ਉਦਾਸ ਡਾਇਰੀ ਦਾ ਪੰਨਾ - ਨਿੰਦਰ ਘੁਗਿਆਣਵੀ

ਸਾਥ ਛੱਡ ਗਿਆ ਸਾਥੀ

17 ਜਨਵਰੀ 2019 ਦੀ ਰਾਤ। ਲੰਡਨ ਤੋਂ ਲੇਖਕ ਗੁਰਪਾਲ ਸਿੰਘ ਦੀ ਵੈਟਸ-ਐਪ ਕਾਲ  ਆ ਰਹੀ। ਹਾਲੇ ਕੱਲ ਹੀ ਉਸਦਾ ਭਾਣਜਾ ਉਸਦੀਆਂ ਕਿਤਾਬਾਂ ਦੇ ਕੇ  ਗਿਐ, ਹਾਂ...ਕਿਤਾਬਾਂ ਦੀ ਪਹੁੰਚ ਬਾਬਤ ਪੁੱਛਦਾ ਹੋਵੇਗਾ, ਇਹ ਸੋਚ ਕੇ "ਹੈਲੋ..." ਕਹਿੰਦਾ ਹਾਂ।
"ਮਾੜੀ ਖਬਰ ਐ, ਸਾਥੀ ਤੁਰ ਗਿਆ ਲੁਧਿਆਣਵੀ...।" ਉਹ ਦਸਦਾ ਹੈ।
"ਅੱਛਾ, ਮਾੜੀ ਹੋਈ ਬਹੁਤ, ਕਦੋਂ...?"
"ਅੱਜ ਹੀ, ਹਸਪਤਾਲ ਸੀ, ਕੈਂਸਰ ਨੇ ਢਾਹ ਲਿਆ ਸੀ, ਕਾਫੀ ਢਿੱਲਾ ਸੀ।"
 ਸਾਥੀ ਲੁਧਿਆਣਵੀ ਦੇ ਤੁਰ ਜਾਣ ਦੀ ਗੁਰਪਾਲ ਤੋਂ ਸੁਣੀਂ ਖਬਰ ਉਦਾਸ ਕਰ ਗਈ ਹੈ। ਉਸ ਨਾਲ ਆਪਣੀਆਂ ਵਲੈਤ ਫੇਰੀਆਂ ਸਮੇਂ ਹੋਈਆਂ ਮੁਲਾਕਾਤਾਂ ਚੇਤੇ ਆਣ ਲੱਗੀਆਂ, ਪਹਿਲਾਂ 2005ਬਤੇ ਫਿਰ 2010 ਵਿਚ।   ਦੁਨੀਆਂ ਦੇ ਕਿਸੇ ਕੋਨੇ ਵਿਚੋਂ ਕੋਈ ਅਦੀਬ, ਫ਼ਨਕਾਰ ਜਾਂ ਕਲਮਕਾਰ ਵਲੈਤ ਜਾਂਦਾ ਤਾਂ ਸਾਥੀ ਤੋਂ ਚਾਅ ਨਾ ਚੁਕਿਆ ਜਾਂਦਾ। ਉਹ ਹਰੇਕ ਨੂੰ ਹੁੱਭ੍ਹ ਕੇ ਮਿਲਦਾ ਹੁੰਦਾ। ਆਪਣੇ ਰੇਡੀਓ ਸਨਰਾਈਜ਼ ਵਿਚ ਮੁਲਾਕਾਤ ਰਿਕਾਰਡ ਕਰਦਾ। ਸਮਾਗਮਾਂ 'ਤੇ ਪਹੁੰਚਦਾ ਤੇ ਹਰ ਤਾਂ ਬੋਲਦਾ ਤੇ ਬਹੁਤੀ ਵਾਰ ਸਟੇਜ ਸਕੱਤਰੀ ਵੀ ਸੰਭਾਲਦਾ ਦੇਖਿਆ ਸੀ।
ਪਿਛਲੇ ਦਿਨਾਂ ਵਿਚ ਉਸ ਨਾਲ ਫੋਨ, ਈਮੇਲ ਤੇ ਵੈਟਸ-ਐਪ 'ਤੇ ਹੁੰਦੀ ਗੱਲਬਾਤ ਵੀ। ਮਹੀਨਾ ਪਹਿਲਾਂ ਤਾਂ ਉਸਨੇ ਆਪਣੀ ਇੱਕ ਰਚਨਾ ਈਮੇਲ ਕੀਤੀ ਸੀ, "ਸਲੌਹ 'ਚ ਨੁਸਰਤ ਫਤਹਿ ਅਲੀ ਖਾਂ ਦੀ ਫੇਰੀ।" ਹੱਥ ਲਿਖਤ, ਸਕੈਨ ਕਰ ਕੇ ਈਮੇਲ ਕੀਤੀ ਹੋਈ। ਗੱਲੀਂ-ਗੱਲੀਂ ਉਸ ਆਪਣੇ ਕੈਂਸਰ ਦੀ ਸੂਹ ਤੱਕ ਨਹੀਂ ਸੀ ਲੱਗਣ ਦਿੱਤੀ। ਜਦ ਇਹ ਗੱਲ ਗੁਰਪਾਲ ਸਿਮਘ ਨੂੰ ਦੱਸੀ, ਤਾਂ ਉਸ ਪ੍ਰੋੜਤਾ ਕੀਤੀ ਕਿ ਹਾਂ, ਸਾਥੀ ਕਿਸੇ ਨੂੰ ਦਸਦਾ ਨਹੀਂ ਸੀ, ਬਸ ਨੇੜਲਿਆਂ ਨੂੰ ਹੀ ਪਤਾ ਸੀ, ਸਾਥੀ ਕਹਿੰਦਾ ਸੀ ਕਿ ਬਿਮਾਰੀ ਨੇ ਤਾਂ ਢਾਹੁੰਣਾ ਹੀ ਢਾਹੁੰਣਾ ਐ ਸਗੋਂ ਪੁੱਛਣ-ਦੱਸਣ ਵਾਲੇ ਪੁੱਛ ਪੁੱਛ ਕੇ ਹੌਸਲਾ ਢਾਅ ਦਿੰਦੇ ਐ,।
ਪਿਛਲੇ  ਸਾਲ ਫੋਨ 'ਤੇ ਹੋਈਆਂ ਗੱਲਾਂ ਵਿਚ ਉਸ ਨੇ ਵਾਰ-ਵਾਰ ਕਿਹਾ ਸੀ ਕਿ ਉਸਦਾ ਨਵਾਂ ਛਪਿਆ ਨਾਵਲ 'ਸਾਹਿਲ' ਨਵਯੁਗ ਪਬਲਿਸ਼ਰਜ਼ ਦਿੱਲੀ ਵਾਲੇ ਦਸ ਕਾਪੀਆਂ ਕੋਰੀਅਰ ਕਰ  ਰਹੇ ਨੇ, ਇਸ ਨੂੰ ਭਾਸ਼ਾ ਵਿਭਾਗ ਵਿਚ ਇਨਾਮ ਵਾਸਤੇ ਰਿਕਮੈਂਡ ਕਰ ਦਿਓ।" ਮੈਂ ਦੱਸਿਆ ਕਿ ਲੇਖਕ ਵੱਲੋਂ ਇੱਕ ਪ੍ਰੋਫਾਰਮਾ ਵੀ ਨਾਲ ਭਰ ਕੇ ਭੇਜਣਾ ਪੈਂਦਾ ਹੈ, ਉਹ ਮਹਿਕਮੇ ਵਾਲੇ ਹੀ ਦਿੰਦੇ ਨੇ, ਉਸ ਕਿਹਾ ਕਿ ਮੈਂ ਕਿੱਥੋਂ ਲੱਭਾਂਗਾ ਪਰੋਫਾਰਮੇ? ਤੁਸੀਂ ਬਿਨਾਂ ਪਰੋਫਾਰਮੇ ਦੇ ਭੇਜ ਦੇਣਾ, ਜੇ ਚੰਗਾ ਲੱਿਗਆ ਤਾਂ ਇਨਾਮ ਮਿਲਜੂ, ਨਹੀਂ ਅੱਲਾ ਅੱਲਾ ਖੈਰ ਸੱਲਾ...ਵੈਸੇ ਮੈਨੂੰ ਮੇਨ ਇਨਾਮ ਪਰਵਾਸੀ ਸਾਹਿਤਕਾਰ ਵਾਲਾ ਤਾਂ ਮਿਲ ਈ ਚੁਕੈ...ਏਹ ਇਨਾਮ ਤਾਂ ਛੋਟਾ ਐ ਉਸਤੋਂ...।" ਉਹ ਨੌਬਰ-ਨੌਂ ਚੌਬਰ  ਵਾਂਗਰ ਹੱਸਿਆ ਤੇ "ਚੰਗਾ ਫੇ ਗੱਲ ਕਰਦੇ ਆਂ, ਓਕੇ ਬਾਏ ਬਾਏ" ਆਖ ਵੈਟਸ ਐਪ ਕਾਲ ਕੱਟ ਦਿੱਤੀ।
ਸਾਥੀ ਲੁਧਿਆਣਵੀ ਦੀ ਵਾਰਤਕ ਕਿਤਾਬ 'ਸਮੁੰਦਰੋਂ ਪਾਰ' ਦਿੱਲੀ ਵਿਸ਼ਵ ਪੁਸਤਕ ਮੇਲੇ ਤੋਂ ਕਈ ਸਾਲ ਪਹਿਲਾਂ ਖਰੀਦੀ ਸੀ ਤੇ ਵਲੈਤ ਦੁਆਲੇ ਘੁੰਮਦੀ ਉਸਦੀ ਵਾਰਤਕ ਦੇ ਨਮੂਨੇ ਦਿਲਚਸਪ ਸਨ। ਇਸੇ ਕਿਤਾਬ ਵਿਚੋਂ ਇੱਕ ਵੰਨਗੀ ਆਪਣੀ ਸੰਪਾਦਿਤ ਕਿਤਾਬ 'ਚੋਣਵੀਂ ਪੰਜਾਬੀ ਬਰਤਾਨਵੀਂ ਵਾਰਤਕ' ਲਈ ਵਰਤਣੀ ਚਾਹੁੰਦਾ ਸਾਂ ਪਰ ਸਾਥੀ ਨਵੀਂ ਰਚਨਾ ਦੇਣੀ ਚਾਹੁੰਦਾ ਸੀ। ਉਸਨੇ ਕਹਾਣੀ 'ਖਾਲੀ ਅੱਖਾਂ' ਭੇਜੀ। ਮੈਂ ਲੇਖ ਮੰਗ ਰਿਹਾ ਸਾਂ। ਫਿਰ ਕਈ ਦਿਨ ਕੋਈ ਜੁਆਬ ਨਾ ਆਇਆ। ਵਾਰ ਵਾਰ ਸੁਨੇਹੇ ਲਾਏ। ਗੁਰਪਾਲ ਸਿੰਘ ਦਾ ਫੋਨ ਆਇਆ ਤੇ ਉਸ ਦੱਸਿਆ ਕਿ ਉਹ ਚੈਕਅੱਪ ਲਈ ਹਸਪਤਾਲ ਗਿਆ ਹੋਇਆ ਸੀ, ਹੁਣ ਘਰ ਆ ਗਿਆ ਹੈ। ਨੁਸਰਤ ਫਤਹਿ ਖਾਂ ਬਾਰੇ ਲਿਖੀ ਹੱਥ ਲਿਖਤ ਦੇ 5 ਪੰਨੇ ਪੁੱਜ ਗਏ ਤੇ ਨਾਲ ਹੀ ਉਸ ਨੇ ਆਪਣੀ ਵਾਰਤਕ ਪੁਸਤਕ 'ਨਿੱਘੇ ਮਿੱਤਰ' ਦੀ ਪੀ.ਡੀ.ਐਫ ਭੇਜੀ ਹੋਈ ਸੀ ਤੇ ਪੜ੍ਹ ਕੇ ਸੁਝਾਵ ਲਿਖਣ ਲਈ ਵੀ ਕਿਹਾ ਹੋਇਆ ਸੀ।
ਸਾਥੀ ਹਾਸੇ-ਹਾਸੇ ਕਿਹਾ ਕਰਦਾ ਸੀ, ''ਮੈਂ ਲੁਧਿਆਣਵੀ ਤੇ ਤੂੰ ਘੁਗਿਆਣਵੀ...।" ਸਾਥੀ ਦੇ ਸਾਥ ਛੱਡਣ ਨਾਲ ਬਰਤਾਨੀਆਂ ਦੀਆਂ ਸਾਹਿਤਕ ਮਹਿਫਿਲਾਂ ਵਿਚ ਉਦਾਸੀ ਛਾਅ ਗਈ ਹੈ। ਭਾਰਤ ਬੈਠੇ ਉਹਦੇ ਮਿੱਤਰ ਵੀ ੳਦਾਸ ਹਨ। 'ਉਦਾਸ ਡਾਇਰੀ ਦਾ ਪੰਨਾ' ਲਿਖਦਿਆਂ ਮੈਂ ਵੀ ਉਦਾਸ ਹਾਂ।

-94174-21700
23 Jan. 2019