ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

28 ਜਨਵਰੀ 2019

ਭਾਜਪਾ ਨੇ ਸ਼ਤਰੂਘਨ ਸਿਨਹਾ ਦੀ ਵਿਦਾਈ ਦਾ ਪਲਾਨ ਤਿਆਰ ਕੀਤਾ- ਇਕ ਖ਼ਬਰ
ਗੁੱਸੇ ਨਾਲ਼ ਜੱਲਾਦਾਂ ਨੂੰ ਆਖਦਾ, ਏਹਨੂੰ ਛੇਤੀ ਕਰੋ ਹਲਾਲ।

ਮੇਹਲ ਚੋਕਸੀ ਨੇ ਭਾਰਤ ਦੀ ਨਾਗਰਿਕਤਾ ਛੱਡੀ- ਇਕ ਖ਼ਬਰ
ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।

ਕੇਜਰੀਵਾਲ ਵਲੋਂ ਪੰਜਾਬ ਦੇ ਆਗੂਆਂ ਨੂੰ ਗੱਠਜੋੜ ਲਈ ਹਰੀ ਝੰਡੀ-ਇਕ ਖ਼ਬਰ
ਤੇਰੇ ਅੱਗੇ ਥਾਨ ਸੁੱਟਿਆ, ਚਾਹੇ ਸੁੱਥਣ ਸੰਵਾ ਲੈ ਚਾਹੇ ਲਹਿੰਗਾ।

ਭਾਜਪਾ 'ਅਜਿੱਤ' ਹੋਣ ਦਾ ਭਰਮ ਨਾ ਕਿਤੇ ਪਾਲ਼ ਲਵੇ- ਸ਼ਿਵ ਸੈਨਾ
ਜਿਉਂ ਬੱਦਲਾਂ ਦੀ ਛਾਂ, ਕਾਹਦਾ ਮਾਣ ਜਵਾਨੀ ਦਾ।

ਅਪਰਾਧਿਕ ਪਿਛੋਕੜ ਵਾਲ਼ੇ ਉਮੀਦਵਾਰਾਂ ਨੂੰ ਟਿਕਟਾਂ ਨਾ ਦੇਣ ਵਾਲ਼ੀ ਪਟੀਸ਼ਨ ਨੂੰ ਸੁਪਰੀਮ ਕੋਰਟ ਵਲੋਂ ਸੁਣਨ ਤੋਂ ਇਨਕਾਰ-ਇਕ ਖ਼ਬਰ
ਸੁਪਰੀਮ ਕੋਰਟ ਨੂੰ ਪਤੈ ਪਈ ਇਵੇਂ ਤਾਂ ਫਿਰ ਸਰਕਾਰਾਂ ਬਣਨੀਆਂ ਹੀ ਨਹੀਂ!

ਸਾਡੇ ਹੁੰਦਿਆਂ ਬ੍ਰਹਮਪੁਰਾ ਅਤੇ ਅਜਨਾਲਾ ਮੁੜ ਅਕਾਲੀ ਦਲ ਬਾਦਲ 'ਚ ਨਹੀਂ ਆ ਸਕਦੇ- ਸੁਖਬੀਰ ਬਾਦਲ
ਨਿੰਬੂਆਂ ਦਾ ਬਾਗ਼ ਪੁਟਾਇਆ, ਬਿੱਲੋ ਨੀਂ ਤੇਰੇ ਨਖ਼ਰੇ ਨੇ।

ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ 'ਚ ਗੋਲਕ ਦੇ ਪੈਸੇ ਨੂੰ ਲੈ ਕੇ ਵਿਵਾਦ- ਇਕ ਖ਼ਬਰ
ਆਰੀ ,ਆਰੀ, ਆਰੀ, ਗੋਲਕ ਬਾਬੇ ਦੀ ਨਾਗਾਂ ਕੁੰਡਲੀ ਮਾਰੀ।

ਭਾਰਤ ਦੀ ਵਿਕਾਸ ਦਰ ਦਾ ਫ਼ਾਇਦਾ ਆਮ ਇਨਸਾਨ ਤੱਕ ਕਿਉਂ ਨਹੀਂ ਪਹੁੰਚ ਰਿਹਾ?-ਇਕ ਸਵਾਲ
ਕਾਉਂ ਬਾਗ਼ ਦੇ ਵਿਚ ਕਲੋਲ ਕਰਦੇ, ਕੂੜਾ ਫੋਲਣੇ ਨੂੰ ਏਥੇ ਮੋਰ ਕੀਤੇ।

ਰਾਹੁਲ ਨੇ ਪ੍ਰਿਯੰਕਾ ਗਾਂਧੀ ਨੂੰ ਸਿਆਸੀ ਪਿੜ 'ਚ ਉਤਾਰਿਆ - ਇਕ ਖ਼ਬਰ
ਵੀਰਾ ਤੇਰੇ ਫੁਲਕੇ ਨੂੰ, ਵੇ ਮੈਂ ਖੰਡ ਦਾ ਪ੍ਰੇਥਣ ਲਾਵਾਂ।

ਦੇਸ਼ ਕੋਲ਼ ਮੋਦੀ ਦਾ ਕੋਈ ਬਦਲ ਨਹੀਂ- ਬਾਦਲ
ਫਕਰਦੀਨ ਮੀਆਂ ਇਕ ਹੋਣ ਚਮਚੇ, ਇਕ ਕੜਛਿਆਂ ਨੂੰ ਮਾਤ ਪਾਂਵਦੇ ਨੇ।

ਅਕਾਲੀ ਦਲ ਬਚਾਉਣੈ ਤਾਂ ਬਾਦਲ ਪਰਵਾਰ ਲਾਂਭੇ ਕਰਨਾ ਪਵੇਗਾ- ਸੁਖਦੇਵ ਸਿੰਘ ਢੀਂਡਸਾ
ਸੌ ਹੱਥ ਰੱਸਾ, ਸਿਰੇ 'ਤੇ ਗੰਢ।

ਪ੍ਰਿਅੰਕਾ ਨੇ ਆਪਣੇ ਪੱਤੇ ਸਹੀ ਖੇਡੇ ਤਾਂ ਉਹ ਰਾਣੀ ਬਣ ਕੇ ਉੱਭਰੇਗੀ- ਸ਼ਿਵ ਸੈਨਾ
ਕਿਉਂ ਭੁੱਕਦੇ ਓ ਲੂਣ, ਮੋਦੀ ਦੇ ਜ਼ਖ਼ਮਾਂ 'ਤੇ।

ਕਾਂਗਰਸ ਦੇ ਇਸ਼ਾਰੇ 'ਤੇ ਮਾਝੇ ਦੇ ਲੀਡਰਾਂ ਨੇ ਟਕਸਾਲੀ ਅਕਾਲੀ ਦਲ ਬਣਾਇਆ- ਪਰਕਾਸ਼ ਸਿੰਘ ਬਾਦਲ
ਸਾਡੀ ਵਾਰੀ ਰੰਗ ਮੁੱਕਿਆ, ਗ਼ੈਰਾਂ ਨਾਲ਼ ਖੇਡੇਂ ਹੋਲੀਆਂ।

ਸੁਖਬੀਰ ਅਤੇ ਮਜੀਠੀਏ ਪੱਲੇ ਕੱਖ ਨਹੀਂ- ਬ੍ਰਹਮਪੁਰਾ
ਬਾਬਲਾ ਪਿਛਾਂਹ ਮੁੜ ਜਾ, ਮੇਰੇ ਹਾਣ ਦਾ ਮੁੰਡਾ ਨਾ ਕੋਈ।