ਮਿੰਨੀ ਕਹਾਣੀ : ਪਰਖ - ਚਮਨਦੀਪ ਸ਼ਰਮਾ

ਆਟੋ ਵਿੱਚ ਬਲਦੇਵ ਕ੍ਰਿਸ਼ਨ ਨਾਲ ਅਧਖੜ ਉਮਰ ਦੀ ਅਨਪੜ੍ਹ ਔਰਤ ਧਾਰਮਿਕ ਗੱਲਾਂ ਬਿਨਾਂ ਰੁਕੇ ਇੰਝ ਕਰਦੀ ਰਹੀ ਜਿਵੇਂ ਪਤਾ ਨਹੀਂ ਉਹ ਕਿੰਨੇ ਚਿਰਾਂ ਤੋਂ ਉਸਨੂੰ ਜਾਣਦੀ ਹੋਵੇ।ਉਹ ਆਪਣੇ ਧਾਰਮਿਕ ਸਥਾਨ ਆਉਣ ਲਈ ਅਤੇ ਰੱਬ ਨੂੰ ਮੰਨਣ ਬਾਰੇ ਕਹਿੰਦੀ ਰਹੀ।ਸਾਰੇ ਰਸਤੇ ਬਲਦੇਵ ਉਸਦੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ। ਉਸ ਔਰਤ ਦੇ ਚਿਹਰੇ, ਪਹਿਰਾਵੇ ਅਤੇ ਲਗਾਤਾਰ ਗੱਲਾਂ ਕਰਨ ਦੇ ਅੰਦਾਜ ਤੋਂ ਬਲਦੇਵ ਨੂੰ ਲੱਗਿਆ ਕਿ ਜਰੂਰ ਹੀ ਇਹ ਔਰਤ ਉਤਰਨ ਸਮੇਂ ਕਿਰਾਇਆ ਮੇਰੇ ਕੋਲੋਂ ਮੰਗੂ । ਬਲਦੇਵ ਮਨ ਹੀ ਮਨ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਉਸ ਔਰਤ ਕੋਲੋ ਮੂਰਖ ਬਣਨ ਲਈ ਤਿਆਰ ਸੀ।ਉਸਨੇ ਸੋਚਿਆਂ ਕਿ ਦਸ ਰੁਪਏ ਦੀ ਕੀ ਗੱਲ ਹੁੰਦੀ ਹੈ।ਦਰਅਸਲ ਉਸ ਔਰਤ ਨੇ ਆਪਣੀਆਂ ਗੱਲਾਂ ਜ਼ਰੀਅੇ ਬਲਦੇਵ ਤੇ ਕਾਫ਼ੀ ਗਹਿਰਾ ਪ੍ਰਭਾਵ ਛੱਡਿਆ। ਔਰਤ ਉਤਰਨ ਸਮੇਂ ਛੋਟੇ ਜਿਹੇ ਪਰਸ ਨੂੰ ਫਰੋਲਣ ਲੱਗ ਪਈ।ਬਲਦੇਵ ਉਸ ਵੱਲੋਂ ਕਿਰਾਇਆ ਨਾ ਹੋਣ ਦੇ ਬੋਲਾਂ ਨੂੰ ਉਡੀਕ ਰਿਹਾ ਸੀ।ਪੈਸੇ ਲੱਭਣ ਲਈ ਲੱਗ ਰਿਹਾ ਸਮਾਂ ਉਸਦੀ ਸੋਚ ਨੂੰ ਹੋਰ ਪੱਕਾ ਕਰੀ ਜਾ ਰਿਹਾ ਸੀ।ਔਰਤ ਨੇ ਆਪਣੇ ਪਰਸ ਵਿੱਚੋਂ ਇੱਕ ਲਿਫਾਫਾ ਅਤੇ ਉਸ ਲਿਫਾਫੇ ਵਿੱਚੋਂ ਇੱਕ ਹੋਰ ਲਿਫਾਫਾ ਬਾਹਰ ਕੱਢਿਆ।ਅਖ਼ੀਰ ਵੀਹ ਰੁਪਏ ਦਾ ਨੋਟ ਆਟੋ ਵਾਲੇ ਨੂੰ ਦੇ ਕੇ ਕਿਹਾ ਕਿ ਲੈ ਭਾਈ ਇਸਦਾ ਕਿਰਾਇਆ ਵੀ ਕੱਟ ਲੈ।ਮੈਨੂੰ ਵੇਖ ਕੇ ਕਹਿਣ ਲੱਗੀ, ''ਪੁੱਤ ! ਤੂੰ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਐ, ਇਹਨਾਂ ਤੇ ਅਮਲ ਵੀ ਕਰੀ।'' ਬਲਦੇਵ ਨੇ ਆਟੋ ਵਾਲੇ ਨੂੰ ਕਿਰਾਇਆ ਮੋੜਨ ਲਈ ਕਿਹਾ ਹੀ ਸੀ ਕਿ ਉਹ ਬੜੀ ਤੇਜੀ ਨਾਲ ਉੱਥੋ ਨਿਕਲ ਗਈ।ਹੁਣ ਬਲਦੇਵ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ ਕਿਉ਼ਂਕਿ ਉਸਨੇ ਇੱਕ ਪਵਿੱਤਰ ਆਤਮਾ ਨੂੰ ਕਟਿਹਰੇ ਵਿੱਚ ਖੜ੍ਹਾ ਕਰਕੇ ਦੋਸ਼ ਲਗਾਏ।ਬੇਸ਼ੱਕ ਬਲਦੇਵ ਨੇ ਬੜੀਆਂ ਡਿਗਰੀਆਂ ਕਰ ਲਈਆਂ ਸੀ ਪਰ ਇਨਸ਼ਾਨ ਦੀ ਪਰਖ ਕਰਨ ਵਾਲੀ ਵਿੱਦਿਆ ਹਾਲੇਂ ਉਸਨੇ ਗ੍ਰਹਿਣ ਕਰਨੀ ਸੀ।

ਪਤਾ-298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ,
ਸੰਪਰਕ ਨੰ-95010 33005