ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

08 ਜਨਵਰੀ 2018

ਬਾਦਲ ਪਰਵਾਰ ਤੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣ ਲਈ ਮਿਸ਼ਨ ਚਲਾਵਾਂਗਾ- ਫੂਲਕਾ
ਨੰਗੇ ਮੂੰਹ ਦਾ ਮੁੱਲ ਪੁੱਛਦਾ, ਮੁੰਡਾ ਬਟੂਆ ਹੱਥਾਂ ਵਿਚ ਫੜ ਕੇ।

'ਆਪ' ਪਾਰਟੀ ਪੰਜਾਬ 'ਚ ਹੈ ਕਿੱਥੇ ਜਿਸ ਨਾਲ ਗੱਠਜੋੜ ਕਰਨ ਬਾਰੇ ਸੋਚੀਏ?- ਕੈਪਟਨ
ਕੱਲ ਦੀ ਭੂਤਨੀ, ਸਿਵਿਆਂ 'ਚ ਅੱਧ।

ਕੇਜਰੀਵਾਲ ਦੇ ਦੂਤ ਵਜੋਂ ਮਾਨ ਨੇ ਬ੍ਰਹਮਪੁਰਾ ਨਾਲ਼ ਕੀਤੀ ਮੁਲਾਕਾਤ- ਇਕ ਖ਼ਬਰ
ਕੌਣ ਕੌਣ ਹੋਈਆਂ ਰੰਡੀਆਂ, ਛੜੇ ਬੈਠ ਕੇ ਸਲਾਹਾਂ ਕਰਦੇ।

ਬਰਗਾੜੀ ਮੁੱਦੇ 'ਤੇ ਭਲਕੇ ਬਾਦਲ ਅਤੇ ਕੈਪਟਨ ਦਾ ਖੋਲ੍ਹਾਂਗੇ ਕੱਚਾ ਚਿੱਠਾ- ਭਗਵੰਤ ਮਾਨ
 ਤੈਨੂੰ ਜੋਗ ਦੀ ਜ਼ਰਾ ਵੀ ਸਾਰ ਹੈ ਨੀ, ਤੇਰੀ ਉਮਰ ਹੈ ਅਜੇ ਨਾਦਾਨ ਬੇਟਾ।

ਸਿੱਖਿਆ ਮੰਤਰੀ ਸੋਨੀ ਨੇ ਸਰਕਾਰੀ ਸਕੂਲਾਂ ਨੂੰ ਢਾਬੇ ਤੇ ਪ੍ਰਾਈਵੇਟ ਸਕੂਲਾਂ ਨੂੰ ਫਾਈਵ ਸਟਾਰ ਹੋਟਲ ਕਿਹਾ- ਇਕ ਖ਼ਬਰ
ਖੇਤ ਤਾਂ ਆਪਣਾ ਡਬਰਿਆਂ ਖਾ ਲਿਆ, ਧੜਕੇ ਕਾਲਜਾ ਮੇਰਾ।

 ਅੱਛੇ ਦਿਨਾਂ ਦੇ ਸੁਪਨੇ ਵਿਖਾ ਕੇ ਮੋਦੀ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ਼ ਖੇਡਿਆ- ਤ੍ਰਿਪਤ ਬਾਜਵਾ
ਪੀੜ ਵੇਲਣੇ ਵਿਚ ਕਮਾਦ ਵਾਂਗੂੰ, ਸਾਡਾ ਚੱਲੀਂ ਏਂ ਰਸਾ ਨਿਚੋੜ ਹੀਰੇ।
ਨੀਂ ਛੜੇ ਅੱਜ ਭਜਨ ਕੁਰੇ, ਫੇਰ ਹੋ ਕੇ ਸ਼ਰਾਬੀ ਬੁੱਕਦੇ।

ਮਾਇਆਵਤੀ ਨੇ ਅਖਿਲੇਸ਼ ਨੂੰ ਕਿਹਾ 'ਛਾਪਿਆਂ ਤੋਂ ਨਾ ਘਬਰਾਉ, ਮੈਂ ਤੁਹਾਡੇ ਨਾਲ਼ ਹਾਂ'- ਇਕ ਖ਼ਬਰ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।

ਸ਼੍ਰੋਮਣੀ ਕਮੇਟੀ 'ਚ ਕਿਸੇ ਵੀ ਸਿਆਸੀ ਪਾਰਟੀ ਦਾ ਦਖ਼ਲ ਨਹੀਂ- ਲੌਂਗੋਵਾਲ
ਬਾਦਲ ਨੇ ਮੰਨ ਲਿਐ ਕਿ ਅਸਲੀ ਅਕਾਲੀ ਦਲ ਉਹੀ ਜਿਸ ਕੋਲ ਸ਼੍ਰੋਮਣੀ ਕਮੇਟੀ, ਤੁਸੀਂ ਲੂਣ ਗੁੰਨ੍ਹਣਾ ਛੱਡੋ।

ਕੈਲੰਡਰ ਵਿਵਾਦ ਹੱਲ ਕਰਨ ਵਿਚ ਸ਼੍ਰੋਮਣੀ ਕਮੇਟੀ ਅਸਫ਼ਲ- ਇਕ ਖ਼ਬਰ
ਖੂਹ ਟੋਭੇ ਤੇਰੀ ਚਰਚਾ ਹੁੰਦੀ, ਚਰਚਾ ਨਾ ਕਰਵਾਈਏ।

ਰਾਜਨਾਥ ਨੂੰ ਭਾਜਪਾ ਦੀ ਮੈਨੀਫੈਸਟੋ ਕਮੇਟੀ ਦਾ ਮੁਖੀ ਬਣਾਇਆ- ਇਕ ਖ਼ਬਰ
ਮੈਨੀਫੈਸਟੋ ਨਵਾਂ ਬਣਾਵਾਂਗੇ, ਨਵੇਂ ਜੁਮਲੇ ਹੋਰ ਲਿਆਵਾਂਗੇ।

ਪਿੰਡਾਂ ਦੇ ਨਵੇਂ ਬਣੇ ਸਰਪੰਚਾਂ ਨੇ ਵਾਅਦਿਆਂ ਦੀ ਝੜੀ ਲਾਈ-ਇਕ ਖਬਰ
ਗੁਰੂ ਜਿਹਨਾਂ ਦੇ ਟੱਪਣੇ, ਚੇਲੇ ਜਾਣ ਛੜੱਪ।