ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

 ਹੌਕਾ ਖਿੱਚ ਕੇ ਇਸ ਤਰ੍ਹਾਂ ਮਾਂ -ਆਖੇ- ''ਚੌਪਟ ਘਰ ਹੋਇਆ, ਚੌਪਟ ਬਾਰ ਹੋਇਆ''

ਖ਼ਬਰ ਹੈ ਕਿ ਵਿਜੈ ਮਾਲਿਆ ਨੂੰ ਅਦਾਲਤ ਨੇ ਆਰਥਿਕ ਭਗੌੜਾ ਐਲਾਨ ਦਿੱਤਾ ਹੈ। ਮੁੰਬਈ ਅਦਾਲਤ ਵਲੋਂ ਫੈਸਲਾ ਸੁਨਾਉਣ ਤੋਂ ਬਾਅਦ ਨਵੇਂ ਕਾਨੂੰਨ ਦੇ ਤਹਿਤ ਮਾਲਿਆ ਦੇਸ਼ ਦਾ ਪਹਿਲਾ ਆਰਥਿਕ ਭਗੌੜਾ ਬਣ ਗਿਆ ਹੈ। ਪੰਜਾਬ ਨੈਸ਼ਨਲ ਬੈਂਕ ਤੋਂ 13000 ਕਰੋੜ ਰੁਪਏ ਦੀ ਧੋਖਾਧੜੀ ਕਰਕੇ ਦੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਭਾਰਤ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਉਸਨੇ ਕਿਹਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਅਤੇ ਬੈਂਕ ਦੀ ਮੂਲ ਰਕਮ ਉਹ ਵਾਪਿਸ ਕਰਨ ਨੂੰ ਤਿਆਰ ਹੈ।
ਉਧਰ ਸੀ.ਬੀ.ਆਈ. ਨੇ ਯੂ.ਪੀ. ਦੀ ਸਮਾਜਵਾਦੀ ਪਾਰਟੀ ਸਰਕਾਰ ਸਮੇਂ ਹੋਏ ,ਮਾਈਨਿੰਗ ਘੁਟਾਲੇ ਵਿੱਚ ਆਈ.ਏ.ਐਸ. ਚੰਦਰਕਲਾ ਦੇ ਲਖਨਊ ਸਥਿਤ ਨਿਵਾਸ ਅਤੇ ਹਮੀਰਪੁਰ, ਕਾਨਪੁਰ ਸਮੇਤ ਦੇਸ਼ ਭਰ 'ਚ 14 ਟਿਕਾਣਿਆਂ 'ਚ ਛਾਪੇਮਾਰੀ ਕੀਤੀ। ਇਸ ਮਾਮਲੇ 'ਚ ਚੰਦਰਕਲਾ ਸਮੇਤ ਕਈ ਲੋਕਾਂ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਬਿਹਾਰ ਦਾ ਲਾਲੂ ਪ੍ਰਸ਼ਾਦ ਯਾਦਵ ਅੰਦਰ ਹੈ। ਹਰਿਆਣਾ ਦਾ ਚੌਟਾਲਾ ਸਜ਼ਾ ਭੁਗਤ ਰਿਹਾ ਹੈ। ਪਰ ਸ਼ਾਹ, ਮਾਲਿਆ, ਨੀਰਵ ਮੋਦੀ ਬਾਹਰ ਹਨ। ਛੋਟੇ ਯਾਦਵ, ਰਾਹੁਲ ਗਾਂਧੀ ਅਤੇ ਪਤਾ ਨਹੀਂ ਹੋਰ ਕਿੰਨਿਆਂ ਨੂੰ ਈ.ਡੀ., ਸੀ.ਬੀ.ਆਈ. ਦੇ ਨੋਟਿਸ ਮਿਲਣਗੇ ਕਿਉਂਕਿ ਭਾਈ 2019 'ਚ ਚੋਣਾਂ ਆ ਰਹੀਆ ਹਨ ਅਤੇ ਨੇਤਾਵਾਂ ਚੋਣਾਂ 'ਚ ਚਾਰ ਟੰਗੀ ਕੁਰਸੀ ਹਥਿਆਉਣੀ ਆ, ਤੇ ਕਿਸੇ ਵੀ ਕੀਮਤ ਤੇ ਹਥਿਆਉਣੀ ਆ। ਕਿਉਂਕਿ ਕੁਰਸੀ ਬਿਨ੍ਹਾਂ ਨੇਤਾ ਕਾਹਦਾ?
ਅਗਸਤਾ, ਰਾਫੇਲ ਦਾ ਰੌਲਾ ਪੈਂਦਾ ਆ ਤਾਂ ਪਵੇ। ਦੂਸ਼ਣਬਾਜੀ ਹੁੰਦੀ ਆ ਤਾਂ ਹੋਵੇ। ਦੇਸ਼ ਦੀ ਬਦਨਾਮੀ ਹੁੰਦੀ ਆ ਤਾਂ ਹੋਵੇ। ਦੇਸ਼ ਦੇ ਘੁਟਾਲਿਆਂ, ਬੇਦੋਸ਼ੇ ਲੋਕਾਂ ਦੇ ਕਤਲੇਆਮ ਦਾ ਰੌਲਾ ਦੇਸ਼ਾਂ, ਵਿਦੇਸ਼ਾਂ ਵਿੱਚ ਪੈਂਦਾ ਆ ਤਾਂ ਪਵੇ। ਦੇਸ਼ 'ਚ ਭੀੜ ਵਲੋਂ ਮਾਰੇ ਕੁੱਟੇ ਜਾਂਦੇ ਲੋਕਾਂ ਦੀ ਚਰਚਾ ਹੁੰਦੀ ਆ ਤਾਂ ਹੋਵੇ। ਅਸਾਂ ਤਾਂ ਆਪਣੇ ''ਮਨ ਕੀ ਬਾਤ'' ਕਹਿਣੀ ਆ। ਅਸਾਂ ਤਾਂ ''ਮਨ ਕੀ ਬਾਤ''ਕਰਨੀ ਆ। ਅਸਾਂ ਤਾਂ ਮਨ ਆਈਆਂ ਕਰਨੀਆਂ ਆ, ਲੋਕਾਂ ਦਾ ਕੀ ਆ, ਅੱਸੂ ਕੱਤੇ ਨਹੀਂ ਮੰਨਣਗੇ ਤਾਂ ਚੇਤ ਵਿਸਾਖ ਨੂੰ ਮਨ ਜਾਣਗੇ। ਪਰ ਮਾਂ, ਪਿਆਰੀ ਮਾਂ, ਟੁੱਟ ਰਹੇ, ਭੱਜ ਰਹੇ, ਬਦਨਾਮ ਹੋ ਰਹੇ, ਦੇਸ਼ ਬਾਰੇ ਕੁਝ ਇੰਜ ਸੋਚਦੀ ਆ, ''ਹੌਕਾ ਖਿੱਚ ਕੇ ਇਸ ਤਰ੍ਹਾਂ ਮਾਂ-ਆਖੇ- ''ਚੌਪਟ ਘਰ ਹੋਇਆ, ਚੌਪਟ ਬਾਰ ਹੋਇਆ''।

ਏਸ ਰਾਜ ਨੂੰ ਦੱਸੋ ਮੈਂ ਕੀ ਆਖਾਂ,
ਜਿਹਦੇ ਵਿੱਚ ਕਾਨੂੰਨ ਦੇ ਮੋਰੀਆਂ ਨੇ।

ਖ਼ਬਰ ਹੈ ਕਿ ਰਾਮ ਜਨਮ ਭੂਮੀ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਬਾਅਦ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਫਾਰੂਖ ਅਬਦੁਲਾ ਵਜੋਂ ਦਿੱਤੇ ਬਿਆਨ ਕਿ ਰਾਮ ਸਾਰਿਆਂ ਦੇ ਹਨ, ਜੇਕਰ ਮੰਦਰ ਬਣਦਾ ਤਾਂ ਉਹ ਆਪਣੇ ਆਪ ਆਯੋਧਿਆ ਵਿੱਚ ਇੱਟ ਲਗਾਉਣਗੇ। ਇਸ 'ਤੇ ਟਿਪੱਣੀ ਕਰਦਿਆਂ ਸ਼ਿਵ ਸੈਨਾ ਦੇ ਮੁੱਖ ਸਕੱਤਰ ਨੇ ਕਿਹਾ ਕਿ ਮੁਸਲਿਮ ਵਰਗ ਹਿੰਦੂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ ਜੋ ਭਾਈਚਾਰਕ ਸਾਂਝ ਲਈ ਸਹੀ ਨਹੀਂ ਹੈ। ਫ਼ਰਕ ਸਿਰਫ ਇਤਨਾ ਹੈ ਕਿ ਕੋਈ ਮੰਦਰ ਦਾ ਵਿਰੋਧ ਕਰਦਾ ਹੈ ਤਾਂ ਕੋਈ ਸ਼ਬਦਾਂ ਦਾ ਜਾਲ ਬੁਣਕੇ ਇਹੀ ਕਰ ਰਿਹਾ ਹੈ ਕਿ ਰਾਮ ਸਭ ਦੇ ਹਨ।
ਮੈਂ ਹੋਊਗਾਂ ਉਦੋਂ ਅੱਜ ਤੋਂ ਅੱਧੀ ਉਮਰ ਦਾ, ਜਦੋਂ ਮੈਂ ਸੁਣਦਾ ਸਾਂ 84 ਦੇ ਕਤਲੇਆਮ ਬਾਰੇ। ਮੈਂ ਹੁਣ ਹੋ ਗਿਆ ਹਾਂ 68 ਸਾਲ ਦਾ, ਜਦੋਂ ਮੈਂ, ''ਸੱਜਣ ਕੁਮਾਰ'' ਨੂੰ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਸੁਣਿਆ ਹੈ। ਐਨੇ ਵਰ੍ਹੇ ਮੈਂ ਸੋਚਦਾ ਰਿਹਾ ਕਿ ਬੇਕਸੂਰੇ ਬੰਦੇ ਨੂੰ ਭੀੜ ਅਣਿਆਈ ਮੌਤੇ ਕਿਵੇਂ ਮਾਰ ਸਕਦੀ ਹੈ, ਉਹਦੇ ਗਲ ਟਾਇਰ ਪਾਕੇ ਕਿਵੇਂ ਸਾੜ ਸਕਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ? ਤੇ ਕਿਵੇਂ ਬਣੀ ਬਣਾਈ ਮਸਜਿਦ ਭੀੜ ਢਾਅ ਸਕਦੀ ਹੈ ਅਤੇ ਸਰਕਾਰੀ ਤੰਤਰ ਕਿਵੇਂ ਚੁੱਪ ਚਾਪ ਤਮਾਸ਼ਾ ਵੇਖ ਸਕਦਾ ਹੈ। ਸਮਝ ਤਾਂ ਮੈਨੂੰ ਉਦੋਂ ਵੀ ਸੀ ਅਤੇ ਹੁਣ ਵੀ ਆ ਕਿ ਸਭ ''ਉਪਰਲਿਆਂ'' ਦੀ ਖੇਡ ਆ। ਜੀਹਨੂੰ ਮਰਜ਼ੀ, ਜਦੋਂ ਮਰਜ਼ੀ ਅੰਦਰ ਕਰ ਦੇਣ! ਜੀਹਨੂੰ ਮਰਜ਼ੀ ਸਜ਼ਾ ਦੁਆ ਦੇਣ ਅਤੇ ਜੀਹਨੂੰ ਮਰਜ਼ੀ ਕੇਸਾਂ 'ਚੋਂ ਬਰੀ ਕਰਵਾ ਦੇਣ।
ਬੜਾ ਹੀ ਵੱਡਾ ਹੈ ਕਾਨੂੰਨ ਮੇਰੇ ਦੇਸ਼ ਦਾ! ਬੜਾ ਹੀ ਪਾਰਦਰਸ਼ੀ ਹੈ ਕਾਨੂੰਨ ਮੇਰੇ ਦੇਸ਼ ਦਾ! ਪਰ ਕਾਨੂੰਨ ਵੀ ਕੀ ਕਰੇ, ਕਾਨੂੰਨ ਨੂੰ ਲਾਗੂ ਕਰਵਾਉਣ ਵਾਲੇ, ਫਾਈਲਾਂ ਉਤੇ ਬੈਠ ਜਾਂਦੇ ਆ! ਕਾਨੂੰਨ ਨੂੰ ਲਾਗੂ ਕਰਾਉਣ ਵਾਲੇ ਚੋਰ ਮੋਰੀਆਂ ਰਾਹੀਂ ਚੋਰਾਂ, ਡਾਕੂਆਂ, ਠੱਗਾਂ ਨੂੰ ਦੇਸ਼ ਦੀ ਕਾਨੂੰਨ ਘੜਨੀ ਸਭ ਪਾਰਲੀਮੈਂਟ 'ਚ ਪਹੁੰਚਾਕੇ ਦੇਸ਼ ਦੇ ਰਾਖੇ ਬਣਾ ਦਿੰਦੇ ਆ ਤੇ ਇਹੋ ਜਿਹੀ ਹਾਲਤ ਵਿੱਚ ਕਵੀ ਦੀ ਕਹੀ ਹੋਈ ਇਸ ਗੱਲ ''ਏਸ ਰਾਜ ਨੂੰ ਦੱਸੋ ਮੈਂ ਕੀ ਆਖਾਂ, ਜਿਹਦੇ ਵਿੱਚ ਕਾਨੂੰਨ ਦੇ ਮੋਰੀਆਂ ਨੇ'' ਨੂੰ ਸਹੀ ਕਿਉਂ ਨਾ ਮੰਨਾ?

ਹੱਕ ਸਿੱਖਿਆ ਤੇ ਸਭ ਦਾ ਮੰਨ ਲੀਤਾ,
ਸਿੱਖਿਆ ਦੇਣ ਤੋਂ ਐਪਰ ਸਰਕਾਰ ਭੱਜੀ।

ਖ਼ਬਰ ਹੈ ਕੋ ਪੰਜਾਬ ਦੇ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਕਿਹਾ ਕਿ ਸਕੂਲੀ ਸਿੱਖਿਆ ਢਾਂਚੇ ਦੇ ਸੁਧਾਰ ਲਈ 1000 ਕਰੋੜ ਰੁਪਏ ਖਰਚ ਹੋਣਗੇ ਅਤੇ ਇਹ ਵੀ ਕਿਹਾ ਕਿ ਜਿਸ ਸਕੂਲ  ਦਾ ਨਤੀਜਾ 70 ਫੀਸਦੀ ਤੋਂ ਘੱਟ ਹੋਇਆ ਉਸਦਾ ਜ਼ੁੰਮੇਵਾਰ ਪ੍ਰਿੰਸੀਪਲ ਹੋਵੇਗਾ। ਸੋਨੀ ਨੇ ਕਿਹਾ ਕਿ ਇਸ ਵੇਲੇ ਸੂਬੇ ਵਿੱਚ 15 ਹਜ਼ਾਰ ਸਰਕਾਰੀ ਸਕੂਲ਼ਾਂ ਵਿੱਚ 25 ਲੱਖ ਵਿਦਿਆਰਥੀ ਸਿੱਖਿਆ ਪਰਾਪਤ ਕਰਦੇ ਹਨ। ਉਹਨਾ ਕਿਹਾ ਕਿ 120 ਕਰੋੜ ਰੁਪਏ ਸਿਰਫ ਸਕੂਲਾਂ ਦੀਆਂ ਇਮਾਰਤਾਂ ਦੇ ਸੁਧਾਰ ਲਈ ਖਰਚ ਕੀਤੇ ਜਾਣਗੇ। ਉਹਨਾ ਉਦਾਹਰਨ ਦਿੰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲ ਮਹਿੰਗੇ ਨੇ ਪਰ ਕੀ ਢਾਬੇ ਤੇ ਪੰਜ ਸਿਤਾਰਾ ਹੋਟਲਾਂ 'ਚ ਫਰਕ ਨਹੀਂ ਹੁੰਦਾ?
''ਗੰਦੀਆਂ ਬਸਤੀਆਂ ਨ੍ਹੇਰੀਆਂ ਕੁਲੀਆਂ 'ਚ, ਦੇਵੀ ਵਿੱਦਿਆ ਦੀ ਵੜਨੋਂ ਸੰਗਦੀ ਏ। ਕਿਵੇਂ ਕਵੀ ਇਹਨੂੰ ਖਰੀਦ ਸਕੇ, ਜੀਹਦੇ ਕੋਲ ਰੋਟੀ ਲੰਗੇ ਡੰਗ ਦੀ ਏ''। ਵਾਹ-ਬਈ-ਵਾਹ ਹੁਣ ਤਾਂ ਮਾਨਯੋਗ ਮੰਤਰੀ ਵੀ ਮੰਨਣ ਲੱਗੇ ਨੇ ਕਿ ਸਰਕਾਰੀ ਸਕੂਲਾਂ ਦਾ ਹਾਲ ਢਾਬੇ ਵਰਗਾ ਹੈ ਅਤੇ ਪ੍ਰਾਈਵੇਟ ਪਬਲਿਕ ਸਕੂਲ ਪੰਜ ਸਤਾਰਾ ਹੋਟਲਾਂ ਵਰਗਾ ਨੇ, ਜਿਥੇ ਟਾਈਆਂ- ਸ਼ਾਈਆਂ ਵਾਲੇ ਅਮੀਰਜ਼ਾਦਿਆਂ ਦੇ ਬੱਚੇ ਪੜ੍ਹਦੇ ਨੇ, ਮੌਜਾਂ ਲੁੱਟਦੇ ਨੇ, ਹਾਏ-ਬਾਏ ਕਰਦੇ ਨੇ, ਤੇ ਫਿਰ ਦੇਸ਼ ਦੇ ਹਾਕਮ ਬਣ, ਢਾਬੇ ਵਾਲਿਆਂ ਉਤੇ ਰਾਜ ਕਰਦੇ ਨੇ। ਇਧਰ ਵਿਚਾਰੇ ਢਾਬੇ ਵਾਲੇ ਸੁੱਕੀ ਰੋਟੀ ਤੋਂ ਤਰਸਦੇ, ਤੱਪੜਾਂ ਤੇ ਬੈਠ, ਘੱਟਾ ਫੱਕਦੇ, ਇੱਕ ਦੂਣੀ-ਦੂਣੀ ਦੋ ਦੂਣੀ ਚਾਰ ਤੋਂ ਅੱਗੇ ਜਾ ਹੀਨਹੀਂ ਸਕਦੇ ਜਾਂ ਫਿਰ ੳ ਅ ੲ ਪੜ੍ਹਦੇ ਪੰਜਵੀਂ ਤੋਂ ਅੱਗੇ ਜਾਂ ਫਿਰ ਅੱਠਵੀਂ ਤੋਂ ਅੱਗੇ ਪੜ੍ਹਨ ਨਾ ਜਾਕੇ ਝੋਟੇ ਹੱਕਣ ਜਾਂ ਬੱਕਰੀਆਂ ਚਾਰਨ ਜੋਗੇ ਰਹਿ ਜਾਂਦੇ ਨੇ। ਸਰਕਾਰ ਆਂਹਦੀ ਤਾਂ ਬਥੇਰਾ ਕੁਝ ਆ ਕਿ ਸਭਨਾ ਲਈ ਹੱਕ ਬਰੋਬਰ ਆ। ਸਭਨਾ ਨੂੰ ਰੋਟੀ ਮਿਲੂ, ਅਨਾਜ ਮਿਲੂ, ਸਿੱਖਿਆ ਮਿਲੂ, ਚੰਗੀ ਸਿਹਤ ਮਿਲੂ, ਪਰ ਦੁਪਿਹਰ ਦਾ ਭੋਜਨ (ਮਿਡ ਡੇ ਮਿਲ) ਜਾਂ ਦੋ ਚਾਰ ਕਿਲੋ ਅਨਾਜ ਤੋਂ ਬਿਨ੍ਹਾਂ ਭਾਈ ਉਹਨਾ ਨੂੰ ਕੁਝ  ਨਹੀਂਓ ਮਿਲਦਾ ।ਤਦੇ ਤਾਂ ਸਿਆਣਾ ਕਵੀ ਸਕੂਲਾਂ ਦੀ ਤੇ ਇਥੇ ਮਿਲਦੀ ਸਿੱਖਿਆ ਦਾ ਕੁਝ ਇੰਝ ਵਿਖਿਆਨ ਕਰਦਾ ਹੈ, ''ਹੱਕ ਸਿੱਖਿਆ ਤੇ ਸਭ ਦਾ ਮੰਨ ਲੀਤਾ, ਸਿੱਖਿਆ ਦੇਣ ਤੋਂ ਐਪਰ ਸਰਕਾਰ ਭੱਜੀ''।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ

ਸਾਲ 2017 ਵਿੱਚ ਸ਼ਰਾਬ ਦੀ ਵਧੇਰੇ ਵਰਤੋਂ ਕਾਰਨ 14,071 ਸੜਕੀ ਦੁਰਘਟਨਾਵਾਂ ਹੋਈਆਂ ਜਦਕਿ ਸਾਲ 2013 ਵਿੱਚ ਸ਼ਰਾਬ ਪੀਣ ਕਾਰਨ ਸੜਕੀ ਘਟਨਾਵਾਂ ਦੀ ਗਿਣਤੀ 20,290 ਸੀ।

ਇੱਕ ਵਿਚਾਰ

ਮੇਰਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਦੀ ਸਾਡੀ ਸਮੱਸਿਆ ਦਾ ਹੱਲ ਪਾਰਦਰਸ਼ਤਾ ਹੈ।.............ਗਰੇਸ਼ ਪੋੜ

 

ਗੁਰਮੀਤ ਪਲਾਹੀ
9815802070