MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ, ਸੌ ਸਾਲ ਪੁਰਾਣੀ ਬਾਈਬਲ 'ਤੇ ਹੱਥ ਰੱਖ ਕੇ ਚੁੱਕੀ ਸਹੁੰ

ਵਾਸ਼ਿੰਗਟਨ, 20 ਜਨਵਰੀ (ਮਪ) ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਬੁੱਧਵਾਰ ਨੂੰ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ। ਦੇਸ਼ ਦੇ ਚੀਫ ਜਸਟਿਸ ਜੋਹਨ ਰਾਬਰਟਸ ਨੇ ਉਨ੍ਹਾਂ ਨੂੰ ਸਹੁੰ ਦਿਵਾਈ। ਬਾਇਡਨ ਨੇ ਸੌ ਸਾਲ ਪੁਰਾਣੀ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ। 78 ਸਾਲਾ ਬਾਇਡਨ ਸਭ ਤੋਂ ਜ਼ਿਆਦਾ ਉਮਰ ਦੇ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਵਿਅਕਤੀ ਹਨ। ਬਾਇਡਨ ਤੋਂ ਪਹਿਲਾਂ ਦੇਸ਼ ਦੀ ਪਹਿਲੀ ਸਿਆਹਫਾਮ ਉਪ ਰਾਸ਼ਟਰਪਤੀ ਚੁਣੀ ਗਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਟੋਮਾਯੋਰ ਨੇ ਸਹੁੰ ਚੁਕਵਾਈ। ਹੈਰਿਸ ਦੀ ਸਹੁੰ ਚੁੱਕਣੀ ਇਸ ਲਿਹਾਜ਼ ਨਾਲ ਇਤਿਹਾਸਕ ਰਹੀ ਕਿ ਪਹਿਲੀ ਸਿਆਹਫਾਮ ਦੱਖਣੀ ਏਸ਼ੀਆਈ ਅੌਰਤ ਉਪ ਰਾਸ਼ਟਰਪਤੀ ਨੂੰ ਸਹੁੰ ਚੁਕਵਾਉਣ ਵਾਲੀ ਪਹਿਲੀ ਲਾਤੀਨੀ ਅਮਰੀਕੀ ਜੱਜ ਹਨ। ਸੋਟੋਮਾਯੋਰ ਦੀ ਚੋਣ ਹੈਰਿਸ ਨੇ ਕੀਤੀ ਸੀ। ਦੋਵਾਂ ਨੇ ਇਕੱਠਿਆਂ ਹੀ ਵਕਾਲਤ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਸਹੁੰ ਚੁੱਕਣ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਛੱਡ ਕੇ ਚਲੇ ਗਏ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਾਰੀਆਂ ਪਰੰਪਰਾਵਾਂ ਨਿਭਾਈਆਂ। ਸਹੁੰ ਚੁੱਕਣ ਦੌਰਾਨ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼, ਬਰਾਕ ਓਬਾਮਾ, ਬਿੱਲ ਕਲਿੰਟਨ, ਰਿਪਬਲਿਕ ਨੇਤਾ ਮੈਕਾਰਥੀ ਤੇ ਮੈਕੋਨਲ ਮੌਜੂਦ ਸਨ। ਬਾਇਡਨ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹਿੰਦੇ ਰਹੇ ਹਨ। ਇਸ ਦੀ ਮਿਸਾਲ ਬੁੱਧਵਾਰ ਸਵੇਰੇ ਉਦੋਂ ਦਿਸੀ ਜਦੋਂ ਉਨ੍ਹਾਂ ਨੇ ਦੋਵਾਂ ਰਿਪਬਲਿਕਨ ਆਗੂਆਂ ਮੈਕਾਰਥੀ ਤੇ ਮੈਕੋਨਲ ਸਮੇਤ ਆਹਲਾ ਆਗੂਆਂ ਨੂੰ ਬੁੱਧਵਾਰ ਸਵੇਰੇ ਚਰਚ ਦੀ ਪ੍ਰਰਾਰਥਨਾ ਸਭਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸਹੁੰ ਚੁੱਕਣ ਵੇਲੇ ਅਮਰੀਕੀ ਸੰਸਦ ਵੱਲ ਜਾਣ ਵਾਲੀਆਂ ਸੜਕਾਂ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਗਸ਼ਤ ਲਾ ਰਹੇ ਸਨ। ਅਮਰੀਕੀ ਸੰਸਦ ਭਵਨ ਦੇ ਆਲੇ-ਦੁਆਲੇ ਦੇ ਇਲਾਕੇ, ਪੈਂਸਿਲਵੇਨੀਆ ਐਵੀਨਿਊ ਤੇ ਵ੍ਹਾਈਟ ਹਾਊਸ ਦੇ ਆਸ-ਪਾਸ ਦਾ ਵੱਡਾ ਹਿੱਸਾ ਆਮ ਜਨਤਾ ਲਈ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਨਾਲ ਹੀ ਇਨ੍ਹਾਂ ਸਥਾਨਾਂ 'ਤੇ ਕੋਈ ਗ਼ੈਰ ਲੋੜੀਂਦਾ ਵਿਅਕਤੀ ਦਾਖ਼ਲ ਨਾ ਹੋ ਸਕੇ ਇਸ ਲਈ ਅੱਠ ਫੁੱਟ ਉੱਚੀਆਂ ਰੋਕਾਂ ਲਾਈਆਂ ਗਈਆਂ ਸਨ। ਪੂਰਾ ਸ਼ਹਿਰ ਹਾਈ ਅਲਰਟ 'ਤੇ ਰਿਹਾ। ਮਜੈਸਟਿਕ ਨੈਸ਼ਨਲ ਮਾਲ ਜਿੱਥੇ ਸਹੁੰ ਚੁੱਕ ਸਮਾਗਮ ਦੌਰਾਨ ਹਜ਼ਾਰਾਂ ਲੋਕ ਮੌਜੂਦ ਰਹਿੰਦੇ ਸਨ, ਉਸ ਨੂੰ ਲਗਪਗ ਦੋ ਲੱਖ ਝੰਡਿਆਂ ਨਾਲ ਸਜਾਇਆ ਗਿਆ ਸੀ। ਇਸ ਦੇ 56 ਖੰਭਿਆਂ 'ਤੇ ਰੋਸ਼ਨੀ ਕੀਤੀ ਗਈ ਸੀ। ਇਹ ਖੰਭੇ ਅਮਰੀਕੀ ਸੂਬਿਆਂ ਤੇ ਕਾਊਂਟੀ ਦੀ ਨੁਮਾਇੰਦਗੀ ਕਰਦੇ ਹਨ। ਹਾਲਾਂਕਿ ਇੱਥੇ ਕਿਸੇ ਨੂੰ ਮੌਜੂਦ ਰਹਿਣ ਦੀ ਪ੍ਰਵਾਨਗੀ ਨਹੀਂ ਸੀ।