ਵਿਦੇਸ਼ਾਂ ਵਿੱਚ ਵੀ ਜ਼ਜ਼ਬਾਤੀ ਸਾਂਝ ਰੱਖਦੇ ਹਨ ਚੜਦੇ ਅਤੇ ਲਹਿੰਦੇ ਪੰਜਾਬੀ - ਯਾਦਵਿੰਦਰ ਸਿੰਘ ਸਤਕੋਹਾ

ਭਾਰਤ ਅਤੇ ਪਾਕਿਸਤਾਨ ਦਰਮਿਆਨ ਖਿੱਚੀ ਵੰਡ ਦੀ ਲਕੀਰ ਨੂੰ ਲਗਭੱਗ ਸੱਤ ਦਹਾਕੇ ਗੁਜ਼ਰ ਚੁੱਕੇ ਹਨ। ਵੰਡ ਤੋਂ ਬਾਅਦ ਅੱਜ ਤੱਕ ਦੇ ਗੁਜ਼ਰ ਚੁੱਕੇ ਸਮੇ ਤੱਕ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਅਸੁਖਾਵਾਂ ਅਤੇ ਕੁੜੱਤਣ ਭਰਿਆ ਵਾਤਾਵਰਣ ਹੀ ਬਣਿਆ ਰਿਹਾ ਹੈ। ਕਦੇ ਇਹ ਕੁੜੱਤਣ ਜੰਗਾਂ ਰਾਹੀਂ ਪ੍ਰਗਟ ਹੁੰਦੀ ਹੈ ਅਤੇ ਕਦੇ ਸਮੇ ਸਮੇ ਵਾਪਰਦੀਆਂ ਕਈ ਦੁਰਘਟਨਾਵਾਂ ਨਾਲ ਮੁੜ ਮੁੜ ਨਵਿਆਈ ਜਾਂਦੀ ਹੈ। ਖੇਤਰ ਭਾਵੇਂ ਰਾਜਨੀਤਕ ਹੋਵੇ, ਆਰਥਿਕ ਹੋਵੇ ਜਾਂ ਖੇਡਾਂ ਦਾ ਹੋਵੇ, ਅੰਤਰਰਾਸ਼ਟਰੀ ਪੱਧਰ ਤੇ ਦੋਵਾਂ ਮੁਲਖਾਂ ਨੂੰ ਰਵਾਇਤੀ ਵਿਰੋਧੀਆਂ ਵਜੋਂ ਹੀ ਜਾਣਿਆ ਜਾਂਦਾ ਹੈ। ਮੀਡੀਆ ਇਸ ਵਾਤਾਵਰਣ ਨੂੰ ਹੋਰ ਹਵਾ ਦੇਣ ਦਾ ਕੰਮ ਕਰਦਾ ਰਹਿੰਦਾ ਹੈ। ਭਾਵੇਂ ਦੁਵੱਲੀ ਕਸ਼ਮਕਸ਼ ਅਤੇ ਤਲਖੀ ਲਗਾਤਾਰ ਗਤੀਸ਼ੀਲ ਹੈ ਪਰ ਇਸ ਸਭ ਦੇ ਬਾਵਜੂਦ ਦੋਵੇਂ ਪਾਸਿਆਂ ਦੇ ਪੰਜਾਬੀ ਭਾਈਚਾਰੇ ਵਿਚਾਲੇ ਪਿਆਰ ਅਤੇ ਸਤਿਕਾਰ ਦੀ ਸਾਂਝ ਅਜੇ ਵੀ ਕਾਇਮ ਹੈ। ਨਾਂ ਤਾਂ ਇਸ ਸਾਂਝ ਉੱਤੇ ਨਾਂਹਪੱਖੀ ਸਿਆਸੀ ਸਮੀਕਰਨ ਹੀ ਅਸਰਅੰਦਾਜ਼ ਹੋ ਸਕੇ ਹਨ ਅਤੇ ਨਾਂ ਹੀ ਨਫਰਤ ਦੀਆਂ ਹਨੇਰੀਆਂ ਇਸ ਨੂੰ ਹਿਲਾ ਸਕੀਆਂ ਹਨ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੁੱਤਰ ਦੁਨੀਆਂ ਵਿੱਚ ਕਿਧਰੇ ਵੀ ਰਹਿੰਦੇ ਹੋਣ, ਸਾਂਝੀ ਭਾਸ਼ਾ, ਸਾਂਝੀ ਮਿੱਟੀ ਅਤੇ ਸਾਂਝੇ ਜੀਵਨ ਢੰਗ ਦੇ ਅਹਿਸਾਸਾਂ ਨਾਲ ਉਸਰੇ ਇਸ ਜ਼ਜ਼ਬਾਤੀ ਰਿਸ਼ਤੇ ਨੂੰ ਮਾਣ ਨਾਲ ਹੰਢਾਉਂਦੇ ਆ ਰਹੇ ਹਨ। ਭਾਰਤੀ ਅਤੇ ਪਾਕਿਸਤਾਨੀ ਲੋਕਾਂ ਵਿੱਚ ਜੇਕਰ ਕੋਈ ਭਾਈਚਾਰਾ ਬਿਨਾ ਕਿਸੇ ਲੋਭ ਲਾਲਚ ਦੇ ਇੱਕ ਦੂਸਰੇ ਨੂੰ ਦਿਲੋਂ ਮੁਹੱਬਤ ਨਾਲ ਬੁਲਾਉਂਦਾ ਅਤੇ ਗਲਵੱਕੜੀ ਵਿੱਚ ਲੈਂਦਾ ਹੈ ਤਾਂ ਉਹ ਦੋਵਾਂ ਪਾਸਿਆਂ ਦੇ ਪੰਜਾਬੀ ਹੀ ਹਨ। ਇੱਥੋਂ ਤੱਕ ਬੰਗਾਲੀ ਅਤੇ ਪਾਕਿਸਤਾਨੀ ਮੁਸਲਮਾਨ ਵੀ ਕਈ ਇਤਿਹਾਸਕ ਅਤੇ ਰਾਜਨੀਤਿਕ ਕਾਰਨਾ ਦੀ ਵਜ੍ਹਾ ਨਾਲ ਪੰਜਾਬੀਆਂ ਵਰਗੀ ਆਪਸੀ ਮਜ਼ਬੂਤ ਸਾਂਝ ਕਾਇਮ ਨਹੀਂ ਕਰ ਸਕੇ ਭਾਵੇਂ ਕਿ ਉਹਨਾ ਦਰਮਿਆਨ ਸਾਂਝੇ ਧਰਮ ਦਾ ਤੱਤ ਵੀ ਮੌਜੂਦ ਹੈ।
    ਸ਼ਾਇਦ ਇਹ ਸਾਂਝੇ ਜੀਵਨ ਢੰਗ ਦਾ ਹੀ ਅਸਰ ਹੈ ਕਿ ਦੋਵਾਂ ਹੀ ਪਾਸਿਆਂ ਦੇ ਪੰਜਾਬ ਵਿੱਚ ਪ੍ਰਵਾਸ ਦੀ ਰੁਚੀ ਬੇਹੱਦ ਤੇਜ਼ ਹੈ। ਮੁੱਖ ਤੌਰ ਤੇ ਇਹ ਪ੍ਰਵਾਸ ਬਰਤਾਨੀਆਂ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪੀ ਦੇਸ਼ਾਂ ਵਿੱਚ ਹੋਇਆ ਹੈ ਅਤੇ ਅਜੇ ਵੀ ਚੱਲ ਰਿਹਾ ਹੈ। ਜੇਕਰ ਇਨ੍ਹਾਂ ਦੇਸ਼ਾਂ  ਵਿੱਚ ਰਹਿੰਦੇ ਭਾਰਤੀਆਂ ਵਿੱਚ ਪੰਜਾਬੀਆਂ ਦੀ ਗਿਣਤੀ ਲੱਖਾਂ ਵਿੱਚ ਹੈ ਤਾਂ ਇੱਥੇ ਵੱਸਦੇ ਪਾਕਿਸਤਾਨੀ ਭਾਈਚਾਰੇ ਵਿੱਚ ਵੀ ਲਹਿੰਦੇ ਪੰਜਾਬੀਆਂ ਦੀ ਗਿਣਤੀ ਅੱਧ ਤੋਂ ਵੀ ਕਿਧਰੇ ਜਿਆਦਾ ਹੈ। ਲਹਿੰਦੇ ਪੰਜਾਬੀਆਂ ਦਾ ਪੰਜਾਬੀ ਬੋਲਣ ਦਾ ਬਹੁਤ ਹੀ ਠੇਠ ਅਤੇ ਪਿਆਰਾ ਲਹਿਜ਼ਾ ਉਹਨਾ ਨੂੰ ਬਾਕੀ ਪਾਕਿਸਤਾਨੀਆਂ ਨਾਲੋਂ ਇੱਕਦਮ ਨਿਖੇੜ ਦਿੰਦਾ ਹੈ। ਠੁੱਕਦਾਰ ਅਤੇ ਖੜਕਵੀਂ ਪੰਜਾਬੀ ਬੋਲਣ ਦਾ ਉਹਨਾ ਦਾ ਢੰਗ ਤਾਂ ਕਈ ਵਾਰ ਚੜ੍ਹਦੇ ਪੰਜਾਬੀਆਂ ਦੀ ਬੋਲਣਸ਼ੈਲੀ ਨੂੰ ਵੀ ਮਾਤ ਪਾ ਦਿੰਦਾ ਹੈ। ਦਰਅਸਲ ਦੋਵਾਂ ਭਾਈਚਾਰਿਆਂ ਦਰਮਿਆਨ ਆਪਸੀ ਸਾਂਝ ਦੀ ਸਭ ਤੋਂ ਮਜ਼ਬੂਤ ਤੰਦ ਸਾਂਝੀ ਭਾਸ਼ਾ ਦੀ ਹੀ ਹੈ। ਜਦ ਕਿਧਰੇ ਵੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਜਾਏ ਆਪਸ ਵਿੱਚ ਮਿਲਦੇ ਹਨ ਤਾਂ ਇੱਕ ਹੀ ਭਾਸ਼ਾ ਬੋਲਣ ਦਾ ਵਰਤਾਰਾ ਕਿਸੇ ਵੀ ਪ੍ਰਕਾਰ ਦੀ ਬੇਗਾਨਗੀ ਦੀ ਭਾਵਨਾ ਦਾ ਜਨਮ ਹੀ ਨਹੀਂ ਹੋਣ ਦਿੰਦਾ। ਭਾਰਤੀ ਪੰਜਾਬੀ ਬਾਸ਼ਿੰਦਾ ਕਿਸੇ ਭਾਰਤੀ ਨਾਲ ਟੁੱਟੀ-ਫੁੱਟੀ ਹਿੰਦੀ ਬੋਲਣ ਦੀ ਨਿਸਬਤ ਜਦ ਕਿਧਰੇ ਕਿਸੇ ਲਹਿੰਦੇ ਪੰਜਾਬੀ ਨਾਲ ਠੁੱਕਦਾਰ ਪੰਜਾਬੀ ਵਿੱਚ ਗੱਲ ਕਰ ਰਿਹਾ ਹੂੰਦਾ ਹੈ ਤਾਂ ਉਸ ਦੇ ਚਿਹਰੇ ਦੇ ਅਰਥਭਾਵ ਹੋਰ ਵੀ ਨਿੱਖਰ ਜਾਂਦੇ ਹਨ।
    ਦੋਹਾਂ ਪੰਜਾਬਾਂ ਦੀ ਉਹ ਪੀੜ੍ਹੀ ਜਿਸ ਨੇ ਵੰਡ ਦੇ ਜ਼ਖਮ ਆਪਣੀ ਆਤਮਾ ਅਤੇ ਸਰੀਰ ਦੋਹਾਂ ਤੇ ਹੀ ਹੰਢਾਏ ਸਨ, ਆਪਣੀ ਉਮਰ ਵਿਹਾ ਕੇ ਹੁਣ ਹੌਲੀ ਹੌਲੀ ਲੁਪਤ ਹੁੰਦੀ ਜਾ ਰਹੀ ਹੈ। ਪੰਜਾਬੀਆਂ ਦੀ ਮੌਜੂਦਾ ਪੀੜ੍ਹੀ ਕੋਲ ਵੰਡ ਤੋਂ ਪਹਿਲਾਂ ਦੇ ਪੰਜਾਬ ਬਾਰੇ ਜੋ ਤਸੱਵਰ ਮੌਜੂਦ ਹੈ ਉਹ ਇਤਿਹਾਸਕ ਜਾਂ ਸਾਹਿਤਕ ਸ੍ਰੋਤਾਂ ਤੋਂ ਇਲਾਵਾ ਆਪਣੇ ਬਜ਼ੁਰਗਾਂ ਦੀਆਂ ਯਾਦਾਂ ਅਤੇ ਅਣਵੰਡੇ ਪੰਜਾਬ ਬਾਰੇ ਉਹਨਾ ਦੁਆਰਾ ਸੁਣਾਈਆਂ ਜਾਂਦੀਆਂ ਕਹਾਣੀਆਂ, ਘਟਨਾਵਾਂ ਅਤੇ ਗੱਲਾਂਬਾਤਾਂ ਤੇ ਆਧਾਰਿਤ ਹੈ। ਵਿਦੇਸ਼ਾਂ ਵਿੱਚ ਜਦ ਦੋਹਾਂ ਪੰਜਾਬਾਂ ਦੇ ਵਾਸੀ ਕਿਧਰੇ ਆਪਸ ਵਿੱਚ ਮਿਲਦੇ ਹਨ ਤਾਂ ਉਹਨਾ ਵਿੱਚ ਆਪਣੇ ਬਜੁਰਗਾਂ ਦੁਆਰਾ ਉਹਨਾ ਦੀ ਜਨਮ ਭੁਇਂ ਬਾਰੇ ਸੁਣਾਈਆਂ ਯਾਦਾਂ ਤੋਂ ਗੱਲਬਾਤ ਦਾ ਸਿਲਸਿਲਾ ਤੁਰ ਪੈਂਦਾ ਹੈ। ਚੜ੍ਹਦੇ ਪੰਜਾਬ ਵਾਲੇ ਦੱਸਦੇ ਹਨ ਕਿ ਉਹਨਾ ਦੇ ਬਜ਼ੁਰਗ ਰਾਵਲਪਿੰਡੀ, ਲਾਹੌਰ, ਸ਼ੇਖੂਪੁਰਾ, ਗੁੱਜਰਾਂਵਾਲਾ ਜਾਂ ਲਾਇਲਪੁਰ (ਫੈਸਲਾਬਾਦ) ਦੇ ਨੇੜੇ ਤੇੜੇ ਕਿਧਰੇ ਵੱਸਦੇ ਸਨ। ਲਹਿੰਦੇ ਵਾਲੇ ਕਹਿੰਦੇ ਹਨ ਕਿ ਉਹਨਾ ਦੇ ਬਜੁਰਗਾਂ ਦਾ ਜਨਮ ਫਰੀਦਕੋਟ, ਅੰਮ੍ਰਿਤਸਰ, ਜਲੰਧਰ ਜਾਂ ਪਟਿਆਲੇ ਆਦਿ ਦੇ ਕਿਸੇ ਇਲਾਕੇ ਦਾ ਹੈ। ਉਹਨਾ ਦੀਆਂ ਗੱਲਾਂਬਾਤਾਂ ਵਿੱਚ ਉਹਨਾ ਪਲਾਂ ਦਾ ਜ਼ਿਕਰ ਵੀ ਆਉਂਦਾ ਹੈ ਜਦ ਕਿਧਰੇ ਉਹਨਾ ਦੇ ਬਜ਼ੁਰਗ ਦਹਾਕਿਆਂ ਬਾਅਦ ਆਪਣੀ ਜਨਮ ਭੁਇਂ ਨੂੰ ਵੇਖਣ ਲਈ ਵਾਪਸ ਗਏ ਸਨ ਅਤੇ ਆਪਣੇ ਬਚਪਨ ਦੇ ਦੋਸਤਾਂ ਅਤੇ ਸੰਗੀ ਸਾਥੀਆਂ ਨੂੰ ਮੁੱਦਤਾਂ ਬਾਅਦ ਮਿਲ ਕੇ ਗਲਵੱਕੜੀ ਪਾ ਕੇ ਜ਼ਾਰੋ ਜ਼ਾਰ ਰੋਏ ਸਨ। ਇਸ ਤਰਾਂ ਗੱਲਬਾਤ ਕਰਦਿਆਂ ਮੌਜੂਦਾ ਪੀੜ੍ਹੀ ਵਿੱਚ ਵੀ ਮਿੱਟੀ ਦੀ ਸਾਂਝ ਦਾ ਅਹਿਸਾਸ ਜਨਮ ਲੈ ਲੈਂਦਾ ਹੈ ਭਾਵੇਂ ਕਿ ਨਵੀਂ ਪੀੜ੍ਹੀ ਦੇ ਲੋਕਾਂ ਵਿੱਚ ਬਹੁਤ ਘੱਟ ਐਸੇ ਹਨ ਜਿਹੜੇ ਭਾਰਤ ਜਾਂ ਪਾਕਿਸਤਾਨ ਦੀ ਸਰਹੱਦ ਤੋਂ ਪਾਰ ਜਾ ਕੇ ਆਏ ਹਨ। ਗੈਰਪੰਜਾਬੀ ਭਾਰਤੀਆਂ ਜਾਂ ਗੈਰਪੰਜਾਬੀ ਪਾਕਿਸਤਾਨੀਆਂ ਨੂੰ ਦੋਵਾਂ ਪੰਜਾਬਾਂ ਦੇ ਵਾਸੀਆਂ ਦੀ ਇਸ ਆਪਸੀ ਸਾਂਝ ਵਾਲੀ ਭਾਵਨਾ ਦੀ ਜਿਆਦਾ ਸਮਝ ਨਹੀਂ ਆਉਂਦੀ। ਕਦੇ ਕਦੇ ਉਹ ਇਸ ਰਿਸ਼ਤੇ ਨੂੰ ਬੇਗਾਨੇ ਜਹੇ ਨਜ਼ਰੀਏ ਨਾਲ ਵੀ ਵੇਖਦੇ ਹਨ। ਵੈਸੇ ਇਸ ਵਿੱਚ ਉਹਨਾ ਦਾ ਜਿਆਦਾ ਦੋਸ਼ ਵੀ ਨਹੀਂ ਹੈ ਕਿਉਂਕਿ ਉਹਨਾ ਕੋਲ ਇਸ ਸਾਂਝ ਨੂੰ ਸਮਝਣ ਵਾਲੀ ਜ਼ਮੀਨ ਅਤੇ ਅਹਿਸਾਸ ਮੌਜੂਦ ਨਹੀਂ ਹਨ। 
ਜਿਲਾ ਸ਼ੇਖੂਪੁਰਾ ਨਾਲ ਸਬੰਧਿਤ ਪਾਕਿਸਤਾਨੀ ਪੰਜਾਬੀ ਚੜ੍ਹਦੇ ਪੰਜਾਬੀਆਂ ਨੂੰ ਬੜੇ ਮਾਣ ਨਾਲ ਇਹ ਦੱਸਦੇ ਹਨ ਕਿ ਉਹ ਨਨਕਾਣਾ ਸਾਹਿਬ ਦੇ ਇਲਾਕੇ ਨਾਲ ਸਬੰਧ ਰੱਖਦੇ ਹਨ। ਗੁਰੁ ਨਾਨਕ ਦੇਵ ਜੀ ਨੂੰ ਉਹ ਬਾਬਾ ਨਾਨਕ ਕਹਿ ਕੇ ਸੰਬੋਧਨ ਕਰਦੇ ਹਨ। ਵਿਦੇਸ਼ਾਂ ਵਿੱਚੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰਨੀਂ ਭਾਰਤ ਦੀ ਨਿਸਬਤ ਜਿਆਦਾ ਸੁਖਾਲੀ ਹੈ। ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰ ਚੁੱਕੇ ਪੰਜਾਬੀ ਸਿੱਖ ਜਦ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰਨ ਲਈ ਵੀਜ਼ਾ ਹਾਸਲ ਕਰਨ ਲਈ ਅਰਜ਼ੀ ਦਿੰਦੇ ਹਨ ਤਾਂ ਕਿਸੇ ਵੀ ਦੇਸ਼ ਵਿੱਚ ਸਥਾਪਤ ਪਾਕਿਸਤਾਨੀ ਅੰਬੈਸੀ ਐਵੇਂ ਖੱਜਲ ਖੁਆਰ ਨਹੀਂ ਕਰਦੀ ਅਤੇ ਵੀਜ਼ਾ ਜਾਰੀ ਕਰ ਦਿੰਦੀ ਹੈ। ਅਜਿਹੇ ਮੌਕੇ ਜਦ ਵਿਦੇਸ਼ਾਂ ਵਿੱਚੋਂ ਸਿੱਖ ਪਾਕਿਸਤਾਨ ਦੀ ਯਾਤਰਾ ਕਰਦੇ ਹਨ ਤਾਂ ਵਿਦੇਸ਼ਾਂ ਵਿੱਚ ਵੱਸਦੇ ਉਹਨਾ ਦੇ ਵਾਕਿਫ ਲਹਿੰਦੇ ਪੰਜਾਬੀ ਖਾਸ ਤੌਰ ਤੇ ਨਨਕਾਣਾ ਸਾਹਿਬ ਅਤੇ ਲਾਹੌਰ ਇਲਾਕਿਆਂ ਨਾਲ ਸਬੰਧ ਰੱਖਣ ਵਾਲੇ ਬਾਸ਼ਿੰਦੇ ਪਾਕਿਸਤਾਨ ਵੱਸਦੇ ਆਪਣੇ ਪਰਿਵਾਰਾਂ ਜਾਂ ਸੱਜਣਾਂ ਮਿੱਤਰਾਂ ਨੂੰ ਵਤਨ ਆਉਣ ਵਾਲੇ ਸਿੱਖ ਭਰਾਵਾਂ ਦਾ ਖਾਸ ਖਿਆਲ ਰੱਖਣ ਅਤੇ ਆਉ ਭਗਤ ਕਰਨ ਦੇ ਸੁਨੇਹੇ ਭੇਜ ਦਿੰਦੇ ਹਨ। ਠੀਕ ਇਹੀ ਵਰਤਾਰਾ ਉਦੋਂ ਵੀ ਵਾਪਰਦਾ ਹੈ ਜਦ ਵਿਦੇਸ਼ਾਂ ਵਿੱਚ ਵੱਸਦੇ ਲਹਿੰਦੇ ਪੰਜਾਬ ਦੇ ਵਾਸੀ ਭਾਰਤੀ ਪੰਜਾਬ ਦੀ ਯਾਤਰਾ ਕਰਦੇ ਹਨ।
    ਵਿਦੇਸ਼ਾਂ ਵਿੱਚ ਵੱਸਦੇ ਦੋਹਾਂ ਪੰਜਾਬਾਂ ਦੇ ਵਾਸੀਆਂ ਦੀ ਆਪਸੀ ਕਾਰੋਬਾਰੀ ਅਤੇ ਸਮਾਜਿਕ ਸਾਂਝ ਵੀ ਮਜਬੂਤ ਹੈ। ਦੋਹਾਂ ਭਾਈਚਾਰਿਆਂ ਨੇ ਸਖਤ ਮਿਹਨਤ ਨਾਲ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ ਅਤੇ ਬੇਗਾਨੀ ਧਰਤੀ ਤੇ ਵੀ ਉੱਚੇ ਮੁਕਾਮ ਹਾਸਲ ਕੀਤੇ ਹਨ। ਦੋਹਾਂ ਪਾਸਿਆਂ ਨਾਲ ਸਬੰਧ ਰੱਖਣ ਵਾਲਾ ਬੁੱਧੀਜੀਵੀ ਵਰਗ, ਖਾਸ ਤੌਰ ਤੇ ਸਾਹਿਤ ਪ੍ਰੇਮੀ ਆਪਸੀ ਸਾਂਝ ਨੂੰ ਪ੍ਰਗਟ ਕਰਦੀਆਂ ਮਿਲਣੀਆਂ ਦਾ ਪ੍ਰਬੰਧ ਵੀ ਕਰਦੇ ਰਹਿੰਦੇ ਹਨ। ਸਾਹਿਤ ਦੇ ਖੇਤਰ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਫਰੀਦ ਜੀ ਦੀ ਮਹਾਨ ਬਾਣੀ ਤੋਂ ਇਲਾਵਾ ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਵਰਗੇ ਸੂਫੀਆਂ ਦੇ ਬਾਕਮਾਲ ਕਲਾਮਾਂ ਅਤੇ ਕਿਰਤਾਂ ਦੇ ਰੂਪ ਵਿੱਚ ਬਹੁਕੀਮਤੀ ਵੰਨਗੀਆਂ ਮੌਜੂਦ ਹਨ ਜੋ ਦੁਵੱਲੀ ਸਾਂਝ ਨੂੰ ਪੀਢਾ ਕਰਦੀਆਂ ਹਨ ਅਤੇ ਸਥਿਰਤਾ ਬਖਸ਼ਦੀਆਂ ਆ ਰਹੀਆਂ ਹਨ। ਇਸੇ ਤਰਾਂ ਸੰਗੀਤ ਦੇ ਖੇਤਰ ਵਿੱਚ ਮਰਹੂਮ ਨੁਸਰਤ ਫਤਿਹ ਅਲੀ ਖਾਨ ਜਾਂ ਰਾਹਤ ਅਲੀ ਖਾਂਨ, ਆਲਮ ਲੁਹਾਰ, ਗੁਲਾਮ ਅਲੀ ਅਤੇ ਏਧਰੋਂ ਗੁਰਦਾਸ ਮਾਨ, ਹੰਸ ਰਾਜ ਹੰਸ, ਸੁਖਵਿੰਦਰ ਅਤੇ ਪੂਰਨ ਚੰਦ ਪਿਆਰੇ ਲਾਲ ਵਡਾਲੀ ਭਰਾ ਆਦਿ ਗਾਇਕੀ ਦੇ ਖੇਤਰ ਦੇ ਸਾਂਝੇ ਅਤੇ ਚਰਚਿਤ ਨਾਂਅ ਹਨ। ਇਹਨਾ ਗਾਇਕਾਂ ਦੇ ਵਿਦੇਸ਼ਾਂ ਵਿੱਚ ਹੁੰਦੇ ਪ੍ਰੋਗਰਾਮਾਂ ਅਤੇ ਅਖਾੜਿਆਂ ਵਿੱਚ ਦੋਹਾਂ ਪਾਸਿਆਂ ਦੇ ਪੰਜਾਬੀ ਹੁੰਮ-ਹੁੰਮਾ ਕੇ ਸ਼ਿਰਕਤ ਕਰਦੇ ਹਨ।
    ਸਾਂਝੀ ਮਿੱਟੀ, ਸਾਂਝੀ ਭਾਸ਼ਾ ਅਤੇ ਸਾਂਝੇ ਜੀਵਨ ਢੰਗ ਨਾਲ ਸ਼ਿੰਗਾਰੀ ਇਹ ਸਾਂਝ ਦਹਾਕਿਆਂ ਤੋਂ ਨਿਭਦੀ ਆ ਰਹੀ ਹੈ। ਇਸ ਵਿੱਚ ਨਾਂ ਤਾਂ ਕੋਈ ਗਰਜ਼ ਲੁਕੀ ਹੈ ਅਤੇ ਨਾਂ ਕੋਈ ਲੁਕਵਾਂ ਮਕਸਦ। ਦੁਆ ਹੈ ਕਿ ਦੋਹਾਂ ਪੰਜਾਬਾਂ ਦੇ ਵਿਚਾਲੇ ਮੁਹੱਬਤ ਅਤੇ ਖਲੂਸ ਦਾ ਇਹ ਅਹਿਸਾਸ ਪੀੜ੍ਹੀ ਦਰ ਪੀੜ੍ਹੀ ਇਸੇ ਤਰਾਂ ਹੀ ਅੱਗੇ ਵਧਦਾ ਜਾਵੇ ਅਤੇ ਸਾਂਝ ਦੀ ਇਸ ਤੰਦ ਨੂੰ ਕਿਸੇ ਕਿਸਮ ਦੀ ਕੋਈ ਸਾਜਿਸ਼ ਕਦੇ ਵੀ ਤੋੜ ਨਾਂ ਸਕੇ।

ਵਾਰਸਾ, ਪੋਲੈਂਡ
0048-516732105

13 Jan. 2019