ਇਹੋ ਤਮਾਸ਼ੇ ਚੱਲਦੇ ਰਹੇ ਤਾਂ ਗੰਗਾ-ਜਮਨੀ ਸੱਭਿਅਤਾ ਵਾਲੇ ਭਾਰਤ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ! -ਜਤਿੰਦਰ ਪਨੂੰ

ਇਸ ਵਕਤ ਭਾਰਤ ਵਿੱਚ ਇੱਕ ਫਿਲਮ ਨੂੰ ਲੈ ਕੇ ਬਖੇੜਾ ਖੜਾ ਕੀਤਾ ਜਾ ਰਿਹਾ ਹੈ। 'ਪਦਮਾਵਤੀ' ਨਾਂਅ ਦੀ ਇਸ ਫਿਲਮ ਉੱਤੇ ਕੁਝ ਲੋਕ ਇਹ ਕਹਿ ਕੇ ਪਾਬੰਦੀ ਦੀ ਮੰਗ ਕਰਦੇ ਪਏ ਹਨ ਕਿ ਇਸ ਵਿੱਚ ਇੱਕ ਹਿੰਦੂ ਰਾਜਪੂਤ ਰਾਣੀ ਦੀ ਦਿੱਖ ਖਰਾਬ ਕੀਤੀ ਗਈ ਹੈ। ਇਤਹਾਸਕਾਰੀ, ਸਾਹਿਤਕਾਰੀ ਤੇ ਕਲਾਕਾਰੀ ਤਿੰਨ ਵੱਖ-ਵੱਖ ਚੀਜ਼ਾਂ ਹਨ। ਹੁਣ ਤੱਕ ਇਸ ਤਰ੍ਹਾਂ ਦੇ ਕਈ ਮੌਕੇ ਆਏ ਹਨ, ਜਦੋਂ ਇਤਹਾਸ ਦੇ ਨਾਂਅ ਉੱਤੇ ਇਹੋ ਜਿਹਾ ਕੁਝ ਕਿਤਾਬੀ ਰੂਪ ਵਿੱਚ ਵੀ ਤੇ ਸਟੇਜਾਂ ਉੱਤੋਂ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ, ਜਿਹੜਾ ਇੰਨ-ਬਿੰਨ ਇਤਹਾਸ ਨਹੀਂ ਹੁੰਦਾ। ਰਾਮਾਇਣ ਦੇ ਕੁਝ ਹਵਾਲਿਆਂ ਬਾਰੇ ਮੱਤਭੇਦ ਉੱਠਦੇ ਰਹਿੰਦੇ ਹਨ। ਇਸ ਦੇ ਬਾਵਜੂਦ ਭਾਰਤ ਵਿੱਚ ਹਰ ਸਾਲ ਉਸ ਬਾਰੇ ਰਾਮ-ਲੀਲ੍ਹਾ ਹੁੰਦੀ ਹੈ। ਪੇਸ਼ ਕਰਨ ਵਾਲਿਆਂ ਦੀ ਪੇਸ਼ਕਾਰੀ ਆਪੋ ਆਪਣੇ ਢੰਗ ਦੀ ਤੇ ਵਰਤੇ ਗਏ ਡਾਇਲਾਗ ਤੱਕ ਵੀ ਵੱਖੋ-ਵੱਖ ਹੁੰਦੇ ਹਨ। ਜਿਸ ਕਿਸੇ ਨੇ ਰਾਮਾਇਣ ਜਾਂ ਮਹਾਂਭਾਰਤ ਬਾਰੇ ਫਿਲਮ ਬਣਾਈ ਹੈ, ਉਸ ਨੇ ਪਹਿਲੀ ਵਾਂਗ ਇੰਨ-ਬਿੰਨ ਕਦੇ ਪੇਸ਼ ਨਹੀਂ ਕੀਤੀ, ਕੁਝ ਨਾ ਕੁਝ ਫਰਕ ਪਾ ਲਿਆ ਜਾਂਦਾ ਹੈ ਤੇ ਇਹ ਇਸ ਵਾਸਤੇ ਜ਼ਰੂਰੀ ਹੁੰਦਾ ਹੈ ਕਿ ਜੇ ਪਹਿਲੀ ਵਾਂਗ ਹੀ ਪੇਸ਼ ਕਰਨੀ ਹੈ ਤਾਂ ਲੋਕ ਵੇਖਣ ਨਹੀਂ ਜਾਣਗੇ। ਕਲਾਕਾਰ ਕਿਹੜੇ ਪੇਸ਼ ਕਰਨੇ ਹਨ, ਇਸ ਮਾਮਲੇ ਵਿੱਚ ਵੀ ਪੇਸ਼ ਕਰਤਿਆਂ ਦੀ ਮਰਜ਼ੀ ਹੁੰਦੀ ਹੈ।
ਰਾਜਨੀਤੀ ਵੀ ਇਹ ਰੰਗ ਵਰਤ ਲੈਂਦੀ ਹੈ। ਹਾਲੇ ਪਿਛਲੇ ਮਹੀਨੇ ਅਯੁੱਧਿਆ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਦੀਵਾਲੀ ਦੇ ਮੌਕੇ ਉੱਤੇ ਰਾਮਾਇਣ ਵਾਲੀ ਰਾਮ ਜੀ ਦੀ ਅਯੁੱਧਿਆ ਵਾਪਸੀ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਸੀ। ਰਾਮ, ਸੀਤਾ, ਲਛਮਣ ਤੇ ਰਾਮ-ਲੀਲ੍ਹਾ ਵਾਲੇ ਹੋਰ ਕਲਾਕਾਰ ਹੈਲੀਕਾਪਟਰ ਉੱਤੇ ਲਿਆ ਕੇ ਪੂਜਾ ਕਰਵਾਈ ਤੇ ਉਨ੍ਹਾਂ ਦਾ ਮਾਣ-ਤਾਣ ਕੀਤਾ ਗਿਆ। ਪਿੱਛੋਂ ਇਹ ਭੇਦ ਖੁੱਲ੍ਹਾ ਕਿ ਉਹ ਰਾਮ-ਲੀਲ੍ਹਾ ਵਾਲੇ ਕਲਾਕਾਰ ਹੀ ਨਹੀਂ ਸਨ, ਵੱਧ ਖਿੱਚ-ਪਾਊ ਦਿੱਖ ਵਾਲੇ ਮਾਡਲ ਮੁੰਡੇ-ਕੁੜੀਆਂ ਦਿੱਲੀ ਤੋਂ ਉਚੇਚੇ ਅਯੁੱਧਿਆ ਲਿਆਂਦੇ ਸਨ। ਰਾਜਸੀ ਮੰਚ ਉੱਤੇ ਕਿਸੇ ਹੋਰ ਧਿਰ ਨੇ ਇਹੋ ਕੁਝ ਕੀਤਾ ਹੁੰਦਾ ਤਾਂ ਰੌਲਾ ਪੈ ਜਾਣਾ ਸੀ। ਰੌਲਾ ਇਸ ਲਈ ਨਹੀਂ ਪਿਆ ਕਿ ਲਿਆਂਦੇ ਖੁਦ ਉਨ੍ਹਾਂ ਨੇ ਸਨ, ਜਿਹੜੇ ਰਾਈ ਦਾ ਪਹਾੜ ਬਣਾਉਣ ਦਾ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹਨ।
ਇੱਕ ਦਿਲਚਸਪ ਮਾਮਲਾ ਸਾਨੂੰ ਯਾਦ ਆਉਂਦਾ ਹੈ। ਜਦੋਂ ਰਾਮਾਇਣ ਦਾ ਸੀਰੀਅਲ ਟੀ ਵੀ ਉੱਤੇ ਪੇਸ਼ ਕੀਤਾ ਗਿਆ ਤਾਂ ਇੱਕ ਕੁੜੀ ਦੀਪਕਾ ਚਿਖਾਲੀਆ ਨੇ ਓਦੋਂ ਸੀਤਾ ਦਾ ਰੋਲ ਕੀਤਾ ਸੀ। ਫਿਰ ਟੀਪੂ ਸੁਲਤਾਨ ਦਾ ਸੀਰੀਅਲ ਪੇਸ਼ ਹੋਇਆ ਤਾਂ ਓਸੇ ਕੁੜੀ ਨੂੰ ਟੀਪੂ ਸੁਲਤਾਨ ਦੀ ਅੰਮੀ ਜਾਨ ਦਾ ਰੋਲ ਦੇ ਦਿੱਤਾ ਗਿਆ। ਅਗਲੀਆਂ ਪਾਰਲੀਮੈਂਟ ਚੋਣਾਂ ਮੌਕੇ ਭਾਜਪਾ ਨੇ ਉਸ ਨੂੰ ਟਿਕਟ ਦਿੱਤੀ ਤਾਂ ਉਹ ਜਿੱਥੇ ਵੀ ਜਾਂਦੀ, ਉਸ ਦੇ ਜਾਣ ਤੋਂ ਪਹਿਲਾਂ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਰਾਮਾਇਣ ਵਾਲੀ ਸੀਤਾ ਆ ਰਹੀ ਹੈ। ਉਹ ਵੋਟਾਂ ਮੰਗਣ ਦੀ ਥਾਂ ਲੋਕਾਂ ਨੂੰ ਆਸ਼ੀਰਵਾਦ ਦੇਂਦੀ ਜਾਂਦੀ ਸੀ। ਇਹ ਚਰਚਾ ਚੱਲਦੀ ਰਹੀ ਕਿ ਇਸ ਨੇ ਸੀਤਾ ਮਾਤਾ ਦਾ ਰੋਲ ਹੀ ਨਹੀਂ ਕੀਤਾ, ਇਹ ਟੀਪੂ ਸੁਲਤਾਨ ਦੀ ਅੰਮੀ ਦਾ ਰੋਲ ਵੀ ਕਰ ਚੁੱਕੀ ਹੈ, ਪਰ ਇਹ ਹਕੀਕਤ ਇਸ ਲਈ ਰੌਲੇ ਵਿੱਚ ਰੁਲ ਗਈ ਕਿ ਰੌਲਾ ਪਾਉਣ ਵਾਲੀਆਂ ਧਿਰਾਂ ਉਸ ਨੂੰ ਸੀਤਾ ਮਾਤਾ ਵਜੋਂ ਪੇਸ਼ ਕਰਨ ਦੇ ਕੰਮ ਲੱਗੀਆਂ ਹੋਈਆਂ ਸਨ। ਨਤੀਜੇ ਵਜੋਂ ਉਹ ਕੁੜੀ ਹਾਰੀ ਹੋਈ ਜਾਪਦੀ ਸੀਟ ਤੋਂ ਜਿੱਤ ਗਈ ਸੀ।
ਹੁਣ ਰਾਣੀ ਪਦਮਾਵਤੀ ਦੇ ਬਹਾਨੇ ਇੱਕ ਫਿਲਮ ਦਾ ਵਿਰੋਧ ਕੀਤਾ ਗਿਆ ਹੈ। ਸਾਨੂੰ ਨਿੱਜੀ ਤੌਰ ਉੱਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਨਾ ਅਸੀਂ ਕਦੀ ਮੁਗਲੇ ਆਜ਼ਮ ਵੇਖੀ ਸੀ, ਨਾ ਪਦਮਾਵਤੀ ਵੇਖਣ ਜਾਣਾ ਹੈ। ਫਿਲਮਾਂ ਦੇ ਸ਼ੌਕੀਨਾਂ ਲਈ ਇਹ ਫਿਲਮ ਇੱਕ ਵਧੀਆ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੇ ਬਣਾਈ ਹੈ, ਜਿਹੜਾ ਗੁਜਰਾਤੀ ਹਿੰਦੂਆਂ ਦੇ ਭੰਸਾਲੀ ਪਰਵਾਰ ਵਿਚ ਪੈਦਾ ਹੋਇਆ ਸੀ। ਉਸ ਦੀ ਮਾਂ ਲੀਲਾ ਵੀ ਹਿੰਦੂ ਸੀ। ਫਿਲਮ ਦਾ ਇੱਕ ਕਲਾਕਾਰ ਰਣਬੀਰ ਜੇ ਸਿੰਧੀ ਹਿੰਦੂ ਪਰਵਾਰ ਵਿੱਚ ਪੈਦਾ ਹੋਇਆ ਸੀ ਤਾਂ ਦੂਸਰੀ ਮੁੱਖ ਕਲਾਕਾਰ ਦੀਪਕਾ ਇਸ ਦੇਸ਼ ਦੇ ਉੱਘੇ ਬੈਡਮਿੰਟਨ ਸਟਾਰ ਪ੍ਰਕਾਸ਼ ਪਾਦੂਕੋਨੇ ਦੀ ਧੀ ਹੈ ਤੇ ਪੁਰਾਣੇ ਸਨਾਤਨੀ ਹਿੰਦੂ ਪਰਵਾਰ ਵਿੱਚੋਂ ਹੈ। ਜਿਹੜੇ ਹਿੰਦੂ ਆਗੂ ਇਹ ਫਿਲਮ ਰੋਕਣ ਲਈ ਝੰਡੇ ਚੁੱਕੀ ਖੜੇ ਹਨ, ਉਹ ਇਨ੍ਹਾਂ ਤਿੰਨਾਂ ਨਾਲੋਂ ਵੱਧ ਧਾਰਮਿਕ ਨਹੀਂ ਜਾਪਦੇ। ਇਸ ਫਿਲਮ ਦੇ ਸੰਬੰਧ ਵਿੱਚ ਕੁਝ ਮਤਭੇਦ ਹਨ ਤਾਂ ਉਨ੍ਹਾਂ ਦੀ ਚਰਚਾ ਹੋ ਸਕਦੀ ਹੈ, ਪਰ ਏਥੇ ਚਰਚਾ ਦੀ ਬਜਾਏ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਸਾਡੇ ਸਮਿਆਂ ਵਿੱਚ ਹਰ ਕਿਸੇ ਰਾਜ ਵਿੱਚ, ਸਰਕਾਰ ਭਾਵੇਂ ਲੋਕਤੰਤਰੀ ਹੋਵੇ, ਭਾਵੇਂ ਕਿਸੇ ਫੌਜੀ ਜੁੰਡੀ ਦਾ ਰਾਜ ਹੋਵੇ ਤੇ ਬੇਸ਼ੱਕ ਪਿਤਾ-ਪੁਰਖੀ ਰਾਜਿਆਂ ਦਾ ਰਾਜ ਚੱਲ ਰਿਹਾ ਹੋਵੇ, ਹਰ ਥਾਂ ਇਸ ਗੱਲ ਦੀ ਗਾਰੰਟੀ ਦੇਣੀ ਪੈਂਦੀ ਹੈ ਕਿ ਕਿਸੇ ਨੂੰ ਵੀ ਕਿਸੇ ਦੂਸਰੇ ਦਾ ਕਤਲ ਕਰਨ ਜਾਂ ਕਤਲ ਦੀ ਧਮਕੀ ਸਮੇਤ ਕੋਈ ਧਮਕੀ ਦੇਣ ਦੀ ਖੁੱਲ੍ਹ ਨਹੀਂ ਹੋਵੇਗੀ। ਭਾਰਤੀ ਲੋਕਤੰਤਰ ਇਸ ਤਰ੍ਹਾਂ ਦਾ ਹੈ ਕਿ ਏਥੇ ਬੜੇ ਸਹਿਜ ਨਾਲ 'ਫਲਾਣੇ ਦਾ ਸਿਰ ਵੱਢ ਦੇਣ ਵਾਲੇ ਨੂੰ ਐਨੇ ਰੁਪਏ' ਅਤੇ 'ਫਲਾਣੇ ਦੀ ਜ਼ਬਾਨ ਵੱਢ ਕੇ ਲਿਆਉਣ ਵਾਲੇ ਨੂੰ ਐਨੇ ਰੁਪਏ' ਦੇ ਇਨਾਮ ਐਲਾਨ ਕਰ ਦਿੱਤੇ ਜਾਂਦੇ ਹਨ। ਕਾਨੂੰਨ ਕਦੇ ਰੋਕਦਾ ਨਹੀਂ। ਹੁਣ ਪਦਮਾਵਤੀ ਫਿਲਮ ਦੇ ਸਵਾਲ ਉੱਤੇ ਵੀ ਇਹੋ ਖੇਡ ਦੁਹਰਾਈ ਜਾ ਰਹੀ ਹੈ ਤੇ ਕਾਨੂੰਨ ਲਾਪਰਵਾਹ ਹੈ।
ਹੈਰਾਨੀ ਦੀ ਗੱਲ ਹੈ ਕਿ ਇਸ ਕੰਮ ਵਿੱਚ ਕੁਝ ਲੋਕ ਉਹ ਵੀ ਸ਼ਾਮਲ ਹਨ, ਜਿਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਹ 'ਇੱਲ ਦਾ ਨਾਂਅ ਕੋਕੋ' ਤੱਕ ਨਹੀਂ ਜਾਣਦੇ, ਪਰ ਕੁਝ ਉਹ ਲੋਕ ਵੀ ਇਸ ਕੰਮ ਲੱਗੇ ਹੋਏ ਹਨ, ਜਿਨ੍ਹਾਂ ਨੇ ਕਾਨੂੰਨ ਦੇ ਮੁਤਾਬਕ ਰਾਜ ਚਲਾਉਣ ਅਤੇ ਸੰਵਿਧਾਨ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ ਸੀ। ਦੋ ਪਾਰਲੀਮੈਂਟ ਮੈਂਬਰਾਂ ਨੂੰ ਇਸ ਖੇਡ ਦੇ ਪਹਿਲੇ ਹੱਲੇ ਵਾਲੀ ਭੀੜ ਨਾਲ ਖੜੇ ਵੇਖਿਆ ਗਿਆ। ਫਿਰ ਹਰਿਆਣੇ ਦੇ ਇੱਕ ਮੰਤਰੀ ਨੇ ਕਹਿ ਦਿੱਤਾ ਕਿ ਸਾਰੇ ਭਾਰਤ ਵਿੱਚ ਇਹ ਫਿਲਮ ਚੱਲ ਜਾਵੇ, ਸਾਡੇ ਰਾਜ ਵਿੱਚ ਫਿਰ ਵੀ ਨਹੀਂ ਚੱਲਣ ਦੇਵਾਂਗੇ। ਇਸ ਦੇ ਬਾਅਦ ਇੱਕ ਕੇਂਦਰੀ ਮੰਤਰੀ ਨੇ ਬਿਆਨ ਦਾਗ ਦਿੱਤਾ ਕਿ ਇਹ ਫਿਲਮ ਚੱਲਣ ਨਹੀਂ ਦਿੱਤੀ ਜਾਵੇਗੀ। ਭਾਰਤ ਵਿੱਚ ਕਾਨੂੰਨੀ ਢਾਂਚਾ ਹੈ, ਜਿੱਥੇ ਫਿਲਮਾਂ ਦੀ ਪੁਣ-ਛਾਣ ਦੇ ਕੰਮ ਲਈ ਫਿਲਮ ਸਰਟੀਫਿਕੇਸ਼ਨ ਬੋਰਡ ਮੌਜੂਦ ਹੈ, ਜਿਸ ਨੂੰ ਆਮ ਧਾਰਨਾ ਦੇ ਮੁਤਾਬਕ ਲੋਕੀਂ ਸੈਂਸਰ ਬੋਰਡ ਕਹਿ ਛੱਡਦੇ ਹਨ। ਉਸ ਬੋਰਡ ਦੇ ਕੀਤੇ-ਕਤਰੇ ਨੂੰ ਚੈਲਿੰਜ ਕਰਨ ਲਈ ਇੱਕ ਅਦਾਲਤੀ ਢਾਂਚਾ ਮੌਜੂਦ ਹੈ, ਜਿਹੜਾ ਸਥਾਨਕ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਾਂਦਾ ਹੈ। ਜੇ ਹਰ ਕਿਸੇ ਜਣੇ-ਖਣੇ ਨੇ ਸੜਕਾਂ ਉੱਤੇ ਆਪਣੀ ਮਰਜ਼ੀ ਲਾਗੂ ਕਰਵਾਉਣ ਲੱਗ ਜਾਣਾ ਹੈ ਤਾਂ ਅਦਾਲਤੀ ਢਾਂਚੇ ਦੀ ਕੀ ਲੋੜ ਹੈ? ਹੱਦ ਤਾਂ ਇਹ ਹੈ ਕਿ ਇਸ ਕਾਨੂੰਨੀ ਢਾਂਚੇ ਨੂੰ ਹੁਣ ਚੁਣੌਤੀ ਦਿੱਤੀ ਜਾਣ ਲੱਗ ਪਈ ਹੈ। ਦੀਵਾਲੀ ਮੌਕੇ ਜਦੋਂ ਅਦਾਲਤ ਨੇ ਪਟਾਕਿਆਂ ਦੀ ਪਾਬੰਦੀ ਲਾਈ ਤਾਂ ਇਹ ਗੱਲ ਕਹੀ ਗਈ ਕਿ ਅੱਜ ਪਟਾਕੇ ਚਲਾਉਣ ਉੱਤੇ ਪਾਬੰਦੀ ਲਾਉਂਦੇ ਹਨ, ਭਲਕੇ ਸਾਨੂੰ ਦੀਵੇ ਜਗਾਉਣ ਤੋਂ ਵੀ ਰੋਕਿਆ ਜਾਵੇਗਾ, ਦੀਵੇ ਤੇ ਪਟਾਕੇ ਸਾਡੀ ਪ੍ਰੰਪਰਾ ਦਾ ਹਿੱਸਾ ਹਨ। ਜਿਨ੍ਹਾਂ ਲੋਕਾਂ ਨੇ ਇਹੋ ਜਿਹੀ ਗੱਲ ਕਹੀ, ਉਹ ਇਹ ਸੱਚ ਨਹੀਂ ਜਾਣਦੇ ਕਿ ਉਨ੍ਹਾਂ ਦੀ ਪ੍ਰੰਪਰਾ ਭਗਵਾਨ ਰਾਮ ਤੋਂ ਸ਼ੁਰੂ ਹੁੰਦੀ ਹੈ ਤੇ ਉਸ ਵੇਲੇ ਪਟਾਕੇ ਹੁੰਦੇ ਹੀ ਨਹੀਂ ਸਨ, ਇਹ ਮਸਾਂ ਦੋ ਕੁ ਸੌ ਸਾਲ ਪਹਿਲਾਂ ਬਣਨੇ ਤੇ ਚਲਾਏ ਜਾਣੇ ਸ਼ੁਰੂ ਹੋਏ ਸਨ। ਗੱਲ ਪਟਾਕਿਆਂ ਦੀ ਨਹੀਂ, ਅਦਾਲਤੀ ਫੈਸਲੇ ਦੇ ਬੇਹੂਦਗੀ ਭਰੇ ਵਿਰੋਧ ਦੀ ਸੀ, ਜਿਸ ਵਿੱਚ ਪ੍ਰੰਪਰਾ ਦੇ ਨਾਂਅ ਉੱਤੇ ਅਗਿਆਨ ਦਾ ਪਰਦਾ ਤਾਣਿਆ ਜਾ ਰਿਹਾ ਸੀ।
ਹਰ ਫਿਲਮ ਹਕੀਕਤਾਂ ਉੱਤੇ ਆਧਾਰਤ ਨਹੀਂ ਹੋ ਸਕਦੀ। ਭਾਰਤ ਵਿੱਚ ਡਾਕੂਆਂ ਨੂੰ ਵਡਿਆਉਣ ਵਾਲੀਆਂ ਫਿਲਮਾਂ ਵੀ ਬਣੀਆਂ ਅਤੇ ਚੱਲਦੀਆਂ ਰਹੀਆਂ ਹਨ। ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ। ਆਮ ਲੋਕ ਵਿਰੋਧ ਨਹੀਂ ਕਰਦੇ, ਉਨ੍ਹਾਂ ਨੂੰ ਅੱਗੇ ਲਾ ਕੇ ਕੁਝ ਹੋਰ ਤਾਕਤਾਂ ਕਰਾਉਂਦੀਆਂ ਹਨ। ਕਈ ਵਾਰੀ ਇਹੋ ਜਿਹੇ ਵਿਰੋਧ ਪਿੱਛੋਂ ਜਦੋਂ ਸੌਦਾ ਸਿਰੇ ਚੜ੍ਹ ਜਾਵੇ, ਫਿਰ ਵਿਰੋਧ ਸ਼ਾਂਤ ਹੁੰਦਾ ਵੀ ਵੇਖਿਆ ਜਾਂਦਾ ਹੈ। ਹੁਣ ਵੀ ਹੋ ਸਕਦਾ ਹੈ। ਨਿਵੇਕਲੀ ਵੰਨ-ਸੁਵੰਨਤਾ ਦਾ ਮਾਣ ਕਰਨ ਵਾਲੇ ਇਸ ਦੇਸ਼ ਵਿੱਚ ਕਿਸੇ ਵੀ ਥਾਂ ਚੰਗੇ ਕੰਮ ਲਈ ਦਸ ਬੰਦੇ ਜੋੜਨੇ ਮੁਸ਼ਕਲ ਹੋ ਸਕਦੇ ਹਨ, ਭਾਂਬੜ ਮਚਾਉਣ ਦੀ ਨੀਤ ਦੇ ਨਾਲ ਕੋਈ ਧਿਰ ਚੱਲ ਪਵੇ ਤਾਂ ਦਸ ਬੰਦੇ ਕੀ, ਦਸ ਹਜ਼ਾਰ ਬੰਦੇ ਵੀ ਚੁਟਕੀਆਂ ਵਿੱਚ ਜੁੜ ਸਕਦੇ ਹਨ। ਹੁਣ ਵੀ ਫਿਲਮ ਪਦਮਾਵਤੀ ਦੇ ਸਵਾਲ ਉੱਤੇ ਇਹੋ ਵਾਪਰਦਾ ਪਿਆ ਹੈ ਤੇ ਬਹੁਤ ਸਾਰੇ ਲੋਕ ਇਸ ਲਈ ਚੁੱਪ ਹੋਏ ਵੇਖ ਰਹੇ ਹਨ ਕਿ ਚਾਰ ਦਿਨਾਂ ਦਾ ਤਮਾਸ਼ਾ ਹੈ। ਇਹ ਚਾਰ-ਚਾਰ ਦਿਨਾਂ ਦਾ ਤਮਾਸ਼ਾ ਇਸ ਦੇਸ਼ ਦੇ ਜੜ੍ਹੀਂ ਤੇਲ ਦੇਈ ਜਾਂਦਾ ਹੈ। ਲੋਕ ਇਹ ਸਮਝਣ ਤੋਂ ਅਸਮਰਥ ਹਨ ਕਿ ਇਹ ਤਮਾਸ਼ੇ ਕਦੋਂ ਕੁ ਤੱਕ ਚੱਲਦੇ ਰਹਿਣਗੇ ਤੇ ਜੇ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਫਿਰ ਗੰਗਾ-ਜਮਨੀ ਸੱਭਿਅਤਾ ਉੱਤੇ ਮਾਣ ਕਰਨ ਵਾਲੇ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ!

12 Nov 2017