ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

14 ਜਨਵਰੀ 2019

ਆਪਣਾ ਵਜੂਦ ਬਚਾਉਣ ਲਈ ਹੁਣ 'ਆਪ' ਟਕਸਾਲੀ ਅਕਾਲੀਆਂ ਨਾਲ਼ ਨੇੜਤਾ ਵਧਾਉਣ ਲੱਗੀ- ਇਕ ਖ਼ਬਰ
ਬੜੀ ਮੁਸ਼ਕਿਲ ਬਣ ਗਈ ਵੇ, ਕਿਤੇ ਮਾਰ ਭਾਗ ਸਿਆਂ ਗੇੜਾ।

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਮਨਾਈ 'ਠੰਢੀ' ਲੋਹੜੀ- ਇਕ ਖ਼ਬਰ
ਲੋਹੜੀ ਦਾ ਦਿਹਾੜਾ ਮਨਾਉਂਦੇ ਲੋਕੀਂ ਲੋਹੜੀਆਂ, ਸਾਡੀ ਕਾਹਦੀ ਲੋਹੜੀ ਅੱਖਾਂ 'ਸੱਜਣਾਂ' ਨੇ ਮੋੜੀਆਂ।

ਪਾਕਿਸਤਾਨ ਅਮਰੀਕਾ ਦਾ 'ਗਾਹਕ' ਬਣਨ ਦੀ ਬਜਾਇ ਗੁਆਂਢੀਆਂ ਨਾਲ ਆਪਣੇ ਸਬੰਧ ਸੁਧਾਰੇ- ਹਿਨਾ ਖਾਰ
ਕਾਹਨੂੰ ਚੂਪਦੈਂ ਚਰ੍ਹੀ ਦੇ ਟਾਂਡੇ, ਘਰ 'ਚ ਸੰਧੂਰੀ ਅੰਬੀਆਂ।

ਦਿੱਲੀ 'ਚ ਕਾਂਗਰਸ ਆਪਣੇ ਦਮ 'ਤੇ ਚੋਣਾਂ ਲੜੇਗੀ- ਸ਼ੀਲਾ ਦੀਕਸ਼ਿਤ
ਘੜਾ ਚੁੱਕ ਲਊਂ ਪੱਟਾਂ 'ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਦਸਮ ਗੁਰੂ ਨੇ ਇਨਸਾਫ਼ ਮੰਗਣ ਵਾਲ਼ੇ ਨਹੀਂ, ਇਨਸਾਫ਼ ਦੇਣੇ ਵਾਲ਼ੇ ਪੈਦਾ ਕੀਤੇ- ਪ੍ਰਿੰ.ਸੁਰਿੰਦਰ ਸਿੰਘ
ਗੁਰੂਆਂ ਸਿੰਘਾਂ ਦੇ ਸਿਰਾਂ 'ਤੇ ਤਾਜ ਰੱਖੇ, ਪੈਰੀਂ ਰੋਲ਼ ਦਿੱਤੇ ਬੇਈਮਾਨ ਲੀਡਰਾਂ ਨੇ।

ਸ਼ਿਵ ਸੈਨਾ ਨੂੰ ਹਰਾਉਣ ਵਾਲਾ ਅਜੇ ਪੈਦਾ ਨਹੀਂ ਹੋਇਆ- ਠਾਕਰੇ
ਰੱਬ ਚਾੜ੍ਹ ਪਹਾੜ ਤੋਂ ਡੇਗ ਦਿੰਦਾ, ਐਡੇ ਕੁਫ਼ਰ ਦੇ ਬੋਲ ਨਾ ਬੋਲੀਏ ਜੀ।

ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵਲੋਂ ਲੋਕ ਸਭਾ ਚੋਣਾਂ ਲਈ ਗੱਠਜੋੜ ਦਾ ਐਲਾਨ- ਇਕ ਖ਼ਬਰ
ਯਾਦਵਾਂ ਦੇ ਸਾਈਕਲ 'ਤੇ, ਬੀਬੀ ਮਾਰ ਪਲਾਕੀ ਬਹਿ ਗਈ। 

ਅਜੇ ਵੀ ਸੌਦਾ ਸਾਧ ਵਿਰੁੱਧ ਬਾਦਲ ਅਤੇ ਸ਼੍ਰੋਮਣੀ ਕਮੇਟੀ ਦਾ ਮੂੰਹ ਬੰਦ ਕਿਉਂ? ਭਾਈ ਮਾਝੀ
ਸਾਡੇ ਨੈਣੀਂ ਨਾ ਸੁੱਕਦਾ ਨੀਰ, ਕਿ ਯਾਰ ਪਰਦੇਸੀ ਹੋ ਗਿਆ।

ਮੁੱਖ ਮੰਤਰੀ ਨੇ ਦੋ ਜਿਲ੍ਹਿਆਂ ਦੇ ਪੰਚਾਇਤੀ ਨੁਮਾਇੰਦਿਆਂ ਨੂੰ ਸਹੁੰ ਖੁਆਈ- ਇਕ ਖ਼ਬਰ
ਜਿਵੇਂ ਦੀ ਤੂੰ ਸਹੁੰ ਨਿਭਾਈ ਉਵੇਂ ਦੀ ਤੇਰੇ ਪੰਚਾਇਤੀ ਨੁਮਾਇੰਦੇ ਨਿਭਾਉਣਗੇ।

ਬਾਦਲ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਂਦੇ ਰਹੇ ਤੇ ਹੁਣ ਵੀ ਉਹੋ ਕੁਝ ਹੋ ਰਿਹਾ ਹੈ- ਜਸਟਿਸ
ਇਕ ਨੂੰ ਕੀ ਰੋਨੀ ਏਂ, ਊਤ ਗਿਆ ਈ ਆਵਾ।

ਜੰਨਤਾ ਦੀ ਅਦਾਲਤ ਤੋਂ ਭੱਜ ਗਿਆ 56 ਇੰਚ ਦੀ ਛਾਤੀ ਵਾਲਾ ਚੌਕੀਦਾਰ- ਰਾਹੁਲ ਗਾਂਧੀ
ਚਰਖੇ ਦੀ ਘੂਕ ਸੁਣ ਕੇ, ਤੋਪਾਂ ਸੁੱਟ ਕੇ ਫਰੰਗੀ ਭੱਜਿਆ।

ਘਪਲੇ ਲੁਕਾਉਣ ਲਈ ਇਕੱਠੀਆਂ ਹੋ ਰਹੀਆਂ ਹਨ ਵਿਰੋਧੀ ਪਾਰਟੀਆਂ- ਮੋਦੀ
ਐਵੇਂ ਮਾਰ ਨਾ ਚੰਦਰਿਆ ਮੇਹਣੇ, ਤੈਨੂੰ ਵੀ ਜੱਗ ਜਾਣ ਗਿਆ।

ਬਾਦਲ ਸਰਕਾਰ ਨੇ ਬੇਅਦਬੀ ਮਾਮਲੇ ਦੀ ਢੁੱਕਵੀਂ ਜਾਂਚ ਨਹੀਂ ਕਰਵਾਈ- ਜ਼ੋਰਾ ਸਿੰਘ
ਕੀਹਨੂੰ ਸ਼ੌਕ ਏ ਮਹੁਰਾ ਖਾਵਣੇ ਦਾ, ਸਿਰ ਉੱਖਲੀ 'ਚ ਕੌਣ ਫ਼ਸਾਂਵਦਾ ਏ?

ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਪੰਜਾਬ ਪੁਲਿਸ ਪਹਿਲੇ ਨੰਬਰ 'ਤੇ- ਵਿਜੀਲੈਂਸ ਵਿਭਾਗ
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।