ਪੰਚਾਇਤੀ ਚੋਣਾ 'ਤੇ ਵਿਸ਼ੇਸ਼ : 'ਸਰਵਪੱਖੀ ਵਿਕਾਸ' - ਕੰਵਲਜੀਤ ਕੌਰ ਢਿੱਲੋਂ

ਪੰਚਾਇਤੀ ਚੋਣਾਂ ਦੀ ਨੋਟੀਫਿਕੇਸ਼ਨ ਹੋਣ ਦੇ ਨਾਲ ਹੀ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੰਦੇ ਹਨ। ਵੋਟਾਂ ਮੰਗਣ ਦਾ ਅਧਾਰ ਹੁੰਦਾ ਹੈ ਪਿੰਡ ਦਾ ਸਰਵਪੱਖੀ ਵਿਕਾਸ। ਸਰਵਪੱਖੀ ਵਿਕਾਸ ਦੀ ਡੁੱਗਡੁਗੀ ਵੋਟਾਂ ਪੈਣ ਵਾਲੇ ਦਿੱਨ ਤੱਕ ਵੱਜਦੀ ਰਹਿੰਦੀ ਹੈ। ਵੋਟਰਾਂ ਦੇ ਮਨ ਵਿੱਚ ਵੀ ਸਰਵਪੱਖੀ ਵਿਕਾਸ ਦੀ ਇੱਕ ਉਮੀਦ ਜਾਗਦੀ ਹੈ। ਉਹ ਸਰਵਪੱਖੀ ਵਿਕਾਸ ਜਿਸ ਦਾ ਵੋਟਰਾਂ ਨੇ ਕੇਵਲ ਨਾਂ ਹੀ ਸੁਣਿਆ ਹੈ, ਪਰ ਅਸਲ ਵਿਚ ਵੇਖਿਆ ਨਹੀ। ਆਮ ਤੌਰ 'ਤੇ ਵੇਖਣ ਵਿਚ ਆਇਆ ਹੈ ਕਿ ਸਰਵਪੱਖੀ ਵਿਕਾਸ ਦੇ ਨਾਂਅ 'ਤੇ ਪਿੰਡ ਦੀਆਂ ਪਹਿਲਾਂ ਤੋਂ ਹੀ ਬਣੀਆਂ ਹੋਈਆਂ ਗਲੀਆਂ ਨਾਲੀਆਂ ਨੂੰ ਤੁੜਵਾ ਕੇ ਦੁਬਾਰਾ ਬਣਾ ਦਿੱਤਾ ਜਾਂਦਾ ਹੈ ਜਾਂ ਫਿਰ ਇੱਕ ਗਲੀ ਵਿੱਚੋਂ ਇੱਟਾਂ ਪੁਟਵਾ ਕੇ ਦੂਸਰੀ ਗਲੀ ਵਿਚ ਲਗਵਾ ਕੇ ਖਰਚਾ ਪਾ ਦਿੱਤਾ ਜਾਂਦਾ ਹੈ।
    ਜਿਆਦਾਤਰ ਵੇਖਣ ਵਿਚ ਆਇਆ ਹੈ ਕਿ ਪਿੰਡ ਵਿਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਵਾਲਾ ਉਮੀਦਵਾਰ ਇਸ ਕਾਬਲ ਹੀ ਨਹੀਂ ਹੁੰਦਾ ਕਿ ਉਹ ਸਰਪੰਚ ਜਾਂ ਮੈਬਰ ਪੰਚਾਇਤ ਬਣ ਸਕੇ। ਬਹੁਤੇ ਉਮੀਦਵਾਰਾਂ ਦੇ ਪਿੱਛੇ ਤਾਂ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਹੱਥ ਹੁੰਦਾ ਹੈ। ਇਹ ਸਿਆਸੀ ਪਾਰਟੀਆਂ ਆਪਣੀ ਮਰਜ਼ੀ ਮੁਤਾਬਿਕ ਸਰਪੰਚ ਅਤੇ ਪੰਚ ਬਣਾਉਦੀਆਂ ਹਨ। ਜੇਕਰ ਕੋਈ ਯੋਗ ਵਿਅਕਤੀ ਚੋਣ ਲੜਨਾ ਵੀ ਚਾਹੇ ਤਾਂ ਉਹ ਤੱਦ ਤੱਕ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਜਦੋਂ ਤੱਕ ਕਿ ਉਸ ਦੇ ਪਿੱਛੇ ਕਿਸੇ ਸਿਆਸੀ ਆਗੂ ਜਾਂ ਕਿਸੇ ਸਿਆਸੀ ਪਾਰਟੀ ਦਾ ਹੱਥ ਨਾ ਹੋਵੇ। ਕਈ ਵਾਰ ਅਜਿਹੇ ਯੋਗ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਿਆਸੀ ਦਬਾਅ ਦੇ ਚੱਲਦਿਆਂ ਰੱਦ ਕਰਵਾ ਦਿੱਤੇ ਜਾਂਦੇ ਹਨ। ਇਨ੍ਹਾਂ ਸਿਆਸੀ ਆਗੂਆਂ ਜਾਂ ਪਿੰਡ ਦੇ ਚੰਦ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਵਿਅਕਤੀ ਅਸਲ ਵਿਚ ਉਨ੍ਹਾਂ ਦੇ ਹੱਥਾਂ ਦੀ ਕੱਠਪੁਤਲੀ ਮਾਤਰ ਹੁੰਦਾ ਹੈ ਅਤੇ ਉਹ ਉਸਨੂੰ ਆਪਣੇ ਅਨੁਸਾਰ ਨਚਾਉਂਦੇ ਹਨ। ਅਜਿਹੇ ਵਿਚ ਸਰਵਪੱਖੀ ਵਿਕਾਸ ਦੀ ਗੱਲ ਕਰਨਾ ਤਾਂ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ,  ਪਰ ਇਸ ਸਭ ਲਈ ਜਿੰਮੇਵਾਰ ਤਾਂ ਅਸੀਂ ਲੋਕ ਹੀ ਹਾਂ ਕਿਉਂਕਿ ਪਿੰਡ ਦਾ ਸਰਪੰਚ ਜਾਂ ਪੰਚ ਚੁਣਿਆਂ ਤਾਂ ਸਾਡੀਆਂ ਹੀ ਵੋਟਾਂ ਦੁਆਰਾ ਜਾਂਦਾ ਹੈ। ਅੱਜ ਦੇ ਵੋਟਰ ਕਾਫੀ ਸੂਝਵਾਨ ਹੋ ਗਏ ਹਨ ਅਤੇ ਉਹ ਆਪਣੇ ਹੱਕਾਂ ਪ੍ਰਤੀ ਕਾਫੀ ਸੁਚੇਤ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੁਝ ਵੋਟਰ ਚੰਦ ਰੁਪਿਆ ਦੀ ਖਾਤਿਰ ਆਪਣੀ ਵੋਟ ਗਲਤ ਉਮੀਦਵਾਰ ਨੂੰ ਵੇਚ ਦਿੰਦੇ ਹਨ। ਇਹ ਲਾਲਚ ਸਿਰਫ ਰੁਪਿਆਂ ਤੱਕ ਸੀਮਿਤ ਨਹੀਂ, ਇਸ ਤੋਂ ਇਲਾਵਾ ਚੋਣ ਮੈਦਾਨ ਵਿਚ ਖੜ੍ਹੇ ਉਮੀਦਵਾਰ ਚੋਣਾਂ ਦੇ ਦਿਨਾਂ ਵਿਚ ਵੋਟਰਾਂ ਨੂੰ ਸ਼ਰਾਬ ਅਤੇ ਕਈ ਹੋਰ ਪ੍ਰਕਾਰ ਦੇ ਨਸ਼ਿਆਂ ਦਾ ਲਾਲਚ ਵੀ ਦਿੰਦੇ ਹਨ ਅਤੇ ਇਹੀ ਨਸ਼ੇ ਕਈ ਵਾਰ ਵੋਟਰਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ। ਕਈ ਪਿੰਡਾਂ ਵਿਚ ਤਾਂ ਔਰਤ ਵਰਗ ਦੀਆਂ ਵੋਟਾਂ ਖਰੀਦਣ ਲਈ ਉਹਨਾਂ ਨੂੰ ਉਪਹਾਰ ਅਤੇ ਕੱਪੜੇ ਆਦਿ ਵੀ ਵੰਡੇ  ਜਾਂਦੇ ਹਨ। ਇਸ ਤਰ੍ਹਾਂ ਉਮੀਦਵਾਰ ਵੋਟਾਂ ਹਥਿਆਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ। ਇਹ ਨਿੱਕੇ-ਨਿੱਕੇ ਨਿੱਝੀ ਲਾਲਚ ਸਾਨੂੰ ਅਤੇ ਸਾਡੇ ਪਿੰਡਾਂ ਨੂੰ ਵਿਕਾਸ ਦੀ ਰਾਹ ਤੋਂ ਕਿਤੇ ਦੂਰ ਲੈ ਜਾਂਦੇ ਹਨ ਤੇ ਫਿਰ ਅਸੀਂ ਪੂਰੇ ਪੰਜ ਸਾਲ ਅੱਡੀਆਂ ਚੁੱਕ-ਚੁੱਕ ਤੇ ਸਰਵਪੱਖੀ ਵਿਕਾਸ ਦੀ ਉਡੀਕ ਕਰਦੇ ਰਹਿੰਦੇ ਹਾਂ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਯੋਗ ਉਮੀਦਵਾਰ ਦੀ ਚੋਣ ਕਰ ਸਕਦੇ ਹਾਂ। ਫਿਰ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਸਾਰੇ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ ਅਤੇ ਪੰਜਾਬ ਦੇ ਸਾਰੇ ਪਿੰਡ ਸਰਵਪੱਖੀ ਵਿਕਾਸ ਵੱਲ ਪੁਲਾਂਘਾਂ ਭਰਦੇ ਨਜਰ ਆਉਣਗੇ। ਇਹ ਵਿਕਾਸ ਸਿਰਫ ਪਿੰਡਾਂ ਦਾ ਹੀ ਨਹੀਂ, ਬਲਕਿ ਪੂਰੇ ਪੰਜਾਬ ਅਤੇ ਪੂਰੇ ਦੇਸ਼ ਦਾ ਸਰਵਪੱਖੀ ਵਿਕਾਸ ਹੋਵੇਗਾ, ਪਰ ਇਸ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਹੀ ਕਰਨੀ ਪਵੇਗੀ। ਮੈ ਇਸ ਆਰਟੀਕਲ ਦੇ  ਸਹਿਯੋਗ ਨਾਲ ਵੋਟਰਾਂ ਨੂੰ ਇਹ ਸ਼ੰਦੇਸ਼ ਦੇਣਾ ਚਾਹੁੰਦੀ ਹਾਂ ਕਿ ਉਹ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਆਪਣਾ ਕੀਮਤੀ ਵੋਟ ਇਕ ਯੋਗ ਉਮੀਦਵਾਰ ਨੂੰ ਪਾਉਣ।

ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
9478793231
Email:kanwaldhillon16@gmail.com