ਭਖ਼ਦੀ ਰੇਤ - ਜਸਵੀਰ ਸਿੱਧੂ ਬੁਰਜ ਸੇਮਾ

ਬਾਬਾ ਕਰਤਾਰ ਸਿਉਂ ਪੂਰਾ ਹੋ ਗਿਆ ਸੀ। ਘਰ ਵਿੱਚ ਚੀਕ-ਚਿਹਾੜਾ ਪੈ ਗਿਆ ਸੀ। ਉਸਦੀ ਘਰਵਾਲੀ ਦੋ ਵਰ੍ਹੇ ਪਹਿਲਾਂ ਹੀ ਸਵਰਗ ਸਿਧਾਰ ਚੁੱਕੀ ਸੀ। ਦੋਵਾਂ ਕੁੜੀਆਂ ਦੇ ਵਿਆਹ ਉਸਨੇ ਪਹਿਲਾਂ ਹੀ ਕਰ ਦਿੱਤੇ ਸੀ। ਘਰੋਂ  ਗਰੀਬ ਹੋਣ ਕਾਰਨ ਕਰਤਾਰ ਸਿਉਂ ਦੀ ਆਪਣੇ ਪੁੱਤਰਾਂ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਦੀ ਆਸ ਅੰਦਰੋ-ਅੰਦਰੀ ਟੀਸ ਬਣ ਕੇ ਰਹਿ ਗਈ ਸੀ, ਜਿਸ ਕਰਕੇ ਕਰਤਾਰ ਸਿਉਂ ਹਰ ਸਮੇਂ ਅੰਦਰੋ-ਅੰਦਰੀ ਝੂਰਦਾ ਰਹਿੰਦਾ ਸੀ। ਇਹ ਝੋਰਾ ਉਸਨੂੰ ਹਰ ਸਮੇਂ ਘੁਣ ਵਾਂਗ ਖਾ ਰਿਹਾ ਸੀ।
    ਉਸਦਾ ਮੁੰਡਾ ਕਾਕਾ ਤੇ ਕਰਤਾਰ ਸਿਉਂ ਦੀ ਨੂੰਹ ਰੋ-ਰੋ ਕੇ ਵੈਣ ਪਾ ਰਹੇ ਸਨ, ''ਓਏ ਬਾਪੂ ਤੂੰ ਕਿੱਥੇ ਚਲਿਆ ਗਿਆ....ਕਿਸ ਦੇ ਸਹਾਰੇ ਛੱਡ ਗਿਆ ਸਾਨੂੰ....ਅਸੀਂ ਹੁਣ ਕਿੱਥੇ ਜਾਵਾਂਗੇ....ਕੌਣ ਹੱਥ ਰੱਖੂਗਾ ਹੁਣ ਸਾਡੇ ਸਿਰ 'ਤੇ....ਤੂੰ ਵੀ ਸਾਨੂੰ 'ਕੱਲਿਆਂ ਨੂੰ ਛੱਡ ਕੇ ਮਾਂ ਕੋਲ ਵਗ ਗਿਆ ਉਏ....ਸਾਡੇ ਬਾਰੇ ਕੁਛ ਵੀ ਨਾ ਸੋਚਿਆ....ਬਾਪੂ ਤੇਰਾ ਬੜਾ ਸਹਾਰਾ ਸੀ ਸਾਨੂੰ....। ਮੈਂ ਕਿੰਨੀ ਵਾਰੀ ਆਖਿਆ ਸੀ ਕਿ ਹੁਣ ਤੇਰੀ ਕੰਮ ਕਰਨ ਦੀ ਉਮਰ ਨਹੀਂ ਪਰ ਤੂੰ ਨਹੀਂ ਮੰਨਿਆ ਸੀ। ਜ਼ਿਮੀਂਦਾਰਾਂ ਨੇ ਤੇਰਾ ਖ਼ੂਨ ਚੂਸ ਕੇ ਛੱਡਿਆ ਏ ਬਾਪੂ....। ਸਾਡਾ ਕੀ ਏ....ਅਸੀਂ ਵੀ ਲੱਗ ਜਾਣੈ ਕਿਸੇ ਜੱਟ ਦੇ ਦਿਹਾੜੀ 'ਤੇ....ਖੱਲ ਪਟਾਉਣ ਵਾਸਤੇ....।''
    ਕਾਕੇ ਤੇ ਉਸਦੀ ਵਹੁਟੀ ਦੀ ਆਵਾਜ਼ ਸੁਣ ਕੇ ਆਂਢੀ-ਗੁਆਂਢੀ ਵੀ ਆ ਗਏ। ਜਦੋਂ ਪਤਾ ਲੱਗਿਆ ਕਿ ਕਾਕੇ ਦੇ ਬਾਪੂ ਦੀ ਮੌਤ ਹੋ ਗਈ ਹੈ ਤਾਂ ਸਾਰੇ ਪਿੰਡ ਵਿੱਚ ਸੋਗ ਪੈ ਗਿਆ ਸੀ। ਪਿੰਡ ਵਿੱਚ ਸੰਨਾਟਾ ਪਸਰ ਗਿਆ ਸੀ। ਮੌਤ ਦਾ ਸੰਨਾਟਾ, ਕਰਤਾਰ ਸਿਉਂ ਦਾ ਪਿੰਡ ਵਿੱਚ ਬੜਾ ਵੱਡਾ ਥਵਾਕ ਸੀ, ਜਿਸ ਕਰਕੇ ਪਿੰਡ ਦਾ ਹਰ ਬੰਦਾ ਉਸਦਾ ਦਰਦ ਵੰਡਾਉਣ ਲਈ ਸੱਥਰ 'ਤੇ ਬੈਠਣ ਆਇਆ ਸੀ। ਪਿੰਡ ਦਾ ਹਰ ਇਕ ਸਿਆਣਾ ਬਜ਼ੁਰਗ, ਨੌਜਵਾਨ ਬੈਠਾ ਉਸਦੀਆਂ ਚੰਗਿਆਈਆਂ ਦੱਸ ਰਿਹਾ ਸੀ ਕਿ ਗਰੀਬੀ-ਅਮੀਰੀ ਤਾਂ ਜ਼ਿੰਦਗੀ ਦਾ ਹਿੱਸਾ ਹੈ ਪਰ ਕਰਤਾਰ ਸਿਉਂ ਖ਼ੁਸ਼ਦਿਲ, ਨੇਕ ਇਨਸਾਨ ਅਤੇ ਮਿਹਨਤੀ ਵਿਅਕਤੀ ਸੀ। ਕੋਲ ਬੈਠੇ ਬੰਦੇ ਕਾਕੇ ਨੂੰ ਦਿਲਾਸਾ ਦੇ ਰਹੇ ਸਨ, ''ਇਹ ਤਾਂ ਕਾਕਾ ਸਿਆਂ ਕੁਦਰਤ ਦਾ ਭਾਣੈ, ਜੋ ਸੱਤ ਕਰਕੇ ਮੰਨਣਾ ਪੈਂਦੈ....ਸਬਰ ਰੱਖ।''
    ਕਈ ਬੰਦੇ ਵਿੱਚੋਂ ਬੋਲ ਰਹੇ ਸਨ, ''ਸਿਆਣੇ ਬੰਦੇ ਦਾ ਤਾਂ ਭਾਈ ਆਸਰਾ ਹੀ ਬਹੁਤ ਹੁੰਦੈ। ਆਪਾਂ ਕਿਹੜਾ ਅਮਰ ਰਹਿਣਾ ਇੱਥੇ ਤਾਂ ਸਿਕੰਦਰ ਵਰਗੇ ਨੀ ਰਹੇ। ਤੁਸੀਂ ਕਾਕਾ ਦਿਲ ਛੋਟਾ ਨਾ ਕਰੋ। ਹਿੰਮਤ ਰੱਖੋ।'' ਕਾਕਾ ਆਪਣੇ ਬਾਪੂ ਦੀ ਲਾਸ਼ 'ਤੇ ਕੱਫ਼ਣ ਪਾਉਣ ਲਈ ਖੱਦਰ ਲੈਣ ਚਲਾ ਗਿਆ ਤੇ ਥੋੜ੍ਹੇ ਹੀ ਚਿਰ ਬਾਅਦ ਵਾਪਸ ਆ ਗਿਆ। ਸਸਕਾਰ ਹੋਇਆ। ਲੋਕ ਕਈ ਦਿਨ ਦੁੱਖ-ਸੁੱਖ ਸਾਂਝਾ ਕਰਨ ਆਉਂਦੇ ਰਹੇ ਪਰ ਭੋਗ ਤੋਂ ਬਾਅਦ ਘਰ ਵਿੱਚ ਬਿਲਕੁਲ ਚੁੱਪ ਪਸਰ ਗਈ ਸੀ।
    ਕਾਕਾ ਜ਼ਿੰਦਗੀ ਦੀਆਂ ਉਲਝਣ-ਤਾਣੀਆਂ ਵਿੱਚ ਫਸਿਆ ਇੱਕ ਥਾਂ ਹੀ ਟਿਕਟਿਕੀ ਲਾਈ ਬੈਠਾ ਸੀ। ਕਾਕੇ ਦੇ ਘਰਵਾਲੀ ਗੁਆਂਢੀਆਂ ਦੇ ਘਰੋਂ ਦਾਲ ਦੀ ਕੌਲੀ ਲੈ ਕੇ ਮੁੜੀ ਤਾਂ ਕਾਕਾ ਉੱਥੇ ਹੀ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਬੈਠਾ ਸੀ। ਭਜਨੋ ਨੇ ਆਪਣੇ ਮੱਥੇ 'ਤੇ ਹੱਥ ਰੱਖ ਕੇ ਉਸਦਾ ਮੋਢਾ ਹਲੂਣਿਆ, ''ਨਾ ਆਏਂ ਨੀ ਡੰਗ ਟੱਪਣਾ ਜੀ।'' ਭਜਨੋ ਦੇ ਦੋ-ਤਿੰਨ ਵਾਰ ਹਲੂਣਾ ਦੇਣ 'ਤੇ ਕਾਕੇ ਦੀਆਂ ਸੋਚਾਂ ਦੀ ਲੜੀ ਟੁੱਟੀ।
    ''ਕੁਛ ਨਾ ਕੁਛ ਤਾਂ ਕਰਨਾ ਹੀ ਪਵੇਗਾ।''
    ਮੱਥੇ 'ਤੇ ਤਿਉੜੀਆਂ ਪਾਉਂਦੀ ਹੋਈ ਬੋਲੀ, ''ਬਾਪੂ ਜੀ ਬਿਨਾਂ ਤਾਂ ਘਰ ਸੁੰਨਾ-ਸੁੰਨਾ ਲਗਦੈ। ਜਿਵੇਂ ਕੋਈ ਘਰ ਵਿੱਚ ਵਸਦਾ ਹੀ ਨਾ ਹੋਵੇ।''
    ''ਤੂੰ ਠੀਕ ਕਿਹਾ ਭਜਨੋ। ਘਰ ਖਾਣ ਨੂੰ ਆਉਂਦੈ। ਕਾਲ਼ਜਾ ਫਟਣ ਨੂੰ ਪੈਂਦੈ। ਦੁਨੀਆਂ 'ਤੇ ਕਿਤੇ ਵੀ ਮਨ ਨਹੀਂ ਲਗਦਾ।''
    ਹੁਣ ਵੀ ਜੇਕਰ ਕੋਈ ਟਾਵਾਂ-ਵਿਰਲਾ ਬੰਦਾ ਆ ਜਾਂਦਾ ਸੀ ਤਾਂ ਉਹ ਵੀ ਕਰਤਾਰ ਸਿਉਂ ਦੀਆਂ ਗੱਲਾਂ ਛੇੜ ਲੈਂਦਾ, ''ਵਿਚਾਰਾ ਨਰਮ ਸੀ। ਸਾਊ ਬਣ ਕੇ ਕੰਮ ਕਰਦਾ ਰਿਹਾ। ਜੇਕਰ ਉਹ ਹੁਣ ਕੰਮ ਕਰਨੋਂ ਹਟ ਜਾਂਦਾ....ਤਾਂ ਸ਼ਾਇਦ ਇਹ ਭਾਣਾ ਨਾ ਵਰਤਦਾ। ਉਂਝ ਜ਼ਿਮੀਂਦਾਰ ਵੀ ਉਸਤੋਂ ਪਸ਼ੂਆਂ ਵਾਂਗ ਕੰਮ ਲੈਂਦਾ ਸੀ। ਜ਼ਿਮੀਂਦਾਰ ਤਾਂ ਉਸਦੀ ਬਿਮਾਰੀ-ਬਮੂਰੀ ਵੀ ਨਹੀਂ ਸੀ ਦੇਖਦਾ....ਉਸਨੂੰ ਤਾਂ ਕੰਮ ਚਾਹੀਦਾ ਸੀ। ਆਖ਼ਰ ਵਿਚਾਰੇ ਦਾ ਮਰ ਕੇ ਹੀ ਖਹਿੜਾ ਛੁੱਟਿਆ। ਹੋਣੀ ਨੂੰ ਕੌਣ ਟਾਲ਼ ਸਕਦੈ....ਕਾਕਾ ਸਿਆਂ ਪੁੱਤ ਰੱਬ ਦਾ ਭਾਣਾ ਮੰਨ ਕੇ ਤਕੜੇ ਹੋਵੋ ਤੇ ਆਪਣਾ ਕੰਮ-ਕਾਜ ਸਾਂਭੋ ਭਾਈ....ਹਾਂ ਸੱਚ....।'' ਜੱਗਰ ਦੇ ਕੋਈ ਗੱਲ ਚੇਤੇ ਆਈ ਸੀ, ''ਕਾਕਾ ਤੇਰੇ ਵਿਆਹ ਨੂੰ ਕਿੰਨਾ ਚਿਰ ਹੋਇਆ?''
    ''ਬਾਬਾ ਜੀ ਹਾਲੇ ਤਾਂ ਅੱਠ ਕੁ ਮਹੀਨੇ ਹੀ ਹੋਏ ਨੇ।''
    ''ਫੇਰ ਤਾਂ ਭਾਈ ਕੋਈ ਨਿੱਕਾ-ਨਿਆਣਾ ਵੀ ਹਾਲੇ....ਖ਼ੈਰ....ਤੇਰੀ ਭਰਤੀ ਦੀ ਉਮਰ ਹਾਲੇ ਟੱਪੀ ਤਾਂ ਨੀ?''
    ''ਹਾਲੇ ਤਾਂ ਬਾਬਾ ਜੀ ਇੱਕ ਭਰਤੀ ਦੇਖ ਸਕਦਾਂ। ਪਹਿਲਾਂ ਫੌਜ ਦੀਆਂ ਕਈ ਭਰਤੀਆਂ ਦੇਖੀਆਂ। ਕਦੀ ਟੈਸਟਾਂ 'ਚੋਂ ਰਹਿ ਜਾਈਦਾ, ਕਦੇ ਰੇਸ ਵਿੱਚੋਂ, ਰਹਿੰਦਾ-ਖੂੰਹਦਾ ਹੁਣ ਬਾਪੂ ਜੀ ਦੀ ਮੌਤ ਤੋਂ ਬਾਅਦ ਤਾਂ ਹੁਣ ਕਿਸੇ ਪਾਸੇ ਦੇ ਨਹੀਂ ਰਹੇ।''
    ''ਨਹੀਂ ਸ਼ੇਰਾ, ਜਿਉਂਦੇ ਬੰਦੇ ਨੂੰ ਸੌ ਓਹੜ-ਪੋਹੜ ਕਰਨਾ ਪੈਂਦਾ। ਤੂੰ ਹੌਸਲਾ ਨਾ ਛੱਡੀਂ। ਇੱਕ ਭਰਤੀ ਮੇਰੇ ਆਖੇ ਵੇਖ ਛੱਡ। ਕਈ ਵਾਰ ਪੁੱਤਰਾ ਆਖ਼ਰੀ ਚਾਬੀ ਤਾਲਾ ਖੋਲ੍ਹ ਦਿੰਦੀ ਐ ਪਰ ਉੱਥੇ ਆ ਕੇ ਬੰਦਾ ਕਈ ਵਾਰ ਆਪਣਾ ਹੌਸਲਾ ਗਵਾ ਬੈਠਦੈ।'' ਬਾਬੇ ਦੀ ਗੱਲ ਕੁੱਝ ਪਲਾਂ ਲਈ ਤਾਂ ਉਸਨੂੰ ਚੰਗੀ ਲੱਗੀ ਸੀ ਪਰ ਘਰ ਵਿੱਚ ਗਰੀਬੀ ਦੇ ਹਾਲਾਤਾਂ ਨੇ ਉਸਨੂੰ ਏਸ ਪਾਸੇ ਜਾਣ ਨਹੀਂ ਜੇ ਦੇਣਾ। ਜੱਗਰ ਸਿੰਘ ਆਪਣੀਆਂ ਸਿਆਣੀਆਂ ਮੱਤਾਂ ਉਸਨੂੰ ਦੇ ਕੇ ਚਲਾ ਗਿਆ ਸੀ।
    ਕਾਕਾ ਦਿਹਾੜੀ 'ਤੇ ਜਾਣ ਲੱਗ ਪਿਆ ਸੀ। ਘਰ ਦਾ ਖਰਚਾ-ਪਾਣੀ ਚੱਲੀ ਜਾਂਦਾ ਸੀ। ਇੱਕ ਦਿਨ ਕਾਕੇ ਦੇ ਦੋਸਤ ਹਰੀ ਨੇ ਦੱਸਿਆ, ''ਫੌਜ ਦੀ ਭਰਤੀ ਦੀਆਂ ਪੋਸਟਾਂ ਨਿਕਲੀਆਂ ਨੇ। ਭਰਤੀ ਵਿੱਚ ਕਾਫ਼ੀ ਸਮਾਂ ਪਿਆ ਹੈ। ਆਪਾਂ ਦੋਵੇਂ ਰਲ ਕੇ ਤਿਆਰੀ ਲਾ ਲੈਨੇਂ ਆਂ।''
    ਕਾਕੇ ਨੇ ਕਿਹਾ, ''ਸੋਚ ਕੇ ਦੱਸੂੰਗਾ ਕਿਉਂਕਿ ਘਰ ਦੇ ਹਾਲਾਤ ਬਹੁਤ ਮਾੜੇ ਨੇ। ਘਰ ਦਾ ਖਰਚਾ ਮਸਾਂ ਹੱਥ ਘੁੱਟ ਕੇ ਚਲਾਈਦੈ। ਅਜਿਹੇ ਹਾਲਾਤਾਂ ਵਿੱਚ ਤਿਆਰੀ ਕਰਨੀ ਬਹੁਤ ਮੁਸ਼ਕਿਲ ਐ।''
    ਹਰੀ ਨੇ ਕਿਹਾ, ''ਠੀਕ ਐ, ਸੋਚ ਕੇ ਦੱਸ ਦੇਵੀਂ।''
    ਸ਼ਾਮ ਨੂੰ ਜਦੋਂ ਭਜਨ ਕੁਰ ਘਰ ਦਾ ਕੰਮ-ਕਾਜ ਕਰਕੇ ਵਿਹਲੀ ਹੋ ਕੇ ਮੰਜੇ 'ਤੇ ਆ ਬੈਠੀ ਤੇ ਕਾਕੇ ਨੇ ਦਿਲ 'ਚ ਦੱਬੀ ਗੱਲ ਉਸਦੇ ਅੱਗੇ ਰੱਖ ਦਿੱਤੀ, ''ਭਜਨੋ....।''
    ''ਹੂੰ....।''
    ''ਇੱਕ ਗੱਲ ਦੱਸ। ਹਾਲੇ ਵੀ ਮੇਰੇ ਕੋਲ ਸਮਾਂ ਐਂ। ਭਰਤੀ ਦੀ ਉਮਰ ਨਹੀਂ ਟੱਪੀ ਤੇ ਫੌਜ ਦੀ ਭਰਤੀ ਦੀਆਂ ਪੋਸਟਾਂ ਨਿਕਲੀਆਂ ਨੇ। ਤੂੰ ਕਹੇਂ ਤਾਂ ਭਰ ਦੇਵਾਂ। ਖ਼ੌਰੇ ਗੱਲ ਬਣ ਈ ਜਾਵੇ।'' ਏਨੀ ਗੱਲ ਕਹਿ ਕੇ ਕਾਕਾ ਭਜਨੋ ਦੇ ਮੂੰਹ ਵੱਲ ਵੇਖਣ ਲੱਗ ਪਿਆ ਸੀ।
    ਅੱਗੋਂ ਭਜਨੋ ਨੇ ਕਿਹਾ, ''ਹਰਜ਼ ਕੀ ਐ ਜੀ। ਹੁਣ ਤਾਂ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੀ ਹੁੰਦੈ। ਖ਼ੌਰੇ ਪ੍ਰਮਾਤਮਾ ਆਪਣੀ ਡੁੱਬਦੀ ਬੇੜੀ ਕਿਸੇ ਬੰਨੇ ਲਾ ਹੀ ਦੇਵੇ। ਤੁਸੀਂ ਕੱਲ੍ਹ ਤੋਂ ਹੀ ਤਿਆਰੀ ਸ਼ੁਰੂ ਕਰ ਦਿਉ ਜੀ। ਮੈਂ ਸਵੇਰੇ ਚਾਰ ਵਜੇ ਥੋਨੂੰ ਉਠਾ ਦਿਆ ਕਰੂੰਗੀ।''
    ਕਾਕੇ ਨੇ ਹਰੀ ਨਾਲ ਮਿਲ ਕੇ ਪੂਰਾ ਇੱਕ ਮਹੀਨਾ ਤਿਆਰੀ 'ਤੇ ਜਿੰਦ-ਜਾਨ ਲਾ ਦਿੱਤੀ। ਹਾਲਾਂਕਿ ਸਵੇਰੇ ਉਸਨੂੰ ਦਿਹਾੜੀ 'ਤੇ ਵੀ ਜਾਣਾ ਪੈਂਦਾ ਸੀ ਪਰ ਫਿਰ ਵੀ ਉਸਨੇ ਹੌਸਲਾ ਨਹੀਂ ਹਾਰਿਆ ਸੀ। ਉਸਨੂੰ ਪੂਰੀ ਉਮੀਦ ਸੀ ਕਿ ਉਹ ਭਰਤੀ ਹੋ ਜਾਵੇਗਾ।
    ਭਰਤੀ ਦਾ ਦਿਨ ਆਇਆ। ਕਾਕਾ ਆਪਣੇ ਦੋਸਤਾਂ ਨਾਲ ਫੌਜ ਦੀ ਭਰਤੀ ਦੇ ਸਾਰੇ ਟ੍ਰਾਇਲ ਦੇ ਕੇ ਆਇਆ। ਟੈਸਟ ਵੀ ਵਧੀਆ ਹੋ ਗਿਆ ਸੀ। ਉਸਨੂੰ ਪੂਰੀ ਉਮੀਦ ਸੀ ਕਿ ਉਸਨੇ ਮਿਹਨਤ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਸੀ।
    ਹਰੀ ਨੇ ਕਾਕੇ ਨੂੰ ਸ਼ਾਮ ਨੂੰ ਦਿਹਾੜੀ ਤੋਂ ਵਾਪਿਸ ਆਉਂਦੇ ਨੇ ਬੜੇ ਹੀ ਦੁਖੀ ਮਨ ਨਾਲ ਦੱਸਿਆ ਸੀ, ''ਆਪਣਾ ਦੋਹਾਂ ਦਾ ਹੀ ਨੰਬਰ ਨਹੀਂ ਆਇਆ....ਮੈਂ ਅਖ਼ਬਾਰ ਪੜ੍ਹ ਲਿਐ। ਆਪਾਂ ਭਰਤੀ ਨਹੀਂ ਹੋ ਸਕੇ ਬਾਈ....।''
    ਕਾਕਾ ਚੁੱਪ ਹੋ ਗਿਆ, ਜਿਵੇਂ ਉਸਦੇ ਸਿਰ 'ਤੇ ਸੌ ਘੜਾ ਪਾਣੀ ਦਾ ਪੈ ਗਿਆ। ਉਸਦੇ ਦਿਮਾਗ ਦੀਆਂ ਨਾੜਾਂ ਟਕ-ਟਕ ਕਰ ਰਹੀਆਂ ਸਨ। ਉਸਦੇ ਦਿਮਾਗ ਵਿੱਚ ਇੱਕੋ ਹੀ ਗੱਲ ਸੀ। ਆਖ਼ਰੀ ਵਾਰ ਉਹ ਫੌਜ ਦੀ ਭਰਤੀ ਵਿੱਚੋਂ ਫੇਲ੍ਹ ਹੋ ਗਿਆ ਸੀ। ਉਸਦਾ ਭਵਿੱਖ ਤਬਾਹ ਹੋ ਗਿਆ ਸੀ। ਹੁਣ ਉਸਨੂੰ ਜੱਟਾਂ ਦੇ ਦਿਹਾੜੀ 'ਤੇ ਜਾਣਾ ਪਵੇਗਾ, ਦਿਨ-ਰਾਤ ਇੱਕ ਕਰਕੇ ਜੱਟ ਉਸਦੀ ਛਿੱਲ ਲਾਹ ਲਵੇਗਾ। ਕਾਕਾ ਗੱਲ ਦਿਲ 'ਤੇ ਲਾ ਗਿਆ।
    ਠੇਕੇ ਤੋਂ ਸ਼ਰਾਬ ਦੀ ਬੋਤਲ ਪੀ ਕੇ ਉਹ ਪੂਰੀ ਤਰ੍ਹਾਂ ਬੇਸੁੱਧ ਹੋ ਚੁੱਕਾ ਸੀ ਅਤੇ ਡਿਗਦਾ-ਡਿਗਦਾ ਘਰ ਵੜਿਆ ਸੀ। ਭਜਨੋ ਇਸ ਗੱਲ 'ਤੇ ਹੈਰਾਨ ਸੀ ਕਿ ਉਸਨੇ ਤਾਂ ਕਦੇ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਇਆ ਸੀ। ਕਾਕੇ ਨੇ ਰੋਟੀ ਖਾਂਦੇ ਨੇ ਆਪਣੇ ਸਾਰੇ ਕੱਪੜੇ ਦਾਲ ਨਾਲ ਲਿਬੇੜ ਲਏ। ਮਨ ਉਸਦਾ ਫਿੱਕਾ ਪੈ ਗਿਆ ਸੀ ਤੇ ਸ਼ਰਾਬੀ ਹਾਲਤ 'ਚ ਫੇਰ ਪਤਾ ਨਹੀਂ ਕਦੋਂ ਉਸਦੀ ਅੱਖ ਲੱਗ ਗਈ ਸੀ।
    ਕਾਕਾ ਫੌਜ ਵਿੱਚ ਭਰਤੀ ਨਾ ਹੋ ਸਕਿਆ। ਇਸ ਗੱਲ ਦਾ ਜਿੰਨਾ ਦੁੱਖ ਭਜਨੋ ਨੂੰ ਸੀ, ਉਹ ਕਿਸੇ ਕੋਲ ਫਰੋਲ ਨਹੀਂ ਸਕਦੀ ਸੀ। ਉਸਦੇ ਅੰਦਰ ਦੁੱਖਾਂ ਦੇ ਭਾਂਬੜ ਬਲ਼ ਰਹੇ ਸਨ। ਦਿਲ ਕਰਦਾ ਸੀ ਖ਼ੁਦਕੁਸ਼ੀ ਕਰ ਲਵੇ। ਫੇਰ ਆਪਣੇ ਪਤੀ ਦੀਆਂ ਦੁੱਖਾਂ-ਤਕਲੀਫ਼ਾਂ ਦੀਆਂ ਮਾੜੇ ਦਿਨਾਂ ਵਿੱਚ ਸਾਥ ਨਿਭਾਉਣ ਦੀਆਂ ਗੱਲਾਂ ਸੋਚ ਕੇ ਆਪਣੀਆਂ ਸੋਚਾਂ ਨੂੰ ਮੋੜ ਲੈਂਦੀ ਸੀ।
    ਅੱਜ ਜਿਹੜੀ ਕਾਕੇ ਦੇ ਸ਼ਰਾਬ ਪੀ ਕੇ ਆਉਣ ਦੀ ਗੱਲ ਸੀ, ਉਹ ਉਸਨੂੰ ਅੰਦਰੋਂ ਵੱਡਾ ਦੁੱਖ ਦੇ ਗਈ ਸੀ। ਉਸਦਾ ਦਿਲ ਸਹਿਮਿਆ ਪਿਆ ਸੀ। ਕਿਤੇ ਉਸਦਾ ਪਤੀ ਕੋਈ ਹੋਰ ਹੀ ਕਾਰਾ ਨਾ ਕਰ ਲਵੇ। ਉਹ ਜਾਣਦੀ ਸੀ ਕਿ ਫੌਜ ਵਿੱਚ ਭਰਤੀ ਨਾ ਹੋਣ ਕਰਕੇ ਉਹ ਧੁਰ ਅੰਦਰੋਂ ਟੁੱਟ ਚੁੱਕਾ ਸੀ।
    ਦਿਨ ਚੜ੍ਹਦੇ ਨਾਲ ਹੀ ਭਜਨੋ ਆਪਣੇ ਪਤੀ ਨੂੰ ਸਮਝਾਉਣ ਲੱਗ ਪਈ ਸੀ, ''ਸਾਰੀ ਦੁਨੀਆਂ ਕਦੇ ਅਮੀਰ ਨਹੀਂ ਹੋ ਸਕਦੀ ਤੇ ਨਾ ਹੀ ਕਦੇ ਸਾਰੀ ਦੁਨੀਆਂ ਫੌਜ ਵਿੱਚ ਭਰਤੀ ਹੋ ਸਕਦੀ ਐ। ਤੁਸੀਂ ਹੀ ਦੱਸੋ ਕਿੰਨੇ ਮੁੰਡੇ ਗਏ ਸੀ ਭਰਤੀ ਹੋਣ, ਕੀ ਸਾਰੇ ਭਰਤੀ ਹੋ ਕੇ ਹੀ ਆਏ ਨੇ? ਆਏਂ ਨੀ ਹੁੰਦਾ ਜੀ। ਤੁਸੀਂ ਦਿਲ ਨਾ ਛੱਡੋ। ਬਾਬਾ ਆਪੇ ਭਲੀ ਕਰੂਗਾ। ਤੁਸੀਂ ਕੱਲ੍ਹ ਤੋਂ ਦਿਹਾੜੀ ਜਾਣਾ ਸ਼ੁਰੂ ਕਰੋ, ਸਭ ਠੀਕ ਹੋਜੂ। ਦੋ ਸੌ ਰੁਪਏ ਨੇ ਦਿਹਾੜੀ ਦੇ ਸੁੱਖ ਨਾਲ। ਮੈਂ ਲੋਕਾਂ ਦੇ ਘਰੀਂ ਗੋਹੇ-ਕੂੜੇ ਦਾ ਕੰਮ ਕਰ ਲਿਆ ਕਰੂੰ। ਬੱਸ ਆਈਂ ਟਾਈਮ ਪਾਸ ਹੋ ਜਾਇਆ ਕਰੂ।'' ਇਹ ਗੱਲ ਕਾਕੇ ਦੇ ਮਨ ਨੂੰ ਜਚ ਗਈ ਸੀ ਤੇ ਹਾਮੀ ਵਿੱਚ ਉਸਨੇ ਵੀ ਸਿਰ ਹਿਲਾ ਦਿੱਤਾ ਸੀ।
    ਕਾਕਾ ਸਰਦਾਰ ਅੱਗੇ ਹੱਥ ਜੋੜੀ ਖੜ੍ਹਾ ਸੀ। ਸਰਦਾਰ ਗੱਜਣ ਸਿਉਂ ਹੈਂਕੜਖੋਰਾ ਬੰਦਾ ਸੀ। ਜਿਹੜਾ ਵੀਹ ਗੱਲਾਂ ਸੁਣ ਕੇ ਸਿਰ ਇੱਕ ਵਾਰ ਹਿਲਾਉਂਦਾ ਸੀ।
    ''ਸਰਦਾਰ ਜੀ, ਮਿਹਰਬਾਨੀ ਕਰਕੇ ਮੈਨੂੰ ਰੱਖ ਲਓ। ਮੇਰੇ ਬਾਪੂ ਨੇ ਥੋਡੀ ਕੋਈ ਵੀ ਗੱਲ ਕਦੇ ਮੋੜੀ ਨਹੀਂ। ਉਸਨੇ ਸਾਰੀ ਉਮਰ ਥੋਡੀਆਂ ਮੋਟਰਾਂ 'ਤੇ ਜਾ ਕੇ ਕੰਮ ਕਰਦਿਆਂ ਹੀ ਲੰਘਾ ਦਿੱਤੀ। ਇੱਕ ਦਿਨ ਦਾ ਵੀ ਉਲਾਂਭਾ ਨਹੀਂ ਲਿਆ ਸੀ। ਉਨ੍ਹਾਂ ਥੋਡਾ ਨੂਣ ਖਾ ਕੇ ਹਰਾਮ ਨਹੀਂ ਕੀਤਾ ਸੀ। ਮੈਂ ਵੀ ਉਨ੍ਹਾਂ ਵਾਂਗ ਹੀ ਕੰਮ ਕਰਾਂਗਾ। ਅੱਜ ਮੇਰੇ ਕੋਲ ਦੋ ਵਕਤ ਦੀ ਰੋਟੀ ਖਾਣ ਲਈ ਵੀ ਪੈਸੇ ਨਹੀਂ।'' ਕਾਕਾ ਸਰਦਾਰ ਦੇ ਹਾੜ੍ਹੇ ਕੱਢੀ ਜਾ ਰਿਹਾ ਸੀ। ਮਿੰਨਤਾਂ ਕਰੀ ਜਾ ਰਿਹਾ ਸੀ ਕਿਉਂਕਿ ਉਸਨੂੰ ਪਤਾ ਸੀ ਬਈ ਸਰਦਾਰ ਤੋਂ ਬਿਨਾਂ ਕਿਤੇ ਵੀ ਪੂਰੀ ਨਹੀਂ ਪੈਣੀ ਸੀ। ਸਰਦਾਰ ਇਕੱਠੇ ਪੈਸੇ ਦੇ ਕੇ ਬੰਦੇ ਨੂੰ ਗੁਲਾਮ ਬਣਾ ਲੈਂਦਾ ਸੀ। ਦਿਹਾੜੀਦਾਰ ਬੰਦਾ ਸੋਚਦਾ ਬਈ ਇਕੱਠੇ ਪੈਸੇ ਮੇਰੇ ਕਿਸੇ ਕੰਮ ਆ ਜਾਣਗੇ। ਬਾਅਦ ਵਿੱਚ ਸਰਦਾਰ ਉਨ੍ਹਾਂ ਦੀ ਕੰਮ ਵਿੱਚ ਚੰਗੀ ਤਰ੍ਹਾਂ ਛਿੱਲ ਪਟਦਾ ਸੀ। ਐਨਾ ਗਿੜਗਿੜਾਉਣ ਤੋਂ ਬਾਅਦ ਸਰਦਾਰ ਨੇ ਐਨਾ ਕੁ ਹੀ ਕਿਹਾ, ''ਚੰਗਾ ਕੱਲ੍ਹ ਤੋਂ ਆਜੀਂ।''
    ਕਾਕਾ ਸਰਦਾਰ ਗੱਜਣ ਸਿਉਂ ਦੀ ਹਵੇਲੀ ਅਗਲੇ ਦਿਨ ਤੋਂ ਹੀ ਆ ਗਿਆ ਸੀ। ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੰਘ ਜਾਂਦਾ ਸੀ। ਰਾਤ ਨੂੰ ਜੱਗਰ ਸਿਉਂ ਕਾਕੇ ਨੂੰ ਖੇਤ ਦੀ ਰਾਖੀ ਭੇਜ ਦਿੰਦਾ ਸੀ। ਨਾਲੇ ਸਾਰੀ ਰਾਤ ਝੋਨੇ ਨੂੰ ਪਾਣੀ ਲਾਉਣਾ ਪੈਂਦਾ ਸੀ। ਕਾਕੇ ਦਾ ਵਿਹਲਾ ਹੋ ਕੇ ਘਰੇ ਜਾਣ ਨੂੰ ਬੜਾ ਮਨ ਕਰਦਾ ਪਰ ਸਰਦਾਰ ਉਸਨੂੰ ਕਿਸੇ ਨਾ ਕਿਸੇ ਆਹਰੇ ਲਾਈ ਰੱਖਦਾ। ਫੇਰ ਸਰਦਾਰ ਪੈਸਿਆਂ ਖੁਣੋਂ ਉਸਨੂੰ ਜਬ੍ਹਕਾਈ ਰੱਖਦਾ ਸੀ....ਅੱਜ ਦਿੰਨਾਂ, ਸਵੇਰੇ ਦਿੰਨਾਂ....। ਬੱਸ ਲਾਰੇ ਲਾ ਕੇ ਕੰਮ ਸਾਰਦਾ ਸੀ। ਇਸੇ ਜਬ੍ਹਕ-ਝੂਟੇ ਕਾਰਨ ਕਾਕੇ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ। ਉਸਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੋਇਆ ਪਿਆ ਸੀ। ਦਿਮਾਗ 'ਤੇ ਪਏ ਬੋਝ 'ਚੋਂ ਨਿਕਲਣ ਲਈ ਕਾਕਾ ਕਈ ਨਸ਼ੇ ਕਰਨ ਲੱਗ ਪਿਆ ਸੀ। ਬੀੜੀ ਪੀਣਾ ਤਾਂ ਹੁਣ ਉਸਨੂੰ ਚੰਗਾ ਲੱਗਣ ਲੱਗ ਪਿਆ ਸੀ। ਕਈ ਵਾਰ ਤਾਂ ਉਹ ਅੰਗਰੇਜ਼ੀ ਨਸ਼ੇ ਵੀ ਕਰ ਲੈਂਦਾ ਤਾਂ ਜੋ ਦਿਮਾਗ ਦਾ ਬੋਝ ਘਟਾਇਆ ਜਾ ਸਕੇ ਪਰ ਬੋਝ ਸੀ ਕਿ ਵਧਦਾ ਹੀ ਜਾ ਰਿਹਾ ਸੀ। ਨਸ਼ਾ ਕਰਕੇ ਕੰਮ ਕਰਨ ਨਾਲ ਕਾਕੇ ਦਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਸੀ, ਖੁਰਦਾ ਹੀ ਜਾ ਰਿਹਾ ਸੀ। ਬੀੜੀਆਂ ਦੇ ਧੂੰਏਂ ਕਾਰਨ ਉਸਦੇ ਬੁੱਲ੍ਹ ਕਾਲੇ ਹੋ ਗਏ ਸਨ। ਸ਼ਾਮ ਨੂੰ ਸ਼ਰਾਬ ਪੀਣਾ ਉਸਦੀ ਆਦਤ ਬਣ ਗਈ ਸੀ। ਪਿੰਡ ਵਿੱਚ ਲੋਕ ਗੱਲਾਂ ਕਰਦੇ ਸਨ ਕਿ ਨਸ਼ੇ ਦੀ ਲਤ ਤੇ ਸਰਦਾਰ ਦਾ ਧੱਕਾ ਕਾਕੇ ਦੀ ਇੱਕ ਦਿਨ ਜਾਨ ਲੈ ਬੈਠੇਗਾ। ਕਾਕੇ ਦੇ ਘਰਵਾਲੀ ਭਜਨੋ ਵੀ ਬਹੁਤ ਵਾਰ ਉਸ ਨਾਲ ਸਿਰ-ਖਪਾਈ ਕਰਕੇ ਹਟ ਗਈ ਸੀ ਪਰ ਦੁੱਖਾਂ ਦਾ ਮਾਰਿਆ ਉਹ ਦਿਨੋ-ਦਿਨ ਨਸ਼ੇ ਦੀ ਦਲਦਲ ਵਿਚ ਧਸਦਾ ਹੀ ਜਾ ਰਿਹਾ ਸੀ। ਕਈ ਦਿਨਾਂ ਤੋਂ ਭਜਨੋ ਕਹਿ ਰਹੀ ਸੀ ਕਿ ਲੋਕਾਂ ਦਾ ਲੈਣ-ਦੇਣ ਕਾਫ਼ੀ ਖੜ੍ਹਾ ਹੈ। ਨਾਲੇ ਘਰ ਦਾ ਸੌਦਾ ਮੁੱਕਿਆ ਪਿਐ। ਤੁਸੀਂ ਸਰਦਾਰ ਤੋਂ ਪੈਸੇ ਮੰਗੋ। ਹੁਣ ਤਾਂ ਤਿੰਨ ਮਹੀਨੇ ਹੋ ਗਏ ਲੱਗਿਆਂ ਨੂੰ। ਅੱਠ ਸੌ ਰੁਪਏ ਆਏ ਨੇ ਹਾਲੇ ਤੱਕ। ਇਸ ਤਰ੍ਹਾਂ ਕਿਵੇਂ ਗੁਜ਼ਾਰਾ ਹੋਵੇਗਾ?''
    ਕਾਕੇ ਨੇ ਸਰਦਾਰ ਤੋਂ ਪੈਸੇ ਮੰਗੇ। ਸਰਦਾਰ ਨੇ ਕਿਹਾ, ''ਪੈਸੇ ਹਾਲੇ ਨਹੀਂ ਮਿਲ ਸਕੇ। ਹੁਣ ਮੇਰਾ ਹੱਥ ਥੋੜ੍ਹਾ ਟੈਟ ਐ। ਅਗਲੇ ਹਫ਼ਤੇ ਤੱਕ ਤੇਰੇ ਸਾਰੇ ਪੈਸੇ ਦੇਦੂੰਗਾ।'' ਇਹ ਗੱਲ ਸੁਣ ਕੇ ਕਾਕੇ ਦਾ ਦਿਲ ਟੁੱਟ ਗਿਆ। ਖੇਤੋਂ ਜਦ ਸ਼ਾਮ ਤੱਕ ਸੀਰੀ ਘਰ ਨਾ ਆਇਆ ਤਾਂ ਸਰਦਾਰ ਉਸਨੂੰ ਖੇਤ ਦੇਖਣ ਚਲਾ ਗਿਆ। ਸਾਹਮਣੇ ਦੇਖ ਕੇ ਸਰਦਾਰ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ। ਮੋਟਰ ਦੇ ਨਾਲ ਲੱਗਦੀ ਟਾਹਲੀ ਦੇ ਵੱਡੇ ਟਾਹਣੇ ਨਾਲ ਸਿਰ ਦਾ ਪਰਨਾ ਬੰਨ੍ਹ ਕੇ ਉਸਨੇ ਫਾਹਾ ਲਿਆ ਹੋਇਆ ਸੀ ਤੇ ਅੱਖਾਂ ਉਸਦੀਆਂ ਬਾਹਰ ਆਈਆਂ ਪਈਆਂ ਸਨ। ਸਰਦਾਰ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਨਾਲੇ ਪਿੰਡ ਉਸਦੇ ਘਰ ਸੁਨੇਹਾ ਭੇਜ ਦਿੱਤਾ ਸੀ। ਮਿੰਟਾਂ ਵਿੱਚ ਹੀ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਕਾਕੇ ਦੇ ਘਰਵਾਲੀ ਵੈਣ 'ਤੇ ਵੈਣ ਪਾ ਰਹੀ ਸੀ, ''ਵੇ ਕਿਸ ਦੇ ਸਹਾਰੇ ਛੱਡ ਗਿਆ ਮੈਨੂੰ....ਹੁਣ ਮੈਂ ਕੀਹਦੇ ਸਹਾਰੇ ਦਿਨ ਕੱਟੂੰਗੀ....।'' ਦੇਖਦੇ ਹੀ ਦੇਖਦੇ ਵੱਡਾ ਹਜ਼ੂਮ ਖੜ੍ਹਾ ਹੋ ਗਿਆ। ਦੇਖਣ ਵਾਲਿਆਂ ਦੀਆਂ ਵੀ ਅੱਖਾਂ ਨਮ ਹੋ ਗਈਆਂ ਸਨ। ਹਨ੍ਹੇਰਾ ਥੋੜ੍ਹਾ-ਥੋੜ੍ਹਾ ਵਧ ਰਿਹਾ ਸੀ। ਲੋਕ ਖਿੰਡਣੇ ਸ਼ੁਰੂ ਹੋ ਗਏ। ਭਜਨੋ ਦੇ ਰੋਣ ਦੀ ਆਵਾਜ਼ ਵੀ ਥੰਮ੍ਹਦੀ ਜਾ ਰਹੀ ਸੀ। ਉਹ ਰੋ-ਰੋ ਕੇ ਹੰਭ ਗਈ ਸੀ।
    ਮੈਂ ਸੋਚ ਰਿਹਾ ਸੀ, ਸਰਦਾਰ ਦੀ ਭਖਦੀ ਰੇਤ 'ਤੇ ਪਤਾ ਨਹੀਂ ਕਿੰਨੇ ਕੁ ਗਰੀਬਾਂ ਦੇ ਪੈਰ ਜਲ਼ੇ ਹੋਣਗੇ। ਕਿੰਨੇ ਕੁ ਮਜ਼ਦੂਰ ਹੈਂਕੜਬਾਜ਼ ਸਰਦਾਰ ਦੀ ਭੇਟ ਚੜ੍ਹ ਗਏ ਹੋਣਗੇ ਪਰ ਫਿਰ ਵੀ ਇਹ ਅੱਤ ਦੀ ਗਰੀਬੀ ਕਾਰਨ ਹੋ ਰਹੇ ਜ਼ੁਲਮ ਵਿਰੁੱਧ ਆਵਾਜ਼ ਨਹੀਂ ਉਠਾ ਸਕਦੇ। ਮੇਰੀਆਂ ਸੋਚਾਂ ਦੀ ਲੜੀ ਉਦੋਂ ਟੁੱਟੀ, ਜਦੋਂ ਐਂਬੂਲੈਂਸ ਦਾ ਹਾਰਨ ਵੱਜਿਆ। ਮਿੰਟਾਂ ਵਿੱਚ ਹੀ ਲਾਸ਼ ਨੂੰ ਗੱਡੀ 'ਚ ਪੋਸਟਮਾਰਟਮ ਲਈ ਰੱਖ ਦਿੱਤਾ ਗਿਆ। ਸਾਇਰਨ ਮਾਰਦੀ ਐਂਬੂਲੈਂਸ ਪਲਾਂ ਵਿੱਚ ਹੀ ਹਨ੍ਹੇਰੇ ਵਿੱਚ ਗੁੰਮ ਹੋ ਗਈ।

ਜਸਵੀਰ ਸਿੱਧੂ ਬੁਰਜ ਸੇਮਾ
 ਮੋਬ 98558-11260

22 Jan. 2019