ਗੀਤਕਾਰੀ ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ - ਮੀਤ ਸਦੌਂ-ਗੜ੍ਹ ਵਾਲਾ

ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦਾ ਜੰਮ-ਪਲ,  ਵਰਿਆਮ ਸਿੰਘ (ਪਿਤਾ)  ਅਤੇ ਕਰਮਜੀਤ ਕੌਰ (ਮਾਤਾ) ਦਾ ਲਾਡਲਾ, ਮੀਤ ਸਦੌਂ-ਗੜ੍ਹ ਵਾਲਾ ਕਿਸੇ ਜਾਣ-ਪਛਾਣ ਦਾ ਮੁਹਥਾਜ ਨਹੀ।  ਉਸ ਦੀ ਜਾਨਦਾਰ ਤੇ ਸ਼ਾਨਦਾਰ ਕਲਮ ਹੀ ਉਸ ਦਾ ਸਿਰਨਾਵਾਂ ਬਣ ਗੁਜਰੀ ਹੈ।  ਘਰਦਿਆਂ ਦਾ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਹਲਕਿਆਂ ਦਾ ਮੀਤ ਸਦੌਂ-ਗੜ੍ਹ ਵਾਲਾ ਦਂਸਦਾ ਹੈ ਕਿ ਉਸ ਦਾ ਪਹਿਲਾ ਗੀਤ 'ਬੇਬੇ ਦਾ ਬੁਖਾਰ' ਸੇਵਕ ਰਾਜਿਸਥਾਨੀ ਅਤੇ ਸੁੱਖ ਜੈਸਵਾਲ ਦੀ ਅਵਾਜ ਵਿਚ ਰਿਕਾਰਡ ਹੋਇਆ ਸੀ, ਜਿਹੜਾ ਕਿ ਡੀ. ਡੀ. ਪੰਜਾਬੀ ਦੇ ਮਕਬੂਲ ਪ੍ਰੋਗਰਾਮ, 'ਮੇਲਾ ਮੇਲੀਆਂ ਦਾ' ਦੁਆਰਾ ਖੂਬ ਚਰਚਾ ਦਾ ਵਿਸ਼ਾ ਬਣਿਆ ।  ਇਸ ਪਹਿਲੇ ਗੀਤ ਨੇ ਹੀ ਦਰਸ਼ਕਾਂ-ਸਰੋਤਿਆਂ ਵਲੋਂ ਉਸ ਨੂੰ ਐਨਾ ਉਤਸ਼ਾਹ, ਪਿਆਰ ਅਤੇ ਮਾਣ ਬਖਸ਼ਿਆ ਕਿ ਉਹ ਹੌਸਲੇ ਅਤੇ ਹੱਲਾ-ਸ਼ੇਰੀ ਦੇ ਖੰਭਾਂ ਉਤੇ ਉਡਾਰੀਆਂ ਲਾਉਣ ਲੱਗਿਆ।   ਬਸ ਫਿਰ ਕੀ ਸੀ, ਉਸ ਨੇ ਪਿੱਛੇ ਮੁੜ ਕੇ ਨਹੀ ਦੇਖਿਆ।  ਇਸ ਵਕਤ, ਵੱਖ-ਵੱਖ ਸੁਰੀਲੀਆਂ ਅਤੇ ਦਮਦਾਰ ਅਵਾਜਾਂ ਦੁਆਰਾ ਰਿਕਾਰਡ ਹੋਏ ਡੇਢ ਦਰਜਨ ਤੋ ਵੱਧ ਗੀਤ ਡੀ. ਡੀ. ਪੰਜਾਬੀ ਅਤੇ ਹੋਰ ਵੱਖ-ਵੱਖ ਚੈਨਲਾਂ ਉਤੇ ਗੂੰਜਦੇ, ਧਮਾਲਾਂ ਪਾਉਂਦੇ ਉਸ ਦੀ ਪਛਾਣ ਦਿਨ-ਪਰ-ਦਿਨ ਹੋਰ ਵੀ ਗੂਹੜੀ ਕਰ ਰਹੇ ਹਨ।
        ਵਿਦੇਸ਼ ਤੋਂ ਵਾਪਿਸ ਪਰਤਣ ਉਪਰੰਤ ਇਕ ਮੁਲਾਕਾਤ ਦੌਰਾਨ, ਕਲਮ ਦੇ ਧਨੀ ਮੀਤ ਨੇ ਦੱਸਿਆ ਕਿ ਉਸ ਦੇ ਰਿਕਾਰਡ ਹੋਏ ਗੀਤ,  ਜਿਨ੍ਹਾਂ ਵਿਚ 'ਰਿਸ਼ਤਾ', 'ਮਸ਼ਕਰੀਆਂ', 'ਧੰਨਵਾਦ ਵਿਚੋਲਣ ਦਾ' , 'ਵੇ ਡਰੈਵਰਾ' , 'ਜੱਟ ਦੀ ਸਰਦਾਰੀ', 'ਉਡਣੇ ਸੱਪ', 'ਸਮੁੰਦਰਾਂ ਤੋਂ ਪਾਰ', 'ਸੋਨੇ ਦੀ ਡੱਬੀ' ਅਤੇ 'ਫੌਜਣ' ਆਦਿ ਰਿੰਕਾ ਬਾਈ- ਮਿਸ ਪਵਨ ਪ੍ਰੀਤ  ਦੀ ਅਵਾਜ ਵਿਚ, 'ਮਾਂ ਦੀ ਯਾਦ' , ਬੌਬੀ ਖਹਿਰਾ ਦੁਆਰਾ ਅਤੇ 'ਕੈਲਗਿਰੀ' ਸੇਵਕ ਰਾਜਿਸਥਾਨੀ ਦੀ ਅਵਾਜ ਦਾ ਸ਼ਿੰਗਾਰ ਬਣੇ ਵਿਸ਼ੇਸ਼ ਵਰਣਨ ਯੋਗ ਗੀਤ ਹਨ।  ਇਵੇਂ ਹੀ  'ਦਿਲ ਤੁੜਵਾ ਕੇ' ਅਤੇ 'ਤਮਾਸ਼ਾ' ਗੀਤ ਵੀ ਖੂਬ ਚਰਚਾ ਵਿਚ ਰਹੇ ।  ਇੱਥੇ ਹੀ ਬਸ ਨਹੀ, ਇਨ੍ਹਾਂ ਲੋਕ-ਗੀਤਾਂ ਦੇ ਨਾਲ-ਨਾਲ ਮੀਤ ਦੀ ਕਲਮ ਚੋਂ ਨਿਕਲੇ ਧਾਰਮਿਕ ਗੀਤਾਂ ਵਿਚੋਂ ਮਾਤਾ ਦੀਆਂ ਭੇਟਾਂ ਅਤੇ ਬਾਬਾ ਬਾਲਕ ਨਾਥ ਜੀ ਦੇ ਭਜਨ ਵੀ ਰਿਕਾਰਡ ਹੋ ਚੁੱਕੇ ਹਨ।
       ਆਪਣੇ ਨਿਕਟ-ਭਵਿੱਖ  ਦੇ ਨਿਸ਼ਾਨੇ ਸਾਂਝੇ ਕਰਦਿਆਂ ਮੀਤ ਨੇ ਦੱਸਿਆ ਕਿ 'ਸ਼ਗਨਾਂ ਦੇ ਲੱਡੂ', 'ਸੰਧੂਰੀ ਪੱਗ', 'ਮਛਲੀ', 'ਪਿਆਰ ਤੇਰਾ' ਅਤੇ 'ਰੱਬ ਦੇ ਰੰਗ' ਜਲਦੀ ਹੀ ਉਹ ਸਰੋਤਿਆਂ ਦੀ ਕਚਹਿਰੀ ਵਿਚ ਲੈਕੇ ਹਾਜਰ ਹੋ ਰਿਹਾ ਹੈ।  ਇਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਮੀਤ ਸਦੌਂ-ਗੜ੍ਹ ਵਾਲਾ ਨੇ ਕਿਹਾ, 'ਮੈ ਹਮੇਸ਼ਾਂ ਸਾਫ-ਸੁਥਰੇ ਐਸੇ ਸੱਭਿਆਚਾਰਕ ਗੀਤ ਹੀ ਲਿਖਦਾ ਹਾਂ, ਜਿਨ੍ਹਾਂ ਨੂੰ ਪਰਿਵਾਰ ਵਿਚ  ਬੈਠਕੇ ਸੁਣਿਆ ਅਤੇ ਮਾਣਿਆ ਜਾ ਸਕੇ।  ਅਸ਼ਲੀਲ ਗੀਤ ਨਾ ਅੱਜ ਤੱਕ ਕੋਈ ਲਿਖਿਆ ਹੈ ਅਤੇ ਨਾ ਹੀ ਅੱਗੋਂ ਲਿਖਾਂਗਾ।  ਮੇਰਾ ਹਰ ਗੀਤ ਸਮਾਜ ਨੂੰ ਕੋਈ-ਨਾ-ਕੋਈ ਸੁਨੇਹਾ ਦੇਣ ਵਾਲਾ ਹੀ ਹੁੰਦਾ ਹੈ।'
        ਮੀਤ ਸਦੌਂ-ਗੜ੍ਹ ਵਾਲਾ ਆਪਣੇ ਇਸ ਮੁਕਾਮ ਦੀ ਪ੍ਰਾਪਤੀ ਵਿਚ ਜਿੱਥੇ ਆਪਣੇ ਗਾਇਕ ਕਲਾਕਾਰਾਂ ਦਾ ਜਿਕਰ ਕਰਦਾ ਹੈ, ਉਥੇ ਉਹ ਪ੍ਰਮਾਤਮਾ ਦੀ ਓਟ, ਆਪਣੇ ਮਾਤਾ-ਪਿਤਾ ਦਾ ਅਸ਼ੀਰਵਾਦ ਅਤੇ ਧਰਮ-ਪਤਨੀ ਵਰਿੰਦਰ ਕੌਰ ਦਾ ਵੀ ਬਹੁਤ ਯੋਗਦਾਨ ਮੰਨਦਾ ਹੈ।
        ਰੱਬ ਕਰੇ !   ਸਾਫ-ਸੁਥਰੀ ਗਾਇਕੀ ਦਾ ਪਹਿਰੇਦਾਰ, ਪੰਜਾਬੀ ਮਾਂ-ਬੋਲੀ ਦਾ ਪੁਜਾਰੀ, ਮੀਤ ਸਦੌਂ-ਗੜ੍ਹ ਵਾਲਾ, ਸੰਗੀਤਕ ਹਲਕਿਆਂ ਵਿਚ ਨਾਮਨਾ ਖੱਟਦਾ, ਗੀਤਕਾਰੀ ਦੀਆਂ ਮੰਜਲਾਂ ਸਰ ਕਰਦਾ, ਹੋਰ ਵੀ ਬੁਲੰਦੀਆਂ ਨੂੰ ਜਾ ਛੂਹਵੇ ! ਆਮੀਨ ! 

-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਮੀਤ ਸਦੌਂ-ਗੜ੍ਹ ਵਾਲਾ,  07807464033, 09816261322