ਹਸ਼ਰ ਦੀ ਵੰਨਗੀ ਹੈ ਲੋਕਤੰਤਰ ਵਿੱਚ ਲੋਕਾਂ ਦਾ ਸਿਰਫ ਬਹਿਸ ਦਾ ਮੁੱਦਾ ਬਣ ਕੇ ਰਹਿ ਜਾਣਾ - ਜਤਿੰਦਰ ਪਨੂੰ

ਮੈਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਕਿ ਖੇਡਾਂ ਤੇ ਫਿਲਮਾਂ ਵਿੱਚ ਸਾਰੀ ਉਮਰ ਬਹੁਤੀ ਦਿਲਚਸਪੀ ਨਹੀਂ ਸੀ ਰਹੀ, ਪਰ ਭਾਰਤੀ ਰਾਜਨੀਤੀ ਦੇ ਰਾਮ-ਰੌਲੇ ਨੇ ਮੈਨੂੰ ਖੇਡਾਂ ਵੇਖਣ ਲਾ ਦਿੱਤਾ ਹੈ। ਹੁਣ ਮੈਂ ਕਈ ਵਾਰ ਪੁਰਾਣਾ ਮੈਚ ਵੀ ਵੇਖੀ ਜਾਂਦਾ ਹਾਂ, ਇਸ ਕਰ ਕੇ ਨਹੀਂ ਕਿ ਉਸ ਨੂੰ ਵੇਖਣਾ ਚੰਗਾ ਲੱਗਦਾ ਹੈ, ਸਗੋਂ ਇੱਕ ਮਜਬੂਰੀ ਹੁੰਦੀ ਹੈ। ਸ਼ਾਮ ਦੇ ਵਕਤ ਜਦੋਂ ਸਾਰੇ ਮੀਡੀਆ ਚੈਨਲਾਂ ਉੱਤੇ ਰਾਜਸੀ ਮੁੱਦੇ ਚੁਣ ਕੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੂੰ ਸੱਦ ਕੇ ਕੁੱਕੜਾਂ ਵਾਂਗ ਲੜਨ ਦਾ ਮੌਕਾ ਪੇਸ਼ ਕੀਤਾ ਜਾਂਦਾ ਹੈ, ਉਸ ਟਕਰਾਅ ਵਿੱਚ ਫਸ ਕੇ ਮਾਨਸਿਕ ਚੋਟਾਂ ਖਾਣ ਨਾਲੋਂ ਦਸ ਸਾਲ ਪੁਰਾਣਾ ਮੈਚ ਵੇਖਣਾ ਵੀ ਮਾੜਾ ਨਹੀਂ ਲੱਗਦਾ। ਉਨ੍ਹਾਂ ਸਿਆਸੀ ਲੀਡਰਾਂ ਦੀ ਬੋਲ-ਬਾਣੀ ਨਾਲ ਏਦਾਂ ਦਾ ਰੌਲਾ ਪੈਂਦਾ ਹੈ ਕਿ ਗਲੀ ਤੋਂ ਲੰਘ ਰਿਹਾ ਬੰਦਾ ਇਹ ਸੋਚ ਸਕਦਾ ਹੈ ਕਿ ਇਸ ਘਰ ਵਿੱਚ ਅੱਜ ਮੀਆਂ-ਬੀਵੀ ਆਪੋ ਵਿੱਚ ਲੜ ਪਏ ਹੋਣਗੇ। ਗਵਾਂਢ ਵੱਸਦੇ ਲੋਕ ਨਾ ਵੀ ਪੁੱਛਣ ਤਾਂ ਇਹ ਦੱਸਣ ਨੂੰ ਚਿੱਤ ਕਰਦਾ ਹੈ ਕਿ ਅਸੀਂ ਨਹੀਂ ਸੀ ਲੜੇ, ਸਿਆਸੀ ਲੀਡਰ ਚੁੰਝਾਂ ਭਿੜਾ ਰਹੇ ਸਨ।
ਸਾਡੇ ਪੰਜਾਬ ਵਿੱਚ ਇੱਕ ਉਹ ਸਮਾਂ ਹੁੰਦਾ ਸੀ, ਜਦੋਂ ਸਾਰੇ ਪਿੰਡ ਵਿੱਚ ਇੱਕ ਪੰਚਾਇਤੀ ਰੇਡੀਓ ਤੇ ਉਸ ਦੇ ਨਾਲ ਜੋੜਿਆ ਲਾਊਡ ਸਪੀਕਰ ਹੁੰਦਾ ਸੀ। ਪੰਜ ਬੈਂਡ ਦੇ ਉਸ ਰੇਡੀਓ ਦਾ ਏਰੀਅਲ ਕਿਸੇ ਲੰਮੇ ਢਾਂਗੇ ਨਾਲ ਬੰਨ੍ਹ ਕੇ ਕਿਸੇ ਉੱਚੇ ਦਰੱਖਤ ਦੀ ਉੱਚੀ ਟਾਹਣੀ ਨਾਲ ਬੰਨ੍ਹਿਆ ਜਾਂਦਾ ਸੀ, ਤਾਂ ਕਿ ਪ੍ਰੋਗਰਾਮ ਕੈਚ ਕਰਦਾ ਰਹੇ ਤੇ ਉਸ ਰੇਡੀਓ ਨਾਲ ਸ਼ਾਮ ਵੇਲੇ ਰੋਜ਼ ਆਕਾਸ਼ਵਾਣੀ ਦੇ ਦਿਹਾਤੀ ਦੇ ਪ੍ਰੋਗਰਾਮ ਵੇਲੇ ਲਾਊਡ ਸਪੀਕਰ ਜੋੜਿਆ ਜਾਂਦਾ ਸੀ। ਉਸ ਨੂੰ ਸਾਰਾ ਪਿੰਡ ਸੁਣਦਾ ਸੀ ਤੇ ਜਦੋਂ ਉਹ ਪ੍ਰੋਗਰਾਮ ਖਤਮ ਹੁੰਦਾ ਤਾਂ ਪਿੰਡ ਵਿੱਚ ਬੜੀ ਸ਼ਾਂਤੀ ਦਾ ਮਾਹੌਲ ਹੁੰਦਾ ਸੀ। ਘਰ-ਘਰ ਰੇਡੀਓ ਆਉਣ ਅਤੇ ਫਿਰ ਟੈਲੀਵੀਜ਼ਨ ਦੀ ਆਮਦ ਨੇ ਸਾਡੇ ਲੋਕਾਂ ਦੀ ਹੋਰਨਾਂ ਗੱਲਾਂ ਦੇ ਨਾਲ ਰਾਜਨੀਤੀ ਵਿੱਚ ਵੀ ਦਿਲਚਸਪੀ ਵਧਾ ਦਿੱਤੀ ਤੇ ਅਸੀਂ ਲੋਕ ਬੜੇ ਚਾਅ ਨਾਲ ਮੁੱਢਲੇ ਦਿਨਾਂ ਵਿੱਚ ਬਹਿਸਾਂ ਸੁਣਦੇ ਹੁੰਦੇ ਸਾਂ। ਹੁਣ ਨਾ ਉਹ ਬਹਿਸ ਦਾ ਪੱਧਰ ਰਿਹਾ ਹੈ ਤੇ ਨਾ ਓਦੋਂ ਦੀਆਂ ਬਹਿਸਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵਾਲਾ ਸਾਊਪੁਣਾ ਦਿਖਾਈ ਦੇਂਦਾ ਹੈ। ਬਹਿਸ ਕਰਨ ਖਾਤਰ ਬਹਿਸ ਹੋਣ ਦਾ ਵੀ ਓਹਲਾ ਨਹੀਂ ਰੱਖਿਆ ਜਾਂਦਾ ਤੇ ਜਿਹੜੇ ਲੀਡਰ ਕੱਲ੍ਹ ਇੱਕ ਪਾਰਟੀ ਲਈ ਬੋਲਦੇ ਰਹੇ ਸਨ, ਉਹ ਅੱਜ ਦੂਸਰੀ ਪਾਰਟੀ ਵੱਲੋਂ ਆਪਣੀ ਮਾਂ-ਪਾਰਟੀ ਦਾ ਚੀਰ ਹਰਨ ਕਰਨ ਦੀ ਭੂਮਿਕਾ ਬੇਸ਼ਰਮ ਹਾਸਾ ਹੱਸ ਕੇ ਨਿਭਾਈ ਜਾਂਦੇ ਹਨ।
ਮਜ਼ੇ ਨਾਲ ਬਹਿਸਾਂ ਕਰਨ ਵਾਲੇ ਉਹ ਸਾਰੇ ਲੋਕ ਇਹ ਗੱਲ ਕਦੀ ਨਹੀਂ ਦੱਸਦੇ ਕਿ ਕੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਜਿਹੜਾ ਦੇਸ਼ ਉਨ੍ਹਾਂ ਦੀਆਂ ਇਨ੍ਹਾਂ ਬਹਿਸਾਂ ਵਿੱਚ ਵਾਰ-ਵਾਰ ਚੇਤੇ ਕੀਤਾ ਜਾਂਦਾ ਹੈ, ਉਸ ਦੇ ਆਮ ਲੋਕਾਂ ਦਾ ਜੀਵਨ, ਦੇਸ਼ ਦੀ ਧਰਤੀ ਹੇਠਲਾ ਪਾਣੀ ਅਤੇ ਇਸ ਵਿੱਚੋਂ ਉੱਗਦੀਆਂ ਫਸਲਾਂ ਪਹਿਲਾਂ ਵਰਗੀਆਂ ਨਹੀਂ ਰਹੀਆਂ। ਭਾਰਤ ਦੀ ਜ਼ਰਖੇਜ਼ ਜ਼ਮੀਨ ਵਿੱਚੋਂ ਹੁਣ ਜ਼ਿੰਦਗੀ ਦੇ ਰਸ ਨਾਲ ਭਰਪੂਰ ਉਹ ਅੰਨ ਪੈਦਾ ਨਹੀਂ ਹੁੰਦਾ, ਜਿਸ ਨੂੰ 'ਅੰਨ ਦੇਵਤਾ' ਕਿਹਾ ਜਾਂਦਾ ਸੀ, ਸਗੋਂ ਜ਼ਹਿਰ ਦੇ ਭੁਕਾਨੇ ਫੁੱਲਦੇ ਹਨ। ਡਾਕਟਰ ਕਹਿੰਦੇ ਹਨ ਕਿ ਗਾੜ੍ਹੇ ਨੀਲੇ ਰੰਗ ਵਾਲਾ ਬਤਾਊਂ ਨਾ ਖਾਇਓ, ਇਹ ਬਤਾਊਂ ਦੇ ਛਿਲਕੇ ਅੰਦਰ ਨਿਰਾ ਜ਼ਹਿਰ ਹੈ। ਕੁਦਰਤੀ ਜਣੇਪੇ ਵਾਲੀ ਗਾਂ ਜਾਂ ਮੱਝ ਦਾ ਦੁੱਧ ਨਹੀਂ, ਸਗੋਂ ਟੀਕੇ ਲਾ ਕੇ ਕੱਢਿਆ ਦੁੱਧ ਹੋ ਸਕਦਾ ਹੈ ਤੇ ਮੱਛੀ ਉਸ ਪਾਣੀ ਵਾਲੀ ਹੋ ਸਕਦੀ ਹੈ, ਜਿਸ ਵਿੱਚ ਲੁਧਿਆਣੇ ਦੇ ਸੀਵਰਾਂ ਦਾ ਮਲ-ਮੂਤਰ ਵੀ ਘੁਲਿਆ ਹੁੰਦਾ ਹੈ ਤੇ ਕਾਰਖਾਨਿਆਂ ਦਾ ਕੈਮੀਕਲ ਵੀ ਓਸੇ ਵਿੱਚ ਡਿੱਗਦਾ ਹੈ। ਨਤੀਜਾ ਵੇਖਣ ਦਾ ਚਾਅ ਹੋਵੇ ਤਾਂ ਲੁਧਿਆਣੇ ਦੇ ਹੇਠਾਂ ਨੂੰ ਹੰਭੜਾਂ ਤੋਂ ਸਿੱਧਵਾਂ ਬੇਟ ਤੱਕ ਪਿੰਡਾਂ ਦਾ ਗੇੜਾ ਮਾਰ ਲਿਆ ਕਾਫੀ ਹੈ, ਜਿੱਥੇ ਲੋਕਾਂ ਦੇ ਸਰੀਰਾਂ ਦੀ ਚਮੜੀ ਇਸ ਪਾਣੀ ਦੀ ਮਾਰ ਹੇਠ ਆ ਕੇ ਬਦਰੰਗ ਹੋਈ ਜਾਂਦੀ ਹੈ। ਕਿਸੇ ਆਗੂ ਨੇ ਕਦੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਜ਼ਿੰਮੇਵਾਰੀ ਤਾਂ ਦੂਰ ਦੀ ਗੱਲ, ਇਸ ਦੀ ਚਿੰਤਾ ਵੀ ਨਹੀਂ ਕੀਤੀ। ਉਹ ਉਨ੍ਹਾਂ ਮੁੱਦਿਆਂ ਬਾਰੇ ਬੋਲਦੇ ਹਨ, ਜਿਨ੍ਹਾਂ ਦਾ ਸੰਬੰਧ ਕੁਰਸੀਆਂ ਛੁਡਾਉਣ ਜਾਂ ਬਚਾਉਣ ਨਾਲ ਹੁੰਦਾ ਹੈ, ਪਰ ਕੁਰਸੀਆਂ ਬਖਸ਼ਣ ਵਾਲੇ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸੰਬੰਧ ਨਹੀਂ ਹੁੰਦਾ।
ਭਾਰਤ, ਅਤੇ ਇਸ ਦਾ ਇੱਕ ਰਾਜ ਹੁੰਦੇ ਹੋਏ ਪੰਜਾਬ, ਵੀ ਇਸ ਵਕਤ 'ਅੰਧੇਰ ਨਗਰੀ, ਚੌਪਟ ਰਾਜਾ' ਦੇ ਹਾਲਾਤ ਨੂੰ ਹੰਢਾ ਰਿਹਾ ਹੈ। ਹੁਣੇ ਜਿਹੇ ਰਾਜਧਾਨੀ ਦਿੱਲੀ ਨਾਲ ਜੁੜਦੇ ਪੁਰਾਣੇ ਗੁੜਗਾਉਂ ਅਤੇ ਨਵੇਂ ਗੁਰੂ-ਗ੍ਰਾਮ ਸ਼ਹਿਰ ਦੇ ਨਾਮਣੇ ਵਾਲੇ ਹਸਪਤਾਲ ਦੀ ਖਬਰ ਨੇ ਸਾਨੂੰ ਹੈਰਾਨ ਕੀਤਾ ਹੈ। ਇੱਕ ਬੱਚੀ ਪੰਦਰਾਂ ਦਿਨ ਬੀਮਾਰ ਰਹਿ ਕੇ ਮਰ ਗਈ। ਹਸਪਤਾਲ ਦੇ ਪ੍ਰਬੰਧਕਾਂ ਨੇ ਲਾਸ਼ ਚੁੱਕਣ ਤੋਂ ਪਹਿਲਾਂ ਅਠਾਰਾਂ ਲੱਖ ਰੁਪਏ ਦਾ ਬਿੱਲ ਭਰਨ ਨੂੰ ਕਹਿ ਦਿੱਤਾ। ਬਿੱਲ ਵਿੱਚ ਦਰਜ ਮੱਦਾਂ ਦਾ ਜ਼ਿਕਰ ਹਾਈ ਕੋਰਟ ਦੇ ਜੱਜ ਸਾਹਿਬਾਨ ਨੂੰ ਵੀ ਹੈਰਾਨ ਕਰਨ ਵਾਲਾ ਸੀ। ਪੰਦਰਾਂ ਦਿਨਾਂ ਵਿੱਚ ਉਸ ਬੱਚੀ ਦਾ ਇਲਾਜ ਕਰਨ ਵਾਸਤੇ ਸਤਾਈ ਸੌ ਗਲੱਵਜ਼ (ਹੱਥਾਂ ਦੇ ਦਸਤਾਨੇ) ਵਰਤੇ ਗਏ ਦੱਸ ਕੇ ਕੀਮਤ ਮੰਗੀ ਗਈ ਸੀ। ਇਸ ਦਾ ਅਰਥ ਹੈ ਕਿ ਰੋਜ਼ ਦੇ ਇੱਕ ਸੌ ਅੱਸੀ ਦਸਤਾਨੇ ਇੱਕ ਬੱਚੀ ਦੇ ਇਲਾਜ ਲਈ ਲੱਗਦੇ ਸਨ। ਏਡੀ ਗੱਪ ਮੰਨਣੀ ਔਖੀ ਹੈ। ਇਹੋ ਨਹੀਂ, ਬਿੱਲ ਵਿੱਚ ਉਸ ਬੱਚੀ ਦੇ ਇਲਾਜ ਲਈ ਚੁਤਾਲੀ ਸਰਿੰਜਾਂ ਰੋਜ਼ ਵਰਤਣ ਦਾ ਵੀ ਜ਼ਿਕਰ ਕੀਤਾ ਹੈ। ਹਰ ਘੰਟੇ ਇੱਕ ਟੀਕਾ ਵੀ ਲਾਇਆ ਜਾਂਦਾ ਹੋਵੇ ਤਾਂ ਦਿਨ-ਰਾਤ ਵਿੱਚ ਬੱਚੀ ਨੂੰ ਚੌਵੀ ਟੀਕੇ ਲੱਗਦੇ ਹੋਣਗੇ। ਰੋਜ਼ ਦੇ ਚੁਤਾਲੀ ਟੀਕੇ ਲਾਉਣ ਦੀ ਗੱਲ ਸੁਣ ਕੇ ਕੋਈ ਵੀ ਸਿਰ ਫੜ ਕੇ ਬੈਠ ਸਕਦਾ ਹੈ, ਪਰ ਇੱਕ ਵੀ ਆਗੂ ਇਸ ਬਾਰੇ ਨਹੀਂ ਬੋਲ ਸਕਿਆ।
ਕਿਸਾਨ ਖੁਦਕੁਸ਼ੀਆਂ ਕਰਦੇ ਹਨ, ਤੇ ਮਜ਼ਦੂਰ ਵੀ ਕਰੀ ਜਾ ਰਹੇ ਹਨ, ਪਰ ਕਦੇ ਕੋਈ ਆਗੂ ਇਨ੍ਹਾਂ ਖੁਦਕੁਸ਼ੀਆਂ ਦੀ 'ਲੋੜ' ਤੋਂ ਵੱਧ ਚਰਚਾ ਨਹੀਂ ਕਰਦਾ। ਲੋੜ ਜੋਗੀ ਚਰਚਾ ਇਹ ਹੈ ਕਿ ਜਦੋਂ ਕਦੀ ਇਸ ਬਾਰੇ ਸਵਾਲ ਪੁੱਛਿਆ ਜਾਵੇ ਜਾਂ ਖੁਦ ਪੁੱਛਣਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਸਾਡੀ ਸਰਕਾਰ ਵਾਲੇ ਰਾਜਾਂ ਵਿੱਚ ਘੱਟ ਖੁਦਕੁਸ਼ੀਆਂ ਹੁੰਦੀਆਂ ਹਨ। ਕਹਿਣ ਦਾ ਮਤਲਬ ਇਹ ਜਾਪਦਾ ਹੈ ਕਿ ਮੇਰੀ ਕਮੀਜ਼ ਤੇਰੇ ਵਾਲੀ ਤੋਂ ਘੱਟ ਗੰਦੀ ਹੈ, ਪਰ ਇਸ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਕਮੀਜ਼ ਘੱਟ ਜਾਂ ਵੱਧ ਸਹੀ, ਗੰਦੀ ਦੋਵਾਂ ਦੀ ਹੈ, ਸਾਫ ਪੱਲਾ ਕਿਸੇ ਇੱਕ ਦਾ ਵੀ ਨਹੀਂ। ਲੋਕਤੰਤਰ ਦਾ ਮਤਲਬ ਲੋਕਾਂ ਦੇ ਭਲੇ ਦਾ ਤੰਤਰ ਹੁੰਦਾ ਹੈ ਤੇ ਇਸ ਦੇ ਅਸਲ ਅਰਥ ਫੋਲੇ ਜਾਣ ਤਾਂ ਜਿਸ ਰਾਜ ਵਿੱਚ ਇੱਕ ਵੀ ਇਨਸਾਨ ਦੀ ਹਾਲਤ ਇਹ ਹੋ ਜਾਵੇ ਕਿ ਉਹ ਜਿਊਣ ਨਾਲੋਂ ਮਰਨ ਨੂੰ ਪਹਿਲ ਦੇਣਾ ਠੀਕ ਸਮਝੇ, ਉਹ ਰਾਜ ਹੋਰ ਕੁਝ ਵੀ ਹੋਵੇ, ਉਸ ਨੂੰ ਲੋਕਤੰਤਰ ਕਹਿਣਾ ਇੱਕ ਭੱਦਾ ਮਜ਼ਾਕ ਜਾਪਦਾ ਹੈ। ਇਹ ਭੱਦਾ ਮਜ਼ਾਕ ਸਾਡੇ ਨਾਲ ਰੋਜ਼ ਹੁੰਦਾ ਹੈ। ਅਸੀਂ ਪਿੰਡਾਂ ਤੋਂ ਆਏ ਲੋਕ ਹਾਂ, ਜਿੱਥੇ ਅਣਿਆਈ ਕਹੀ ਜਾਣ ਵਾਲੀ ਇੱਕ ਵੀ ਮੌਤ ਹੋ ਜਾਵੇ ਤਾਂ ਸਾਰੇ ਪਿੰਡ ਵਿੱਚ ਚੁੱਲ੍ਹਾ ਨਹੀਂ ਸੀ ਬਲਦਾ। ਉਸ ਲਿਹਾਜ ਨਾਲ ਵੇਖਿਆ ਜਾਵੇ ਤਾਂ ਘੱਟ ਖੁਦਕੁਸ਼ੀਆਂ ਹੋਣ ਜਾਂ ਵੱਧ, ਜਿਹੜੇ ਆਗੂ ਦੇ ਰਾਜ ਦੌਰਾਨ ਇੱਕ ਵਿਅਕਤੀ ਦੀ ਖੁਦਕੁਸ਼ੀ ਦੀ ਖਬਰ ਵੀ ਆ ਜਾਵੇ, ਰਾਤ ਨੂੰ ਉਸ ਦੇ ਸੰਘੋਂ ਬੁਰਕੀ ਨਹੀਂ ਲੰਘਣੀ ਚਾਹੀਦੀ। ਭਾਰਤ ਦੇ ਸਿਆਸੀ ਆਗੂ ਮੋਟੀ ਚਮੜੀ ਵਾਲੇ ਹਨ, ਇਹ ਏਦਾਂ ਦੀ ਸਸਤੀ ਭਾਵੁਕਤਾ ਦਾ ਸ਼ਿਕਾਰ ਨਹੀਂ ਹੁੰਦੇ। ਉਨ੍ਹਾਂ ਲਈ ਮਰ ਰਿਹਾ ਬੰਦਾ ਵੀ ਸਿਆਸੀ ਲੜਾਈ ਦਾ, ਤੇ ਜਦੋਂ ਸਿਆਸੀ ਲੜਾਈ ਨਹੀਂ ਹੋ ਰਹੀ ਹੁੰਦੀ, ਉਸ ਵੇਲੇ ਗਰਮਾ-ਗਰਮ ਬਹਿਸ ਕਰਨ ਦਾ ਮੁੱਦਾ ਹੁੰਦਾ ਹੈ, ਸਿਰਫ ਇੱਕ ਮੁੱਦਾ ਹੀ। ਇਹ ਵੀ ਤਾਂ ਇੱਕ ਵੰਨਗੀ ਹੈ ਲੋਕਤੰਤਰ ਵਿੱਚ ਲੋਕਾਂ ਦੇ ਹਸ਼ਰ ਦੀ।

03 Dec 2017