ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਹੀਰ ਦੇ ਨਾਲ ਸੀ ਰੌਣਕ ਸਾਰੀ,
ਵਰਨਾ ਚੂਚਕ ਦੇ ਖਾਲੀ ਚੁਬਾਰੇ ਕੌਣ ਵਿਹੰਦਾ ਏ

ਖ਼ਬਰ ਹੈ ਕਿ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਪੰਚਾਇਤ ਚੋਣਾਂ 'ਚ ਆਪਣੀ ਵੋਟ ਦੀ ਵਰਤੋਂ ਕੀਤੀ। ਉਹਨਾ ਕਿਹਾ ਕਿ ਪੰਚਾਇਤ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਹਨ, ਉਹ ਫਰੀ ਫੰਡ ਫੇਅਰ ਦੇ ਤੌਰ ਤੇ ਹੋਣੀਆਂ ਚਾਹੀਦੀਆਂ ਹਨ। ਉਹਨਾ ਕਿਹਾ ਕਿ ਪੰਜਾਬ 'ਚ ਪੰਚਾਇਤ ਚੋਣਾਂ ਦਾ ਹਾਲ ਯੂ.ਪੀ., ਬਿਹਾਰ ਵਰਗਾ ਹੋ ਗਿਆ ਹੈ,ਕਿਉਂਕਿ ਜਿਸਨੂੰ ਮਰਜੀ ਸਰਪੰਚ ਅਤੇ ਜਿਸਨੂੰ ਮਰਜ਼ੀ ਚੇਅਰਮੈਨ ਬਣਾ ਦਿਓ।
ਜਾਪਦੈ ਪੰਜ ਵੇਰ ਮੁੱਖਮੰਤਰੀ ਬਣੇ ਪੰਜਾਬ ਦੇ ਸੀਨੀਅਰ ਬਾਦਲ ''ਪੰਚਾਇਤਾਂ ਨੂੰ ਦਿੱਤੀ ਆਪਣੀ ਵਿਰਾਸਤ'' ਭੁੱਲ ਗਏ ਆ, ਆਪਣੀ ਉਮਰ ਦੀ ਯਾਦਦਾਸ਼ਤ ਦੇ ਨਾਲ-ਨਾਲ! ਜਾਣਦੇ ਆ ਬਾਦਲ ਕਿ ਪੰਚਾਇਤਾਂ ਦੀ ਪਿੰਡਾਂ 'ਚ ਹੋਂਦ ਹੀ ਕੋਈ ਨਹੀਂ, ਉਥੇ ਤਾਂ ਨੌਕਰਸ਼ਾਹੀ ਰਾਜ ਕਰਦੀ ਆ। ਜਾਣਦੇ ਆ ਬਾਦਲ ਕਿ ਪੰਚੈਤਾਂ ਪੱਲੇ ਨਾ ਪੈਸਾ ਆ, ਨਾ ਧੇਲਾ। ਜਾਣਦੇ ਆ ਬਾਦਲ ਕਿ ਪੰਚਾਇਤਾਂ ਨੂੰ ਦਿੱਤੀ ਖੁਦਮੁਖਤਿਆਰੀ ਤਾਂ ਕਾਗਜੀ ਆ। ਜਾਣਦੇ ਆ ਬਾਦਲ ਕਿ ਜੋ ਪਿਰਤ ਉਹਨਾ ਪਾਈ ਆ, ਉਹਨਾ ਦੇ ਸ਼ਰੀਕੇ-ਭਾਈਚਾਰੇ ਵਾਲੇ ਕਾਂਗਰਸੀਆਂ ਵੀ ਉਹੋ ਜਿਹੀ ਹੀ ਪਾਉਣੀ ਆ। ਜੀਹਨੂੰ ਮਰਜ਼ੀ ਸਰਪੰਚ ਬਣਾ ਦਿਉ, ਜੀਹਨੂੰ ਮਰਜ਼ੀ ਚੇਅਰਮੈਨ ਅਤੇ ਜੀਹਨੂੰ ਮਰਜ਼ੀ ਮੰਤਰੀ ਤੇ ਜੀਹਨੂੰ ਮਰਜ਼ੀ ਸਤੰਰੀ! ਉਂਜ ਵੀ ਸੂਬੇ ਦੀ ਸਿਆਸਤ ਜਦੋਂ ਬਾਦਲਾਂ ਹੱਥੋਂ ਖਿਸਕੀ ਤਾਂ ਰਤਾ ਮਾਸਾ ਆਸ ਹੋਊ ਕਿ ਚਲੋ  ਇਸ ਵੇਰ ਚਾਰ ਸਰਪੰਚ ਅਕਾਲੀਆਂ ਦੇ ਬਣ ਜਾਣਗੇ, ਕਹਿਣ ਨੂੰ ਗੱਲ ਹੋ ਜਾਊ ਭਾਈ ਸਾਡਾ ਰੁਤਬਾ ਪਿੰਡਾਂ 'ਚ ਜੀਊਂਦਾ ਆ, ਪਰ ਜਾਪਦਾ ਸਭ ਕੁਝ ਉਜੜ ਗਿਆ। ਸਿਆਸਤ ਵੀ, ਰਿਆਸਤ ਵੀ। ਹੁਣ ਤਾਂ ਵੱਡੇ ਬਾਬਾ ਜੀ ਪਿੰਡ ਬਾਦਲ ਬੈਠੇ, ਕਿਧਰੇ ''ਟਕਸਾਲੀਆਂ'' ਨੂੰ ਉਡੀਕਦੇ ਆ, ਅਤੇ ਕਿਧਰੇ ਭਰਾ-ਭਤੀਜਿਆਂ ਨੂੰ। ਪਰ ਕੋਈ ਬਹੁੜਦਾ ਹੀ ਨਹੀਂ। ਨਾ ਸਰਪੰਚ, ਨਾ ਕੋਈ ਖੜਪੈਂਚ ਅਤੇ  ਨਾ ਹੀ ਕੋਈ ਆਹ ਆਪਣਾ ਪੁਰਾਣਾ, ਕੋਈ ਸੂਬੇਦਾਰ, ਸਾਰੇ ਮੂੰਹ ਮੋੜੀ ਜਾਂਦੇ ਆ। ਤਦੇ ਤਾਂ ਕਵੀ ਲਿਖਦਾ ਆ, ''ਹੀਰ ਦੇ ਨਾਲ ਸੀ ਰੌਣਕ ਸਾਰੀ,ਵਰਨਾ ਚੂਚਕ ਦੇ ਖਾਲੀ ਚੁਬਾਰੇ ਕੌਣ ਵਿਹੰਦਾ ਏ''।


ਮਾਹੀ ਮੇਰੇ ਦੀ ਇੱਕੋ ਨਿਸ਼ਾਨੀ,
ਕੰਨ ਵਿੱਚ ਮੁੰਦਰਾਂ, ਗਲ ਵਿੱਚ ਗਾਨੀ

ਅੰਦਰਲੀ ਖ਼ਬਰ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਨੂੰ ਕਿਹਾ ਹੈ ਕਿ ਜੇਕਰ ਉਹਨਾ ਦੇ ਨਾਮ ਉਤੇ ਸਹਿਮਤੀ ਨਾ ਬਣੀ ਤਾਂ ਤੁਸੀਂ ਤੀਜੀ ਵਾਰ ਪ੍ਰਧਾਨ ਮੰਤਰੀ ਬਨਣ ਲਈ ਤਿਆਰ ਹੋ ਜਾਓ। ਬਸ ਫਿਰ ਕੀ ਸੀ ਮਨਮੋਹਨ ਦੀ ਸਮਝ 'ਚ ਇਹ ਗੱਲ ਆ ਗਈ ਤੇ ਉਹ ਹੁਣ ਬੋਲਣ ਵੀ ਲੱਗੇ ਹਨ। ਹਾਲਾਂਕਿ ਮੱਧ ਪ੍ਰਦੇਸ਼ ਦੀਆਂ ਚੋਣ ਰੈਲੀਆਂ 'ਚ ਰਾਹੁਲ ਨੇ ਮਨਮੋਹਨ ਸਿੰਘ ਨੂੰ ਸੰਬੋਧਨ ਕਰਨ ਲਈ ਸੱਦਿਆ ਸੀ, ਪਰ ਉਹਨਾ ਸਿਹਤ ਠੀਕ ਨਾ ਹੋਣ ਦਾ ਬਹਾਨਾ ਲਾਕੇ ਰੈਲੀਆਂ 'ਚ ਜਾਣ ਤੋਂ ਨਾਂਹ ਕਰ ਦਿੱਤੀ ਸੀ। ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਯੂਪੀ ਦੇ ਅਖਿਲੇਸ਼ ਯਾਦਵ ਵਲੋਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਾ ਮੰਨਣ ਦੇ ਐਲਾਨ ਤੋਂ ਬਾਅਦ ਇਹ ਗੱਲ ਚਰਚਾ 'ਚ ਹੈ।
ਸਰਦਾਰ ਮਨਮੋਹਨ ਸਿੰਘ ਤਾਂ ਭਾਜਪਾ ਦੇ ਕਹਿਣ ਅਨੁਸਾਰ ''ਐਕਸੀਡੈਂਟਲ ਪ੍ਰਧਾਨ ਮੰਤਰੀ'' ਸੀ। ਇੱਕ ਇਹੋ ਜਿਹਾ ਪੁਰਜਾ ਜਿਹੜਾ ਕਾਂਗਰਸ ਦੀ ਸੋਨੀਆ ਨੇ ਇਹੋ ਜਿਹੇ ਥਾਂ ਫਿੱਟ ਕੀਤਾ, ਜੀਹਦੇ ਆਸਰੇ ਕਾਂਗਰਸੀਆਂ ਦਾ ਕਾਰੋਬਾਰ ਵਧਿਆ। ਉਹ ਜਾਣਦੀ ਸੀ ''ਮਨਮੋਹਨ ਸਿੰਹੁ'' ਹੋਮਿਊਪੈਥੀ ਵਾਲੀ ਮਿੱਠੀ ਗੋਲੀ ਹੈ, ਜੀਹਦਾ ਜੇਕਰ ਫਾਇਦਾ ਕੋਈ ਨਹੀਂ ਤਾਂ ਨੁਕਸਾਨ ਵੀ ਕੋਈ ਨਹੀਂ। ਤਦੇ ਉਹਨੂੰ 10 ਸਾਲ ਕੁਰਸੀ ਤੇ ਚਿਪਕਾਈ ਰੱਖਿਆ। ਵੇਖੋ ਨਾ ਜੀ, ਮਨਮੋਹਨ ਸਿਹੁੰ ਨੇ ਲੋਕਾਂ ਦੀ ਕਚਿਹਰੀ ਜਾਕੇ ਨਾ ਲੋਕ ਸਭਾ ਦੀ ਕੋਈ ਚੋਣ ਲੜੀ ਨਾ ਲੋਕਾਂ ਦੀਆਂ ਖਰੀਆਂ ਖੋਟੀਆਂ ਸੁਣੀਆਂ। ਪਰ ਇਹ ਦਸ ਸਾਲ ਉਸ ਬੀਬੀ ਸੋਨੀਆ ਦੀ ਖਿਦਮਤ 'ਚ ਇਵੇਂ ਗੁਜਾਰ ਦਿੱਤੇ, ਜਿਵੇਂ ਕਿਸੇ ਜੋਗੀ ਦੀ ਬੰਸਰੀ 'ਚ ਉਹਦੇ ਗੀਤ ਗੁਆਚੇ ਰਹਿੰਦੇ ਹਨ। ਉਹਦੇ ਰਾਜ 'ਚ ਭ੍ਰਿਸ਼ਟਾਚਾਰ ਵਧਿਆ, ਉਹਨੂੰ ਕੀ। ਉਹਦੇ ਰਾਜ 'ਚ ਕੁਸ਼ਾਸ਼ਨ ਵਧਿਆ, ਉਹਨੂੰ ਕੀ।ਉਹਦੇ ਰਾਜ 'ਚ ਮਹਿੰਗਾਈ ਵਧੀ, ਉਹਨੂੰ ਕੀ।
ਹੁਣ ਭਾਈ ਜੇਕਰ ਕਾਂਗਰਸ ਵਾਲੇ ਉਹਦੇ ਗਲ, ਫਿਰ ਪ੍ਰਧਾਨ ਮੰਤਰੀ ਦਾ ਗੁਲਾਮਾਂ ਪਾਉਣਾ ਚਾਹੁੰਦੇ ਆ ਤਾਂ ਉਹਨੂੰ ਭਲਾ ਕੀ ਇਤਰਾਜ? ਤੇ ਕਾਂਗਰਸ ਵਾਲੇ ਜਾਣਦੇ ਆ, ਮੋਨ ਬਾਬਾ ਉਰਫ ਮੋਨੀ ਬਾਬਾ ਦੀ ਇਕੋ ਨਿਸ਼ਾਨੀ ਆ, ਜਿਹੜੀ ਉਹਨਾ ਨੂੰ ਫਿੱਟ ਬੈਠਦੀ ਆ, ਤਦੇ ਰਾਹੁਲ ਗਾਂਧੀ ਵੀ ਬਾਬੇ ਜੋਗੀ ਉਤੇ ਮੋਹਿਤ ਹੋਇਆ, ਬਸ ਇਕੋ ਮੰਤਰ ਪੜ੍ਹਨ ਵੱਲ ਤੁਰ ਪਿਆ ਆ, ''ਮਾਹੀ ਮੇਰੇ ਦੀ ਇਕੋ ਨਿਸ਼ਾਨੀ, ਕੰਨ ਵਿੱਚ ਮੁੰਦਰਾਂ, ਗਲ ਵਿੱਚ ਗਾਨੀ'' ਤੇ ਇਹੋ ਗੱਲ ਕਾਂਗਰਸ ਵਾਲਿਆਂ ਲਈ ਫਿੱਟ ਬੈਠਦੀ ਆ ਭਾਈ।


ਚੁਲ੍ਹਾ ਠੰਢਾ ਹੈ ਤਾਂ ਬਾਲਣ ਦੀ ਤਲਾਸ਼ ਕਰ

ਖ਼ਬਰ ਹੈ ਕਿ ਦੇਸ਼ ਦੇ ਕਿਸਾਨਾਂ ਦੀ ਹਾਲਤ 'ਤੇ ਖੂਬ ਗੱਲਾਂ ਹੁੰਦੀਆਂ ਹਨ, ਪਰ ਜ਼ਮੀਨੀ ਤੌਰ ਤੇ ਉਹਨਾ ਦੇ ਹਾਲਾਤ ਸੁਧਰਦੇ ਦਿਖਾਈ ਨਹੀਂ ਦੇ ਰਹੇ। ਤਾਜ਼ਾ ਮਾਮਲਾ ਗੁਜਰਾਤ ਦਾ ਹੈ, ਜਿਥੇ ਪਿਆਜ਼ ਅਤੇ ਲਸਣ ਲਾਉਣ ਵਾਲੇ ਕਿਸਾਨਾਂ ਨੂੰ ਉਹਨਾ ਦੀ ਮਿਹਨਤ ਅਤੇ ਲਾਗਤ ਦਾ ਪੈਸਾ ਹੀ ਨਹੀਂ ਮਿਲ ਰਿਹਾ। 'ਦਿ ਹਿੰਦੂ' ਦੀ ਇੱਕ ਖ਼ਬਰ ਅਨੁਸਾਰ ਗੁਜਰਾਤ ਦੇ ਰਾਜਕੋਟ ਜ਼ਿਲੇ ਦੇ ਰਹਿਣ ਵਾਲੇ ਇੱਕ ਕਿਸਾਨ ਧਰਮੇਂਦਰ ਨਰਸੀ ਪਟੇਲ ਦੀ ਕ੍ਰਿਸਮਿਸ ਦੇ ਦਿਨ 36 ਕੁਵਿੰਟਲ ਪਿਆਜ਼ ਦੀ ਫ਼ਸਲ ਗੋਂਡਲ ਸਥਿਤ ਐਗਰੀ ਪ੍ਰੋਡਿਊਸ ਮਾਰਕਿਟਿੰਗ ਕਮੇਟੀ 'ਚ ਸਿਰਫ 1974 ਰੁਪਏ 'ਚ ਵਿਕੀ।
ਕਿਸਾਨਾਂ ਦੇ ਸੂਬੇ ਗੁਜਰਾਤ ਦਾ ਹੀ ਹੈ ਨਰੇਂਦਰ ਮੋਦੀ। ਜਿਹੜੀ ਫ਼ਸਲ ਬੀਜਦਾ ਹੈ, ਉਹਨੂੰ ਬੂਰ ਪਈ ਜਾਂਦਾ ਰਿਹਾ। ਉਹਨੇ ਨਫ਼ਰਤ ਦੀ ਫ਼ਸਲ ਬੀਜੀ। ਨਫ਼ਰਤ ਫਲੀ ਫੁੱਲੀ। ਉਹਨੇ ਝੂਠ ਦੀ ਫ਼ਸਲ ਬੀਜੀ, ਝੂਠ ਵਧਿਆ ਫੁਲਿਆ। ਉਹਨੇ ਰੌਲਾ ਰੱਪਾ ਪਾਉਣ ਦੀ ਫ਼ਸਲ ਬੀਜੀ, ਖੱਪਖਾਨਾ, ਰੌਲਾ-ਰੱਪਾ ਵਧਿਆ ਫੁਲਿਆ। ਪਤਾ ਨਹੀਂ ਕੀ ਕਰਾਮਾਤ ਹੈ ਉਹਦੇ 'ਚ, ਜਦੋਂ ਉਹ ਆਖਦਾ ਹੈ, ''ਭਾਈਓ ਔਰ ਬਹਿਨੋ'' ਤਾਂ ਲੋਕ ਆਖਦੇ ਹਨ ''ਹਾਂਜੀ''। ਜਦੋਂ ਉਹ ਆਖਦਾ ਹੈ, ''ਮੈਨੇ ਦੇਸ਼ ਦੀ ਕਾਇਆ ਕਲਪ ਕਰ ਦੀ, ਕਾਂਗਰਸ ਕੋ ਦੇਸ਼ ਸੇ ਭਗਾ ਦੀਆ, ਦੇਸ਼ 'ਚ ਗਰੀਬੀ ਖਤਮ ਕਰ ਦੀ, ਭ੍ਰਿਸ਼ਟਾਚਾਰ ਖਤਮ ਕਰ ਦੀਆ'' ਤਾਂ ਲੋਕ ਆਖਦੇ ਹਨ, ''ਠੀਕ ਫੁਰਮਾਇਆ ਮੋਦੀ ਜੀ'' ਪਰ ਜਦੋਂ ਉਹ ਆਖਦਾ ਹੈ, ''ਮੈਂ ਕਿਸਾਨੋ ਕੀ ਆਮਦਨ ਦੁਗਣੀ ਕਰ ਦੂੰਗਾ 2022 ਤੱਕ'' ਤਾਂ ਕਿਸਾਨ ਆਖਦੇ ਹਨ, ''ਮੋਦੀ ਜੀ, ਬੁਖਲਾ ਗਏ ਹੈਂ'' ਕਿਉਂਕਿ ਉਹ ਸਮਝਦੇ ਹਨ ਕਿ ਮੋਦੀ ਉਪਰਲਿਆਂ ਦਾ ਹੈ, ਹੇਠਲਿਆਂ ਦਾ ਨਹੀਂ ਹੈ। ਮੋਦੀ ਜ਼ਮੀਨ ਤੇ ਹਲ ਨਹੀਂ ਵਾਹੁੰਦਾ, ਝੂਠ ਦੇ ਅਸਮਾਨ ਤੇ ਟਾਕੀਆ ਲਾਉਂਦਾ ਹੈ। ਆਲੂਆਂ, ਟਮਾਟਰਾਂ ਨੂੰ ਸੜਕਾਂ ਤੇ ਸੁਟਵਾਉਂਦਾ ਹੈ। ਕਿਸਾਨਾਂ 'ਤੇ ਗੋਲੀਆਂ ਦੇ ਛਰੇ ਵਰਾਉਂਦਾ ਹੈ, ਇੱਕ ਪਾਈ ਮਦਦ ਦੇਕੇ ਉਹਨਾ ਦੀ ਜੇਬੋਂ ਟਕਾ, ਆਨਾ ਕਢਵਾਉਂਦਾ ਹੈ। ਤਦੇ ਤਾਂ ਕਵੀ ਕਿਸਾਨਾਂ ਨੂੰ ਸਲਾਹ ਦਿੰਦਾ ਹੈ, ''ਚੁਲ੍ਹਾ ਠੰਢਾ ਹੈ ਤਾਂ ਬਾਲਣ ਦੀ ਤਲਾਸ਼ ਕਰ''। ਮੋਦੀ ਤੇਰਾ ਕੁਝ ਨਹੀਂ ਜੇ ਸੁਆਰਣਾ।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ

    2018 'ਚ ਦੇਸ਼ ਭਾਰਤ ਦੇ 14 ਸ਼ਹਿਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨੇ ਗਏ।
    ਸਵੱਛ ਭਾਰਤ ਦੇ ਦਾਅਵਿਆਂ ਕਿ ਦੇਸ਼ ਸਾਫ ਸੁਥਰਾ ਹੋ ਰਿਹਾ ਹੈ, ਹਾਲੇ ਵੀ 48 ਪ੍ਰਤੀਸ਼ਤ ਭਾਰਤੀ ਖੁਲ੍ਹੇ ਵਿੱਚ ਪਖਾਨਾ ਜਾਂਦੇ ਹਨ।

ਇੱਕ ਵਿਚਾਰ

ਚੰਗੇ ਕੰਮ ਕਰਨ ਦਾ ਇਨਾਮ ਹੋਰ ਜਿਆਦਾ ਅੱਛੇ ਕੰਮ ਕਰਨ ਦਾ ਮੌਕਾ ਹੁੰਦਾ ਹੈ।.................ਜੋਨਾਸ ਸਾਲਕ

ਗੁਰਮੀਤ ਪਲਾਹੀ
9815802070 

05 Jan. 2019