ਪਾਣੀ ਦੀ ਨਿਕਾਸੀ ਦੇ ਨਿਯਮਾਂ ਦਾ ਮੁਲਾਂਕਣ ਹੋਵੇ

     ਪਾਣੀ ਦੀ ਨਿਕਾਸੀ ਸੰਬੰਧੀ ਮਸਲੇ ਬਹੁਤੀ ਥਾਈਂ ਭਾਈਚਾਰਕ ਏਕਤਾ ਖਦੇੜ ਕੇ ਰੱਖ ਦਿੰਦੇ ਹਨ।ਇਸ ਮਸਲੇ ਸੰਬੰਧੀ ਸਮੇਂ ਦੇ ਹਾਲਾਤਾਂ ਅਤੇ ਭੂਗੋਲਿਕ ਸਥਿਤੀਆਂ ਅਨੁਸਾਰ ਮਾਪਦੰਡ ਅਤੇ ਨਿਯਮ ਬਣੇ ਸਨ ਪਰ ਸਮੇਂ ਦੇ ਹਾਣੀ ਨਹੀ ਬਣ ਸਕੇ।ਇਸਦਾ ਕਾਰਨ ਬਦਲੀਆਂ ਮੌਸਮੀ ਪਰਸਥਿਤੀਆਂ, ਵਾਤਾਵਰਣ ਅਤੇ ਜ਼ਮੀਨ ਦੀ ਸੁਰੱਖਿਆ ਵਗੈਰਾ ਹਨ।ਪਹਿਲੇ ਸਮੇਂ ਘੱਟ ਪਾਣੀ ਅਤੇ ਘੱਟ ਵਸੋਂ ਸੀ ਜਿਸ ਕਰਕੇ ਪਾਣੀ ਦੀ ਨਿਕਾਸੀ ਕੋਈ ਖਾਸ ਮੁੱਦਾ ਵੀ ਨਹੀ ਸੀ।
       ਅਜ਼ਾਦੀ ਤੋ ਬਾਅਦ ਅਤੇ ਮੁਰੱਬਾਬੰਦੀ ਵੇਲੇ ਪਾਣੀ ਦੀ ਨਿਕਾਸੀ ਦਾ ਮਸਲਾ ਸਾਹਮਣੇ ਆਇਆ।ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੀ ਵਸੋਂ ਇਸ ਮਸਲੇ ਨਾਲ ਵੱਧ ਪ੍ਰਭਾਵਿਤ ਹੋਈ।ਪਾਣੀ ਦਾ ਵਹਾਓ ਕੁਦਰਤੀ ਨਿਯਮਾਂ ਤੇ ਨਿਰਭਰ ਹੁੰਦਾ ਹੈ।ਇਸ ਨੂੰ ਪ੍ਰਸ਼ਾਸ਼ਨਿਕ ਨਿਯਮਾਂਵਲੀ ਵੀ ਮਿਲ ਜਾਂਦੀ ਹੈ।ਹਕੀਕੀ ਦੰਦ ਕਥਾਵਾਂ ਅਨੁਸਾਰ ਪਾਣੀ ਆਪਣਾ ਰੁਖ ਆਪ ਹੀ ਅਖਤਿਆਰ ਕਰ ਲੈਂਦਾ ਹੈ।ਜਿਸ ਦੀ ਲਪੇਟ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ।ਸਮੇਂ-ਸਮੇਂ ਤੇ ਹੋਏ ਨਜਾਇਜ਼ ਕਬਜੇ ਵੀ ਪਾਣੀ ਦੀ ਨਿਕਾਸੀ ਦੇ ਮਸਲੇ ਖੜੇ ਕਰਦੇ ਹਨ।ਸਰਕਾਰ ਨੇ ਪੰਜਾਬ ਵਿਲੇਜ਼ ਕਾਮਨ ਲੈਂਡਜ਼ ਐਕਟ 1961 ਅਤੇ ਪੰਜਾਬ ਪੰਚਾਇਤੀ ਰਾਜ 1994 ਦੀ ਰਚਨਾ ਕਰਕੇ ਇਹਨਾਂ ਦੇ ਨਬੇੜੇ ਪੰਚਾਇਤ ਪੱਧਰ ਤੇ ਕਰਨ ਦੇ ਯਤਨ ਕੀਤੇ ਹਨ।ਫਿਰ ਵੀ ਪਾਣੀ ਦੀ ਨਿਕਾਸੀ ਸੰਬੰਧੀ ਮਸਲੇ ਖੜੇ ਹੀ ਰਹਿੰਦੇ ਹਨ।
       ਪਹਿਲੇ ਸਮੇਂ ਵਿੱਚ ਲਾਠੀ ਦੇ ਜ਼ੋਰ ਨਾਲ ਆਪਣੇ ਪਾਣੀ ਦੀ ਨਿਕਾਸੀ ਵੀ ਕਰ ਲਈ ਜਾਂਦੀ ਸੀ।ਇਸ ਸੰਬੰਧੀ ਸਰਕਾਰ ਵੱਲੋਂ ਕਾਨੂੰਨ ਕਾਇਦੇ ਸਥਾਪਿਤ ਕੀਤੇ ਗਏ।ਪੁਲੀਆਂ ਦੀ ਉਸਾਰੀ, ਨਜਾਇਜ਼ ਕਬਜੇ ਦੂਰ ਕਰਾਉਣੇ ਅਤੇ ਟੋਭਿਆਂ ਦਾ ਨਿਰਮਾਣ ਸਰਕਾਰੀ ਉਪਰਾਲਿਆਂ ਦਾ ਹਿੱਸਾ ਹੈ।ਪਾਣੀ ਦੀ ਨਿਕਾਸੀ ਦਾ ਮਸਲਾ ਘਰ ਤੋਂ ਘਰ, ਮੁਹੱਲੇ ਤੋਂ ਮੁਹੱਲਾ ਅਤੇ ਪਿੰਡਾਂ ਤੋਂ ਪਿੰਡਾਂ ਵਿਚਕਾਰ ਜ਼ਾਹਰ ਹੁੰਦਾ ਰਹਿੰਦਾ ਹੈ।ਇਸ ਲਈ ਸਰਕਾਰ ਵੱਲੋਂ ਗੰਦੇ ਪਾਣੀ ਦੇ ਨਿਕਾਸ ਲਈ ਗਰਾਟਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ।ਕੇਂਦਰ ਸਰਕਾਰ ਵੱਲੋਂ ਵਿੱਤ ਕਮਿਸ਼ਨ ਅਧੀਨ ਵੱਡਾ ਰੋਲ ਇਸ ਮੁੱਦੇ ਤੇ ਨਿਭਾਇਆ ਜਾਂਦਾ ਹੈ।ਪਾਣੀ ਦੀ ਨਿਕਾਸੀ ਆਮ ਤੌਰ ਤੇ ਕਾਨੂੰਨੀ ਘੇਰਿਆਂ ਵਿੱਚ ਰਹਿੰਦੀ ਹੈ।ਜਿਮੀਂਦਾਰਾਂ ਦਾ ਵੱਟ-ਬੰਨੇ ਦਾ ਰੋਲਾ ਵੀ ਬਹੁਤੀ ਵਾਰ ਪਾਣੀ ਦੀ ਨਿਕਾਸੀ ਸੰਬੰਧੀ ਖੜਾ ਹੁੰਦਾ ਸੀ।
     ਖੇਤਾਂ ਦੇ ਪਾਣੀ ਅਤੇ ਘਰਾਂ ਦੇ ਪਾਣੀ ਦੀ ਨਿਕਾਸੀ ਸੰਬੰਧੀ ਝੰਜਟ ਮਾੜੀ ਸੋਚ ਤੇ ਵੀ ਨਿਰਭਰ ਕਰਦੇ ਹਨ।ਸਾਧਨਾਂ, ਯੋਜਨਾਬੰਦੀ ਅਤੇ ਤਕਨੀਕੀ ਘਾਟ ਕਾਰਨ ਵੀ ਪਾਣੀ ਦੀ ਨਿਕਾਸੀ ਸੁਰਖੀਆਂ ਵਿੱਚ ਰਹਿੰਦੀ ਹੈ।ਡੰਗ ਟਪਾ ਕੇ ਸਾਰਨ ਦੀ ਆਦਤ ਵੀ ਇਸ ਝੰਜਟ ਨੂੰ ਗੂੜ੍ਹਾ ਕਰਦੀ ਹੈ।ਭਵਿੱਖ ਬਾਰੇ ਬਿਲਕੁਲ ਸੋਚਿਆ ਨਹੀਂ ਜਾਂਦਾ।ਜਿਸ ਤੇ ਨਤੀਜੇ ਸਮਾਜਿਕ ਸੰਤੁਲਨ ਵਿਗਾੜਦੇ ਹਨ।ਅੱਜ ਸਮੇਂ ਦੇ ਹਾਲਾਤ, ਭੂਗੋਲਿਕ ਸਥਿਤੀਆਂ ਅਤੇ ਕੁਦਰਤ ਨਾਲ ਹੋਈ ਛੇੜਛਾੜ ਦੇ ਨਤੀਜੇ ਵਜੋਂ ਪਾਣੀ ਦੀ ਨਿਕਾਸੀ ਸੰਬੰਧੀ ਨਿਯਮਾਂ ਨੂੰ ਮੁਲਾਂਕਣ ਕਰਨਾ ਜ਼ਰੂਰੀ ਹੈ।ਇਸ ਮੁੱਦੇ ਤੇ ਭਾਈਚਾਰਕ ਸਹਿਯੋਗ ਅਤਿਅੰਤ ਜ਼ਰੂਰੀ ਹੈ।ਜੇਕਰ ਲੋੜਾਂ, ਸਮੱਸਿਆਵਾਂ ਅਤੇ ਹਾਲਾਤਾਂ ਮੁਤਾਬਿਕ ਪਾਣੀ ਦੀ ਨਿਕਾਸੀ ਲਈ ਸਮਾਜਿਕ ਅਤ ਸਦਾਚਾਰਕ ਨਿਯਮਾਂਵਲੀ ਨਿਰਧਾਰਿਤ ਕੀਤੀ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।ਇਸ ਨਾਲ ਸਮਾਜਿਕ ਝੰਜਟ ਖਤਮ ਹੋਣ ਦੀ ਆਸ ਬੱਝੇਗੀ।ਆਦਮੀ ਸਿਹਤ ਅਤੇ ਆਰਥਿਕ ਪੱਖੋ ਖੁਸ਼ਹਾਲ ਹੋਵੇਗਾ।

                                                                                                                                   
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445

5 Jan. 2019