ਸੰਗ-ਏ-ਮਰਮਰ ਨਾਲ ਬਣਿਆਂ ਵਿਸ਼ਵਪੱਧਰੀ ਵਿਰਾਸਤਾਂ ਵਾਲਾ ਇੱਕ ਮਹਾਂਨਗਰ - ਯਾਦਵਿੰਦਰ  ਸਿੰਘ ਸਤਕੋਹਾ

ਸੰਗ-ਏ-ਮਰਮਰ! ਮਿਕਨਾਤੀਸੀ ਖਿੱਚ ਅਤੇ ਕੋਮਲ ਛੂਹ ਵਾਲਾ ਖੂਬਸੂਰਤ ਸਫੈਦ ਪੱਥਰ । ਇਨਸਾਨ ਨੂੰ ਇਹ ਪੱਥਰ ਏਨਾਂ ਪਸੰਦ ਆਇਆ ਕਿ ਉਸਨੇਂ ਇਸ ਦੀ ਮੌਲਿਕ ਖੂਬਸੂਰਤੀ ਨੂੰ ਇਮਾਰਤਾਂ ਦੀ ਸ਼ਾਂਨ ਨੂੰ ਚਾਰ ਚੰਨ ਲਾਉਣ ਵਰਤਣਾਂ ਸ਼ੁਰੂ ਕਰ ਦਿੱਤਾ। ਇਸ ਪੱਥਰ ਨਾਲ ਸਿਰਜੀਆਂ ਗਈਆਂ ਸੁੰਦਰ ਇਮਾਰਤਾਂ ਵਿੱਚੋਂ ਆਗਰਾ ਸਥਿਤ ਤਾਜਮਹਿਲ ਇਸ ਦੀ ਸਭ ਤੋਂ ਢੁਕਵੀਂ ਉਦਾਹਰਣ ਹੈ। ਪੂਰੀ ਦੁਨੀਆਂ ਅੰਦਰ ਹੋਰ ਵੀ ਕਈ ਇਮਾਰਤਾਂ ਹਨ ਜੋ ਇਸ ਪੱਥਰ ਦੀ ਸਜਾਵਟ ਕਾਰਨ ਮਕਬੂਲ ਹੋਈਆਂ।  ਅੰਦਾਜ਼ਾ ਲਾਉ ਕਿ ਜੇਕਰ ਸੰਗਮਰਮਰ ਦੀ ਖੂਬਸੂਰਤੀ ਕਿਸੇ ਇਕ ਇਮਾਰਤ ਨੂੰ ਵਿਸ਼ਵ ਪੱਧਰ ਦਾ ਦਰਜ਼ਾ ਦਿਵਾ ਸਕਦੀ ਹੈ ਤਾਂ ਕਿਸ ਤਰਾਂ ਲੱਗੇਗਾ ਜਦ ਇਕ ਇਮਾਰਤ ਹੀ ਨਹੀਂ ਬਲਕਿ ਅੱਧੇ ਤੋਂ ਜਿਆਦਾ ਸ਼ਹਿਰ ਦੀ ਤਾਮੀਰ ਹੀ ਇਸ ਪੱਥਰ ਨਾਲ ਹੋਈ ਹੋਵੇ। ਭਾਵ ਸੰਗਮਰਮਰ ਦਾ ਸ਼ਹਿਰ ! ਜੀ ਹਾਂ। ਦੁਨੀਆਂ ਵਿੱਚ ਇਕ ਐਸਾ ਸ਼ਹਿਰ, ਸ਼ਹਿਰ ਨਹੀਂ ਬਲਕਿ ਮਹਾਂਨਗਰ ਮੌਜੂਦ ਹੈ ਜਿਸ ਦੀ ਤਾਮੀਰ ਸੰਗਮਰਮਰ ਨਾਲ ਹੋਈ ਹੈ। ਇਸ ਮਹਾਂਨਗਰ ਦਾ ਨਾਂਅ ਹੈ ' ਅਸ਼ਬਾਗਾਤ'।
ਤੁਰਕਮੇਨਿਸਤਾਂਨ ਦੀ ਰਾਜਧਾਨੀ ਵਜੋਂ ਜਾਣੇਂ ਜਾਂਦੇ ਇਸ ਸ਼ਹਿਰ ਦੀ ਆਪਣੀ ਇਹ ਮੌਲਿਕ ਖੂਬੀ ਹੈ ਕਿ ਇਸ ਮਹਾਂਨਗਰ ਦੀਆਂ ਇਕ, ਦੋ ਜਾਂ ਚਾਰ ਨਹੀਂ ਬਲਕਿ ਸੱਠ ਪ੍ਰਤੀਸ਼ਤ ਇਮਾਰਤਾਂ ਦੁਨੀਆਂ ਦੇ ਲਾਜਵਾਬ ਅਤੇ ਮਹਿੰਗੇ ਸਫੈਦ ਪੱਥਰ ਸੰਗ-ਏ-ਮਰਮਰ ਨਾਲ ਤਾਮੀਰ ਕੀਤੀਆਂ ਗਈਆਂ ਹਨ! ਚਾਰੇ ਪਾਸਿਉਂ ਰੇਗਿਸਤਾਂਨ ਵਿੱਚ ਘਿਰਿਆ ਸਫੈਦ ਇਮਾਰਤਾਂ ਵਾਲਾ ਇਹ ਸ਼ਹਿਰ ਕਿਸੇ ਪਰੀ ਦੇਸ ਦਾ ਭੁਲੇਖਾ ਪਾਉਂਦਾ ਹੈ। ਸ਼ਹਿਰ ਅੰਦਰ ਆਧੁਨਿਕ ਇਮਾਰਸਾਜ਼ੀ ਦੇ ਨਮੂਨੇ ਵਾਲੀਆਂ ਸੰਗਮਰਮਰ ਨਾਲ ਤਾਮੀਰ ਹੋਈਆਂ ਕਰੀਬ ਪੰਜ ਸੌ ਤੋਂ ਵੱਧ ਵਿਸ਼ਾਲ ਇਮਾਰਤਾਂ ਮੌਜੂਦ ਹਨ ਜਿਨ੍ਹਾਂ ਵਿਚ ਸਰਕਾਰੀ ਅਦਾਰੇ, ਵੱਖ ਵੱਖ ਏਜੰਸੀਆਂ ਦੇ ਦਫਤਰ, ਇਤਿਹਾਸਕ ਧਰੋਹਰਾਂ, ਅਜਾਇਬ ਘਰ, ਮਸਜਿਦਾਂ ਅਤੇ ਯਾਦਗਾਰਾਂ ਮੌਜੂਦ ਹਨ। ਇਹ ਤਾਮੀਰ ਏਨੇ ਵਿਸ਼ਾਲ ਪੱਧਰ ਤੇ ਹੋਈ ਹੈ ਕਿ ਸ਼ਹਿਰ ਅੰਦਰ ਸਿਰਫ ਸੰਗਮਰਮਰ ਪੱਥਰ ਨਾਲ ਸੱਜੇ ਹੋਏ ਖੇਤਰ ਦਾ ਰਕਬਾ 4.5 ਮਿਲੀਅਨ ਵਰਗ ਮੀਟਰ ਦਾ ਹੈ ! ਇਸ ਵਿਲੱਖਣ ਤੱਥ ਕਾਰਨ ਸ਼ਹਿਰ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਅੰਦਰ ਵੀ ਦਰਜ਼ ਹੈ।
ਤੁਰਕੇਮਿਨਸਤਾਂਨ ਮੱਧ ਏਸ਼ੀਅਨ ਦੇਸ਼ ਹੈ ਜੋ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ 1991 ਨੂੰ ਸੁਤੰਤਰ ਹੋਂਦ ਵਿੱਚ ਆਇਆ। ਇਸ ਦੀਆਂ ਸਰਹੱਦਾਂ ਉਜ਼ਬੇਕਿਸਤਾਂਨ, ਅਫਗਾਨਿਸਤਾਂਨ ਅਤੇ ਈਰਾਂਨ ਨਾਲ ਸਾਂਝੀਆਂ ਹਨ ਅਤੇ ਪੱਛਮ ਵੱਲੇ ਪਾਸੇ ਕੈਸਪੀਅਨ ਸਾਗਰ ਫੈਲਿਆ ਹੈ। ਆਸਗਾਬਾਤ ਦਾ ਇਤਿਹਾਸ ਕੋਈ ਬਹੁਤ ਜਿਆਦਾ ਪੁਰਾਣਾਂ ਨਹੀਂ ਹੈ। ਇਸ ਦੀ ਸਥਾਪਤੀ 1881 ਵਿਚ ਕੀਤੀ ਗਈ। ਸ਼ਹਿਰ ਨੂੰ ਆਪਣੇ ਅਤੀਤ ਵਿਚ ਇਕ ਵੱਡੇ ਹਾਦਸੇ ਵਿੱਚੋਂ ਗੁਜ਼ਰਨਾਂ ਪਿਆ ਜਦ 1948 ਵਿਚ ਆਏ ਇਕ ਭਿਅੰਕਰ ਭੂਚਾਲ ਕਾਰਨ ਲਗਭਗ ਸਾਰਾ ਸ਼ਹਿਰ ਤਬਾਹ ਹੋ ਗਿਆ। ਰਿਕਟਰ ਸਕੇਲ ਤੇ ਇਸ ਭੂਚਾਲ ਦੀ ਤੀਬਰਤਾ 9 ਸੀ। ਇਸ ਤੋਂ ਬਾਅਦ ਗੁਜ਼ਰੀ ਸਦੀ ਦੇ ਪਿਛਲੇ ਅੱਧ ਵਿਚ ਇਸ ਸ਼ਹਿਰ ਦਾ ਨਵ ਨਿਰਮਾਣ ਹੋਇਆ ਜਿਸ ਵਿਚ ਤੁਰਕਮੇਨਿਸਤਾਂਨ ਸਰਕਾਰ ਨੇ ਦਿਲ ਖੋਲ੍ਹ ਕੇ ਪੈਸਾ ਖਰਚਿਆ। ਏਥੋਂ ਤੱਕ ਕਿ ਸ਼ਹਿਰ ਵਿਚਲੇ ਟੈਲੀਫੂਨ ਬੂਥ ਅਤੇ ਪਾਰਕਾਂ ਵਿਚ ਰੱਖੇ ਗਏ ਬੈਂਚ ਤੱਕ ਵੀ ਸੰਗਮਰਮਰ ਨਾਲ ਬਣਾਏ ਗਏ। ਵੈਸੇ ਗਿੰਨੀਜ਼ ਬੁੱਕ ਵਿਚ ਇਸ ਸ਼ਹਿਰ ਦਾ ਜ਼ਿਕਰ ਸਿਰਫ ਸੰਗਮਰਮਰ ਦੀ ਵਿਸ਼ਾਲ ਇਮਾਰਤਸਾਜ਼ੀ ਕਾਰਨ ਹੀ ਨਹੀਂ ਹੈ ਬਲਕਿ ਕਈ ਹੋਰ ਅੰਤਰਰਾਸ਼ਟਰੀ ਪੱਧਰ ਦੀਆਂ ਇਕ ਤੋਂ ਵੱਧ ਵਿਰਾਸਤੀ ਧਰੋਹਰਾਂ ਨੂੰ ਵੀ ਗਿੰਨੀਜ਼ ਬੁੱਕ ਵਿਚ ਸ਼ਾਮਲ ਹੋਣ ਦਾ ਮਾਣ ਹਾਸਲ ਹੈ।

ਗਲੀਚਾ ਅਜਾਇਬ ਘਰ-
 ਆਸਬਾਗਾਤ ਸਥਿਤ ਗਲੀਚਿਆਂ ਦਾ ਅਜਾਇਬਘਰ ਆਪਣੇ ਆਪ ਵਿੱਚ ਵਿਲੱਖਣ ਅਜਾਇਬਘਰ ਹੈ ਜਿੱਥੇ ਤੁਕਮੇਨਿਸਤਾਂਨ ਵਿਚ ਬਣੇ ਮੱਧ ਯੁੱਗ ਤੋਂ ਲੈ ਕੇ ਅੱਜ ਤੀਕ ਦੇ ਖੂਬਸੂਰਤ ਅਤੇ ਮਹਿੰਗੇ ਗਲੀਚੇ ਸਾਂਭੇ ਪਏ ਹਨ। ਇਨ੍ਹਾਂ ਗਲੀਚਿਆਂ ਵਿੱਚ ਦੁਨੀਆਂ ਦਾ ਸਭ ਤੋਂ ਵਿਸ਼ਾਲ ਗਲੀਚਾ ਵੀ ਮੌਜੂਦ ਹੈ। 301 ਵਰਗ ਮੀਟਰ ਦੇ ਇਸ ਗਲੀਚੇ ਨੂੰ ਤੁਰਕਮੇਨਿਸਤਾਂਨ ਦੀ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਦੀ ਦਸਵੀਂ ਵਰ੍ਹੇਗੰਢ ਮਨਾਉਣ ਸਮੇਂ ਸੈਂਕੜੇ ਕਾਰੀਗਰਾਂ ਨੇ ਮਿਲ ਕੇ ਹੱਥਾਂ ਨਾਲ ਤਿਆਰ ਕੀਤਾ। ਦਸਤਕਾਰੀ ਦੇ ਏਨੇ ਵਿਸ਼ਾਲ ਅਤੇ ਖੂਬਸੂਰਤ ਨਮੂਨੇ ਨੂੰ ਗਿੰਨੀਜ਼ ਬੁੱਕ ਵਿਚ ਦਰਜ਼ ਹੋਣ ਦਾ ਮਾਣ ਹਾਸਲ ਹੈ।

ਆਗੁਜ਼ ਖਾਂਨ ਫੁਹਾਰਾ ਪਾਰਕ-
ਪੰਦਰਾਂ ਹੈਕਟੇਅਰ ਵਿਚ ਬਣੀਂ ਇਸ ਫੁਹਾਰਾ ਪਾਰਕ ਨੂੰ ਵਿਸ਼ਵ ਦੀ ਸਭ ਤੋਂ ਵਿਸ਼ਾਲ ਫੁਹਾਰਾ ਪਾਰਕ ਹੋਣ ਦਾ ਮਾਣ ਹਾਸਲ ਹੈ। ਇਸ ਦਾ ਨਿਰਮਾਣ 2008 ਵਿਚ ਕੀਤਾ ਗਿਆ। 2010 ਵਿਚ ਇਸ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਗ ਰਿਕਾਰਡ ਵਿਚ ਸ਼ਾਮਲ ਹੋਇਆ। ਇਸ ਦਾ ਸਾਰਾ ਬਿਜਲਈ ਪ੍ਰਬੰਧ ਸੂਰਜੀ ਊਰਜਾ ਨਾਲ ਸੰਚਾਲਿਤ ਹੈ। ਬਿਨਾ ਸ਼ੱਕ ਇਹ ਸ਼ਹਿਰ ਦੀਆਂ ਮੁੱਖ ਧਰੋਹਰਾਂ ਵਿੱਚੋਂ ਇਕ ਹੈ।

ਸਿਹਤਯਾਬੀ ਲਈ ਬਣਿਆਂ ਪੈਦਲ-ਰਾਹ-
ਅਸ਼ਬਾਗਾਤ ਸ਼ਹਿਰ ਦੇ ਬਾਹਰਵਾਰ ਨੀਂਮ ਪਹਾੜੀਆਂ ਵਿਚ ਬਣਾਇਆ ਗਿਆ ਸੈਂਤੀ ਕਿਲੋਮੀਟਰ ਲੰਮਾਂ ਕੰਕਰੀਟ ਦਾ ਪੈਦਲ-ਰਾਹ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਰਸਤੇ ਨੂੰ ਤੁਰਕਮੇਨਿਸਤਾਂਨ ਦੇ ਪ੍ਰਸਿੱਧ ਸਿਆਸਤਦਾਨ ਨਿਆਜ਼ੋਵ ਨੇਂ ਸ਼ਹਿਰੀਆਂ ਦੀ ਸਿਹਤ ਨੂੰ ਠੀਕ ਰੱਖਣ ਤਾਮੀਰ ਕਰਵਾਇਆ ਸੀ। ਇਸ ਪੈਦਲ ਯਾਤਰਾ ਲਈ ਸਰਕਾਰ ਵੱਲੋਂ ਸਾਲ ਵਿਚ ਇਕ ਦਿਨ ਨਿਯਤ ਕੀਤਾ ਜਾਂਦਾ ਹੈ। ਇਸ ਦਿਨ ਸਰੀਰਕ ਤੌਰ ਤੇ ਸਿਹਤਮੰਦ ਨਾਗਰਿਕ ਇਸ ਲੰਮੇਂ ਰਾਹ ਤੇ ਪੈਦਲ ਤੁਰਦੇ ਹਨ। ਅਸ਼ਬਾਗਾਤ ਦਾ ਮੌਸਮ ਕਾਫੀ ਗਰਮ ਹੈ ਅਤੇ ਇਹ ਪੈਦਲ ਯਾਤਰਾ ਸ਼ਹਿਰੀਆਂ ਲਈ ਇਕ ਚੁਣੌਤੀ ਵਰਗੀ ਮੰਨੀਂ ਜਾਂਦੀ ਹੈ। ਆਪਣੇ ਜੀਵਨ ਕਾਲ ਵਿਚ ਰਾਸ਼ਟਰਪਤੀ ਨਿਆਜ਼ੋਵ ਖੁਦ ਨਿੱਜੀ ਦਿਲਚਸਪੀ ਕੈ ਕੇ ਸਭ ਸਰਕਾਰੀ ਅਹੁਦੇਦਾਰਾਂ ਅਤੇ ਮੰਤਰੀਆਂ ਦੀ ਪੈਦਲ ਯਾਤਰਾ ਦਾ ਇੰਤਜ਼ਾਮ ਕਰਵਾਉਂਦਾ ਸੀ।

ਰਾਸ਼ਟਰਪਤੀ ਨਿਆਜ਼ੋਵ ਦਾ ਵਿਸ਼ਾਲ ਸੋਨੇਂ ਦਾ ਬੁੱਤ-
ਸ਼ਹਿਰ ਅੰਦਰ ਸਥਿਤ ਤੁਰਮੇਨਿਸਤਾਂਨ ਦੇ ਮਰਹੂਮ ਰਾਸ਼ਟਰਪਤੀ ਨਿਆਜ਼ੋਵ ਦਾ 39 ਫੂੱਟ ਉੱਚਾ ਸੋਨੇਂ ਦਾ ਬੁੱਤ ਵੀ ਸੈਲਾਨੀਆਂ ਲਈ ਖਾਸ ਕਿੱਚ ਦਾ ਕੇਂਦਰ ਹੈ। ਇਸ ਬੁੱਤ ਦੀ ਇਕ ਹੋਰ ਖਾਸੀਅਤ ਹੈ ਕਿ ਇਹ ਸੂਰਜ ਦੀ ਦਿਸ਼ਾ ਦੇ ਅਨੁਸਾਰ ਘੁੰਮਦਾ ਰਹਿੰਦਾ ਹੈ ਅਤੇ ਇਸ ਦਾ ਚਿਹਰਾ ਸਦਾ ਹੀ ਸੂਰਜ ਵੱਲ ਰਹਿੰਦਾ ਹੈ। ਸ਼ਹਿਰ ਅੰਦਰ ਨਿਆਜ਼ੋਵ ਦੀਆਂ ਹੋਰ ਵੀ ਬਹੁਤ ਸਾਰੀਆਂ ਸੋਨੇਂ ਅਤੇ ਸੰਗਮਰਮਰ ਦੀਆਂ ਮੂਰਤੀਆਂ ਮੌਜੂਦ ਹਨ।
    ਇਸ ਤੋਂ ਇਲਾਵਾ ਤੁਰਮੇਨਿਸਤਾਂਨ ਬਰਾਡਕਾਸਟਿੰਗ ਸੈਂਟਰ ਦੀ ਸਜਾਵਟ ਲਈ ਬਣਿਆ  ਆਗੁਜ਼ ਖਾਂਨ ਨਾਂਅ ਦਾ ਵਿਸ਼ਾਲ ਸਿਤਾਰਾ, ਖੇਡ ਸਟੇਡੀਅਮ ਵਿਚ ਬਣਿਆਂ ਦੁਨੀਆਂ ਦਾ ਸਭ ਤੋਂ ਵਿਸ਼ਾਲ ਤਾਰੀ-ਤਲਾਅ, ਵਿਸ਼ਾਲ ਮਸਜਿਦਾਂ, ਬਹਾਈ ਫਿਰਕੇ ਦਾ ਸਭ ਤੋਂ ਪਹਿਲਾ ਮੰਦਰ ਅਤੇ ਆਤੇਮ ਸੱਭਿਆਚਾਰਕ ਸੈਂਟਰ ਸਥਿਤ 57 ਮੀਟਰ ਵਿਆਸ ਦਾ ਜ਼ਹਾਜ਼ੀ ਪਹੀਆ ਆਦਿ ਵੀ ਵਿਸ਼ਵ ਪੱਧਰੀ ਧਰੋਹਰਾਂ ਵਿਚ ਜਾਣੇ ਜਾਂਦੇ ਹਨ।
ਏਨਾਂ ਖੂਬਸੂਰਤ ਅਤੇ ਵਿਲੱਖਣ ਸ਼ਹਿਰ ਹੋਣ ਦੇ ਬਾਵਜੂਦ ਵੀ ਵਿਸ਼ਵ ਪੱਧਰ ਤੇ ਇਸ ਦੀ ਪਛਾਣ ਲੁਕੀ ਹੋਈ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਤੁਰਕਮੇਨਿਸਤਾਂਨ ਸਰਕਾਰ ਅਜੇ ਇਸ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਬਾਰੇ ਜਿਆਦਾ ਹਾਂ-ਪੱਖੀ ਨਹੀਂ ਹੈ। ਸ਼ਹਿਰ ਨੂੰ ਵੇਖਣ ਆਏ ਸੈਲਾਨੀ ਸਰਕਾਰ ਵੱਲੋਂ ਕੀਤੇ ਗਏ ਬਹੁਤ ਭਾਰੇ ਸੁਰੱਖਿਆ ਪ੍ਰਬੰਧਾਂ ਕਾਰਨ ਅਸਹਿਜ ਮਹਿਸੂਸ ਕਰਦੇ ਹਨ। ਸ਼ਹਿਰ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਕੈਮਰਾ ਵਰਤਣ ਦੀ ਮਨਾਹੀ ਹੋਣ ਕਾਰਨ ਸੈਲਾਨੀ ਖੂਬਸੂਰਤ ਇਮਾਰਤਾਂ ਦੀਆਂ ਤਸਵੀਰਾਂ ਵੀ ਨਹੀਂ ਲੈ ਸਕਦੇ। ਸ਼ਹਿਰ ਦੀ ਆਬਾਦੀ ਘੱਟ ਹੋਣ ਕਾਰਨ ਇਸ ਦੀਆਂ ਸੜਕਾਂ ਭੀੜ ਭੜੱਕੇ ਤੋਂ ਤਾਂ ਮੁਕਤ ਹਨ ਪਰ ਸਫੈਦ ਇਮਾਰਤਾਂ ਅਤੇ ਬਹੁਤ ਘੱਟ ਆਵਾਜਾਈ ਵਾਲੀਆਂ ਖੁੱਲ੍ਹੀਆਂ ਸੜਕਾਂ ਕਾਰਨ ਇਹ ਸ਼ਹਿਰ ਭੇਦ ਭਰਿਆ ਜਿਹਾ ਮਹਿਸੂਸ ਹੁੰਦਾ ਹੈ। ਸੰਗਮਰਮਰ ਦੇ ਬੈਂਚਾਂ ਨਾਲ ਸੱਜੀਆਂ ਖੂਬਸੂਰਤ ਪਾਰਕਾਂ ਖਾਲੀ ਖਾਲੀ ਲੱਗਦੀਆਂ ਹਨ। ਅਸ਼ਬਾਗਾਤ ਦੇ ਸ਼ਹਿਰੀ ਆਸਵੰਦ ਹਨ ਕਿ ਕਿਸੇ ਨਾਂ ਕਿਸੇ ਦਿਨ ਇਹ ਖੂਬਸੂਰਤ ਸ਼ਹਿਰ ਵੀ ਪੈਰਿਸ, ਲੰਡਨ ਜਾਂ ਦੁਬਈ ਦੀ ਤਰਾਂ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਹੋ ਕੇ ਦੁਨੀਆਂ ਦਾ ਸਾਹਮਣੇਂ ਆਵੇਗਾ।

yadsatkoha@yahoo.com
0048-516732105
-ਯਾਦਵਿੰਦਰ  ਸਿੰਘ ਸਤਕੋਹਾ,
ਵਾਰਸਾ, ਪੋਲੈਂਡ।

02 Dec. 2019