ਬਾਬੇ ਨਾਨਕ ਦਾ ਸਨੇਹਾ: ''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'' - ਸੁੱਖਵੰਤ ਬਾਸੀ, ਫਰਾਂਸ

ਯੂਰੋਪ ਵਿੱਚ ਰਹਿੰਦਾ ਦੋਸਤ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਇੰਡੀਆ ਤੋਂ ਲੈ ਕੇ ਆਇਆ ਸੀ।

ਕਈ ਵਾਰ ਦੋਸਤ ਨੇ ਫੋਨ ਕਰਕੇ ਕਿਹਾ: '' ਸਾਨੂੰ ਆ ਕੇ ਮਿਲ ਜਾਓ।''

ਪੰਜ - ਛੇ ਮਹੀਨੇ ਬੀਤ ਗਏ, ਫਿਰ ਅਸੀਂ ਸੋਚਿਆ ਮਿਲ ਆਈਏ।
ਜਾ ਕੇ ਪਤਾ ਲੱਗਿਆ ਕੇ ਪਤਨੀ ਮਾਂ ਬਣਨ ਵਾਲੀ ਸੀ।

ਸਾਡੇ ਉੱਥੇ ਹੂੰਦੇ ਹੀ ਡਾਕਟਰ ਦੇ ਚੈਕ-ਅਪ ਲਈ ਜਾਣਾ ਸੀ।

ਅਸੀਂ ਸਾਰੇ ਗਏ, ਚੈਕ-ਅਪ ਹੋਇਆ, ਦੋਸਤ ਪਾਉੜੀਆਂ ਉਤਰਦੇ-ਉਤਰਦੇ ਬੋਲਿਆ: ''ਤੁਹਾਡੇ ਨਾਲ ਰਲ ਗਏ!''

ਸੁਣਕੇ ਝਟਕਾ ਲੱਗਾ ਕਿ ਤਿੰਨ ਬੇਟੀਆਂ ਦਾ ਜਨਮ ਇੱਕੋ ਵੇਲੇ ਹੋਣ ਵਾਲਾ ?

ਪੁਛੱਣ ਤੇ ਦੱਸਿਆ ਕਿ ਬੇਟੀ ਹੋਣ ਵਾਲੀ ਹੈ।

ਅਸੀਂ ਕਿਹਾ: ''ਸਾਡੇ ਤਾਂ ਤਿੰਨ ਬੇਟੀਆਂ, ਤੁਹਾਡੀ ਪਹਿਲੀ ਔਲਾਦ ਹੈ, ਫਿਰ ਸਾਡੇ ਨਾਲ ਕਿਵੇਂ ਰਲ ਗਏ ?''

ਗੱਡੀ ਵਿੱਚ ਬੈਠਦਿਆਂ ਹੀ ਦੋਸਤ ਕਹਿਣ ਲੱਗਾ: ''ਮੈਂ ਤਾਂ ਇੰਡੀਆ ਹੀ ਛੱਡ ਆਉਣਾ!''

ਉਸ ਵਕਤ ਅਸੀਂ ਸੋਚਿਆ, ਐਵੇਂ ਹੀ ਕਹਿ ਰਿਹਾ।

ਬੇਟੀ ਦਾ ਸੁਣਕੇ ਐਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਕਿ ਪਰੇਸ਼ਾਨੀ ਦੀ ਹਾਲਤ ਵਿੱਚ ਲਾਲ ਬੱਤੀ ਦਾ ਖਿਆਲ ਨਹੀਂ ਰੱਖਿਆ ਤੇ ਐਕਸੀਡੈਂਟ ਕਰ ਲਿਆ।

ਅਸੀਂ ਸਾਵਧਾਨ ਵੀ ਕੀਤਾ, ਪਰ ਗੱਡੀ ਦੀ ਤੇਜ ਰਫਤਾਰ ਸੀ, ਇਸ ਕਰਕੇ ਰੁੱਕ ਨਹੀਂ ਹੋਇਆ।

ਚੌਰਸਤਾ ਹੋਣ ਕਰਕੇ ਦੋਨੇ ਪਾਸੇ ਦੀਆਂ ਗੱਡੀਆਂ ਗੱਡੀ ਵਿੱਚ ਆ ਲੱਗੀਆਂ।

ਸਭ ਦੀਆਂ ਗੱਡੀਆਂ ਦਾ ਨੁਕਸਾਨ ਹੋਇਆ, ਪਰ ਸਾਰਿਆਂ ਦਾ ਬਚਾਅ ਹੋ ਗਿਆ ਕਿਉਂਕਿ ਸਾਡੀ ਲਾਲ, ਤੇ ਉਨ੍ਹਾਂ ਦੀ ਹਰੀ ਬੱਤੀ ਹੋਣ ਕਰਕੇ, ਦੂਜੀਆਂ ਗੱਡੀਆਂ ਹਾਲੇ ਚੱਲੀਆਂ ਹੀ ਸਨ।

ਆਪਣੇ ਨਾਲ-ਨਾਲ ਦੂਜਿਆਂ ਦਾ ਵੀ ਨੁਕਸਾਨ ਕੀਤਾ! ਜੇ ਉਨ੍ਹਾਂ ਨੂੰ ਵਜ੍ਹਾਹ ਦਾ ਪਤਾ ਲੱਗਦਾ૴?

ਫਿਰ ਪੁਲੀਸ ਸਟੇਸ਼ਨ ਜਾਣਾ ਪਿਆ, ਉੱਥੇ ਪੁੱਛਗਿਛ ਹੋਈ।

ਉਸ ਤੋਂ ਬਾਅਦ, ਕਿਸੇ ਜਾਣਕਾਰ ਨੂੰ ਫੋਨ ਕੀਤਾ, ਉਸ ਨੇ ਦੋਸਤ ਦੇ ਘਰ ਛੱਡਿਆ।

ਦੂਸਰੇ ਦਿਨ ਅਸੀਂ ਵਾਪਸ ਆਪਣੇ ਘਰ ਆ ਜਾਣਾ ਸੀ, ਪਰ ਦਿਲ ਤਾਂ ਕਰਦਾ ਸੀ, ਹੁਣੇ ਹੀ ਏਥੋਂ ਚਲੇ ਜਾਈਏ!

ਸਫਰ ਵਿੱਚ ਇਹੀ ਸੋਚਕੇ ਬੁਰਾ ਲੱਗ ਰਿਹਾ ਸੀ ਕਿ ਚੈਕ-ਅਪ ਸਾਡੇ ਹੁੰਦੇ ਕਿਉਂ ਹੋ ਗਿਆ!

*     *
*

ਫਿਰ ਜਦੋਂ ਬੇਟੀ ਦਾ ਜਨਮ ਹੋਇਆ ਤਾਂ ਰਾਤ ਦੇ ਇੱਕ ਵਜੇ, ਸ਼ਰਾਬ ਪੀ ਕੇ, ਰੋ-ਰੋ ਕੇ ਫੋਨ ਕੀਤਾ ਕਿ ਬੇਟੀ ਹੋ ਗਈ।

ਵਥੇਰਾ ਕਿਹਾ, ''ਸਾਡੇ ਵੱਲ ਦੇਖੋ!'' ਪਰ ਉਨ੍ਹਾਂ ਨੂੰ ਤਾਂ ਇੱਕ ਹੀ ਤਿੰਨ ਦੇ ਬਰਾਬਰ ਲੱਗ ਰਹੀ ਸੀ!

ਉਸਨੇ ਜਰਾ ਵੀ ਨਾ ਸੋਚਿਆ, ਕਿ ਸਾਨੂੰ ਕਿਵੇਂ ਮਹਿਸੂਸ ਹੋ ਰਿਹਾ?

*     *
*
ਡੇਢ ਕੁ ਸਾਲ ਬੀਤਿਆ ਤਾਂ ਫੋਨ ਆਇਆ, ਕਹਿੰਦੇ ''ਵਧਾਈਆਂ!''

ਮੈਂ ਹੈਰਾਨ ਹੋ ਕੇ ਪੁੱਛਿਆ : ''ਕਿਸ ਗੱਲ ਦੀਆਂ ਵਧਾਈਆਂ?''

ਕਹਿੰਦੇ: ''ਮੁੰਡਾ ਹੋਇਆ!''

ਮੈਂ ਪੁੱਛਿਆ: ''ਬੇਟੀ ਦਾ ਕੀ ਹਾਲ ਹੈ?''

ਕਹਿੰਦੇ: ''ਉਹ ਤਾਂ ਉਦੋਂ ਹੀ ਇੰਡੀਆ ਛੱਡ ਆਏ ਸੀ।''

ਅਸੀਂ ਤਾਂ ਮੁੜ ਕਦੇ ਉਨ੍ਹਾਂ ਦੀ ਦਹਿਲੀਜ਼ ਵੀ ਨਹੀਂ ਟੱਪੀ, ਪਰ ਕੁਛ ਸਾਲ ਬਾਅਦ, ਬਿਨਾ ਦੱਸੇ ਉਹ ਸਾਡੇ ਕੋਲ ਆਏ।

ਉਨ੍ਹਾਂ ਨਾਲ ਦੋ ਬੱਚੇ ਸੀ : ਇੱਕ ਬੇਟਾ, ਬੇਟੇ ਤੋਂ ਛੋਟੀ ਬੇਟੀ, ਮਤਲਬ ਵੱਡੀ ਬੇਟੀ ਇੰਡੀਆ ਹੀ ਸੀ!

ਜੇ ਕਿਸੇ ਮਜਬੂਰੀ ਕਰਕੇ ਛੱਡਣਾ ਵੀ ਪੈ ਜਾਵੇ, ਫਿਰ ਵੀ ਆਪਣੀ ਔਲਾਦ ਨੂੰ ਦੂਰ ਨਹੀਂ ਕਰ ਹੁੰਦਾ!

ਸਿਰਫ ਬੇਟੀ ਹੋਣ ਕਰਕੇ ਆਪਣੇ ਤੋਂ ਦੂਰ ਕਰ ਦੇਣਾ, ਅੱਜ ਵੀ ਸੋਚਕੇ ਕਲੇਜਾ ਫੱਟਦਾ!

*     *
*
ਕਾਫੀ ਦੇਰ ਬਾਅਦ ਇੱਕ ਮੈਗਜ਼ੀਨ ਵਿੱਚ ਉਨ੍ਹਾਂ ਪਤੀ-ਪਤਨੀ ਦੀ ਤਸਵੀਰ ਦੇਖੀ ਜੋ ਕਿ ਸਤਿਕਾਰ ਯੋਗ ਬੀਬੀਆਂ ਦੇ ਢਾਡੀ ਜੱਥੇ ਨਾਲ ਸੀ।

ਥੱਲੇ ਲਿਖਿਆ ਹੋਇਆ ਸੀ ਕਿ ਸਰਦਾਰ ਤੇ ਸਰਦਾਰਨੀ ਨੇ ਬੀਬੀਆਂ ਦੇ ਢਾਡੀ ਜੱਥੇ ਨੂੰ ਘਰ ਬੁਲਾ ਕੇ ਚਾਹ ਪਾਣੀ ਦੀ ਸੇਵਾ ਕੀਤੀ ਤੇ ਸੋਨੇ ਦਾ ਬਿਸਕੁਟ ਦੇ ਕੇ ਸਨਮਾਨਿਤ ਕੀਤਾ।

ਦੇਖ ਪੜ ਕੇ ਬੜੀ ਹੈਰਾਨੀ ਹੋਈ!

ਉਹ ਸਤਿਕਾਰ ਯੋਗ ਬੀਬੀਆਂ ਵੀ ਕਿਸੇ ਦੀਆਂ ਧੀਆਂ ਹੀ ਸਨ, ਜਿਨਾਂ ਨੂੰ ਦਿੱਤਾ ਮਾਣ ਸਤਿਕਾਰ! ਫਿਰ ਆਪਣੀ ਧੀ ਨੂੰ ਕਿਉਂ ਨਹੀਂ ਦਿੱਤਾ ਪਿਆਰ, ਜਿਸਦੀ ਸੀ ਉਹ ਹੱਕਦਾਰ?

ਦਿਮਾਗ ਵਿੱਚ ਕਈ ਸਵਾਲ ਉੱਠਦੇ:

ਜੇ ਸਤਿਕਾਰ ਯੋਗ ਬੀਬੀਆਂ ਨੂੰ ਪਤਾ ਲੱਗਦਾ?
ਜੇ ਉਸ ਬੇਟੀ ਨੂੰ ਪਤਾ ਲੱਗੇ?
ਜੇ ਇੰਡੀਆ ਵਿੱਚ ਹੁੰਦੇ?
ਜੇ ਦੂਜੀ ਵਾਰ ਵੀ ਬੇਟੀ ਹੁੰਦੀ?
ਜੇ ਸੱਚੀਂ ਸਾਡੇ ਨਾਲ ਰਲ ਜਾਂਦੇ, ਫਿਰ ਕੀ...?

ਪਹਿਲਾ ਬੱਚਾ, ਪੁੱਤ ਹੋਵੇ ਜਾਂ ਧੀ,
ਸ਼ੁਕਰ ਕਰੋ, ਮੇਹਰ ਹੋਈ ਉਸ ਦਾਤੇ ਦੀ,
ਝੋਲੀ ਖੈਰ ਪਾਈ ਜਿਸ ਮਾਪੇ ਦੀ!


ਸੁੱਖਵੰਤ ਬਾਸੀ, ਫਰਾਂਸ

05 Jan. 2019