ ਉਹ ਵੀ ਪਹਿਲਾਂ ਕਾਂਗਰਸ ਸਰਕਾਰਾਂ ਤੋਂ ਪਲਾਟ ਤੇ ਗਰਾਂਟਾਂ ਲੈ ਕੇ ਉੱਠਿਆ ਸੀ, ਫਿਰ ਭਾਜਪਾ ਨਾਲ ਜੁੜ ਕੇ ਆਪਣੇ ਬੰਦਿਆਂ ਨੂੰ ਟਿਕਟਾਂ ਦਿਵਾਉਣ ਅਤੇ ਮੰਤਰੀ ਬਣਵਾਉਣ ਲੱਗਾ ਰਿਹਾ। ਪਿਛਲੇ ਸਮੇਂ ਵਿੱਚ ਸੁਣਿਆ ਗਿਆ ਹੈ ਕਿ ਉਸ ਦੇ ਖੰਭ ਉੱਗਣ ਪਿੱਛੋਂ ਉਸ ਦੀ ਉਡਾਰੀ ਨੂੰ ਨੋਟ ਕਰਨ ਵਾਲੇ ਕਰੀ ਜਾਂਦੇ ਹਨ। ਚੱਬ ਹੇਠ ਆ ਗਿਆ ਤਾਂ ਉਹ ਵੀ ਇੱਕ ਹੀ ਹੋਵੇਗਾ, ਇੱਕੋ ਇੱਕ ਨਹੀਂ ਹੋਣਾ।

17 Sep 2017