ਜਨਮ ਦਿਨ ਤੇ ਵਿਸ਼ੇਸ਼ : ਸਹਿਨਸਾਹੋਂ-ਕੇ-ਸਹਿਨਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਮਨੁੱਖੀ ਹੱਕਾਂ ਦੀ ਬਹਾਲੀ ਅਤੇ ਮਨੁੱਖਾਂ ਦੀ ਧਾਰਮਿਕ ਅਜ਼ਾਦੀ ਲਈ ਆਪਣਾ ਸਮੁੱਚਾ ਪਰਿਵਾਰ ਵਾਰਨ ਵਾਲੀ ਉੱਚੀ-ਸੁੱਚੀ ਸ਼ਖਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕਲੰਡਰ ਦੇ ਅਨੁਸਾਰ 13 ਜਨਵਰੀ 2019 ਨੂੰ ਮਨਾਇਆ ਜਾ ਰਿਹਾ ਹੈ। ਅਦੁੱਤੀ ਸ਼ਖਸੀਅਤ ਕਲਮ ਦੇ ਧਨੀ,ਚਿਹਰੇ ਤੇ ਰੱਬੀ ਨੂਰ,ਕੁਦਰਤੀ ਕ੍ਰਿਸ਼ਮਿਆਂ ਤੋਂ ਆਪੇ ਜਾਣੀ-ਜਾਣ ਸਿੱਖ ਧਰਮ ਦੇ ਦਸ਼ਵੇਂ ਗੁਰੂ ਵਾਹੁ-ਵਾਹੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ 1666 ਈ: 'ਚ 22 ਦਸੰਬਰ ਨੂੰ ਪਟਨਾ ਸਾਹਿਬ(ਬਿਹਾਰ) ਵਿਖੇ ਹੋਇਆ। ਆਪ ਜੀ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ। ਗੁਰੂ ਜੀ ਦਾ ਵਿਆਹ ਮਾਤਾ ਜੀਤੋ ਜੀ,ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਹੋਇਆ। ਆਪ ਜੀ ਦੇ ਘਰ ਚਾਰ ਪੁੱਤਰ ਸਹਿਬਜ਼ਾਦਾ ਅਜੀਤ ਸਿੰਘ,ਸਹਿਬਜ਼ਾਦਾ ਜੁਝਾਰ ਸਿੰਘ,ਸਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਹਿਬਜ਼ਾਦਾ ਫਤਹਿ ਸਿੰਘ ਨੇ ਜਨਮ ਲਿਆ। ਗੁਰੂ ਜੀ ਦੇ ਬਚਪਨ ਦੇ ਪੰਜ/ਛੇ ਸਾਲ ਪਟਨਾ ਸਾਹਿਬ ਵਿਖੇ ਹੀ ਬੀਤੇ । ਆਪ ਜੀ ਨੇ ਆਪਣੀ ਵਿਦਿਆ ਆਨੰਦਪੁਰ ਸਾਹਿਬ ਵਿਖੇ ਚੰਗੀ ਪਾਠਸ਼ਾਲਾ ਤੋਂ ਕੀਤੀ। ਇੰਨ੍ਹਾਂ ਵਿੱਚ ਹੀ ਗੁਰੂ ਜੀ ਨੇ ਸੰਸ਼ਕ੍ਰਿਤ ਅਤੇ ਫਾਰਸ਼ੀ ਦੀ ਪੜ੍ਹਾਈ ਕੀਤੀ। ਗੁਰਮੁੱਖੀ ਅਤੇ ਧਾਰਮਿਕ ਗਿਆਨ ਮਾਤਾ ਜੀ ਤੋਂ ਹੀ ਪ੍ਰਾਪਤ ਕੀਤਾ। ਗੁਰਬਾਣੀ ਦਾ ਅਧਿਐਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਬਾਰੇ ਸਿੱਖਿਆ ਮੁਨਸ਼ੀ ਸਾਹਿਬ ਚੰਦ ਕੋਲੋ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਨੇ ਸ਼ਾਸਤਰ ਵਿੱਦਿਆ ਅਤੇ ਘੋੜ ਸਵਾਰੀ ਦੇ ਵੀ ਗੁਰ ਸਿੱਖੇ। ਗੁਰੂ ਜੀ ਬਚਪਨ ਤੋਂ ਹੀ ਆਪਣੇ ਹਾਣੀਆਂ ਨਾਲ ਟੋਲੀਆਂ ਦੇ ਰੂਪ ਵਿੱਚ ਫਰਜੀ ਲੜਾਈਆਂ ਕਰਦੇ ਰਹਿੰਦੇ ਸਨ। ਜਦ ਆਪ ਜੀ ਦੀ ਉਮਰ ਨੌ ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਸ਼ਹਾਦਤ ਪ੍ਰਾਪਤ ਕਰ ਜਾਣ ਤੇ ਸਾਰੀ ਜਿੰਮੇਵਾਰੀ ਆਪ ਜੀ ਤੇ ਆਣ ਪਈ। ਇਸ ਉਪਰੰਤ ਕੁਝ ਦਿਨਾਂ ਬਾਅਦ (1675 ਈ:) ਵਿੱਚ ਬਾਲਗ ਉਮਰੇ ਹੀ ਸੰਗਤ ਦੀ ਅਗਵਾਈ ਵਿੱਚ ਗੁਰੂਗੱਦੀ ਸੰਭਾਲ ਲਈ। ਉਸ ਸਮੇਂ ਗੁਰੂ ਜੀ ਸਾਹਮਣੇ ਤਿੰਨ ਵਿਰੋਧੀ ਤਾਕਤਾਂ ਔਰਗਜ਼ੇਬ,ਪਹਾੜੀ ਹਿੰਦੂ ਰਾਜੇ ਅਤੇ ਪ੍ਰਿਥੀਏ,ਧੀਰ ਮੱਲੀਏ,ਰਾਮ ਰਾਈਏ ਦਾ ਬੋਲਬਾਲਾ ਸੀ। ਉਸ ਸਮੇਂ ਗੁਰੂ ਜੀ ਨੂੰ ਇੰਨਾਂ ਤਿੰਨਾਂ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨ ਲਈ ਸਾਥੀਆਂ,ਫੌਜ ਅਤੇ ਲੜਾਈਆਂ ਲਈ ਹਥਿਆਰਾਂ ਦੀ ਕਾਫੀ ਘਾਟ ਸੀ। ਜਦ ਗੁਰੂ ਜੀ ਨੂੰ ਪਤਾ ਚੱਲਿਆ ਕਿ ਨੌਵੇਂ ਗੁਰੂ ਜੀ ਦੀ ਸ਼ਹਾਦਤ ਤੇ ਸਿੱਖਾਂ ਦੇ ਦਿਲਾਂ ਵਿੱਚ ਇੰਨ੍ਹਾਂ ਡਰ ਪੈਦਾ ਹੋ ਗਿਆ ਤਾਂ ਇਸ ਗੱਲ ਦਾ ਗੁਰੂ ਜੀ ਨੂੰ ਬਹੁਤ ਦੁੱਖ ਹੋਇਆ। ਇੰਨ੍ਹਾਂ ਤਿੰਨਾਂ ਤਾਕਤਾਂ ਨੂੰ ਠੱਲ ਪਾਉਣ ਲਈ ਗੁਰੂ ਜੀ ਨੇ ਪੱਕਾ ਮਨ ਬਣਾ ਲਿਆ ਸੀ ਅਤੇ ਇਸ ਲਈ ਉਨ੍ਹਾਂ ਨੇ ਅਜਿਹੇ ਸੂਰਮਿਆਂ ਦੀ ਫੌਜ ਤਿਆਰ ਕਰਨੀ ਸ਼ੂਰੂ ਕਰ ਦਿੱਤੀ। ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ,ਦਿਲਾਂ ਵਿੱਚ ਦਇਆ,ਧਰਮ,ਸੰਤੌਖ ਹੋਵੇ ਅਤੇ ਉਹ ਹੋ ਰਹੇ ਅੱਤਿਆਚਾਰ ਨੂੰ ਠੱਲ ਪਾਉਣ ਲਈ ਆਪਣੀਆਂ ਜਾਨਾਂ ਵਾਰ ਦੇਣ ਲਈ ਤੱਤਪਰ ਹੋਣ। ਗੁਰੂ ਜੀ ਨੇ ਆਪਣੀ ਇਸ ਇਨਕਲਾਬੀ ਯੋਜਨਾ ਨੂੰ ਸਿਰੇ ਚਾੜਣ ਲਈ ਲੋਕਾਂ ਵਿੱਚ ਗੁਲਾਮੀ ਵਾਲੀ ਮਾਨਸਿਕਤਾ ਨੂੰ ਬਦਲਕੇ ਅਜ਼ਾਦ ਕੌਮ ਵਾਲੀ ਸੋਚ ਉਨਾ ਦੇ ਮਨਾਂ ਵਿੱਚ ਭਰਨੀ ਸ਼ੁਰੂ ਕਰ ਦਿੱਤੀ। ਗੁਰੂ ਜੀ ਨੇ ਦੇਸ ਭਰ ਦੇ ਕਵੀਆਂ ਨੂੰ ਖੁੱਲਾ ਬੁਲਾਵਾ ਦਿੱਤਾ ਅਤੇ ਉਸ ਸਮੇਂ ਦੇ ਉੱਘੇ 52 ਕਵੀਆਂ ਤੋਂ ਗੁਰੂ ਜੀ ਨੇ ਆਪਣੇ ਦਰਬਾਰ ਵਿੱਚ ਪੁਰਾਤਨ ਧਰਮ ਗ੍ਰੰਥਾਂ ਦਾ ਅਨੁਵਾਦ ਕਰਵਾਇਆ। ਗੁਰੂ ਜੀ ਨੇ ਆਪਣੇ ਜੀਵਨਕਾਲ ਦੌਰਾਨ ਧਰਮ ਨੂੰ ਬਚਾਉਣ ਲਈ ਅਨੇਕਾਂ ਲੜਾਈਆਂ,ਜਿੰਨ੍ਹਾਂ ਵਿੱਚ ਭੰਗਾਣੀ ਦਾ ਯੁੱਧ,ਨਾਦੌਣ ਦਾ ਯੁੱਧ, ਗੁਲੇਰ ਯੁੱਧ ਆਦਿ ਯੁੱਧ ਲੜੇ। ਗੁਰੂ ਜੀ ਨੇ 1699ਈ: ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਇੱਕਠ ਵਿੱਚੋਂ ਇੱਕ-ਇੱਕ ਕਰਕੇ ਪੰਜ ਸੀਸਾਂ ਦੀ ਮੰਗ ਕੀਤੀ ਤਾਂ ਭਾਈ ਦਇਆ ਰਾਮ ਖੱਤਰੀ,ਭਾਈ ਧਰਮ ਦਾਸ,ਭਾਈ ਹਿੰਮਤ ਰਾਏ,ਮੁਹਕਮ ਚੰਦ ਅਤੇ ਭਾਈ ਸਾਹਿਬ ਚੰਦ ਕ੍ਰਮਵਾਰ ਸੀਸ ਦੇਣ ਲਈ ਗੁਰੂ ਜੀ ਪਾਸ ਗਏ ਜੋ ਵੱਖ ਵੱਖ ਜਾਤੀਆਂ ਨਾਲ ਸਬੰਧ ਰਖਦੇ ਸਨ। ਗੁਰੂ ਜੀ ਨੇ ਆਪਣਾ ਸਿਰ ਤਲੀ ਤੇ ਧਰ ਕੇ ਮੈਦਾਨ ਵਿੱਚ ਨਿੱਤਰੇ ਇੰਨ੍ਹਾਂ ਪੰਜ ਪਿਆਰਿਆਂ ਦੀ ਸਥਾਪਤੀ ਕਰਦਿਆਂ ਸਿੱਖ ਕੌਮ ਦੀ ਸਿਰਜਣਾ ਕੀਤੀ। ਆਪਣੇ ਹੱਥੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਉਣ ਉਪਰੰਤ ਪੰਜ ਪਿਆਰਿਆਂ ਪਾਸੋਂ ਖੁਦ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਗੁਰੂ ਜੀ ਨੇ ਫੁਰਮਾਇਆ ਕਿ ਇਹ ਸੂਰਮਿਆਂ ਦੀ ਖਾਲਸਾ ਕੌਮ ਬਣ ਗਈ ਹੈ। ਹੁਣ ਇੰਨ੍ਹਾਂ ਪੰਜਾਂ ਸਿੰਘ ਦੇ ਨਾਮ ਦਇਆ ਸਿੰਘ,ਧਰਮ ਸਿੰਘ,ਹਿੰਮਤ ਸਿੰਘ,ਮੁਹਕਮ ਸਿੰਘ ਅਤੇ ਸਾਹਿਬ ਸਿੰਘ ਹੋ ਗਏ ਹਨ। ਗੁਰੂ ਜੀ ਨੇ ਫਰਮਾਨ ਕੀਤਾ ਕਿ ਅੱਜ ਤੋਂ ਹੀ ਪਿਛਲੇ ਭੇਦ ਭਾਵ,ਊਚ-ਨੀਚ ਛੱਡ ਕੇ ਹੁਣ ਖਾਲਸਾ ਪੰਥ ਹੀ ਤੁਹਾਡੀ ਕੌਮ ਤੇ ਜਾਤ ਹੈ। ਤੁਸੀ ਪਰਉਪਕਾਰੀ ਸੂਰਮੇ,ਦਇਆਦਾਨੀ ਬਣ ਗਏ ਹੋ ਤੁਸੀ ਕਿਸੇ ਵੀ ਮਜ਼ਲੂਮ ਉੱਪਰ ਜੁਲਮ ਨਹੀਂ ਕਰਨਾ ਅਤੇ ਨਾ ਹੀ ਜੁਲਮ ਸਹਿਣ ਕਰਨਾ ਹੈ, ਸਗੋਂ ਉਸ ਦਾ ਡਟ ਕੇ ਮੁਕਬਾਲਾ ਕਰਨਾ ਹੈ। ਇਸ ਖਾਲਸਾ ਧਰਮ ਲਈ ਤੁਹਾਨੂੰ ਆਪਣੀਆਂ ਜਾਨਾਂ ਵਾਰਨ ਦੀ ਲੋੜ ਵੀ ਪੈ ਸਕਦੀ ਹੈ ਪਰ ਧਰਮ ਤੇ ਪ੍ਰਪੱਕ ਰਹਿਣ ਦੇ ਉਪਦੇਸ਼ ਦਿੱਤੇ। ਗੁਰੂ ਜੀ ਦੇ ਮੁਗਲਾਂ ਨਾਲ ਯੁੱਧ ਹੁੰਦੇ ਰਹੇ ਤੇ ਗੁਰੂ ਜੀ ਨੇ ਸਿੱਖ ਧਰਮ ਦੀ ਸਲਾਮਤੀ ਲਈ ਆਪਣੇ ਵੱਡੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਆਪਣੇ ਹੱਥੀ ਤਿਆਰ ਕਰਕੇ ਮੈਦਾਨੇ ਜੰਗ ਤੋਰਿਆ ਤੇ ਆਪਣੀਆਂ ਅੱਖਾਂ ਸਾਹਮਣੇ ਸ਼ਹੀਦੀਆਂ ਪ੍ਰਾਪਤ ਕਰਦਿਆਂ ਵੇਖਿਆ। ਆਪ ਜੀ ਦੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸਰਹੰਦ ਦੇ ਨਵਾਬ ਨੇ ਫੜ ਕੇ ਧਰਮ ਬਦਲਣ ਬਾਰੇ ਕਿਹਾ ਕਿ ਤੁਸੀ ਮੁਸਲਮਾਨ ਬਣ ਜਾਓ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਗੁਰੂ ਦੇ ਲਾਡਲੇ ਸਹਿਬਜ਼ਾਦਿਆਂ ਨੇ ਬੁਲੰਦ ਅਵਾਜ਼ ਵਿੱਚ ਕਿਹਾ ਕਿ ਅਸੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਮੌਤ ਤੋਂ ਨਹੀਂ ਡਰਦੇ,ਸਾਨੂੰ ਸਾਡਾ ਧਰਮ ਪਿਆਰਾ ਹੈ। ਮੁਗਲਾਂ ਨੇ ਆਖਿਰ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਪ੍ਰਾਣ ਤਿਆਗ ਕੇ ਸ਼ਹੀਦੀ ਦੇ ਦਿੱਤੀ। ਜਦ ਗੁਰੂ ਸਾਹਿਬ ਜੀ ਨੂੰ ਖਬਰ ਮਿਲੀ ਕੇ ਸਰਹੰਦ ਦੇ ਨਵਾਬ ਦੇ ਹੁਕਮ ਅਨੁਸਾਰ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਗੁਰੂ ਜੀ ਨੇ ਇਹ ਸਾਰੀ ਵਾਰਤਾ ਸੁਣ ਕੇ ਇੱਕ ਬੂਟਾ ਪੁੱਟਿਆ ਤੇ ਫੁਰਮਾਨ ਕੀਤਾ ਕਿ ਹੁਣ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ। ਇਹ ਵਾਕ ਵੀ ਸੱਚ ਸਿੱਧ ਹੋਏ। ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਨੰਦੇੜ ਜਾ ਪੁੱਜੇ,ਇਥੇ ਉਨਾਂ ਦਾ ਮਿਲਾਪ ਮਾਧੋਦਾਸ ਵੈਰਾਗੀ ਨਾਲ ਹੋਇਆ। ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਉਸਦਾ ਨਾਮ ਮਾਧੋਦਾਸ ਤੋਂ ਬਦਲ ਕੇ ਬੰਦਾ ਸਿੰਘ ਰੱਖ ਦਿੱਤਾ ਤੇ ਮੁਗਲਾਂ ਦਾ ਖਾਤਮਾ ਕਰਨ ਲਈ ਗੁਰੂ ਜੀ ਨੇ ਆਪਣੇ ਭੱਥੇ ਵਿੱਚੋਂ ਕੁਝ ਤੀਰ ਅਤੇ ਪੰਜ ਸਿੰਘ ਦਾ ਜਥਾ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਹਰ ਕੰਮ ਕਰਨ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਹੀ ਆਰੰਭ ਕਰਨਾ ਹੈ। ਗੁਰੂ ਜੀ ਨੇ ਇਹ ਬਚਨ ਦੇ ਕੇ ਇਸ ਜਥੇ ਨੂੰ ਮੁਗਲਾਂ ਦੇ ਖਾਤਮੇ ਲਈ ਪੰਜਾਬ ਵੱਲ ਰਵਾਨਾ ਕਰ ਦਿੱਤਾ। ਸ੍ਰੀ ਨਾਂਦੇੜ ਸਾਹਿਬ ਵਿਖੇ ਗੁਰੂ ਜੀ ਨੇ ਸੰਗਤ ਨੂੰ ਇੱਕਠਿਆਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਦੇਹਧਾਰੀ ਗੁਰੂ ਦੀ ਬਜਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਿਆ ਜਾਵੇ। ਗੁਰੂ ਜੀ 7 ਅਕਤੂਬਰ 1708 ਈ: ਨੂੰ ਨਾਂਦੇੜ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।
                                       
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com

12 Jan. 2019