ਅਵਾਮ ਦੀਆਂ ਲੋੜਾਂ-ਥੁੜਾਂ ਅਤੇ ਸਿਆਸੀ ਪਾਰਟੀਆਂ ਦੀ ਪਹੁੰਚ - ਗੁਰਚਰਨ ਸਿੰਘ ਨੂਰਪੁਰ

ਮੁਲਕ ਦੀ ਆਜ਼ਾਦੀ ਲਈ ਸਾਡੀ ਧਰਤੀ ਦੇ ਜਾਇਆਂ ਨੇ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ, ਅੰਗਰੇਜ਼ ਹਕੂਮਤ ਖਿਲਾਫ ਲਹੂ ਵੀਟਵੀਂ ਲੜਾਈ ਲੜੀ ਪਰ ਹਾਕਮਾਂ ਨੇ ਇਸ ਮੁਲਕ ਦੇ ਜੋ ਹਾਲਾਤ ਬਣਾ ਦਿੱਤੇ ਹਨ, ਇਹ ਉਨ੍ਹਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਮੁਲਕ ਬਿਲਕੁਲ ਨਹੀਂ ਹੈ। ਅਮਰੀਕਾ ਕੈਨੇਡਾ ਵਰਗੇ ਮੁਲਕਾਂ ਦੇ ਸੁੱਖ-ਆਰਾਮ ਤਿਆਗ ਕੇ ਗਦਰੀ ਬਾਬੇ ਆਜ਼ਾਦੀ ਖ਼ਾਤਰ ਸਿਰਾਂ ਉੱਤੇ ਕਫਨ ਬੰਨ੍ਹ ਵਤਨ ਪਰਤੇ ਸਨ। ਉਨ੍ਹਾਂ ਦਾ ਸੁਪਨਾ ਸੀ ਕਿ ਮੁਲਕ ਦੇ ਲੋਕ ਇੱਜ਼ਤ ਸਵੈਮਾਣ ਦੀ ਜ਼ਿੰਦਗੀ ਜਿਊਣ ਦੇ ਕਾਬਲ ਬਣ ਸਕਣਗੇ, ਆਜ਼ਾਦ ਫਿਜ਼ਾ ਵਿਚ ਸਾਹ ਲੈਣਗੇ ਪਰ ਆਏ ਦਿਨ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ।
        ਅੱਜ ਮੁਲਕ ਜਿਸ ਚੌਰਾਹੇ ਉੱਤੇ ਖੜ੍ਹਾ ਹੈ, ਉੱਥੇ ਅਵਾਮ ਕੋਲ ਸਮੱਸਿਆਵਾਂ ਹੀ ਸਮੱਸਿਆਵਾਂ ਹਨ। ਬੇਰੁਜ਼ਗਾਰੀ ਪੱਖੋਂ ਹਾਲਾਤ ਵਿਸਫੋਟਕ ਹਨ। ਉਂਜ ਤਾਂ ਦੁਨੀਆ ਭਰ ਵਿਚ ਬੇਰੁਜ਼ਗਾਰੀ ਵੱਡੀ ਸਮੱਸਿਆ ਹੈ ਪਰ ਹਿੰਦੋਸਤਾਨ ਵਿਚ ਇਹ ਭਿਆਨਕ ਰੂਪ ਅਖਤਿਆਰ ਕਰ ਰਹੀ ਹੈ। ਗਊ ਰੱਖਿਆ, ਬੁੱਤ-ਮੂਰਤੀਆਂ, ਸ਼ਹਿਰਾਂ ਦੇ ਨਾਮ ਬਦਲਣ, ਵੱਖ ਵੱਖ ਫਿਰਕਿਆਂ ਵਿਚ ਲੜਾਈਆਂ ਝਗੜੇ ਕਰਵਾ ਕੇ ਅੱਜ ਕੁਝ ਸਿਆਸੀ ਨੇਤਾ ਲੋਕਾਂ ਦੀਆਂ ਸਮੱਸਿਆਵਾਂ ਘਟਾਉਣ ਦੀ ਬਜਾਏ ਵਧਾ ਕਰ ਰਹੇ ਹਨ। ਕੁਝ ਸਾਲ ਪਹਿਲਾਂ ਤੱਕ ਲੋਕਾਂ ਨੂੰ ਲਾਰਿਆਂ ਵਾਅਦਿਆਂ ਨਾਲ ਵਰਚਾਇਆ ਜਾਂਦਾ ਸੀ ਪਰ ਅੱਜ ਸਿਆਸੀ ਪ੍ਰਬੰਧ ਸ਼ਾਇਦ ਵਧੇਰੇ ਆਧੁਨਿਕ ਹੋ ਗਈ ਹੈ, ਹੁਣ ਇਸ ਤੋਂ ਦੋ ਕਦਮ ਅੱਗੇ ਜਾ ਕੇ ਲੋਕਾਂ ਅੱਗੇ ਜੁਮਲੇ ਪਰੋਸੇ ਜਾਣ ਲੱਗੇ ਹਨ। ਲੋਕ ਮੰਗਦੇ ਕੁਝ ਹੋਰ ਹਨ, ਉਨ੍ਹਾਂ ਅੱਗੇ ਪਰੋਸਿਆ ਕੁਝ ਹੋਰ ਜਾਂਦਾ ਹੈ। ਕਈ ਵਾਰ ਤਾਂ ਮੁਫਤ ਤੀਰਥ ਯਾਤਰਾ ਵਰਗੀਆਂ ਅਜਿਹੀਆਂ ਸਕੀਮਾਂ ਪਰੋਸੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਕਦੇ ਚਿੱਤ-ਚੇਤਾ ਵੀ ਨਹੀਂ ਹੁੰਦਾ। ਬਿਮਾਰੀ ਦਾ ਇਲਾਜ ਨਹੀਂ ਬਲਕਿ ਬਿਮਾਰੀ ਦੇ ਲੱਛਣਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ।
        ਫੈਕਟਰੀਆਂ ਕਾਰਖਾਨਿਆਂ ਦੇ ਰਸਾਇਣਾਂ ਵਾਲੇ ਪਾਣੀ ਨਾਲ ਦਰਿਆ ਗੰਦੇ ਨਾਲਿਆਂ ਦਾ ਰੂਪ ਅਖ਼ਤਿਆਰ ਕਰ ਗਏ ਹਨ ਪਰ ਦੱਸਿਆ ਇਹ ਜਾ ਰਿਹਾ ਹੈ ਕਿ ਦਰਿਆਵਾਂ ਦੀ ਸਫਾਈ ਉੱਤੇ ਐਨੇ ਕਰੋੜ ਖਰਚੇ ਜਾਣਗੇ। ਹਕੀਕਤ ਇਹ ਹੈ ਕਿ ਕਿਸੇ ਵੀ ਦਰਿਆ ਨੂੰ ਕਦੇ ਸਾਫ ਕਰਨ ਦੀ ਲੋੜ ਹੀ ਨਹੀਂ ਪੈਂਦੀ, ਦਰਿਆ ਹਰ ਸਾਲ ਆਪਣੇ ਆਪ ਨੂੰ ਆਪ ਹੀ ਸਾਫ ਕਰ ਲੈਂਦੇ ਹਨ। ਲੋੜ ਤਾਂ ਇਹ ਹੈ ਕਿ ਇਸ ਵਿਚ ਗੰਦਾ ਪਾਣਾ ਅਤੇ ਕੂੜਾ ਕਰਕਟ ਸੁੱਟਣਾ ਬੰਦ ਕੀਤਾ ਜਾਵੇ ਪਰ ਅਜਿਹਾ ਨਹੀਂ ਹੁੰਦਾ, ਕਿਉਂਕਿ ਫੈਕਟਰੀਆਂ ਕਾਰਖਾਨਿਆਂ ਤੋਂ ਪਾਰਟੀਆਂ ਲਈ ਚੰਦੇ ਆਉਂਦੇ ਹਨ। ਲੋਕ ਪੈਣ ਢੱਠੇ ਖੂਹ ਵਿਚ। ਉਹ ਗੰਦਾ ਪਾਣੀ ਪੀ ਪੀ ਕੈਂਸਰ ਅਤੇ ਪੀਲੀਏ ਦੇ ਸ਼ਿਕਾਰ ਬਣ ਹਸਪਤਾਲਾਂ ਵਿਚ ਹੱਡ ਰਗੜਦੇ ਹਨ। ਲੱਖਾਂ ਗਰੀਬ ਲੋਕਾਂ ਕੋਲ ਰਹਿਣ ਲਈ ਘਰ ਨਹੀਂ ਪਰ ਉਨ੍ਹਾਂ ਨੂੰ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ। ਹਵਾ, ਮਿੱਟੀ ਅਤੇ ਪਾਣੀ ਦੇ ਪ੍ਰਦੂਸ਼ਨ ਨਾਲ ਗੰਦਾ ਵਾਤਾਵਰਨ ਬਿਮਾਰੀਆਂ ਪੈਦਾ ਕਰਨ ਦਾ ਜ਼ਰੀਆ ਬਣ ਰਿਹਾ ਹੈ, ਪਰ ਲੋਕਾਂ ਨੂੰ ਇਲਾਜ ਲਈ ਨੀਲੇ ਪੀਲੇ ਕਾਰਡ ਦੇ ਕੇ ਸਾਰਿਆ ਜਾ ਰਿਹਾ ਹੈ। ਔਰਤਾਂ ਦੀ ਸੁਰੱਖਿਆ ਲਈ ਜਾਗਰੂਕਤਾ ਪੈਦਾ ਕਰਕੇ ਔਰਤ ਪ੍ਰਤੀ ਮਾਨਸਿਕਤਾ ਬਦਲਣ ਦੀ ਲੋੜ ਹੈ ਪਰ ਵੱਖ ਵੱਖ ਥਾਈ ਕੈਮਰੇ ਲਾ ਕੇ ਔਰਤਾਂ ਦੀ ਰਾਖੀ ਕਰਨ ਦਾ ਢੰਗ ਸੋਚਿਆ ਜਾ ਰਿਹਾ ਹੈ। ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਜੋ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਪਰ ਇਸ ਤੋਂ ਉਲਟ, ਸਾਧ ਬਣੇ ਸਿਆਸੀ ਨੇਤਾ ਆਪਣੇ ਫਿਰਕਿਆਂ ਨੂੰ ਫਰਮਾਨ ਜਾਰੀ ਕਰ ਰਹੇ ਹਨ ਕਿ ਵਧ ਬੱਚੇ ਪੈਦਾ ਕਰੋ, ਕਿਤੇ ਕੌਮ ਦੀ ਗਿਣਤੀ ਘਟ ਨਾ ਜਾਵੇ। ਜਿਨ੍ਹਾਂ ਸਾਧਾਂ ਨੇ ਆਪ ਵਿਆਹ ਵੀ ਨਹੀਂ ਕਰਵਾਇਆ, ਉਹ ਵੀ ਅਕਸਰ ਵੱਧ ਬੱਚੇ ਪੈਦਾ ਕਰਨ ਦੇ ਬਿਆਨ ਜਾਰੀ ਕਰਦੇ ਹਨ।
         ਸਮੁੱਚੇ ਵਿਕਾਸ ਲਈ ਲੋੜ ਤਾਂ ਇੱਥੋਂ ਦੀਆਂ ਸਨਅਤਾਂ ਨੂੰ ਬਚਾਉਣ ਦੀ ਹੈ ਪਰ ਉਲਟਾ ਗਲਾ ਘੁੱਟ ਕੇ ਇਹ ਬੰਦ ਕੀਤੀਆਂ ਜਾ ਰਹੀਆਂ ਹਨ ਅਤੇ ਬਾਹਰਲੀਆਂ ਕੰਪਨੀਆਂ ਨੂੰ ਸਨਅਤਾਂ ਲਾਉਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਫਿਰਕਾਪ੍ਰਸਤੀ ਨੂੰ ਜਾਣਬੁੱਝ ਕੇ ਹਵਾ ਦਿੱਤੀ ਜਾਂਦੀ ਹੈ ਜਿਸ ਨਾਲ ਅਮਨ ਕਾਨੂੰਨ ਦੇ ਹਾਲਾਤ ਬਦਤਰ ਹੋ ਰਹੇ ਹਨ। ਅਜਿਹੇ ਬਿਆਨ ਦੇਣ ਵਾਲੇ ਕੁਝ ਕੁ ਨੇਤਾਵਾਂ ਨੂੰ ਖੁੱਲ੍ਹਾ ਹੀ ਨਹੀਂ ਛੱਡਿਆ ਜਾਂਦਾ ਸਗੋਂ ਸੁਰੱਖਿਆ ਕਰਮੀ ਮਿਲੇ ਹੋਏ ਹਨ। ਦੂਜੇ ਪਾਸੇ ਹਿੰਸਕ ਭੀੜਾਂ ਨੂੰ ਕਾਬੂ ਕਰਨ ਲਈ ਨਵੇਂ ਕਾਨੂੰਨ ਬਣਾਉਣ ਬਾਰੇ ਸੋਚਿਆ ਜਾ ਰਿਹਾ ਹੈ। ਨਵੀਂ ਪੀੜ੍ਹੀ ਨੂੰ ਚੰਗੀ, ਸਸਤੀ ਅਤੇ ਇਕਸਾਰ ਵਿਦਿਆ ਦੀ ਲੋੜ ਹੈ, ਡਿਗਰੀ ਹੋਲਡਰਾਂ ਨੂੰ ਨੌਕਰੀ ਦੀ ਲੋੜ ਹੈ ਪਰ ਉਨ੍ਹਾਂ ਨੂੰ ਮੁਫਤ ਮੋਬਾਇਲ ਦੇਣ ਦੇ ਬਿਆਨ ਆ ਰਹੇ ਹਨ। ਲੋਕ ਰੋਜ਼ਗਾਰ ਮੰਗਦੇ ਹਨ, ਸੱਤਾ ਉਨ੍ਹਾਂ ਨੂੰ ਮੁਫਤ ਦਾਲ ਆਟਾ ਦੇ ਰਹੀ ਹੈ। ਸੜਕਾਂ ਉੱਤੇ ਫਿਰਦੇ ਪਸ਼ੂਆਂ ਨਾਲ ਟਕਰਾ ਕੇ ਹਰ ਰੋਜ਼ ਕੀਮਤੀ ਜਾਨਾਂ ਜਾਂਦੀਆਂ ਹਨ ਪਰ ਸਰਕਾਰਾਂ ਗਾਵਾਂ ਦੇ ਸਿੰਗਾਂ ਤੇ ਪੂਛਾਂ 'ਤੇ ਸਟਿੱਕਰ ਲਾਉਣ ਦੀਆਂ ਮੁਹਿੰਮਾਂ ਚਲਾ ਰਹੀਆਂ ਹਨ। ਇਹ ਕਿਹੋ ਜਿਹੀ ਵਿਵਸਥਾ ਹੈ ਜਿਸ ਵਿਚ ਅਸੀਂ ਰਹਿ ਰਹੇ ਹਾਂ? ਇਸ ਵਿਵਸਥਾ ਦੇ ਸਿਰਜਕ ਕੌਣ ਹਨ?
        ਲੋਕਾਂ ਦੀ ਹੋਣੀ ਇਹ ਬਣ ਗਈ ਕਿ ਇਹ ਕਿਸੇ ਇਕ ਸਿਆਸੀ ਪਾਰਟੀ ਦੇ ਸ਼ਾਸਨ ਤੋਂ ਅੱਕ ਕੇ ਦੂਜੀ 'ਤੇ ਵਿਸ਼ਵਾਸ ਕਰਕੇ ਉਸ ਨੂੰ ਜਿਤਾਉਂਦੇ ਹਨ, ਸੱਤਾ ਵਿਚ ਲਿਆਉਂਦੇ ਹਨ ਪਰ ਬਾਅਦ ਵਿਚ ਮਹਿਸੂਸ ਕਰਦੇ ਹਨ ਕਿ ਬਦਲਿਆ ਤਾਂ ਕੁਝ ਵੀ ਨਹੀ੬ਂ। ਕੇਵਲ ਰਾਜ ਕਰਨ ਵਾਲੀ ਪਾਰਟੀ ਦਾ ਨਾਮ ਅਤੇ ਚਿਹਰੇ ਹੀ ਬਦਲਦੇ ਹਨ। ਕਈ ਵਾਰ ਤਾਂ ਚਿਹਰੇ ਵੀ ਉਹੀ ਹੀ ਰਹਿੰਦੇ ਹਨ। ਹੁਣ ਲੋਕ ਸਭਾ ਚੋਣਾਂ ਦੀ ਆਹਟ ਨਾਲ ਸੱਤਾਧਾਰੀ ਪਾਰਟੀ ਦਾ ਸਾਰਾ ਜ਼ੋਰ ਇਸ ਗੱਲ ਉੱਤੇ ਲੱਗ ਜਾਵੇਗਾ ਕਿ ਮੁਲਕ ਵਿਕਾਸ ਦੇ ਰਾਹ ਉੱਤੇ ਚੱਲ ਪਿਆ ਹੈ, ਸਭ ਕੁਝ ਬਦਲ ਗਿਆ ਹੈ, ਜਿਵੇਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਜਾਂਦੇ ਸਮੇਂ 'ਸ਼ਾਈਨਿੰਗ ਇੰਡੀਆ' ਦਾ ਨਾਹਰਾ ਦਿੱਤਾ ਸੀ। ਦੂਜੇ ਪਾਸੇ ਵਿਰੋਧੀ ਧਿਰਾਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨਗੀਆਂ ਕਿ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸੱਤਾਧਾਰੀ ਪਾਰਟੀਆਂ ਜਿੰਨਾ ਪੈਸਾ ਆਪਣੀਆਂ ਪ੍ਰਾਪਤੀਆਂ ਦੱਸਣ ਲਈ ਪਾਣੀ ਵਾਂਗ ਵਹਾ ਦਿੰਦੀਆਂ ਹਨ, ਉਸ ਪੈਸੇ ਨਾਲ ਵੀ ਭੁੱਖ-ਨੰਗ ਅਤੇ ਗਰੀਬੀ ਨਾਲ ਘੁਲਦੇ ਲੋਕਾਂ ਅਤੇ ਇਲਾਜ ਖੁਣੋਂ ਤਿਲ ਤਿਲ ਮਰਦੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਪਰ ਸਿਆਸੀ ਗਲਿਆਰਿਆਂ 'ਚੋਂ ਸੇਵਾ ਭਾਵਨਾ ਦੀ ਹਰ ਸ਼ੈਅ ਨੂੰ ਹੁਣ ਫੰਡਰ ਪਸ਼ੂ ਵਾਂਗ ਕੁੱਟ ਕੇ ਬਾਹਰ ਕਰ ਦਿੱਤਾ ਗਿਆ। ਹੁਣ ਸਫਲ ਨੇਤਾ ਉਹ ਨਹੀਂ ਜਿਸ ਅੰਦਰ ਲੋਕਾਂ ਪ੍ਰਤੀ ਸੇਵਾ ਭਾਵਨਾ ਦੀ ਇੱਛਾ ਹੋਵੇ ਬਲਕਿ ਉਹ ਹੈ ਜੋ ਵੱਡਾ ਭਰਮ ਅਤੇ ਵੱਡੇ ਝੂਠਾਂ ਦਾ ਸਿਰਜਕ ਹੋਵੇ, ਅਜਿਹੇ ਝੂਠ ਜੋ ਅਵਾਮ ਨੂੰ ਪੈਂਦੀ ਸੱਟੇ ਸੱਚ ਲੱਗਣ ਲੱਗ ਪੈਣ।
        ਹਾਲਾਤ ਇੱਥੋਂ ਤੱਕ ਨਿੱਘਰ ਗਏ ਹਨ ਕਿ ਆਬਾਦੀ ਦੇ ਵਾਧੇ ਦੇ ਬਾਵਜੂਦ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ ਹੈ। ਇਹ ਫਿਕਰ ਵਾਲੇ ਮਸਲੇ ਹਨ ਪਰ ਮੁਲਕ ਦੇ ਸਿਆਸੀ ਨੇਤਾ ਲੋਕਾਂ ਨੂੰ ਤਿੰਨ ਤਲਾਕ, ਮੰਦਰ ਮਸਜਿਦ, ਕਿਹੜਾ ਨੇਤਾ ਕਿਸ ਤਰੀਕ ਨੂੰ ਕਿਸ ਮੰਦਰ ਵਿਚ ਗਿਆ, ਵਰਗੇ ਮਸਲਿਆਂ ਵਿਚ ਉਲਝਾ ਕੇ ਹਕੀਕੀ ਮਸਲਿਆਂ ਤੋਂ ਧਿਆਨ ਭਟਕਾ ਰਹੇ ਹਨ। ਬੇਕਾਰੀ, ਮਹਿੰਗਾਈ ਨਾਲ ਲੋਕ ਹਾਹਾਕਾਰ ਕਰ ਰਹੇ ਹਨ। ਬੇਰੁਜ਼ਗਾਰੀ ਵਰਗੇ ਵੱਡੇ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਹਾਲਾਤ ਹੁਣ ਇਹ ਹਨ ਕਿ ਸਰਕਾਰਾਂ ਬੇਰੁਜ਼ਗਾਰਾਂ ਤੋਂ ਵੀ ਕਮਾਈਆਂ ਕਰਨ ਲੱਗ ਪਈਆਂ ਹਨ। ਵੱਖ ਵੱਖ ਅਦਾਰਿਆਂ ਲਈ ਅਸਾਮੀਆਂ ਤਾਂ ਗਿਣਤੀ ਦੀਆਂ ਹੁੰਦੀਆਂ ਹਨ ਪਰ ਲਾਈਨਾਂ ਵਿਚ ਲੱਖਾਂ ਲੋਕ ਲੱਗ ਜਾਂਦੇ ਹਨ। ਮੁਲਕ ਵਿਚ ਵਧ ਰਹੀ ਬੇਕਾਰੀ ਦਾ ਫਾਇਦਾ ਬਾਹਰਲੇ ਮੁਲਕ ਅਸਾਨੀ ਨਾਲ ਲੈ ਰਹੇ ਹਨ। ਆਇਲੈੱਟਸ ਨਾਲ ਹੀ ਮੁਲਕ ਦੇ ਖਰਬਾਂ ਰੁਪਏ ਹਰ ਰੋਜ਼ ਬਾਹਰ ਜਾ ਰਹੇ ਹਨ। ਮਾਪੇ ਜ਼ਮੀਨਾਂ ਜਾਇਦਾਦਾਂ ਵੇਚ ਰਹੇ ਹਨ ਅਤੇ ਬੱਚੇ ਦੂਜੇ ਮੁਲਕਾਂ ਲਈ ਜਹਾਜ਼ ਚੜ੍ਹ ਰਹੇ ਹਨ ਪਰ ਇਨ੍ਹਾਂ ਵਿਚੋਂ ਕਈਆਂ ਨੂੰ ਸਬੰਧਤ ਮੁਲਕ ਦੇ ਹਵਾਈ ਅੱਡੇ ਤੋਂ ਹੀ ਵਾਪਸ ਭੇਜਿਆ ਜਾਣ ਲੱਗਿਆ ਹੈ। ਵੱਡੀਆਂ ਰਕਮਾਂ ਖਰਚ ਕੇ ਸੁਪਨੇ ਦੇਖਣ ਵਾਲੇ ਇਹ ਵਿਦਿਆਰਥੀ ਨਾ ਘਰ ਦੇ, ਨਾ ਘਾਟ ਦੇ ਹੋ ਕੇ ਰਹਿ ਜਾਂਦੇ ਹਨ। ਸਾਡੀਆਂ ਸਰਕਾਰਾਂ ਇਸ ਲਈ ਕੀ ਕਰ ਰਹੀਆਂ ਹਨ? ਜ਼ਾਹਿਰ ਹੈ ਕਿ ਕੁਝ ਵੀ ਨਹੀਂ। ਮੁਲਕ ਵਿਚ ਰੁਜ਼ਗਾਰ ਨਹੀਂ, ਦੇਸੀ ਸਨਅਤਾਂ ਦਾ ਮੰਦੜਾ ਹਾਲ ਹੈ, ਸਰਕਾਰੀ ਨੌਕਰੀਆਂ ਬੰਦ ਹਨ, ਕਰਜ਼ਿਆਂ ਤੋਂ ਬੇਹਾਲ ਕਿਸਾਨ ਫਾਹਾ ਲੈਣ ਲੱਗੇ ਹਨ। ਇਸ ਨਿਜ਼ਾਮ ਦੀ ਸਿਰਜਣਾ ਇਕ ਦਿਨ ਵਿਚ ਨਹੀਂ ਹੋਈ। ਇਸ ਦੇ ਲਈ ਜ਼ਿੰਮੇਵਾਰ ਕੌਣ ਹੈ?
       ਖੈਰ! ਲੋਕਾਂ ਦੀਆਂ ਲੋੜਾਂ-ਥੁੜਾਂ, ਸਮੱਸਿਆਵਾਂ ਅਤੇ ਮੁਸ਼ਕਿਲਾਂ ਤੋਂ ਧਿਆਨ ਹਟਾ ਕੇ ਹੋ ਸਕਦਾ ਹੈ, ਕੁਝ ਹੱਦ ਤੱਕ ਉਨ੍ਹਾਂ ਨੂੰ ਵਰਗਲਾਇਆ ਜਾ ਸਕੇ ਪਰ ਇਹ ਸਭ ਕੁਝ ਭਲਾ ਕਿੰਨਾ ਚਿਰ ਚੱਲ ਸਕਦਾ ਹੈ? ਹੁਣ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖੈਰਾਤਾਂ ਵੰਡਣ ਵਾਲਿਆਂ ਦੀ ਬਜਾਏ ਉਨ੍ਹਾਂ ਸੁਹਿਰਦ ਨੇਤਾਵਾਂ ਨੂੰ ਅੱਗੇ ਲਿਆਉਣ ਜਿਨ੍ਹਾਂ ਕੋਲ ਮੁਲਕ ਦੇ ਲੋਕਾਂ ਲਈ ਕੋਈ ਠੋਸ ਪ੍ਰੋਗਰਾਮ ਹੈ।

ਸੰਪਰਕ : 98550-51099
10 Jan. 2019