ਜਨਮ ਦਿਨ ਤੇ ਵਿਸ਼ੇਸ : ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਸਿੱਖ ਧਰਮ ਦਾ ਇਤਿਹਾਸ ਸੂਰਬੀਰਾਂ ਦੀਆਂ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ। ਜ਼ੁਲਮ ਦੇ ਖਾਤਮੇ ਲਈ ਤੇ ਧਰਮ ਦੀ ਰਾਖੀ ਕਰਦਿਆਂ ਸਿੱਖ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਦਿਆਂ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ। ਇਸ ਤਰ੍ਹਾਂ ਹੀ ਸਿੱਖ ਧਰਮ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਨਾਂਅ ਬੜੇ ਗੌਰਵ ਨਾਲ ਲਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਹੂਵਿੰਡ ਵਿਖੇ ਮਾਤਾ ਜਿਉਣੀ ਦੀ ਕੁੱਖੋਂ ਪਿਤਾ ਭਗਤਾ ਦੇ ਘਰ ਹੋਇਆ। ਸ੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਡਾਇਰੀ ਅਨੁਸਾਰ 2019 'ਚ 27 ਜਨਵਰੀ ਨੂੰ ਬਾਬਾ ਜੀ ਦਾ ਜਨਮ ਮਨਾਇਆ ਜਾ ਰਿਹਾ ਹੈ। ਆਪ ਜੀ ਦਾ ਬਚਪਨ ਦਾ ਨਾਮ ਦੀਪਾ ਰੱਖਿਆ ਗਿਆ ਸੀ। ਬਾਬਾ ਜੀ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹੋਣ ਕਰਕੇ ਆਨੰਦਪੁਰ ਵਿਖੇ ਹੋਲਾ ਮਹੱਲਾ ਵੇਖਣ ਗਿਆ ਤੇ ਉੱਥੇ ਹੀ ਬਾਬਾ ਦੀਪ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਸਿੰਘ ਸਜ ਗਏ। ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੀ ਠਹਿਰ ਕਰਕੇ ਗੁਰਸਿੱਖੀ ਅਤੇ ਗੁਰਮਿਤ ਦੇ ਪ੍ਰਚਾਰ ਵਿੱਚ ਲੱਗ ਗਏ। ਇੱਥੇ ਰਹਿੰਦਿਆਂ ਹੀ ਉਨ੍ਹਾਂ ਫਾਰਸ਼ੀ,ਸੰਸਕ੍ਰਿਤ ਅਤੇ ਹੋਰ ਕਾਫੀ ਭਸ਼ਾਵਾਂ ਦਾ ਗਿਆਨ ਅਤੇ ਸ਼ਾਸਤਰ ਵਿਦਿਆ ਹਾਸ਼ਿਲ ਕੀਤੀ। ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਜਰੀ ਵਿੱਚ ਬਾਬਾ ਦੀਪ ਸਿੰਘ ਨੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਨਾਲ ਗੁਰਬਾਣੀ ਦੇ ਕਈ ਹੱਥ ਲਿਖਤ ਸਰੂਪ ਵੀ ਤਿਆਰ ਕਰਨ ਦੀ ਸੇਵਾ ਨਿਭਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਦੇੜ੍ਹ ਸਾਹਿਬ ਦੀ ਯਾਤਰਾ ਤੇ ਜਾਣ ਸਮੇਂ ਇਥੋਂ ਦੀ ਜਿਮੇਵਾਰੀ ਬਾਬਾ ਦੀਪ ਸਿੰਘ ਜੀ ਨੂੰ ਸੌਂਪ ਗਏ। ਆਪ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕਈ ਜੰਗਾਂ ਵਿੱਚ ਸਾਥ ਵੀ ਨਿਭਾਇਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਉੱਪਰ ਜਬਰ ਜ਼ੁਲਮ ਦਾ ਦੌਰ ਸ਼ੁਰੂ ਹੋ ਗਿਆ ਸੀ। ਅਹਿਮਦ ਸ਼ਾਹ ਅਬਦਾਲੀ ਜੋ ਹਰ ਵਰ੍ਹੇ ਲੁੱਟਮਾਰ ਦੇ ਮਨੋਰਥ ਨਾਲ ਆਉਂਦਾ ਸੀ ਨੇ ਸਿੱਖਾਂ ਦਾ ਖੁਰਾਖੋਜ਼ ਮਿਟਾਉਣ ਦੀ ਮਨਸਾ ਨਾਲ ਸਿੱਖਾਂ ਉੱਪਰ ਜੁਲਮ ਦੀ ਹਨੇਰੀ ਚਲਾ ਦਿੱਤੀ। ਉੱਥੇ ਹੀ ਉਸ ਨੇ ਸਿੱਖਾਂ ਦੀ ਰੁਹਾਨੀਅਤ ਸ਼ਕਤੀ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਇਸ ਦੀ ਪਵਿੱਤਰਤਾ ਅਤੇ ਆਸਥਾ ਨੂੰ ਭੰਗ ਕਰਨ ਦੀ ਅਸਫਲ ਕੋਸ਼ਿਸ ਕੀਤੀ। ਜਦ ਬਾਬਾ ਦੀਪ ਸਿੰਘ ਜੀ ਕੋਲ ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ ਪਹੁੰਚੀ ਤਾਂ ਉਹ ਅਜਿਹੀ ਮੰਦਭਾਗੀ ਘਟਨਾ ਦੇ ਜਿਮੇਵਾਰਾਂ ਨੂੰ ਲੋਹੇ ਦੇ ਚਨੇ ਚਬਾਉਣ ਲਈ ਮੈਦਾਨ ਵਿੱਚ ਨਿੱਤਰ ਆਏ। ਬਾਬਾ ਜੀ ਪੰਜ ਸੌ ਸਿੰਘਾਂ ਦੇ ਇੱਕ ਜਥੇ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਅੰਮਿਤਸਰ ਪਹੁੰਚਣ ਤੱਕ ਬਾਬਾ ਜੀ ਨਾਲ ਪੰਜ ਸੌ ਤੋਂ ਪੰਜ ਹਜ਼ਾਰ ਸਿੰਘਾਂ ਦਾ ਜਥਾ ਬਣ ਗਿਆ ਸੀ। ਤਰਨਤਾਰਨ ਜਾ ਕੇ ਬਾਬਾ ਜੀ ਨੇ ਇਸ ਪਵਿੱਤਰ ਕਾਰਜ ਦੀ ਸਫਲਤਾ ਲਈ ਅਰਦਾਸ ਕੀਤੀ। ਸਿੰਘਾਂ ਦੇ ਅੰਮ੍ਰਿਤਸਰ ਵੱਲ ਕੂਚ ਕਰਨ ਦੀ ਖਬਰ ਜਦੋਂ ਲਾਹੌਰ ਦੇ ਸੂਬੇ ਕੋਲ ਪਹੁੰਚੀ ਤਾਂ ਉਸ ਨੇ ਫੌਜਦਾਰ ਜਹਾਨ ਖਾਂ ਦੀ ਅਗਵਾਈ ਹੇਠ ਆਪਣੀ ਫੌਜ ਅੰਮ੍ਰਿਤਸਰ ਲਈ ਰਵਾਨਾ ਕਰ ਦਿੱਤੀ। ਗੋਹਲਵੜ ਦੇ ਨਜ਼ਦੀਕ ਬਾਬਾ ਦੀਪ ਸਿੰਘ ਜੀ ਦੇ ਜਥੇ ਦਾ ਜਹਾਨ ਖਾਂ ਦੀ ਫੌਜ ਨਾਲ ਟਾਕਰਾ ਹੋ ਗਿਆ। ਇਸ ਮੈਦਾਨ ਵਿੱਚ ਵੀ ਸਿੰਘ ਸੂਰਬੀਰਤਾ ਨਾਲ ਲੜੇ ਸਨ। ਜਹਾਨ ਖਾਂ ਦੀ ਫੌਜ ਦਾ ਜਦ ਭਾਰੀ ਨੁਕਸਾਨ ਹੋਣ ਲੱਗਾ ਤਾਂ ਸ਼ਾਹੀ ਫੌਜ ਵਿੱਚ ਭਾਜੜਾਂ ਪੈ ਗਈਆਂ। ਇਸ ਦੌਰਾਨ ਹਾਜੀ ਅਤਾਈ ਖਾਂ ਵੀ ਆਪਣੀ ਫੌਜ ਤੇ ਭਾਰੀ ਮਾਤਰਾ ਵਿੱਚ ਹਥਿਆਰ ਲੈ ਕੇ ਪਹੁੰਚ ਗਿਆ। ਬੜੀ ਘਮਸਾਨ ਦੀ ਲੜਾਈ ਹੋਈ ਤਾਂ ਸਿੰਘਾਂ ਨੇ ਅੰਮ੍ਰਿਤਸਰ ਪਹੁੰਚਣ ਲਈ ਬਹਾਦਰੀ ਵਿਖਾਉਦਿਆਂ ਦੁਸਮਣਾਂ ਦੀਆਂ ਲਾਸਾਂ ਦੇ ਢੇਰ ਲਾ ਦਿੱਤੇ। ਅੰਮ੍ਰਿਤਸਰ ਦੇ ਬਾਹਰ ਰਾਮਸਰ ਦੇ ਕੋਲ ਬਾਬਾ ਦੀਪ ਸਿੰਘ ਜੀ ਨੂੰ ਗਰਦਨ ਵਿੱਚ ਤਲਵਾਰ ਦਾ ਮਾਰੂ ਫੱਟ ਲੱਗ ਗਿਆ ਤਾਂ ਬਾਬਾ ਜੀ ਨੇ ਆਪਣੇ ਹੱਥ ਨਾਲ ਸੀਸ ਨੂੰ ਸੰਭਾਲਦੇ ਹੋਏ ਇੱਕ ਹੱਥ ਵਿੱਚ 18 ਸੇਰ ਦੇ ਦੋ ਧਾਰੇ ਖੰਡੇ ਨਾਲ ਜਹਾਨ ਖਾਂ ਦਾ ਸਿਰ ਲਾਹ ਦਿੱਤਾ। ਬਾਬਾ ਜੀ ਦੁਸ਼ਮਣਾਂ ਦੇ ਆਹੂ ਲਾਉੇਦੇ ਹੋਏ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਨਤਮਸਤਕ ਹੁੰਦਿਆਂ ਸ਼ਹੀਦੀ ਪਾ ਗਏ।  
                                                         
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com

27 Jan. 2019