ਪ੍ਰਕਾਸ਼ ਉਤਸਵ 'ਤੇ ਵਿਸ਼ੇਸ਼ :  ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ - ਡਾ. ਹਰਪਾਲ ਸਿੰਘ ਪੰਨੂ

ਕਸ਼ਮੀਰੀ ਬ੍ਰਾਹਮਣਾਂ ਦਾ ਜਿਹੜਾ ਫਰਿਆਦੀ ਜਥਾ ਨੌਵੇਂ ਪਾਤਸ਼ਾਹ ਪਾਸ 1675 ਈਸਵੀ ਵਿਚ ਅਨੰਦਪੁਰ ਸਾਹਿਬ ਪੁੱਜਾ, ਉਸ ਜਥੇ ਦੀ ਅਗਵਾਈ ਕਰਨ ਵਾਲੇ ਵਿਦਵਾਨ ਸੱਜਣ ਭਾਈ ਕਿਰਪਾ ਰਾਮ ਜੀ ਸਨ। ਭਾਈ ਕਿਰਪਾ ਰਾਮ ਆਪਣੇ ਵਕਤ ਦੇ ਸ਼੍ਰੋਮਣੀ ਵਿਦਵਾਨ ਸਨ, ਸੰਸਕ੍ਰਿਤ, ਅਰਬੀ ਅਤੇ ਫਾਰਸੀ ਦੇ ਗੁਣਵਾਨ ਅਧਿਆਪਕ। ਜਦੋਂ ਫ਼ੈਸਲਾ ਹੋ ਗਿਆ ਕਿ ਗੁਰੂ ਜੀ ਸ਼ਹਾਦਤ ਦੇਣ ਦਿੱਲੀ ਜਾਣਗੇ, ਭਾਈ ਕਿਰਪਾ ਰਾਮ ਨੇ ਬਾਕੀ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨਾਲ ਦਿੱਲੀ ਸ਼ਹਾਦਤ ਦੇਣ ਦਾ ਫ਼ੈਸਲਾ ਲਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਉਨ੍ਹਾਂ ਨੂੰ ਹੁਕਮ ਦਿੱਤਾ, ''ਭਾਈ ਕਿਰਪਾ ਰਾਮ, ਤੁਸੀਂ ਦਿੱਲੀ ਨਹੀਂ ਜਾਓਗੇ, ਤੁਹਾਨੂੰ ਵਾਪਸ ਕਸ਼ਮੀਰ ਵੀ ਜਾਣ ਦੀ ਆਗਿਆ ਨਹੀਂ ਹੈ। ਅਸੀਂ ਤੁਹਾਡੇ ਉੱਪਰ ਇਕ ਹੋਰ ਜ਼ਿੰਮੇਵਾਰੀ ਪਾਉਣੀ ਹੈ। ਬਾਲਕ ਗੋਬਿੰਦ ਰਾਏ ਦੀ ਵਿੱਦਿਆ ਅੱਗੋਂ ਤੋਂ ਤੁਹਾਡੀ ਨਿਗਰਾਨੀ ਵਿਚ ਹੋਇਗੀ। ਇਹ ਫਰਜ਼ ਨਿਭਾਉਣਾ।''
       ਗੁਰੂ ਜੀ ਦਿੱਲੀ ਲਈ ਰਵਾਨਾ ਹੋ ਗਏ। ਭਾਈ ਕਿਰਪਾ ਰਾਮ ਬਤੌਰ ਅਧਿਆਪਕ ਆਨੰਦਪੁਰ ਟਿਕ ਗਏ। ਗੁਰੂ ਗੋਬਿੰਦ ਰਾਏ ਜੀ ਨੇ ਸੰਸਕ੍ਰਿਤ, ਅਰਬੀ ਅਤੇ ਫਾਰਸੀ ਵਿਦਿਆਵਾਂ, ਪਿੰਗਲ ਅਰੂਜ਼ ਆਦਿਕ ਗੁਣ ਉਨ੍ਹਾਂ ਪਾਸੋਂ ਸਿੱਖੇ। ਤੇਤੀ ਸਾਲ ਦੀ ਭਰ ਜੁਆਨ ਉਮਰੇ ਜਦੋਂ ਕਲਗੀਧਰ ਨੇ 1699 ਈ. ਵਿਚ ਖਾਲਸਾ ਪੰਥ ਪ੍ਰਗਟ ਕੀਤਾ, ਭਾਈ ਕਿਰਪਾ ਰਾਮ ਗੁਰ-ਦਰਬਾਰ ਵਿਚ ਹਾਜ਼ਰ ਹੋਏ ਅਤੇ ਬੇਨਤੀ ਕੀਤੀ, ''ਮਹਾਰਾਜ, ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਪੰਥ ਵਿਚ ਸ਼ਾਮਲ ਕਰੋ।'' ਗੁਰੂ ਜੀ ਨੇ ਨਿਮਰਤਾ ਸਹਿਤ ਫੁਰਮਾਇਆ, ''ਤੁਸੀਂ ਅਸਾਂ ਦੇ ਅਧਿਆਪਕ ਹੋ, ਕੀ ਤੁਹਾਡੇ ਲਈ ਅੰਮ੍ਰਿਤ ਪਾਨ ਕਰਨਾ ਜ਼ਰੂਰੀ ਹੈ?''
      ਭਾਈ ਕਿਰਪਾ ਰਾਮ ਜੀ ਨੇ ਕਿਹਾ, ''ਅਸਾਂ ਪਾਸ ਵਿਹਾਰਕ ਸੰਸਾਰਕ ਵਿੱਦਿਆ ਸੀ ਮਹਾਰਾਜ, ਸੋ ਸਾਰੀ ਦੀ ਸਾਰੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮ ਮੂਜਬ ਆਪ ਨੂੰ ਸਪ੍ਰੇਮ ਦਿੱਤੀ। ਰੂਹਾਨੀ ਦੌਲਤ ਆਪ ਪਾਸ ਹੈ ਜੋ ਅੰਮ੍ਰਿਤ ਸੰਸਕਾਰ ਰਾਹੀਂ ਆਪ ਖਾਲਸੇ ਵਿਚ ਵਰਤਾ ਰਹੇ ਹੋ। ਅਸੀਂ ਇਸ ਖਜ਼ਾਨੇ ਤੋਂ ਕਿਉਂ ਵੰਚਿਤ ਰਹੀਏ?'' ਆਗਿਆ ਪਾਕੇ ਅੰਮ੍ਰਿਤ ਛਕਿਆ, ਕਿਰਪਾ ਰਾਮ ਤੋਂ ਕਿਰਪਾ ਸਿੰਘ ਹੋਏ। ਚਮਕੌਰ ਦੇ ਯੁੱਧ ਵਿਚ ਵੱਡੇ ਸਾਹਿਬਜ਼ਾਦਿਆਂ ਦੀ ਹਿਫ਼ਾਜ਼ਤ ਵਿਚ ਲੜਦਿਆਂ ਸ਼ਹਾਦਤ ਦਿੱਤੀ। ਇੱਥੇ ਵੀ ਆਪੇ ਗੁਰਚੇਲਾ ਵਿਸ਼ੇਸ਼ਣ ਮੂਜਬ, ਜੋ ਕਦੀ ਵਿਦਿਆਰਥੀ ਸੀ ਉਹ ਗੁਰੂ ਹੋ ਗਿਆ, ਅਧਿਆਪਕ ਸ਼ਾਗਿਰਦ ਹੋ ਗਿਆ।
       ਭਾਈ ਕਿਰਪਾ ਸਿੰਘ ਅਤੇ ਭਾਈ ਨੰਦਲਾਲ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਹਾਣੀ ਸਨ। ਭਾਈ ਨੰਦਲਾਲ ਜੀ ਦਾ ਵੱਡਾ ਬੇਟਾ ਦਸਮ ਪਾਤਸ਼ਾਹ ਤੋਂ ਉਮਰ ਵਿਚ ਵੱਡਾ ਸੀ। ਭਾਈ ਨੰਦਲਾਲ ਔਰੰਗਜ਼ੇਬ ਦੇ ਸਭ ਤੋਂ ਵੱਡੇ ਬੇਟੇ ਸ਼ਾਹਜ਼ਾਦਾ ਮੁਅੱਜ਼ਮ (ਜੋ ਬਾਅਦ ਵਿਚ ਬਾਦਸ਼ਾਹ ਬਹਾਦਰ ਸ਼ਾਹ ਅਖਵਾਇਆ) ਦੇ ਅਧਿਆਪਕ ਸਨ, ਅਰਬੀ ਫਾਰਸੀ ਦੀ ਤਾਲੀਮ ਦਿਆ ਕਰਦੇ। ਉਨ੍ਹਾਂ ਨੇ ਹੀ ਸ਼ਾਹਜ਼ਾਦੇ ਨੂੰ ਦਸਮ ਪਾਤਸ਼ਾਹ ਦੀਆਂ ਅਜ਼ਮਤਾਂ ਤੋਂ ਜਾਣੂ ਕਰਵਾਇਆ ਸੀ। ਤਾਜਪੋਸ਼ੀ ਦੇ ਯੁੱਧ ਵਿਚ ਦਸਮ ਪਾਤਸ਼ਾਹ ਨੇ ਸ਼ਾਹਜ਼ਾਦੇ ਦੀ ਸੈਨਿਕ ਮਦਦ ਕੀਤੀ ਸੀ ਜਿਸ ਦੇ ਫਲਸਰੂਪ ਤਾਜਪੋਸ਼ੀ ਵਕਤ ਉਸ ਨੇ ਗੁਰੂ ਜੀ ਨੂੰ ਆਗਰੇ ਵਿਖੇ ਲੱਖਾਂ ਦੀਆਂ ਖਿਲਅਤਾਂ ਨਾਲ ਸਨਮਾਨਿਤ ਕੀਤਾ ਸੀ। ਸ਼ਾਹਜ਼ਾਦੇ ਨੇ ਹੀ ਭਾਈ ਨੰਦਲਾਲ ਨੂੰ ਆਪਣੇ ਪਿਤਾ ਦੀ ਨੀਅਤ ਤੋਂ ਜਾਣੂ ਕਰਵਾਇਆ ਸੀ ਕਿ ਤੁਹਾਨੂੰ ਇਸਲਾਮ ਧਾਰਨ ਕਰਨ ਦਾ ਹੁਕਮ ਮਿਲਣ ਵਾਲਾ ਹੈ। ਸੂਚਨਾ ਮਿਲਣ ਉਪਰੰਤ ਭਾਈ ਨੰਦਲਾਲ ਗੁਰੂ ਗੋਬਿੰਦ ਸਿੰਘ ਜੀ ਪਾਸ ਆਨੰਦਪੁਰ ਆ ਗਏ ਸਨ ਤੇ ਨਾਂਦੇੜ, ਜੋਤੀ ਜੋਤਿ ਸਮਾਉਣ ਤੱਕ ਗੁਰੂ ਜੀ ਪਾਸ ਰਹੇ।
        ਭਾਈ ਨੰਦਲਾਲ ਦਾ ਸਾਰਾ ਕਲਾਮ ਗੁਰੂ ਦਸਮ ਪਾਤਸ਼ਾਹ ਨੂੰ ਸੰਬੋਧਿਤ ਹੈ। ਸਾਰੀਆਂ ਸ਼ਹਾਦਤਾਂ ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਵਾਪਰੀਆਂ। ਵੱਡੇ ਦੁੱਖਾਂ ਨੂੰ ਯਾਦ ਕਰਦਿਆਂ ਉਹ ਇਉਂ ਫਾਰਸੀ ਵਿਚ ਕਲਮਬੰਦ ਕਰਦੇ ਹਨ :

ਅਸੀਂ  ਮਿਲੇ  ਤਾਂ  ਪਿਆਰ  ਕੀਤਾ॥
ਵਿੱਛੜੇ ਤਾਂ ਸਬਰ ਕਰ ਬੈਠੇ ਖਾਮੋਸ਼॥
ਕੋਇਲਾਂ, ਬੁਲਬੁਲਾਂ, ਪਪੀਹਿਆਂ ਵਾਂਗ
ਅਸੀਂ   ਚੀਕਾਂ   ਨਹੀਂ   ਮਾਰੀਆਂ॥

ਭਾਈ ਨੰਦਲਾਲ ਗੁਰੂ ਜੀ ਨੂੰ ਸੰਬੋਧਨ ਕਰਦਿਆਂ ਫੁਰਮਾਉਂਦੇ ਹਨ : ''ਤੁਸਾਂ ਦੇ ਦੀਦਾਰ ਦੀ ਇਕ ਝਲਕ ਬਦਲੇ ਜਾਨ ਹਾਜ਼ਰ ਹੈ ਹਜ਼ੂਰ।'' ਉਹ ਹੱਸ ਕੇ ਬੋਲੇ - ''ਇਸ ਘਰ ਵਿਚ ਕੋਈ ਸੌਦੇਬਾਜ਼ੀ ਨਹੀਂ ਚਲਦੀ।'' ਭਾਈ ਨੰਦਲਾਲ ਜੀ ਨੂੰ ਕੋਈ ਸਰੋਤਾ ਪੁੱਛਦਾ- ਇੰਨੇ ਸੁਹਣੇ ਖਿਆਲ ਤੁਹਾਡੇ ਪਾਸ ਕਿੱਥੋਂ ਆਉਂਦੇ ਹਨ, ਕਿਵੇਂ ਆਉਂਦੇ ਹਨ? ਉੱਤਰ ਦਿੰਦੇ- ਮੇਰੇ ਸਾਹਮਣੇ ਉੱਚੇ ਦਸਤਰਖਾਨ (ਡਾਇਨਿੰਗ ਟੇਬਲ) ਉੱਪਰ ਇਕ ਕਾਮਲ ਫ਼ਕੀਰ ਬਿਰਾਜਮਾਨ ਹੈ, ਖਾਣਾ ਖਾਂਦਾ ਹੈ ਤਾਂ ਕੁਝ ਭੋਰੇ ਹੇਠਾਂ ਜ਼ਮੀਨ ਉੱਤੇ ਡਿੱਗੇ ਮੈਂ ਚੁਗ ਲੈਂਦਾ ਹਾਂ। ਤੁਸੀਂ ਸੁਹਣਾ ਸ਼ਿਅਰ ਆਖ ਕੇ ਦਾਦ ਦਿੰਦੇ ਹੋ।
    ਆਨੰਦਪੁਰ ਬਾਬਤ ਭਾਈ ਨੰਦਲਾਲ ਜੀ ਦਾ ਵਾਕ- ਕਦੀ ਫੁਰਸਤ ਮਿਲੇ ਆਨੰਦਪੁਰ ਜਾਣਾ। ਆਨੰਦਪੁਰ ਜਾਓਗੇ ਤਾਂ ਦੇਖੋਗੇ ਆਨੰਦਪੁਰੀ ਦੀਆਂ ਗਲੀਆਂ ਵਿਚ ਫਿਰਦੇ ਮੰਗਤੇ ਬਾਦਸ਼ਾਹੀਆਂ ਵੰਡਦੇ ਫਿਰਦੇ ਹਨ।
      ਭਾਈ ਮਹਾਂ ਸਿੰਘ ਦੀ ਟੁੱਟੀ ਗੰਢੀ ਮਗਰੋਂ ਇਕ ਵਾਰ ਇਕ ਹੋਰ ਟੁੱਟੀ ਗੰਢੀ ਸੀ। ਮੁਕਤਸਰ ਨਜ਼ਦੀਕ ਮਹਾਰਾਜ ਦੇ ਘੋੜੇ ਦੀ ਲਗਾਮ ਫੜ ਲਈ ਸੀ ਸਿੱਖਾਂ ਨੇ। ਕਹਿੰਦੇ, ''ਤਲਬਾਂ (ਤਨਖਾਹਾਂ) ਦਿਓ ਹਜ਼ੂਰ।'' ਬੜੇ ਸਮਝਾਏ- ਅਸੀਂ ਕਿਹੜਾ ਖ਼ਜ਼ਾਨੇ ਛੁਪਾ ਕੇ ਰਖਦੇ ਹਾਂ ਭਾਈ। ਜੋ ਹੁੰਦਾ ਹੈ, ਸੋ ਤੁਹਾਡਾ। ਨਹੀਂ ਸਮਝੇ। ਤਕਰਾਰ ਹੁੰਦਾ ਰਿਹਾ। ਪਰਿਵਾਰ ਸੰਕਟ ਵਿਚ ਹੋਣ ਦੀ ਮੁਹਾਰਨੀ ਦੁਹਰਾਉਂਦੇ ਰਹੇ। ਭਾਈ ਦੁਨੀ ਚੰਦ ਖੱਚਰਾਂ ਉੱਪਰ ਲੱਦੇ ਮਾਲ ਸਣੇ ਆ ਪੁੱਜੇ, ਕਿਹਾ, ''ਮਸਾਂ ਲੱਭੇ ਹੋ ਮਹਾਰਾਜ। ਵਿੰਗੇ ਟੇਢੇ ਰਾਹਾਂ ਥਾਣੀ ਪੁਛਦਾ ਪੁਛਾਂਦਾ ਆਪ ਪਾਸ ਪੁੱਜਾ। ਦਸਵੰਧ ਤਾਰਨਾ ਸੀ। ਕਬੂਲ ਕਰੋ ਹਜ਼ੂਰ।'' ਪਿੱਠੋਂ ਢਾਲ ਉਤਾਰੀ, ਢਾਲਾਂ ਭਰ ਭਰ ਮਾਇਆ ਵੰਡਣ ਲੱਗੇ, ਪੁੱਛਦੇ- ਕਿੰਨੀਆਂ ਤਲਬਾਂ ਭਾਈ? ਜਿੰਨੀਆਂ ਕੋਈ ਦਸਦਾ ਉੱਨੀ ਵਾਰ ਰਕਮਾਂ ਵੰਡਦੇ। ਪੱਕੇ ਰੰਗ ਦਾ ਲੰਮਾ ਕੱਦਾਵਰ ਇਕ ਸਿੱਖ, ਹਟਵਾਂ ਨੀਵੀਂ ਪਾਈ ਖਲੋਤਾ ਰਿਹਾ, ਅਖੀਰ ਵਿਚ ਮਹਾਰਾਜ ਨੇ ਪੁੱਛਿਆ,
''ਤੁਹਾਡੀਆਂ ਕਿੰਨੀਆਂ ਤਲਬਾਂ ਭਾਈ? ਕੀ ਨਾਮ ਤੁਹਾਡਾ?'' ਸਿੱਖ ਬੋਲਿਆ, ''ਸਾਡੀ ਕੋਈ ਤਲਬ ਬਕਾਇਆ ਨਹੀਂ ਮਹਾਰਾਜ। ਸਾਨੂੰ ਪੈਸੇ ਨਹੀਂ ਚਾਹੀਦੇ। ਨਾਮ ਦਾਨ ਸਿੰਘ ਹੈ।''
      “ਹੋਰ ਕੀ ਚਾਹੀਦਾ ਹੈ ਦਾਨ ਸਿੰਘ?'' ਸਿੱਖ ਨੇ ਕਿਹਾ, ''ਸਿੱਖੀ ਚਾਹੀਦੀ ਹੈ ਮਹਾਰਾਜ। ਦਇਆਵਾਨ ਹੋ, ਸਿੱਖੀ ਦਿਓ ਹਜ਼ੂਰ।'' ਮਹਾਰਾਜ ਨੇ ਗਲ ਲਾ ਕੇ ਕਿਹਾ, ''ਅੱਜ ਮਾਲਵਾ ਗੁਰੂ ਨਾਨਕ ਦੇਵ ਜੀ ਦੇ ਮਹਿਲਾਂ ਨਾਲੋਂ ਟੁੱਟ ਚੱਲਿਆ ਸੀ, ਤੁਸੀਂ ਬਚਾ ਲਿਆ ਭਾਈ ਦਾਨ ਸਿੰਘ। ਮਹਾਂ ਸਿੰਘ ਜੀ ਨੇ ਜਿਵੇਂ ਮਾਝੇ ਦੀ ਟੁੱਟੀ ਗੰਢੀ, ਤੁਸੀਂ ਮਾਲਵੇ ਦੀ ਟੁੱਟੀ ਗੰਢੀ।''
ਇਕ ਜਣਾ ਗੁਸਤਾਖੀ ਕਰੇ, ਅਸੀਂ ਆਖਦੇ ਹਾਂ- ਇਹ ਸਾਰਾ ਇਲਾਕਾ ਹੀ ਦੋਜ਼ਖਾਂ ਵਿਚ ਜਾਏਗਾ।
ਗੁਰੂ ਬਾਬਾ ਉਸ ਇਕ ਨੂੰ ਲੱਭਦਾ ਰਹਿੰਦਾ ਹੈ
ਜਿਸਦੀ ਨੇਕੀ ਸਦਕਾ ਸਾਰਿਆਂ ਗੁਨਾਹਗਾਰਾਂ ਦੀ ਟੁੱਟੀ ਗੰਢੀ ਜਾਏ। ਸਿੱਖ ਅਤੇ ਗੁਰੂ ਵਿਚ ਇਹੋ ਫ਼ਰਕ ਹੈ।

ਟੂਟੀ ਗਾਢਣਹਾਰ ਗੁਪਾਲ।

ਮਾਲਵਾ ਜਾਣਦਾ ਸੀ ਮਹਾਰਾਜ ਦਾ ਟਿਕਾਣਾ ਤਲਵੰਡੀ ਸਾਬੋ ਕੀ ਹੈ। ਭਾਈ ਫਤਿਹ ਸਿੰਘ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਘੋੜਾ ਬੀੜਿਆ, ਗੁਰੂ ਦਰਸ਼ਣਾਰਥ ਚਾਲੇ ਪਾ ਦਿੱਤੇ। ਮੱਥਾ ਟੇਕਿਆ, ਬਚਨ ਸੁਣੇ, ਬੇਨਤੀ ਕੀਤੀ, ''ਮਹਾਰਾਜ ਸਾਡਾ ਪਿੰਡ ਨੇੜੇ ਹੀ ਹੈ, ਕਿਰਪਾ ਕਰੋ, ਚਰਨ ਪਾਓ।'' ਬੇਨਤੀ ਮਨਜ਼ੂਰ ਕਰਦਿਆਂ ਕਿਹਾ, ''ਅਗਲੇ ਸਪਤਾਹ ਆਵਾਂਗੇ।'' ਖੁਸ਼ੀ ਖੁਸ਼ੀ ਵਾਪਸ ਆ ਕੇ ਘਰ ਦੱਸਿਆ, ''ਮਹਾਰਾਜ ਆਪਣੇ ਪਿੰਡ ਆਉਣਾ ਮੰਨ ਗਏ ਹਨ।'' ਵੱਡੇ ਭਰਾ ਰਾਮ ਸਿੰਘ ਗੁੱਸੇ ਹੋ ਗਏ, ''ਇਹ ਕੀ ਕੀਤਾ ਫਤਿਹ ਸਿੰਘ? ਦੱਸੇ ਪੁੱਛੇ ਬਗੈਰ ਤਲਵੰਡੀ ਚਲੇ ਗਏ, ਸੱਦਾ ਦੇ ਆਏ।'' ਫਤਿਹ ਸਿੰਘ ਨੇ ਪੁੱਛਿਆ, ''ਕੁਛ ਗਲਤ ਹੋ ਗਿਆ ਭਾਈ ਜੀ?'', ''ਸਾਰਾ ਕੁਝ ਹੀ ਗਲਤ ਹੋ ਗਿਆ। ਪਰਿਵਾਰ ਵਿਚ ਗੱਲ ਕਰਨੀ ਬਣਦੀ ਸੀ, ਆਪਾਂ ਸਲਾਹ ਮਸ਼ਵਰਾ ਕਰਦੇ। ਪਰਿਵਾਰ ਹਾਮੀ ਭਰਦਾ ਫਿਰ ਆਪਾਂ ਪਿੰਡ ਦਾ ਇਕੱਠ ਸੱਦਦੇ, ਪਿੰਡ ਹਾਂ ਕਰਦਾ ਤਾਂ ਇਲਾਕੇ ਦੀ ਸੰਗਤ ਦੀ ਆਗਿਆ ਲੈਂਦੇ। ਮਹਾਰਾਜ ਨੂੰ ਬਿਠਾਵਾਂਗੇ ਕਿੱਥੇ, ਖੁਆਵਾਂਗੇ ਪਿਲਾਵਾਂਗੇ ਕੀ? ਆਪਾਂ ਭਾਈ ਡੱਲਾ ਸਿੰਘ ਵਰਗੇ ਧਨੀ ਨਹੀਂ ਕਿ ਫ਼ੌਜਾਂ ਦੀ ਮੇਜ਼ਬਾਨੀ ਕਰ ਸਕੀਏ। ਔਕਾਤ ਦੇਖਕੇ ਫ਼ੈਸਲਾ ਕਰੀਦਾ ਹੁੰਦੈ ਫਤਿਹ ਸਿੰਘ।''
      ਬੇਚੈਨ ਭਾਈ ਫਤਿਹ ਸਿੰਘ ਦਾ ਦਿਨ ਮਸਾਂ ਬੀਤਿਆ, ਰਾਤ ਮਸਾਂ ਬੀਤੀ। ਅਗਲੀ ਸਵੇਰ ਘੋੜਾ ਬੀੜਿਆ, ਤਲਵੰਡੀ ਪੁੱਜੇ। ਚਰਨੀ ਹੱਥ ਲਾਕੇ ਬੇਨਤੀ ਕੀਤੀ, ''ਤੁਸੀਂ ਤਾਂ ਰਹਿਮ ਦਿਲ ਹੋ ਕੇ ਪਿੰਡ ਆਉਣ ਦੀ ਸਾਡੀ ਅਰਜ਼ ਮੰਨ ਲਈ ਮਹਾਰਾਜ। ਪਰ ਹੁਣ ਹਾੜ੍ਹ ਦੀ ਗਰਮੀ ਹੈ, ਰੇਤ ਨਾਲ ਭਰੀਆਂ ਨ੍ਹੇਰੀਆਂ ਚੱਲ ਰਹੀਆਂ ਹਨ। ਜੇ ਸਾਉਣ ਦੀਆਂ ਬਾਰਸ਼ਾਂ ਵਿਚ ਆਵੋ ਤਾਂ ਵੱਧ ਠੀਕ ਨਾ ਰਹੇ?'' ਕਲਗੀਧਰ ਬੋਲੇ, ''ਫਿਕਰ ਨਾ ਕਰੋ ਫਤਿਹ ਸਿੰਘ ਜੀ। ਜੋ ਰੁੱਖੀ ਸੁੱਕੀ ਤੁਸੀਂ ਛਕਦੇ ਹੋ ਸੋਈ ਛਕਾਂਗੇ। ਦਸ ਦਿਨ ਰਹਾਂਗੇ।'' ਪੁੱਜਣ ਦੀ ਤਰੀਕ ਦੱਸ ਦਿੱਤੀ।
         ਪਹਿਲੋਂ ਪਿੰਡ ਦਾ ਫਿਰ ਇਲਾਕੇ ਦਾ ਇਕੱਠ ਹੋਇਆ, ਸੰਗਤਾਂ ਨੂੰ ਖੁਸ਼ਖਬਰੀ ਦਿੱਤੀ, ਬੇਨਤੀ ਕੀਤੀ- ਜਿਸ ਪਾਸ ਜੋ ਹੈ ਸੋ ਲੈਕੇ ਆਉਣਾ ਜੀ, ਦੁੱਧ, ਘਿਉ, ਅੰਨ ਦਾਣਾ, ਗੁੜ, ਚਾਦਰਾਂ, ਦਰੀਆਂ। ਪਿੰਡ ਦੇ ਬਾਹਰ ਛੱਪੜ ਦੀ ਸਫਾਈ ਸ਼ੁਰੂ ਹੋਈ। ਕੱਖ ਕਾਨੇ ਝਾੜ ਫੂਸ ਸਭ ਹੂੰਝ ਦਿੱਤੇ। ਪਿੱਪਲ ਹੇਠ ਦਰੀਆਂ ਚਾਦਰਾਂ ਵਿਛ ਗਈਆਂ। ਜਿਸ ਸਵੇਰ ਮਹਾਰਾਜ ਦੀ ਆਮਦ ਸੀ ਸੰਗਤ ਉਸ ਪਾਸੇ ਦੇਖਣ ਲੱਗੀ ਜਿੱਧਰੋਂ ਸਵਾਰੀ ਆਉਣੀ ਸੀ। ਜੈਕਾਰਾ ਛੱਡਿਆ ਗਿਆ। ਅੱਗੇ ਵਧਕੇ ਸਭ ਤੋਂ ਪਹਿਲਾਂ ਭਾਈ ਫਤਿਹ ਸਿੰਘ ਨੇ ਰਕਾਬ ਉੱਪਰ ਟਿਕੇ ਚਰਨ ਨੂੰ ਮੱਥਾ ਛੁਹਾਇਆ। ਠੰਢੀ ਹਵਾ ਦਾ ਬੁੱਲਾ ਆਇਆ, ਮਹਾਰਾਜ ਹੱਸ ਪਏ, ਕਿਹਾ, ''ਤੁਸੀਂ ਤਾਂ ਕਹਿੰਦੇ ਸੀ ਗਰਮੀ ਹੈ, ਲੂਆਂ ਵਗਦੀਆਂ ਹਨ, ਇੱਥੇ ਤਾਂ ਪਾਉਂਟਾ ਸਾਹਿਬ ਬਣਿਆ ਪਿਆ ਹੈ ਭਾਈ  ਫਤਿਹ ਸਿੰਘ!''
       ਚੱਕ ਫਤਿਹ ਸਿੰਘ ਵਾਲਾ, ਬਠਿੰਡੇ ਤੋਂ ਦਸ ਕਿਲੋਮੀਟਰ ਚੜ੍ਹਦੇ ਵੱਲ ਸਥਿਤ ਹੈ, ਛੱਪੜ ਸਰੋਵਰ ਬਣਿਆ, ਕਿਨਾਰੇ ਇਤਿਹਾਸਕ ਗੁਰਦੁਆਰੇ ਦਾ ਨਾਮ ਪਾਉਂਟਾ ਸਾਹਿਬ ਹੈ। ਇਸ ਪਰਿਵਾਰ ਪਾਸ ਉਹ ਸਿੰਘਾਸਨ ਮੌਜੂਦ ਹੈ ਜਿਹੜਾ ਗੁਰੂ ਜੀ ਵਾਸਤੇ ਬਣਵਾਇਆ ਗਿਆ। ਇਸ ਨੂੰ ਉਹ ਪੀੜ੍ਹਾ ਸਾਹਿਬ ਕਹਿੰਦੇ ਹਨ। ਮਾਤਾ ਸੁੰਦਰੀ ਜੀ ਨਾਲ ਆਏ ਸਨ। ਮਾਤਾ ਜੀ ਅਤੇ ਗੁਰੂ ਜੀ ਦੇ ਪੁਰਾਣੇ ਲਿਬਾਸ ਇਸ ਪਰਿਵਾਰ ਪਾਸ ਸਾਂਭੇ ਹੋਏ ਹਨ। ਨਵੇਂ ਸਿਲਾ ਕੇ ਪਹਿਨਾਏ ਸਨ।
       ਬਾਬਾ ਬੰਦਾ ਸਿੰਘ ਨੂੰ ਨਾਂਦੇੜ ਜਿਨ੍ਹਾਂ ਜਿਨ੍ਹਾਂ ਗੁਰੂ ਪ੍ਰੇਮੀਆਂ ਦੇ ਸਿਰਨਾਵੇਂ ਦਸਮ ਪਾਤਸ਼ਾਹ ਨੇ ਲਿਖਵਾਏ, ਉਨ੍ਹਾਂ ਵਿਚ ਭਾਈ ਫਤਿਹ ਸਿੰਘ ਦਾ ਨਾਮ ਵੀ ਸੀ। ਚੱਪੜਚਿੜੀ ਦੇ ਮੈਦਾਨ ਵਿਚ ਵਜ਼ੀਰ ਖਾਨ ਦਾ ਸਾਹਮਣਾ ਕਰਨ ਲਈ ਭਾਈ ਫਤਿਹ ਸਿੰਘ ਘੋੜਾ ਦੁੜਾ ਕੇ ਸਾਹਮਣੇ ਆਏ, ਰਕਾਬਾਂ 'ਤੇ ਖਲੋ ਕੇ ਦੋਵਾਂ ਹੱਥਾਂ ਨਾਲ ਕਿਰਪਾਨ ਦਾ ਵਾਰ ਕੀਤਾ। ਸੱਜੇ ਮੋਢੇ ਤੋਂ ਉਤਰਦੀ
ਕਿਰਪਾਨ ਖੱਬੀ ਵੱਖੀ ਵਿਚੋਂ ਦੀ ਹੇਠ ਉਤਰ ਗਈ। ਵਜ਼ੀਰ ਖਾਨ ਦਾ ਧੜ ਦੋ ਟੋਟਿਆਂ ਵਿਚ ਘੋੜੇ ਦੇ ਸੱਜੇ ਖੱਬੇ ਡਿੱਗਿਆ।
ਨਾਂਦੇੜ ਦਾ ਨਾਮ ਹਜ਼ੂਰ ਸਾਹਿਬ ਕਿਵੇਂ ਪਿਆ, ਪਤਾ ਨਹੀਂ ਸੀ। ਸ. ਨਾਨਕ ਸਿੰਘ ਨਿਸ਼ਤਰ ਨੇ ਦੱਸਿਆ। ਨਿਜ਼ਾਮ ਹੈਦਰਾਬਾਦ ਦੀ ਮਦਦ ਵਾਸਤੇ ਮਹਾਰਾਜ ਰਣਜੀਤ ਸਿੰਘ ਨੇ ਸਰਕਾਰ ਖਾਲਸਾ ਵੱਲੋਂ ਜਿਹੜੇ ਗਿਆਰਾਂ ਰਿਸਾਲੇ ਭੇਜੇ, ਉਨ੍ਹਾ ਵਿਚੋਂ ਇਕ ਰਿਸਾਲਦਾਰ ਨਿਸ਼ਤਰ ਜੀ ਦਾ ਪੜਦਾਦਾ ਸੀ। ਨਿਸ਼ਤਰ ਜੀ ਦਾ ਪਰਿਵਾਰ ਫਿਰ ਵਾਪਸ ਨਹੀਂ ਮੁੜਿਆ, ਦੱਖਣੀ ਸਿੱਖ ਕਹਾਉਂਦੇ ਹਨ। ਮਹਾਰਾਜ ਦੀ ਵਿਦਾਈ ਦਾ ਸਮਾਂ ਆ ਗਿਆ। ਉਦਾਸ ਸਿੱਖ ਦੁਆਲੇ ਮੌਜੂਦ ਸਨ। ਭਾਈ ਨੰਦ ਲਾਲ ਨੇ ਪੁੱਛਿਆ, ''ਚਲੇ ਜਾਓਗੇ ਮਹਾਰਾਜ?'' ਭਾਈ ਦਇਆ ਸਿੰਘ ਬੋਲੇ, ''ਤੁਹਾਡੇ ਬਗੈਰ ਕਿਵੇਂ ਰਹਿ ਸਕਾਂਗੇ ਪਿਤਾ ਜੀ?''
      ਮੁਸਕਾਂਦਿਆਂ ਮਹਾਰਾਜ ਨੇ ਫੁਰਮਾਇਆ, ''ਜਾਣਾ ਕਿੱਥੇ ਹੈ? ਇੱਥੇ ਹੀ ਰਹਾਂਗੇ ਹਮੇਸ਼, ਤੁਹਾਡੇ ਹਜ਼ੂਰ।'' ਨਾਂਦੇੜ ਦਾ ਨਾਮ ਹਜ਼ੂਰ ਸਾਹਿਬ ਹੋ ਗਿਆ।

ਸੰਪਰਕ : 94642-51454

13 Jan. 2019