ਅਫ਼ਜ਼ਲ ਤੌਸੀਫ਼ : ਸੰਤਾਲੀ ਦੀ ਕਾਲ਼ੀ ਲਕੀਰ ਤੋਂ ਨਾਬਰ ਪੰਜਾਬਣ  - ਗੁਰਬਚਨ ਸਿੰਘ ਭੁੱਲਰ

ਅਫ਼ਜ਼ਲ ਤੌਸੀਫ਼ ਦਾ ਜ਼ਿਕਰ ਇਧਰਲੇ, ਚੜ੍ਹਦੇ ਪੰਜਾਬ ਵਿਚ ਆਮ ਕਰਕੇ 'ਲਹਿੰਦੇ ਪੰਜਾਬ ਦੀ ਪ੍ਰਸਿੱਧ ਲੇਖਿਕਾ' ਵਜੋਂ ਕੀਤਾ ਜਾਂਦਾ ਹੈ। ਇਹ ਕਹਿਣਾ ਇਸ ਪੱਖੋਂ ਤਾਂ ਠੀਕ ਹੈ ਕਿ ਆਜ਼ਾਦੀ ਆਉਣ ਦੇ ਨਾਲ ਹੀ ਪੰਜਾਬ ਦੀ ਹਿੱਕ ਨੂੰ ਚੀਰਦੀ ਹੋਈ ਜਿਹੜੀ ਕਾਲ਼ੀ ਲਕੀਰ ਸਰਹੱਦ ਦੇ ਰੂਪ ਵਿਚ ਲੱਖਾਂ ਲੋਕਾਂ ਦੀ ਮੌਤ ਤੇ ਕਰੋੜਾਂ ਲੋਕਾਂ ਦਾ ਉਜਾੜਾ ਬਣ ਕੇ ਲੰਘੀ, ਤੌਸੀਫ਼ ਉਸ ਲਕੀਰ ਦੇ ਦੂਜੇ, ਲਹਿੰਦੇ ਵਾਲੇ ਪਾਸੇ ਰਹਿੰਦੀ ਸੀ। ਪਰ ਇਹ ਲਫ਼ਜ਼ ਉਹਦੇ ਮਿਜਾਜ਼ ਦੀ, ਉਹਦੇ ਸੁਭਾਅ ਦੀ, ਉਹਦੇ ਮਨ ਦੀ ਤਰਜਮਾਨੀ ਨਹੀਂ ਕਰਦੇ। ਉਹ ਸਾਰੀ ਉਮਰ ਕਈ ਘਰਾਂ ਵਿਚ ਰਹਿੰਦਿਆਂ ਬੇਘਰੀ, ਕਈ ਨਗਰਾਂ ਵਿਚ ਟਿਕਦਿਆਂ ਬੇਨਗਰੀ ਅਤੇ ਪਾਕਿਸਤਾਨ ਨਾਂ ਦੇ ਉਹਦੀ ਝੋਲੀ ਪਾਏ ਗਏ ਨਵੇਂ ਵਤਨ ਦੇ ਹੁੰਦਿਆਂ ਬੇਵਤਨੀ ਹੀ ਰਹੀ। ਇਸੇ ਕਰਕੇ ਉਹਨੇ ਆਪਣੀ ਸਵੈਜੀਵਨੀ ਦਾ ਨਾਂ 'ਮਨ ਦੀਆਂ ਬਸਤੀਆਂ' ਰੱਖਿਆ। ਉਹ ਕਿਹਾ ਕਰਦੀ ਸੀ, ''ਮੈਂ ਤਾਂ ਆਪਣੇ ਮਨ ਵਿਚ ਵਸਦੀ ਹਾਂ, ਮੈਨੂੰ ਸਕੂਨ ਆਪਣੇ ਮਨ ਦੀ ਕੋਠੜੀ ਵਿਚ ਪਹੁੰਚ ਕੇ ਹੀ ਮਿਲਦਾ ਹੈ। ਇਸ ਧਰਤੀ ਉੱਤੇ ਮੇਰੀ ਕੋਈ ਬਸਤੀ ਨਹੀਂ। ਮੇਰੀਆਂ ਬਸਤੀਆਂ ਮੇਰੇ ਮਨ ਵਿਚ ਹਨ ਜੋ ਮੁੜ ਮੁੜ ਉੱਜੜਦੀਆਂ ਤੇ ਮੁੜ ਮੁੜ ਵਸਦੀਆਂ ਰਹੀਆਂ ਹਨ! ਇਹ ਦੇਸ, ਇਹ ਨਗਰ-ਸ਼ਹਿਰ, ਇਹ ਘਰ, ਇਨ੍ਹਾਂ ਸਭਨਾਂ ਦੀ ਤਾਂ ਮੈਂ ਕਿਰਾਏਦਾਰ ਹਾਂ!''
       ਇਧਰ ਉਹਦਾ ਸਾਰਾ ਪਰਿਵਾਰ ਕਤਲ ਹੋਇਆ ਹੋਣ ਦੇ ਬਾਵਜੂਦ ਉਹਨੇ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਰੱਤੀ ਭਰ ਵੀ ਦੁਸ਼ਮਣੀ ਜਾਂ ਨਫ਼ਰਤ ਮਹਿਸੂਸ ਨਹੀਂ ਸੀ ਕੀਤੀ। ਉਹ ਕਾਤਲਾਂ ਨੂੰ ਆਮ ਲੋਕਾਂ ਨਾਲੋਂ ਨਿਖੇੜ ਕੇ ਦੇਖਣ ਦੇ ਸਮਰੱਥ ਸੀ। ਉਹ ਫ਼ੈਜ਼, ਮੰਟੋ, ਕ੍ਰਿਸ਼ਨ ਚੰਦਰ ਅਤੇ ਸਾਹਨੀ ਭਰਾਵਾਂ ਬਲਰਾਜ ਤੇ ਭੀਸ਼ਮ ਵਰਗੇ ਉਨ੍ਹਾਂ ਅਣਗਿਣਤ ਪੰਜਾਬੀਆਂ ਵਿਚੋਂ ਸੀ ਜਿਹੜੇ ਮਰਨੀ ਮਰ ਗਏ, ਪਰ ਜਿਨ੍ਹਾਂ ਨੇ ਇਹ ਕਾਲ਼ੀ ਮਨਹੂਸ ਲਕੀਰ ਕਦੀ ਪਰਵਾਨ ਨਾ ਕੀਤੀ। ਉਹ ਲਕੀਰ ਨੂੰ ਦੋਵਾਂ ਪੈਰਾਂ ਹੇਠ ਮਿੱਧ ਕੇ ਸਾਂਝੇ ਅਣਵੰਡੇ ਪੰਜਾਬ ਦੇ ਵਿਚਕਾਰ ਖਲੋਤੀ ਬੁਲੰਦ-ਕੱਦ ਨਾਬਰ ਪੰਜਾਬਣ ਸੀ। ਸੰਤਾਲੀ ਦੇ ਘੱਲੂਘਾਰੇ ਮਗਰੋਂ ਜੀਵੇ ਸਤਾਹਠ ਸਾਲਾਂ ਵਿਚ ਉਹ ਸਮੁੱਚੇ, ਅਣਵੰਡੇ ਪੰਜਾਬ ਦੀ ਵਸਨੀਕ ਹੀ ਬਣੀ ਰਹੀ।
       ਉਸ ਵਿਚੋਂ ਟਕਸਾਲੀ ਪੰਜਾਬਣ, ਹਮਦਰਦ, ਮੋਹਵੰਤੀ ਤੇ ਜੁਝਾਰੂ ਪੰਜਾਬਣ ਦੇ ਦਰਸ਼ਨ ਹੁੰਦੇ ਸਨ। ਇਕ ਵਾਰ ਮੈਂ ਉਹਨੂੰ ਲੰਮੀ ਮੁਲਾਕਾਤ ਲਈ ਮਿਲਿਆ ਤਾਂ ਉਹਦੀਆਂ ਗੱਲਾਂ ਵਿਚੋਂ, ਉਹਦੇ ਜਵਾਬਾਂ ਵਿਚੋਂ ਅਜਿਹਾ ਕੋਈ ਝਾਉਲਾ ਵੀ ਨਹੀਂ ਸੀ ਪਿਆ ਕਿ ਇਹ ਕਿਸੇ ਦੂਜੇ ਦੇਸੋਂ ਆਈ ਹੋਈ ਲੇਖਿਕਾ ਹੈ। ਉਹ ਇਧਰਲੇ ਪੰਜਾਬ ਦੀਆਂ ਗੱਲਾਂ, ਆਪਣੇ ਪਿੰਡ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿੰਬਲੀ ਅਤੇ ਆਪਣੇ ਨਾਨਕੇ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੂਮ ਖ਼ੁਰਦ ਦੀਆਂ ਗੱਲਾਂ, ਇਧਰ ਸਭ ਕੁਝ ਲੁਟਾਇਆ ਹੋਣ ਦੇ ਬਾਵਜੂਦ, ਆਪਣਿਆਂ ਵਾਂਗ ਕਰ ਰਹੀ ਸੀ। ਦੇਸ-ਵੰਡ ਦੇ ਝੱਖੜ ਨੇ ਦਸ-ਗਿਆਰਾਂ ਸਾਲ ਦੀ ਬਾਲੜੀ ਉਮਰੇ ਲਹਿੰਦੇ ਪੰਜਾਬ ਦੀ ਓਪਰੀ ਧਰਤੀ ਉੱਤੇ ਸੁੱਟ ਕੇ ਉਹਨੂੰ ਬਹੁਤ ਸਮਝਾਇਆ ਕਿ ਇਹ ਤੇਰਾ ਆਪਣਾ ਨਵਾਂ-ਨਕੋਰ ਦੇਸ ਹੈ, ਪਾਕਿਸਤਾਨ ਜਿਸ ਦਾ ਨਾਂ ਹੈ। ਪਰ ਨਵਾਂ ਖਿਡੌਣਾ ਲੈਣ ਤੋਂ ਨਾਂਹ ਕਰ ਕੇ ਸਿਰ ਮਾਰਦਿਆਂ ਹੱਥੋਂ ਖੋਹ ਵਗਾਹਿਆ ਪੁਰਾਣਾ ਖਿਡੌਣਾ ਹੀ ਲੈਣ ਦੀ ਜ਼ਿੱਦ ਵਿਚ ਅੱਡੀਆਂ ਰਗੜਦੀ ਬਾਲੜੀ ਵਾਂਗ ਅਫ਼ਜ਼ਲ ਤੌਸੀਫ਼ ਉਹਨੂੰ ਦਿੱਤੇ ਗਏ ਪਸ਼ੌਰ-ਲਾਹੌਰ ਲੈਣ ਤੋਂ ਸਾਰੀ ਉਮਰ ਇਨਕਾਰੀ ਰਹੀ। ਉਹ ਬਾਲੜੀ ਉਮਰ ਤੋਂ ਅੰਤਲੇ ਸਾਹ ਤੱਕ ਆਪਣੇ ਇਕੋ ਬਾਲ-ਹਠ ਉੱਤੇ ਅੜੀ ਰਹੀ, ''ਮੈਨੂੰ ਮੇਰੀ ਸਿੰਬਲੀ ਦਿਉ૴ ਮੈਨੂੰ ਮੇਰਾ ਕੂਮ ਦਿਉ! ਲਹਿੰਦਾ-ਚੜ੍ਹਦਾ ਕੋਈ ਨਹੀਂ, ਪੰਜਾਬ ਇਕੋ ਹੈ, ਸਾਲਮ-ਸਾਬਤ, ਤੇ ਉਹ ਪੂਰੇ ਦਾ ਪੂਰਾ ਮੇਰਾ ਹੈ!''
     ਮੈਂ ਉਹਦੀ ਇਸ ਸੋਚ ਬਾਰੇ ਪੁੱਛਿਆ ਤਾਂ ਉਹਦਾ ਕਹਿਣਾ ਸੀ, ''ਇਧਰਲਾ ਪਾਸਾ ਮੇਰੇ ਲਈ ਦੂਜਾ ਪਾਸਾ ਕਿਵੇਂ ਹੋਵੇ, ਓਪਰਾ ਪਾਸਾ ਕਿਵੇਂ ਹੋਵੇ, ਜੋ ਅੰਮ੍ਰਿਤਾ ਦਾ ਵਸੇਬਾ ਹੈ, ਭੁੱਲਰ ਭਰਾ ਤੁਹਾਡਾ ਵਸੇਬਾ ਹੈ, ਕ੍ਰਿਸ਼ਨ ਤੇ ਬੇਦੀ ਤੇ ਹੋਰ ਅਜਿਹੇ ਲੋਕਾਂ ਦਾ ਵਸੇਬਾ ਹੈ, ਜਿਹੜੇ ਤੁਸੀਂ ਸਾਰੇ ਮੇਰੇ ਹੰਝੂਆਂ ਨੂੰ ਵਗਣ ਲਈ ਆਪਣੀਆਂ ਅੱਖਾਂ ਦਿੰਦੇ ਹੋ, ਜੋ ਮਨ ਦੇ ਸੱਥਰ ਉੱਤੇ ਮੇਰੇ ਨਾਲ ਬੈਠ ਕੇ ਮੇਰੇ ਕਤਲ ਹੋਏ ਟੱਬਰ ਦੇ ਵੈਣ ਪਾਉਂਦੇ ਹੋ, ਜੋ ਮੇਰੇ ਟੱਬਰ ਦੇ ਕਾਤਲਾਂ ਨੂੰ ਮੈਥੋਂ ਵੱਧ ਨਫ਼ਰਤ ਕਰਦੇ ਹੋ, ਮੈਥੋਂ ਵੱਧ ਲਾਅਨਤਾਂ ਪਾਉਂਦੇ ਹੋ। ਉਹ ਸਭ, ਚਾਹੇ ਇਧਰ ਹੋਣ ਜਾਂ ਉਧਰ, ਚੜ੍ਹਦੇ ਪੰਜਾਬ ਵਾਲੇ ਕਹੇ ਜਾਣ ਜਾਂ ਲਹਿੰਦੇ ਪੰਜਾਬ ਵਾਲੇ, ਸਭ ਮੇਰੇ ਆਪਣੇ ਹਨ ਜੋ ਮੇਰੇ ਨਾਲ ਰਲ ਕੇ ਇਸ ਕਾਲ਼ੀ ਲਕੀਰ ਦਾ ਪਿੱਟ-ਸਿਆਪਾ ਕਰਦੇ ਹਨ! ਜਿੱਥੋਂ ਤੱਕ ਕਾਤਲਾਂ ਦਾ ਤਾਅਲੁੱਕ ਹੈ, ਉਹ ਬੇਦੋਸੇ ਮੁਸਲਮਾਨਾਂ ਨੂੰ ਮਾਰਨ-ਲੁੱਟਣ ਵਾਲੇ ਇਧਰਲੇ ਹੋਣ ਜਾਂ ਬੇਦੋਸੇ ਸਿੱਖਾਂ-ਹਿੰਦੂਆਂ ਨੂੰ ਮਾਰਨ-ਲੁੱਟਣ ਵਾਲੇ ਉਧਰਲੇ ਹੋਣ, ਉਹ ਸਭ ਮੇਰੇ ਅਸਲੀ ਮੁਜਰਿਮ ਹਨ। ਉਹ ਮੇਰੇ ਲਈ ਪੰਜਾਬੀ ਨਹੀਂ, ਪੰਜਾਬ ਦੇ ਨਾਂ ਉੱਤੇ ਕਲੰਕ ਹਨ। ਆਪਣੇ ਹੀ ਪੰਜਾਬੀਆਂ ਨੂੰ ਕਤਲ ਕਰਨ ਵਾਲੇ, ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਦੇ ਲੁਟੇਰੇ, ਆਪਣੇ ਗੁਆਂਢੀਆਂ ਦੀਆਂ ਜਾਇਦਾਦਾਂ ਦੇ ਡਾਕੂ! ਕਾਲ਼ੀ ਲਕੀਰ ਸਿਆਸਤਦਾਨਾਂ ਦੀ ਵਾਹੀ ਹੋਈ ਹੈ। ਅਸੀਂ ਤਾਂ ਅਦਬ ਤੇ ਕਲਚਰ ਦੇ ਲੋਕ ਹਾਂ। ਸਾਡੇ ਲਈ ਅਜਿਹੀਆਂ ਲਕੀਰਾਂ ਦਾ ਕੋਈ ਮਤਲਬ ਨਹੀਂ ਹੁੰਦਾ। ਅਸੀਂ ਸਭ ਪੰਜਾਬੀ ਅਦੀਬ ਇਕੋ ਸਾਂਝੀ ਪੰਜਾਬੀਅਤ ਦੇ ਨੁਮਾਇੰਦੇ ਹਾਂ, ਰਖਵਾਲੇ ਹਾਂ, ਝੰਡਾਬਰਦਾਰ ਹਾਂ, ਸਾਡੇ ਲਈ ਕੇਹੀਆਂ ਲਕੀਰਾਂ!''
        ਸਿੰਬਲੀ ਵਿਚ ਉਹਦਾ ਪਰਿਵਾਰ ਚੰਗਾ ਖਾਂਦਾ-ਪੀਂਦਾ, ਸਾਹਿਬ-ਏ-ਜਾਇਦਾਦ ਪਰਿਵਾਰ ਸੀ। ਤੀਹ ਘੁਮਾਂ ਭੋਇੰ ਸੀ। ਦਾਦਾ ਗ਼ੁਲਾਮ ਗੌਂਸ ਦੇ ਤਿੰਨ ਪੁੱਤਰ ਸਨ। ਅਫ਼ਜ਼ਲ ਤੌਸੀਫ਼ ਉਨ੍ਹਾਂ ਵਿਚੋਂ ਛੋਟੇ ਮਹਿੰਦੀ ਖਾਂ ਦੀ ਧੀ ਸੀ ਜੋ ਕੋਇਟੇ ਦਾ ਠਾਣੇਦਾਰ ਸੀ। ਕੁੜੀ ਜੰਮੀ ਨੂੰ 'ਵਿਹੜੇ ਪੱਥਰ ਡਿੱਗਿਆ' ਸਮਝਣ ਵਾਲੇ ਉਸ ਜ਼ਮਾਨੇ ਵਿਚ, ਉਹਦੇ ਦੱਸਣ ਅਨੁਸਾਰ, ਦਾਈ ਝੰਡੋ ਨੇ 18 ਮਈ 1936 ਨੂੰ ਉਹਦੀ ਪੈਦਾਇਸ਼ ਦਾ ਐਲਾਨ ''ਹਾਹ! ਹਾਇਆ ਨੀ! ਕੁੜੀ ਜੰਮ ਪਈ!'' ਆਖ ਕੇ ਕੀਤਾ ਸੀ। ਤਾਇਆਂ ਦੀਆਂ ਧੀਆਂ ਨਾਲ ਪਹਿਲਾਂ ਹੀ ਭਰੇ ਹੋਏ ਦਾਦਕੇ ਵਿਹੜੇ ਵਿਚ ਪਲੇਠੀ ਧੀ ਨੂੰ ਕੁੱਛੜ ਚੁੱਕ ਕੇ ਪੈਰ ਪਾਉਣਾ ਮਾਂ ਵਾਸਤੇ ਭੈੜਾ ਸ਼ਗਨ ਸੀ। ਪਰ ਇਸ ਸੋਗੀ ਮਾਹੌਲ ਵਿਚ ਇਕ ਜ਼ਨਾਨੀ ਬੜੀ ਖ਼ੁਸ਼ ਸੀ, ਇਕਲਾਪੇ ਦੀ ਮਾਰੀ ਹੋਈ ਇਕ ਬੇਔਲਾਦ ਵਿਧਵਾ ਮਾਮੀ! ਉਹਨੇ ਇਹਦੇ ਜੰਮਣ ਦਾ ਗੁੜ ਵੰਡਿਆ ਤੇ ਤਰਲਾ ਪਾ ਕੇ ਇਹਦੇ ਮਾਪਿਆਂ ਕੋਲੋਂ ਕੁੜੀ ਪਾਲਣ ਦਾ ਹੱਕ, ਜਿਸ ਨੂੰ ਅਫ਼ਜ਼ਲ 'ਪੋਤੜੇ ਧੋਣ ਦਾ ਹੱਕ' ਆਖਦੀ ਸੀ, ਮੰਗ ਲਿਆ। ਉਹ ਇਹਦੀ 'ਕਾਕੀ ਮਾਂ' ਬਣ ਗਈ। ਇਹ ਸੱਤਾਂ ਸਾਲਾਂ ਦੀ ਸੀ ਜਦੋਂ ਬਦਕਿਸਮਤੀ ਨੂੰ ਕਾਕੀ ਮਾਂ ਵੀ ਅੱਲ੍ਹਾ ਨੂੰ ਪਿਆਰੀ ਹੋ ਗਈ। ਹੁਣ ਇਹਨੂੰ ਲੈ ਕੇ ਜਾਣਾ ਦਾਦਕਿਆਂ ਦੀ ਮਜਬੂਰੀ ਬਣ ਗਈ।
ਕਟਾ-ਵੱਢੀ ਵੇਲੇ ਸਬੱਬੀਂ ਉਹ ਮਾਂ ਜ਼ੁਬੈਦਾ ਬੀਬੀ ਨਾਲ ਨਾਨਕੀਂ ਕੂਮ ਖ਼ੁਰਦ ਮਿਲਣ ਗਈ ਹੋਈ ਸੀ ਜਦੋਂ ਉਹਦੇ ਦਾਦਕੇ ਘਰ ਸਿੰਬਲੀ ਮੌਤ ਦਾ ਕਹਿਰ ਟੁੱਟਿਆ। ਉਹ ਦੋਵੇਂ ਮਾਂ-ਧੀ ਬਚ ਕੇ ਕਾਫ਼ਲੇ ਨਾਲ ਲਾਹੌਰ ਜਾ ਪਹੁੰਚੀਆਂ। ਪਿਤਾ ਵਾਂਗ ਛੋਟਾ ਤਾਇਆ ਫ਼ਜ਼ਲ ਮੁਹੰਮਦ ਵੀ ਸਿੰਬਲੀ ਤੋਂ ਬਾਹਰ ਹੋਣ ਕਰਕੇ ਬਚ ਰਿਹਾ। ਵੱਡੇ ਪਰਿਵਾਰ ਵਿਚੋਂ ਬੱਸ ਇਹ ਚਾਰ ਜੀਅ ਸਨ ਜੋ ਬਚ ਕੇ ਪਾਕਿਸਤਾਨ ਦੀ ਓਪਰੀ ਧਰਤੀ ਉੱਤੇ ਪਹੁੰਚ ਸਕੇ। ਉਹਦੇ ਪਰਿਵਾਰ ਦੇ ਬਾਕੀ ਬਾਰਾਂ ਜੀਅ ਵੱਢ ਦਿੱਤੇ ਗਏ। ਤਾਏ ਦੀਆਂ ਦੋ ਧੀਆਂ ਅਗਵਾ ਕਰ ਲਈਆਂ ਗਈਆਂ। ਆਂਢ-ਗੁਆਂਢ ਦੀਆਂ ਕਈ ਕੁੜੀਆਂ ਖੂਹ ਵਿਚ ਛਾਲਾਂ ਮਾਰ ਗਈਆਂ। ਪਿੰਡ ਵਾਲਿਆਂ ਅਨੁਸਾਰ ਉੱਥੋਂ ਦੇ ਢਾਈ ਸੌ ਦੇ ਕਰੀਬ ਮੁਸਲਮਾਨ ਮਾਰ ਦਿੱਤੇ ਗਏ ਸਨ।
       ਤਾਲੀਮ ਦੇ ਕੁੜੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੋਣ ਦੇ ਉਸ ਜ਼ਮਾਨੇ ਵਿਚ ਉਹਦੇ ਪ੍ਰੋਫ਼ੈਸਰ ਬਣਨ ਬਾਰੇ ਹੈਰਾਨੀ ਦੇ ਜਵਾਬ ਵਿਚ ਉਹ ਹੱਸੀ, ''ਅਸੀਂ ਮਾਂ-ਧੀ ਦਾਦਕੀਂ ਪਹੁੰਚੀਆਂ ਤਾਂ ਦਾਦੇ ਦੀਆਂ ਹਦਾਇਤਾਂ ਵਿਚ ਇਹ ਤਾੜਨਾ ਵੀ ਸ਼ਾਮਲ ਸੀ, ਸੁਣ ਕੁੜੀਏ! ਤੂੰ ਸਾਡੀ ਕੁੜੀ ਨੂੰ ਕਿਤੇ ਪੜ੍ਹਨ ਵੱਲ ਨਾ ਪਾ ਦੇਈਂ! ਆਪਣੇ ਪੁੱਤਰ ਉੱਤੇ ਤਾਂ ਉਹਨੂੰ ਪੂਰਾ ਪੱਕ ਸੀ ਕਿ ਉਹ ਆਪਣੀ ਧੀ ਨੂੰ ਇਸ ਭੈੜੇ ਕੰਮ ਵਿਚ ਨਹੀਂ ਪਾਏਗਾ।'' ਤਾਂ ਵੀ ਕੁਝ ਚਿਰ ਮਗਰੋਂ ਟੱਬਰ ਨੂੰ ਨੌਕਰੀ ਵਾਲੀ ਥਾਂ ਲਿਜਾ ਰਹੇ ਪੁੱਤਰ ਨੂੰ ਉਹਨੇ ਇਹ ਹਦਾਇਤ ਕਰ ਹੀ ਦਿੱਤੀ, ''ਕਾਕਾ ਮਹਿੰਦੀ ਖਾਂ, ਵੇਖੀਂ ਸ਼ਹਿਰ ਜਾ ਕੇ ਸਾਡੀ ਕੁੜੀ ਨੂੰ ਕਿਤੇ ਸਕੂਲ-ਸਕਾਲ ਨਾ ਪਾ ਦੇਈਂ!'' ਪਰ ਛੁਪਾ ਕੇ ਰੱਖੇ 'ਸੈਫ਼ਲ ਮਲੂਕ' ਤੇ 'ਸੋਹਣੀ ਮਹੀਂਵਾਲ' ਜਿਹੇ ਚਿੱਠੇ ਚੋਰੀਉਂ ਪੜ੍ਹਨ ਦੀ ਸ਼ੌਕੀਨ ਮਾਂ ਉਹਨੂੰ ਲੁਕ-ਛਿਪ ਕੇ ਅੱਖਰਾਂ ਦੀ ਸਿਆਣੂ ਤੇ ਗਿਣਤੀ-ਪਹਾੜਿਆਂ ਦੀ ਜਾਣੂ ਬਣਨ ਦੇ ਰਾਹ ਤੋਰ ਵੀ ਚੁੱਕੀ ਸੀ। ਪਾਕਿਸਤਾਨ ਪਹੁੰਚ ਕੇ ਨਵੇਂ ਓਪਰੇ ਦੇਸ ਵਿਚ ਪੈਰ ਲਾਉਣ ਦੀ ਕੋਸ਼ਿਸ਼ ਕਰਦਿਆਂ ਤੇ ਬਦਲੇ ਹੋਏ ਹਾਲਾਤ ਵਿਚ ਕੁੜੀਆਂ ਵਾਸਤੇ ਤਾਲੀਮ ਦੀ ਲੋੜ ਨੂੰ ਪਛਾਣਦਿਆਂ ਅੱਬਾ ਨੇ ਉਹਨੂੰ ਸਕੂਲ ਭਰਤੀ ਕਰਵਾ ਦਿੱਤਾ। ਉਹਨੇ ਉਰਦੂ ਤੇ ਅੰਗਰੇਜ਼ੀ ਦੀਆਂ ਦੋ ਐੱਮ.ਏ. ਕੀਤੀਆਂ ਅਤੇ ਲੰਮਾ ਸਮਾਂ ਕਾਲਜ ਲੈਕਚਰਰ ਵਜੋਂ ਕੰਮ ਕੀਤਾ। ਉਹਨੇ ਹਜ਼ਾਰਾਂ ਕੁੜੀਆਂ ਨੂੰ ਪੁਸਤਕਾਂ ਦੇ ਪਾਠ ਤੋਂ ਇਲਾਵਾ ਲੋਕ-ਹਿਤ ਨੂੰ ਜੀਵਨ-ਜਾਚ ਬਣਾਉਣ ਦਾ ਪਾਠ ਵੀ ਦ੍ਰਿੜ੍ਹ ਕਰਵਾਇਆ।
     ਅਫ਼ਜ਼ਲ ਤੌਸੀਫ਼ ਇਧਰ ਆਉਣ ਲੱਗੀ ਤਾਂ ਕੁਦਰਤੀ ਸੀ, ਉਹਦੇ ਮਨ ਵਿਚ ਆਉਂਦਾ ਕਿ ਆਪਣੀ ਜਨਮ-ਭੋਇੰ ਦੀ ਫੇਰੀ ਵੀ ਪਾਵੇ। ਪਰ ਹੌਸਲਾ ਨਹੀਂ ਸੀ ਪੈਂਦਾ। 1997 ਵਿਚ ਇਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾਕਟਰ ਸੋਚ ਨੇ ਉਹਦੇ ਜਾਣ ਦਾ ਪ੍ਰਬੰਧ ਵੀ ਕਰ ਦਿੱਤਾ ਤੇ ਸਾਥ ਲਈ ਉਨ੍ਹਾਂ ਦੀ ਪਤਨੀ ਵੀ ਜਾਣ ਲਈ ਤਿਆਰ ਹੋ ਗਈ। ਤੌਸੀਫ਼ ਸਾਰੀ ਰਾਤ ਪਾਸੇ ਪਰਤਦੀ ਰਹੀ। ਉੱਜੜੇ ਘਰ ਦੇ ਵਿਹੜੇ ਵਿਚ ਉਹਨੂੰ ਅਜੇ ਵੀ ਆਪਣਿਆਂ ਦੀਆਂ ਲਾਸ਼ਾਂ ਪਈਆਂ ਦਿੱਸਣੀਆਂ ਸਨ। ਕੀ ਕਰੇਗੀ ਅੱਧੀ ਸਦੀ ਤੋਂ ਉਹਦੀ ਕਲਪਨਾ ਵਿਚ ਪਈਆਂ ਉਨ੍ਹਾਂ ਲਾਸ਼ਾਂ ਨੂੰ ਦੇਖ ਕੇ! ਸਵੇਰੇ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ।
      2000 ਵਿਚ ਉਹਨੇ ਸਵੈਜੀਵਨੀ 'ਮਨ ਦੀਆਂ ਬਸਤੀਆਂ' ਛਪਵਾਈ। ਆਪਣੇ ਦਿਲ ਦਾ ਸਾਰਾ ਦਰਦ ਉਹਨੇ ਉਹਦੇ ਸਫ਼ਿਆਂ ਉੱਤੇ ਡੋਲ੍ਹ ਦਿੱਤਾ। ਉਹਦੇ ਆਪਣੇ ਕਹਿਣ ਅਨੁਸਾਰ, ''ਮੇਰੀ ਆਟੋਬਾਇਉਗਰਾਫ਼ੀ 'ਮਨ ਦੀਆਂ ਬਸਤੀਆਂ', ਤਿੰਨ ਸੌ ਸਫ਼ੇ ਦੀ ਇਹ ਕਿਤਾਬ ਮੇਰੀ ਕਹਾਣੀ, ਮੇਰੇ ਜੀਵਨ-ਵੇਰਵੇ, ਮੇਰੀ ਜੀਵਨੀ, ਮੇਰੀ ਦੁਨੀਆ ਬਾਰੇ ਬੜਾ ਕੁਝ ਦਸਦੀ ਏ।'' ਇਹ ਕਿਤਾਬ ਲਿਖਣਾ ਉਹਦੇ ਲਈ ਅਣਆਈ ਮੌਤ ਮਾਰੇ ਗਏ ਆਪਣਿਆਂ ਦੀ ਅੰਤਿਮ ਰਸਮ ਸੀ ਜਿਸ ਪਿੱਛੋਂ ਤਰਵੰਜਾ ਸਾਲ ਤੋਂ ਉਹਦੇ ਮਨ ਵਿਚ ਵਿਛਿਆ ਹੋਇਆ ਸੱਥਰ ਲਪੇਟਿਆ ਗਿਆ।
      ਇਸ ਦੌਰਾਨ ਉਹਦਾ ਸੰਪਰਕ ਨਵਾਂਸ਼ਹਿਰ ਰਹਿੰਦੇ ਕਹਾਣੀਕਾਰ ਅਜਮੇਰ ਸਿੱਧੂ ਨਾਲ ਹੋ ਗਿਆ। ਨਵਾਂਸ਼ਹਿਰ ਤੋਂ ਸਿੰਬਲੀ ਦਾ ਫ਼ਾਸਲਾ ਕੁੱਲ ਛੇ ਕਿਲੋਮੀਟਰ ਹੈ ਜਿਸ ਸਦਕਾ ਉਹਨੇ ਅਫ਼ਜ਼ਲ ਤੌਸੀਫ਼ ਨੂੰ ਭੂਆ ਬਣਾ ਲਿਆ। ਇਸ ਵਾਰ ਗੋਦ ਲੈ ਕੇ ਪੁੱਤਰ ਬਣਾਏ ਭਤੀਜੇ, 'ਦਿ ਪਾਕਿਸਤਾਨ ਟਾਈਮਜ਼' ਦੇ ਚੀਫ਼ ਨਿਊਜ਼ ਐਡੀਟਰ, ਰਾਣਾ ਨਵੀਦ ਇਕਬਾਲ ਨਾਲ ਆਈ ਤਾਂ ਮਨ ਪੁਰਾਣੇ ਪਿੰਡ ਜਾਣ ਜੋਗਾ ਤਕੜਾ ਕਰ ਕੇ ਆਈ। ਅਜਮੇਰ ਦੇ ਦੱਸੇ ਤੋਂ ਉਸ ਤੋਂ ਖੋਹੇ ਗਏ ਉਹਦੇ ਪਿੰਡ ਦੇ ਲੋਕ ਉਹਨੂੰ ਬਾਂਹਾਂ ਖੋਲ੍ਹ ਕੇ ਉਡੀਕ ਰਹੇ ਸਨ। ਅਜਮੇਰ ਲਿਖਦਾ ਹੈ, ''ਇਨ੍ਹਾਂ ਸਤਰਾਂ ਦਾ ਲੇਖਕ ਬੀਬੀ ਅਫ਼ਜ਼ਲ ਤੌਸੀਫ਼ ਤੇ ਰਾਣਾ ਨਵੀਦ ਇਕਬਾਲ ਨੂੰ ਲੈ ਕੇ ਕਤਲਾਮ ਵਾਲੀ ਜਗਾਹ 'ਤੇ ਪੁੱਜਿਆ ਤਾਂ ૴ ਖੰਡਰ ਬਣੀਆਂ ਇਮਾਰਤਾਂ ਦੇਖ ਕੇ ਉਸ ਨੇ ਹਉਕਾ ਲਿਆ। ਅੱਗੇ ਉਹ ਖੂਹ ਸੀ ਜਿਸ ਵਿਚ ਕੁੜੀਆਂ ਨੇ ਆਪਣੀ ਆਬਰੂ ਬਚਾਉਣ ਲਈ ਛਾਲਾਂ ਮਾਰੀਆਂ ਸਨ। ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਹਨੂੰ ਆਪਣਾ ਵਿਹੜਾ ਲਾਸ਼ਾਂ ਨਾਲ ਭਰਿਆ ਦਿੱਸਿਆ। ਅਗਵਾ ਹੋਈਆਂ ਭੈਣਾਂ ਦਿੱਸੀਆਂ। ਲਹੂ ਦੇ ਛੱਪੜ ਵਿਚ ਤੈਰਦੀਆਂ ਬੱਤਖ਼ਾਂ ਦਿੱਸੀਆਂ। ਉਹ ਆਪਣੇ ਘਰ ਸੁੰਨ ਹੋਈ ਖੜ੍ਹੀ ਸੀ। ਉਹਦੇ ਵਡੇਰਿਆਂ ਦੇ ਜਾਣਕਾਰ ਮਰਦ-ਔਰਤਾਂ ਉਹਦੇ ਨਾਲ ਯਾਦਾਂ ਸਾਂਝੀਆਂ ਕਰਦੇ ਰਹੇ।''
      ਸੋਚ ਦੇ ਪੱਖੋਂ ਉਹ ਪੱਕੀ ਮਾਰਕਸਵਾਦੀ ਸੀ ਤੇ ਦਲਦਲੀ ਜੀਵਨ ਜਿਉਂਦੇ ਲੋਕਾਂ ਨੂੰ ਦੇਖ ਕੇ ਇਹ ਸੋਚ ਉਹਨੂੰ ਚੈਨ ਨਹੀਂ ਸੀ ਲੈਣ ਦਿੰਦੀ। ਉਹ ਜੂਝਦੇ ਲੋਕਾਂ ਦੇ ਨਾਲ ਹੀ ਨਹੀਂ ਸੀ ਖਲੋਂਦੀ, ਉਨ੍ਹਾਂ ਦੇ ਝੰਡਾਬਰਦਾਰਾਂ ਵਿਚ ਸ਼ਾਮਲ ਹੁੰਦੀ ਸੀ। ਉਸ ਨੂੰ ਦੇਸ-ਵਿਰੋਧੀ ਆਖ ਕੇ ਮੁਕੱਦਮਿਆਂ ਵਿਚ ਫਸਾਇਆ ਤੇ ਇੰਟੈਰੋਗੇਸ਼ਨ ਸੈਂਟਰਾਂ ਦੇ ਤਸੀਹਿਆਂ ਵਿਚੋਂ ਲੰਘਾਇਆ ਜਾਂਦਾ ਰਿਹਾ। ਯਾਹੀਆ ਖਾਂ ਦੇ ਮਾਰਸ਼ਲ ਲਾਅ ਦਾ ਵਿਰੋਧ ਕਰਨ ਕਰਕੇ ਉਹਨੂੰ ਕੈਦ ਤਾਂ ਹੋਈ ਹੀ, ਕੋੜਿਆਂ ਦੀ ਸਜ਼ਾ ਵੀ ਮਿਲੀ। ਪਰ ਇਹ ਸਭ ਉਹਦੇ ਵਿਸ਼ਵਾਸ ਤੇ ਸਿਦਕ-ਸਿਰੜ ਦੀ ਕੋਈ ਚਿੱਪਰ ਲਾਹੁਣ ਵਿਚ ਵੀ ਕਾਮਯਾਬ ਨਾ ਹੋ ਸਕਿਆ। ਉਹ 30 ਦਸੰਬਰ 2014 ਨੂੰ ਲਏ ਆਖ਼ਰੀ ਸਾਹ ਤੱਕ ਆਪਣੇ ਲੋਕ-ਹਿਤੈਸ਼ੀ ਨਜ਼ਰੀਏ ਉੱਤੇ ਅਡੋਲ ਰਹੀ।
      ਉਹ ਕਲਮ ਦੀ ਹਥਿਆਰੀ ਸਮਰੱਥਾ ਨੂੰ ਅਤੇ ਲਫ਼ਜ਼ ਦੀ ਅਸਰਦਾਰ ਤਾਕਤ ਨੂੰ ਭਲੀਭਾਂਤ ਸਮਝਦੀ ਸੀ। ਉਹ ਕਲਮ ਨੂੰ ਵੀ ਆਪਣੇ ਵਾਂਗ ਚੈਨ ਨਹੀਂ ਸੀ ਲੈਣ ਦਿੰਦੀ। ਉਹਨੇ ਉਰਦੂ ਤੇ ਸ਼ਾਹਮੁਖੀ ਪੰਜਾਬੀ ਵਿਚ ਉੱਚ-ਮਿਆਰੀ ਕਹਾਣੀਆਂ ਵੀ ਲਿਖੀਆਂ ਤੇ ਨਾਵਲ ਵੀ। ਉਹ ਪੰਜਾਬੀ ਦੀ ਬੜੀ ਸ਼ਕਤੀਸ਼ਾਲੀ ਗਲਪਕਾਰ ਸੀ। 'ਮਾਈ ਅਨਾਰਾਂ ਵਾਲ਼ੀ' ਉਹਦੀ ਪਹਿਲੀ ਕਹਾਣੀ ਸੀ ਜੋ ਮੈਨੂੰ ਪੜ੍ਹਨ ਨੂੰ ਮਿਲੀ। ਉਹਦੀ ਅਹਿਸਾਸ ਦੀ ਗਹਿਰਾਈ ਤੇ ਉਸ ਅਹਿਸਾਸ ਨੂੰ ਪਾਠਕ ਸਾਹਮਣੇ ਪੇਸ਼ ਕਰਨ ਦੀ ਕਲਾ ਨੇ ਮੈਨੂੰ ਧੁਰ ਅੰਦਰ ਤੱਕ ਕੀਲ ਲਿਆ। ਸਾਹਿਤ ਜਿੰਨਾ ਹੀ ਅਹਿਮ ਉਹਦਾ ਪੱਤਰਕਾਰਾਨਾ ਕੰਮ ਸੀ। ਪਾਕਿਸਤਾਨ ਦੇ ਮੋਹਰੀ ਅਖ਼ਬਾਰਾਂ ਵਿਚ ਸਮਾਜਿਕ ਤੇ ਸਿਆਸੀ ਮਸਲਿਆਂ ਨੂੰ ਲੈ ਕੇ ਲਿਖੇ ਹੋਏ ਉਹਦੇ ਕਾਲਮ ਲਗਾਤਾਰ ਛਪਦੇ ਰਹੇ। ਉਨ੍ਹਾਂ ਦੀ ਚਾਰ ਹਜ਼ਾਰ ਤੋਂ ਵੱਧ ਦੀ ਗਿਣਤੀ ਬੇਆਸਰੇ ਤੇ ਬੇਓਟੇ ਲੋਕਾਂ ਵਾਸਤੇ ਆਪਣੀ ਕਲਮੀ ਜ਼ਿੰਮੇਵਾਰੀ ਦੇ ਉਹਦੇ ਅਹਿਸਾਸ ਦਾ ਸਬੂਤ ਹੈ ਜਿਨ੍ਹਾਂ ਵਿਚੋਂ ਬਹੁਤ ਸਾਰੇ ਕਿਤਾਬਾਂ ਵਿਚ ਵੀ ਸੰਗ੍ਰਹਿਤ ਹੋਏ।
      ਉਹਦੇ ਸ਼ਾਹਮੁਖੀ ਲਿਪੀ ਵਿਚ ਛਪੇ ਹੋਏ ਪੰਜਾਬੀ ਕਹਾਣੀ-ਸੰਗ੍ਰਹਿ 'ਟਾਹਲੀ ਮੇਰੇ ਬੱਚੜੇ', 'ਮਾਈ ਅਨਾਰਾਂ ਵਾਲ਼ੀ', 'ਪੰਝੀਵਾਂ ਘੰਟਾ', 'ਅਮਨ ਵੇਲ਼ੇ ਮਿਲਾਂਗੇ' ਤੇ 'ਦਰਦਮੰਦਾਂ ਦੀਆਂ ਆਹੀਂ' ਇਧਰ ਗੁਰਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋਏ। 'ਕੀਹਦਾ ਨਾਂ ਪੰਜਾਬ' ਤੇ 'ਹੱਥ ਨਾ ਲਾ ਕਸੁੰਭੜੇ' ਨਾਂ ਦੇ ਦੋ ਲੇਖ-ਸੰਗ੍ਰਹਿ ਵੀ ਗੁਰਮੁਖੀ ਵਿਚ ਛਪੇ। ਸਵੈਜੀਵਨੀ 'ਮਨ ਦੀਆਂ ਬਸਤੀਆਂ' ਤਾਂ ਇਧਰ ਛਪ ਕੇ ਬਹੁਤ ਪਾਠਕ-ਪਿਆਰੀ ਹੋਈ। ਸ਼ਾਹਮੁਖੀ ਤੇ ਗੁਰਮੁਖੀ ਵਿਚ ਛਪੀਆਂ ਪੰਜਾਬੀ ਪੁਸਤਕਾਂ ਤੋਂ ਇਲਾਵਾ ਉਹਨੇ ਉਰਦੂ ਵਿਚ ਵੀ ਲਗਾਤਾਰ ਲਿਖਿਆ। ਉਹਦੀਆਂ ਕਈ ਪੁਸਤਕਾਂ ਨੂੰ ਵੀ ਸਨਮਾਨਿਆ ਗਿਆ ਤੇ ਉਹਨੂੰ ਸਮੁੱਚੀ ਰਚਨਾ ਲਈ ਵੀ ਕਈ ਸਨਮਾਨ ਮਿਲੇ। ਪਰ ਉਹਦਾ ਸਭ ਤੋਂ ਵੱਡਾ ਸਨਮਾਨ ਹੁਣ ਦੋ ਟੋਟਿਆਂ ਵਿਚ ਵੰਡੇ ਹੋਏ ਸਾਲਮ ਪੰਜਾਬ ਦੇ ਪਾਠਕਾਂ ਦਾ ਉਹਨੂੰ ਮਿਲਿਆ ਤੇ ਮਿਲ ਰਿਹਾ ਪਿਆਰ-ਸਤਿਕਾਰ ਹੈ!

ਸੰਪਰਕ : 011-42502364