ਪਿਆਰ ਅਤੇ ਸਦਭਾਵਨਾਂ ਦੇ ਮਾਹੌਲ ਵਿਚ ਹੋਣੀਂ ਚਾਹੀਦੀ ਹੈ ਵਾਹਗਾ ਪਰੇਡ - ਯਾਦਵਿੰਦਰ ਸਿੰਘ ਸਤਕੋਹਾ

  ਵਾਹਗਾ ਸਰਹੱਦ ਤੇ ਹਰ ਸ਼ਾਂਮ ਨੂੰ ਝੰਡਾ ਉਤਾਰਨ ਦੀ ਰਸਮ ਸਿਰਫ ਪੰਜਾਬੀਆਂ ਲਈ ਹੀ ਦਿਲਚਸਪੀ ਦਾ ਕੇਂਦਰ ਨਹੀਂ ਹੈ ਸਗੋਂ ਪੰਜਾਬ ਵਿਚ ਖਾਸਕਰ ਸਿਫਤੀ ਦੇ ਘਰ ਅੰਮ੍ਰਿਤਸਰ ਵਿਚ ਘੁੰਮਣ ਆਇਆ ਹਰ ਸੈਲਾਂਨੀ ਇਸ ਦਾ ਹਿੱਸਾ ਬਣਨ ਦੀ ਖਾਹਸ਼ ਰੱਖਦਾ ਹੈ। ਪਿਛਲੇ ਕੁਝ ਸਾਲਾਂ ਦੌਰਾਂਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੀ ਆਮਦ ਵਿਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਵਿਚ ਵੱਡੀ ਗਿਣਤੀ ਦੇਸ਼ ਵਿਦੇਸ਼ ਦੇ ਸੈਲਾਨੀਆਂ ਦੀ ਵੀ ਹੁੰਦੀ ਹੈ ਜੋ ਸ਼ਾਂਮ ਦੇ ਸਮੇਂ ਵਾਹਗਾ ਪਰੇਡ ਦੀ ਹਾਜ਼ਰੀ ਵੀ ਜ਼ਰੂਰ ਭਰਦੇ ਹਨ। ਕੁੱਲ ਮਿਲਾ ਕੇ ਇਹ ਰਸਮ ਉੱਤਰੀ ਭਾਰਤ ਦੀਆਂ ਸੈਰ-ਸਪਾਟਾ ਸਰਗਰਮੀਆਂ ਵਿਚ ਉੱਘਾ ਨਾਂਅ ਬਣਾ ਚੁੱਕੀ ਹੈ।
    ਗੁਜ਼ਰੇ ਦਿਨੀਂ ਯੂਨੀਵਰਸਿਟੀ ਆਫ ਵਾਰਸਾ ਦੇ ਕੁਝ ਪੌੋਲਿਸ਼ ਵਿਦਿਆਰਥੀ ਮੇਰੇ ਮਹਿਮਾਨ ਬਣੇ। ਇਨ੍ਹਾਂ ਵਿੱਚੋਂ ਐਗਨੀਸ਼ਕਾ ਨਾਂ ਦੀ ਇਕ ਵਿਦਿਆਰਥਣ ਕੁਝ ਸਾਲ ਪਹਿਲਾਂ ਭਾਰਤ ਘੁੰਮ ਕੇ ਆਈ ਸੀ ਅਤੇ ਪੰਜਾਬ ਦੀ ਫੇਰੀ ਦੌਰਾਂਨ ਵਾਹਗਾ ਪਰੇਡ ਨੂੰ ਵਾਚ ਚੁੱਕੀ ਸੀ। ਇਹ ਸਾਰੇ ਵਿਦਿਆਰਥੀ ਦੁਨੀਆਂ ਦੀਆਂ ਸਭ ਤੋਂ ਪ੍ਰਚਲਤ ਬੋਲੀਆਂ ਤੇ ਅਧਿਐਨ ਕਰ ਰਹੇ ਸਨ ਸੋ, ਪੰਜਾਬੀ ਬੋਲੀ ( ਜੋ ਦੁਨੀਆਂ ਦੀਆਂ ਪਹਿਲੀਆਂ ਦਸ ਬੋਲੀਆਂ ਵਿਚ ਥਾਂ ਰੱਖਦੀ ਹੈ) ਬਾਰੇ ਵਿਸਥਾਰਤ ਚਰਚਾ ਕਰਨ ਲਈ ਉਨ੍ਹਾਂ ਮੇਰੇ ਕੋਲੋਂ ਅਗਾਊਂ ਸਮਾਂ ਲੈ ਰੱਖਿਆ ਸੀ। ਹੁਣ, ਜਦ ਵੀ ਪੰਜਾਬੀ ਬੋਲੀ ਦੀ ਗੱਲ ਹੁੰਦੀ ਹੈ ਤਾਂ ਇਹ ਚਰਚਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਜ਼ਿਕਰ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ। ਉਨਾ੍ਹਂ ਲਈ ਇਹ ਜਾਣਨਾਂ ਬਹੁਤ ਦਿਲਚਸਪ ਸੀ ਕਿ ਪੰਜਾਬੀ ਬੋਲੀ ਦੋ ਲਿਪੀਆਂ ਭਾਵ ਗੁਰਮੁਖੀ ਅਤੇ ਸ਼ਾਹਮੁਖੀ ਵਿਚ ਲਿਖੀ ਜਾਂਦੀ ਹੈ ਅਤੇ ਭਾਰਤ ਤੋਂ ਇਲਾਵਾ ਪਾਕਿਸਤਾਂਨ, ਯੂਰਪ, ਅਮਰੀਕਾ, ਆਸਟ੍ਰੇਲੀਆ, ਅਤੇ ਕੈਨੇਡਾ ਆਦਿ ਮੁਲਖਾਂ ਅੰਦਰ ਵੱਡੀ ਗਿਣਤੀ ਨਾਲ ਵੱਸਦੇ ਪੰਜਾਬੀਆਂ ਵੱਲੋਂ ਬੋਲੀ ਜਾਂਦੀ ਹੈ।    
ਤੁਰਦੀ ਹੋਈ ਗੱਲ ਦੋਵਾਂ ਪੰਜਾਬਾਂ ਦੇ ਸਾਂਝੇ ਸੱਭਿਆਚਾਰਕ ਤੱਤਾਂ ਅਤੇ ਭਾਈਚਾਰਕ ਸਾਂਝ-ਪਿਆਰ ਤੱਕ ਪਹੁੰਚ ਗਈ। ਪਰ ਇਥੇ ਆ ਕੇ ਐਗਨੀਸ਼ਕਾ ਵੱਲੋਂ ਕੀਤੇ ਇਕ ਸਵਾਲ ਨੇਂ ਚਰਚਾ ਨੂੰ ਇਕ ਨਵਾਂ ਕੋਣ ਦੇ ਦਿੱਤਾ। ਉਸ ਕਿਹਾ ਕਿ ਜੇਕਰ ਦੋਹਾਂ ਪੰਜਾਬਾਂ ਦੀ ਸੱਭਿਆਚਾਰਕ ਸਾਂਝ ਏਨੀਂ ਪੀਢੀ ਅਤੇ ਪਿਆਰ ਭਰੀ ਹੈ ਤਾਂ ਇਨ੍ਹਾਂ ਦੀ ਹਿੱਕ ਤੇ ਸਥਿਤ ਵਾਹਗਾ ਸਰਹੱਦ ਤੇ ਹਰ ਸ਼ਾਂਮ ਨੂੰ ਅਦਾ ਕੀਤੀ ਜਾਂਦੀ ਝੰਡਾ ਉਤਾਰਨ ਦੀ ਰਸਮ ਗੁੱਸੇ ਅਤੇ ਤਣਾਅ ਵੱਲੇ ਮਾਹੌਲ ਵਿਚ ਕਿਉਂ ਹੁੰਦੀ ਹੈ ? ਦੁਵੱਲੀ ਫੌਜੀਆਂ ਵੱਲੋਂ ਇਕ ਦੂਸਰੇ ਦੇ ਸਿਰ ਤੋਂ ਉੱਚੇ ਬੂਟ ਕਰਕੇ ਸਖਤ ਚਿਹਰਿਆਂ ਨਾਲ ਸੈਲਊਟ ਕਰਨੇ, ਗੇਟਾਂ ਨੂੰ ਖੋਲ੍ਹਣ ਦਾ ਢੰਗ ਐਸਾ ਕਿ ਉਸ ਨੂੰ ਖੋਲ੍ਹਣ ਨਾਲੋਂ ਤੋੜਨਾਂ ਕਹਿਣਾ ਜਿਆਦਾ ਸਟੀਕ ਰਹੇਗਾ, ਫੌਜੀਆਂ ਵੱਲੋਂ ਸਖਤ ਮੁੱਠੀਆਂ ਕੱਸ ਕੇ ਇਕ ਦੂਸਰੇ ਨੂੰ ਬਾਹਾਂ ਉਲਾਰ ਕੇ ਵਿਖਾਉਣੀਆਂ ਅਤੇ ਇਸ ਸਭ ਦਰਮਿਆਂਨ ਦੋਹਾਂ ਪਾਸਿਆਂ ਦੀ ਜਨਤਾ ਵੱਲੋਂ ਤੋਂ ਆਪੋ-ਆਪਣੇ ਦੇਸ਼ ਦੇ ਨਾਵਾਂ ਨਾਲ ਹੁੰਦੀ ਜ਼ੋਰਦਾਰ ਨਾਹਰੇਬਾਜ਼ੀ ਆਦਿ। ਵਿਦਿਆਰਥਣ ਦਾ ਇਹ ਕਹਿਣਾਂ ਬਿਲਕੁਲ ਸਹੀ ਸੀ ਕਿ ਉਥੋਂ ਦਾ ਮਾਹੌਲ ਤਲਖ ਹੁੰਦਾ ਹੈ ਅਤੇ ਦੋਹਾਂ ਪੰਜਾਬਾਂ ਦੀ ਆਪਸੀ ਪਿਆਰ ਵਾਲੀ ਸਾਂਝ ਦਾ ਜੋ ਨਕਸ਼ਾ ਮੈਂ ਬਿਆਨ ਕਰ ਰਿਹਾ ਸੀ ਉਹ ਉਸ ਪਰੇਡ ਨਾਲ ਕਿਧਰੇ ਵੀ ਮੇਲ ਨਹੀਂ ਸੀ ਖਾ ਰਿਹਾ। ਅਤੇ ਸੱਚ ਇਹੀ ਸੀ ਕਿ ਉਹ ਗਲਤ ਨਹੀਂ ਸੀ ਬੋਲ ਰਹੀ। ਉਸਦਾ ਨਜ਼ਰੀਆ ਬਿਲਕੁਲ ਨਿਰਪੱਖ ਸੀ ਅਤੇ ਸੱਚਮੁਚ ਇਹ ਵਿਸ਼ਾ ਚਰਚਾ ਦੀ ਮੰਗ ਕਰਦਾ ਹੈ।
 ਦਰਅਸਲ ਦੋਹਾਂ ਪੰਜਾਬਾਂ ਦੀ ਫਿਤਰਤ ਅਤੇ ਭਾਰਤ ਪਾਕਿਸਤਾਂਨ ਦੇ ਇਕ ਦੂਸਰੇ ਬਾਰੇ ਰਵੱਈਏ ਵਿਚ ਢੇਰ ਅੰਤਰ ਹੈ ਅਤੇ ਵਾਹਗਾ ਪਰੇਡ ਦਾ ਪ੍ਰਬੰਧ ਅਤੇ ਸੁਭਾਅ ਰਾਜ ਪੱਧਰੀ ਨਹੀਂ ਬਲਕਿ ਕੌਮਾਂਤਰੀ ਪੱਧਰ ਦਾ ਹੈ। ਇਹ ਤੱਥ ਤਾਂ ਜੱਗ ਜ਼ਾਹਰ ਹੈ ਕਿ ਭਾਰਤ-ਪਾਕਿਸਤਾਂਨ ਦੇ ਆਪਸੀ ਰਿਸ਼ਤੇ ਕਦੇ ਵੀ ਸੁਖਾਵੇਂ ਨਹੀਂ ਰਹੇ ਸੋ, ਇਸ ਪਰੇਡ ਦੀ ਸਾਰੀ ਵਿਉਂਤਬੰਦੀ ਨੂੰ ਉਸੇ ਹੀ ਪਿੱਠਭੂਮੀ ਵਿਚ ਰੱਖ ਕੇ ਨਿਭਾਹਿਆ ਜਾਂਦਾ ਹੈ।  ਤਣਾਅ ਭਰੇ ਚਿਹਰਿਆਂ ਨੂੰ ਲੈ ਕੇ ਪਰੇਡ ਕਰ ਰਹੇ ਫੌਜੀ ਆਪਸ ਵਿਚ ਦੁਸ਼ਮਣ ਨਹੀਂ ਹੁੰਦੇ ਅਤੇ ਨਾਂ ਹੀ ਉਨ੍ਹਾਂ ਦੀ ਕੋਈ ਆਪਸੀ ਨਾਰਾਜ਼ਗੀ  ਹੁੰਦੀ ਹੈ। ਉਹ ਸਾਰਾ ਦਿਨ ਸਰਹੱਦ ਤੇ ਹੀ ਮੌਜੂਦ ਰਹਿੰਦੇ ਹਨ ਅਤੇ ਹਰ ਰੋਜ਼ ਮੁਸਕਰਾ ਕੇ ਸਹਿਕਰਮੀਆਂ ਵਾਲੀ ਆਪਸੀ ਦੁਆ ਸਲਾਮ ਨਾਲ ਹੀ ਇਕ ਦੂਜੇ ਨਾਲ ਪੇਸ਼ ਆਉਂਦੇ ਹਨ। ਪਰ ਸ਼ਾਂਮ ਹੁੰਦਿਆਂ ਜਿਵੇਂ ਹੀ ਪਰੇਡ ਸ਼ੁਰੂ ਹੁੰਦੀ ਹੈ ਤਾਂ ਉਹ ਫੌਜੀ ਨਹੀਂ ਬਲਕਿ ਅਦਾਕਾਰ ਬਣ ਜਾਂਦੇ ਹਨ ਜਿਨ੍ਹਾਂ ਨੇ ਝੰਡਾ ਉਤਾਰਨ ਦੀ ਰਸਮ ਦੇ ਨਾਲ ਨਾਲ ਦੁਵੱਲੀ ਬੈਠੀ ਜਨਤਾ ਦਾ ਮਨੋਰੰਜਨ ਵੀ ਕਰਨਾਂ ਹੁੰਦਾ ਹੈ। ਹੁਣ ਸਾਫ ਹੈ ਕਿ ਜਿੱਥੇ ਭਾਰਤੀ ਅਤੇ ਪਾਕਿਸਤਾਂਨੀ ਦਰਸ਼ਕ ਬੈਠੇ ਹੋਣਗੇ ਉੱਥੇ ਚੜ੍ਹਦੇ ਅਤੇ ਲਹਿੰਦੇ ਪੰਜਾਬੀਆਂ ਦੇ ਆਪਸੀ ਨਿੱਘੇ ਰਿਸ਼ਤਿਆਂ ਦੀ ਪ੍ਰਵਾਹ ਕੌਣ ਕਰੇਗਾ ? ਸੋ, ਗੇਟ ਟੁੱਟਦੇ ਹਨ, ਨਾਅਰੇ ਲੱਗਦੇ ਹਨ, ਗੁੱਸੇ ਭਰੇ ਹਾਵ ਭਾਵਾਂ ਨਾਲ ਸੈਲਿਊਟ ਵੱਜਦੇ ਹਨ ਅਤੇ ਇਸ ਪਰੇਡ ਨੂੰ ਮਾਣ ਰਹੇ ਦਰਸ਼ਕ 'ਦੇਸ਼ਭਗਤੀ' ਦੇ ਜ਼ਜ਼ਬੇ ਨਾਲ ਸਰਾਬੋਰ ਹੁੰਦੇ ਰਹਿੰਦੇ ਹਨ। ਸ਼ੁਕਰ ਹੈ ਕਿ 2010 ਤੋਂ ਬਾਅਦ ਇਨ੍ਹਾਂ ਸਿਪਾਹੀਆਂ ਨੂੰ ਰਸਮ ਦੇ ਅੰਤ ਵਿਚ ਦੁਵੱਲੀ ਹੱਥ ਮਿਲਾਉਣ ਦੀ ਇਜ਼ਾਜ਼ਤ ਮਿਲੀ ਹੋਈ ਹੈ। ਆਖਰ ਇਸ ਨਾਲ ਜ਼ਿੰਮੇਵਾਰੀ ਦਾ ਅਹਿਸਾਸ ਤਾਂ ਝਲਕ ਪੈਂਦਾ ਹੈ।
ਕਿੰਨਾ ਚੰਗਾ ਹੋਵੇ ਕਿ ਇਸ ਪਰੇਡ ਨੂੰ ਸ਼ਾਂਤ ਫੌਜੀ ਜ਼ਾਬਤੇ, ਅਪਣੱਤ, ਬਿਨਾਂ ਨਾਹਰੇਬਾਜ਼ੀ ਅਤੇ ਪਿਆਰ ਵਾਲੇ ਮਾਹੌਲ ਨਾਲ ਨਿਭਾਹਿਆ ਜਾਵੇ। ਫੌਜੀ ਪਰੇਡ ਦੇ ਸਭ ਤੋਂ ਖਾਸ ਤੱਤ ਅਨੁਸ਼ਾਸਨ ਅਤੇ ਜਿੰਮੇਵਾਰੀ ਆਦਿ ਹੁੰਦੇ ਹਨ, ਨਾਂ ਕਿ ਗੁੱਸਾ ਜਾਂ ਤਣਾਅ। ਜੇਕਰ ਇਸ ਪਰੇਡ ਵਿਚ ਜਨਤਾ ਦੇ ਮਨੋਰੰਜਨ ਦੇ ਪੱਖ ਨੂੰ ਵੀ ਧਿਆਨ ਵਿਚ ਰੱਖਣਾਂ ਹੈ ਤਾਂ ਉਸ ਦੇ ਹੋਰ ਵੀ ਬਹੁਤ ਢੰਗ ਤਰੀਕੇ ਹਨ।  ਐਸਾ ਮਨੋਰੰਜਨ ਬੀਮਾਰ ਹੈ ,ਜਿਸ ਦਾ ਆਧਾਰ ਤਲਖੀ, ਗੁੱਸਾ ਜਾਂ ਨਫਰਤ ਹੋਵੇ। ਛੱਬੀ ਜਨਵਰੀ ਨੂੰ ਰਾਜ ਪਥ ਤੇ ਫੌਜ ਵੱਲੋਂ ਹੁੰਦੀਆਂ ਖੂਬਸੂਰਤ ਪੇਸ਼ਕਾਰੀਆਂ ਵਿਚ ਤਣਾਅ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਪਰ ਲੋਕ ਉਸ ਨੂੰ ਦਿਲ ਖੋਲ੍ਹ ਕੇ ਮਾਣਦੇ ਹਨ। ਦੁਨੀਆਂ ਦੇ ਕਈ ਹੋਰ ਦੇਸ਼ਾਂ ਦੀਆਂ ਸਰਹੱਦਾਂ ਤੇ ਵੀ ਇਸ ਢੰਗ ਦੀਆਂ ਰਸਮਾਂ ਹੁੰਦੀਆਂ ਹਨ ਜੋ ਸ਼ਾਂਤ ਮਾਹੌਲ ਨਾਲ ਨਿਭਦੀਆਂ ਹਨ।
 ਮੈਨੂੰ ਇਸ ਗੱਲ ਦੀ ਤਸੱਲੀ ਰਹੀ ਕਿ ਵਿਦਿਆਥੀਆਂ ਨਾਲ ਹੋਈ ਇਸ ਚਰਚਾ ਦੌਰਾਂਨ ਮੈਂ ਹਿੰਦ-ਪਾਕਿ ਦੋਸਤੀ ਮੰਚ (ਜਿਸ ਦਾ ਫੇਸਬੁੱਕ ਪੇਜ਼ ਮੇਰੇ ਕੋਲ ਉਪਲਬਧ ਸੀ) ਅਤੇ ਹੋਰ ਕਈ ਦੋਸਤਾਨਾ ਢੰਗ ਦੀਆਂ ਸਾਂਝੀਆਂ ਸਾਹਿਤਕ ਅਤੇ ਸੱਭਿਆਚਰਕ ਸੰਸਥਾਵਾਂ ਦੇ ਜਿਕਰ ਨਾਲ ਦੁਵੱਲੀ ਵੱਸਦੇ ਪੰਜਾਬੀਆਂ ਦੇ ਸੁਭਾਅ ਦੀ ਸਹੀ ਵਿਆਖਿਆ ਕਰਨ ਅਤੇ ਆਪਣੀ ਗੱਲ ਨੂੰ ਤੱਥਾਂ ਸਮੇਤ ਤਸਦੀਕ ਕਰਨ ਦੀ ਕੋਸ਼ਿਸ਼ ਵਿਚ ਸਫਲ ਹੋ ਗਿਆ। ਨਿਰੰਤਰ ਤਬਦੀਲੀ ਕੁਦਰਤ ਦਾ ਸੁਭਾਅ ਹੈ ਅਤੇ ਬੀਮਾਰ ਤੱਥਾਂ ਨੂੰ ਬਦਲ ਦੇਣਾਂ ਸਮੇਂ ਦੀ ਸਾਰਥਕ ਮੰਗ ਹੈ। ਅੱਜ ਭਾਰਤ ਅਤੇ ਪਾਕਿਸਤਾਂਨ ਸਰਕਾਰਾਂ ਦਰਮਿਆਨ ਵਾਹਗਾ ਬਾਰਡਰ ਤੋਂ ਕੁਝ ਦਰਜ਼ਨ ਕਿਲੋਮੀਟਰ ਦੀ ਦੂਰੀ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦੇਣ ਤੇ ਸਹਿਮਤੀ ਬਣ ਚੁੱਕੀ ਹੈ ਜਿਸ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ ਨੇਂ ਇਕ ਸੁਖਾਵਾਂ ਮੋੜ ਮੁੜਿਆ ਹੈ। ਜਿਸ ਦਿਨ ਵੀ ਇਹ ਲਾਂਘਾ ਖੁੱਲ੍ਹਿਆ, ਏਥੋਂ ਦੇ ਸਾਰੇ ਪ੍ਰਬੰਧ ਦੇ ਪਿੱਛੇ ਪਿਆਰ, ਸ਼ਰਧਾ ਅਤੇ ਜਿੰਮੇਵਾਰੀ ਵਾਲੇ ਤੱਤ ਹੀ ਕਾਰਜਸ਼ੀਲ ਹੋਣਗੇ। ਸਦਭਾਵਨਾਂ ਦੀ ਇਸ ਲਹਿਰ ਨੂੰ ਵਾਹਗਾ ਸਰਹੱਦ ਤੇ ਹਰ ਸ਼ਾਂਮ ਨੂੰ ਨਿਭਾਹੀ ਜਾਂਦੀ ਇਸ ਰਸਮ ਤੇ ਵੀ ਤਾਰੀ ਹੋਣਾਂ ਚਾਹੀਦਾ ਹੈ। ਜੇਕਰ ਇਸ ਰਸਮ ਸੁਖਾਵੇਂ, ਸਤਿਕਾਰ ਭਰੇ ਅਨੁਸ਼ਾਸ਼ਨ ਵਾਲੇ ਮਾਹੌਲ ਵਿਚ ਹੁੰਦੀ ਹੈ ਤਾਂ ਦੇਸ਼ ਵਿਦੇਸ਼ ਤੋਂ ਆਉਂਦੇ ਸੈਲਾਨੀਆਂ ਨੂੰ ਦੋਹਾਂ ਪੰਜਾਬਾਂ ਦੇ ਸਾਂਝ ਅਤੇ ਸਦਭਾਵਨਾਂ ਵਾਲੇ ਰਿਸ਼ਤੇ ਦੀ ਜਾਣਕਾਰੀ ਤਾਂ ਮਿਲੇਗੀ ਹੀ, ਨਾਲ ਦੀ ਨਾਲ ਉਨ੍ਹਾਂ ਤੇ ਦੋਹਾਂ ਦੇਸ਼ਾਂ ਦੇ ਸੁਧਰ ਰਹੇ ਸਬੰਧਾਂ ਦਾ ਪ੍ਰਭਾਵ ਵੀ ਪਏਗਾ। (ਸਮਾਪਤ)

yadsatkoha@yahoo.com
0048516732105
ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।

10 Jan. 2019