ਲੋਕ ਗੀਤ ਸੰਗ੍ਰਹਿ ''ਬਾਬਲ ਕਾਜ ਰਚਾਇਆ'' - ਸਤਿੰਦਰ ਕੌਰ ਕਾਹਲੋਂ

ਬਾਬਲ ਕਾਜ ਰਚਾਇਆ
ਨੀ ਤੂੰ ਜਾਹ , ਜਾਹ ਬੀਬੀ ਬਾਬਲ ਵੇਹੜੇ
ਬਾਬਲ ਕਾਜ ਰਚਾਇਆ
ਨੀ ਤੂੰ ਦੇ , ਮਾਏਂ ਚਾਵਲੜੇ
ਖੰਡ ਰਸ ਮੇਵੇ ਦੀਆਂ ਪੁੜੀਆਂ।
ਖੰਡ ਰਸ ਥੋੜੀ, ਸੱਜਣ ਬਹੁਤੇ ਆਏ
ਬਾਬਲ ਦੋ ਦਿਲਾ ਹੋਇਆ ।
ਵੇ ਨਾ ਹੋ , ਹੋ ਬਾਬਲ ਦੋ ਦਿਲਾ
ਸਤਿਗੁਰੂ ਕਾਜ ਰਚਾਇਆ ।




ਲੋਕ ਗੀਤ ਲੋਕ ਮਨ ਦਾ ਪ੍ਗਟਾਅ ਹੈ ਵਿਆਹ ਸ਼ਾਦੀਆਂ ਸਮੇਂ ਔਰਤਾਂ ਆਪਣੇ ਮਨ ਦੀਆਂ ਗੁੰਝਲਾਂ ਦਾ ਪ੍ਗਟਾਅ ਲੋਕ ਗੀਤਾਂ ਦੇ ਕਿਸੇ ਨਾ ਕਿਸੇ ਰੂਪ ਵਿੱਚ ਕਰਦੀਆਂ ਹਨ,ਪੰਜਾਬ ਲੋਕ-ਗੀਤਾਂ ਦੀ ਧਰਤੀ ਹੈ, ਇੱਥੋਂ ਦਾ ਹਰ ਇੱਕ ਵਾਸੀ ਗੀਤਾਂ ਵਿਚ ਜਨਮ ਲੈਂਦਾ ਹੈ, ਗੀਤਾਂ ਵਿੱਚ ਬਚਪਨ ਗੁਜ਼ਾਰਦਾ, ਗੀਤਾਂ ਵਿੱਚ ਹੀ ਪਲ ਕੇ ਜਵਾਨ ਹੁੰਦਾ, ਗੀਤਾਂ ਵਿੱਚ ਵਿਆਹਿਆ ਜਾਂਦਾ ਗੀਤਾਂ ਵਿੱਚ ਗ੍ਰਹਿਸਤੀ ਜੀਵਨ ਭੋਗਦਾ ਅਤੇ ਅੰਤ ਗੀਤਾਂ ਵਿਚ ਹੀ ਮਰ ਜਾਂਦਾ ਹੈ।ਇਸ ਪ੍ਰਕਾਰ ਲੋਕ-ਗੀਤਾਂ ਦਾ ਸੰਬੰਧ ਦੇ ਸਮੁੱਚੇ ਸੱਭਿਆਚਾਰਕ ਜੀਵਨ ਹੈ। ਲੋਕ-ਗੀਤ ਲੋਕ-ਦਿਲਾਂ ਵਿੱਚੋਂ ਆਪ ਮੁਹਾਰੇ ਫੁੱਟਦੇ ਹਨ। ਲੋਕ ਗੀਤਾਂ ਦੇ ਕਈ ਰੂਪ ਹਨ ਜਿਨ੍ਹਾਂ ਦਾ ਸੰਬੰਧ ਵੱਖ ਵੱਖ ਖ਼ੁਸ਼ੀ ਤੇ ਗਮੀ ਦੇ ਮੌਕਿਆਂ, ਖੇਡਾਂ ਤੇ ਰਸਮਾਂ ਰੀਤਾਂ ਨਾਲ ਹੈ  ।
ਸਤਿੰਦਰ ਕੌਰ ਕਾਹਲੋਂ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲੇ ਸ਼ਹਿਰ ਦੇ ਰਹਿਣ ਵਾਲੇ ਹੈ ਅਤੇ ਕਿਤੇ ਵਜੋਂ ਅੰਗਰੇਜ਼ੀ ਲੈਕਚਰਾਰ ਦੀ ਸੇਵਾ ਨਿਭਾ ਰਹੇ ਹਨ ਸਤਿੰਦਰ ਕੌਰ ਕਾਹਲੋਂ ਜੀ ਨੂੰ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਉੱਤਮ ਅਧਿਆਪਕ ਵਜੋਂ ਰਾਜ ਪੁਰਸਕਾਰ ਵੀ ਮਿਲ ਚੁੱਕਿਆ ਹੈ ।ਅੰਤਰਰਾਸ਼ਟਰੀ ਪੱਧਰ ਤੇ ਸਾਰਕ, ਏਕਤਾ ਐਵਾਰਡ ,ਮਹਿਲਾ ਦਿਵਸ ਤੇ ਸ਼ੋਮਣੀ ਸ਼ਕਤੀ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ । ਸਭਿਆਚਾਰ ਪ੍ਰੋਗਰਾਮਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਵੀ ਹਨ । ਲੰਮੇ ਸਮੇਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਮੁਕਾਬਲਿਆਂ, ਯੂਥ ਫੈਸਟੀਵਲ ਅਤੇ ਹੋਰ ਵਿਰਾਸਤੀ ਮੁਕਾਬਲਿਆਂ ਵਿੱਚ ਜੱਜ ਵਜੋਂ ਜਾਣ ਦਾ ਮੌਕਾ ਮਿਲਿਆ ਹੈ ਸਤਿੰਦਰ ਕੌਰ ਕਾਹਲੋਂ  ਜੀ ਕਹਿੰਦੇ ਹਨ ਕਿ ਮੈਨੂੰ ਉਦੋਂ ਬੜੀ ਨਿਰਾਸ਼ਾ ਹੁੰਦੀ ਹੈ ਜਦੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਲੋਕ ਗੀਤ ਦੇ ਅਸਲੇ  ਦਾ ਹੀ ਪਤਾ ਨਹੀਂ ਹੁੰਦਾ ਹੈ । ਲੰਮੇ ਗੀਤਾਂ ਵਿੱਚ ਮਾਡਰਨ ਗੀਤਾਂ ਦੀ ਮਿਲਾਵਟ ਕੀਤੀ ਹੁੰਦੀ ਹੈ ।  ਸਤਿੰਦਰ ਕੌਰ ਕਾਹਲੋਂ ਜੀ ਨੇ ਪੁਸਤਕ ਨੂੰ  ਤਿੰਨ ਭਾਗਾਂ ਵਿੱਚ ਵੰਡਿਆ ਹੈ
ਸੁਹਾਗ, ਘੋੜੀਆਂ ਅਤੇ ਲੰਮੀ ਹੇਕ ਵਾਲੇ ਗੀਤ ਹੈ ਉਨ੍ਹਾਂ ਨੇ ਲੋਕ ਗੀਤ ਆਪਣੀ ਮਾਂ, ਮਾਸੀਆਂ ਮਾਮੀਆਂ  ਭੈਣਾਂ ਭਰਜਾਈਆਂ ਕੋਲੋਂ ਖ਼ੁਦ ਸੁਣੇ ਹਨ ।ਅਤੇ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ।


ਇਸ ਤੋਂ ਪਹਿਲਾਂ  ਸਤਿੰਦਰ ਕੌਰ ਕਾਹਲੋਂ ਜੀ  ਸਬਰ ਦਾ ਫਲ ਮਿੱਠਾ  (ਬਾਲ ਕਹਾਣੀਆਂ ) ਸਿਆਣਾ ਕਾਂ (ਬਾਲ ਕਹਾਣੀਆਂ),ਲੋਕ ਬੋਲਿਆਂ,  ਬਾਲ ਕਾਵਿ ਕਿਆਰੀ,   ਸਫ਼ਰ  -ਏ-ਸ਼ਹਾਦਤ (ਬੱਚਿਆਂ ਲਈ) ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ।




ਅੰਤ ਵਿੱਚ ਸ਼ੁੱਭ ਕਾਮਨਾਵਾਂ ਦੇ ਨਾਲ ''ਬਾਬਲ ਕਾਜ ਰਚਾਇਆ''  ਚੋਂ ਨਜ਼ਰ ਕਰਦੀ ਹਾਂ


ਸੁਹਾਗ ,ਕਣਕ ਛੋਲਿਆਂ ਦਾ ਖੇਤ
 
ਕਣਕ ਛੋਲਿਆਂ ਦਾ ਖੇਤ ਹੌਲੀ ਹੌਲੀ ਨਿੱਸਰ ਗਿਆ ।
ਬਾਬਲ ਧਰਮੀ ਦਾ ਦੇਸ ਹੌਲੀ ਹੌਲੀ ਵਿੱਸਰ ਗਿਆ
ਮਾਤਾ ਔਡੜੇ ਬੋਲ ਨਾ ਬੋਲ ਅਸੀਂ ਤੇਰੇ ਨਾ ਆਵਾਂਗੇ
ਬਾਬਲ ਧਰਮੀ ਦੇ ਦੇਸ ਕਦੀ ਫੇਰਾ ਪਾ ਜਾਵਾਂਗੇ ।


 ਕਣਕ ਛੋਲਿਆਂ ਦਾ ਖੇਤ ਹੌਲੀ ਹੌਲੀ ਨਿੱਸਰ ਗਿਆ ।                               
ਵੀਰੇ ਧਰਮੀ ਦਾ ਦੇਸ ਹੌਲੀ ਹੌਲੀ ਵਿੱਸਰ ਗਿਆ
ਭਾਬੋ ਔਡੜੇ ਬੋਲ ਨਾ ਬੋਲ ਅਸੀਂ ਤੇਰੇ ਨਾ ਆਵਾਂਗੇ
ਵੀਰੇ ਧਰਮੀ ਦੇ ਦੇਸ ਕਦੀ ਫੇਰਾ ਪਾ ਜਾਵਾਂਗੇ ।


ਕਣਕ ਛੋਲਿਆਂ ਦਾ ਖੇਤ ਹੌਲੀ ਹੌਲੀ ਨਿੱਸਰ ਗਿਆ ।    
ਚਾਚੇ ਧਰਮੀ ਦਾ ਦੇਸ ਹੌਲੀ ਹੌਲੀ ਵਿੱਸਰ ਗਿਆ
ਚਾਚੀ ਔਡੜੇ ਬੋਲ ਨਾ ਬੋਲ ਅਸੀਂ ਤੇਰੇ ਨਾ ਆਵਾਂਗੇ
ਚਾਚੇ ਧਰਮੀ ਦੇ ਦੇਸ ਕਦੀ ਫੇਰਾ ਪਾ ਜਾਵਾਂਗੇ ।


ਅਰਵਿੰਦਰ  ਸੰਧੂ
ਸਿਰਸਾ (ਹਰਿਆਣਾ)

27 July 2018