MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਿਕਟੋਰੀਆ ਮੈਮੋਰੀਅਲ ਦਾ ਨਾਂ ਬਦਲ ਕੇ ਰੱਖਿਆ ਜਾ ਸਕਦੈ ਨੇਤਾ ਜੀ

ਕੋਲਕਾਤਾ 21 ਜਨਵਰੀ (ਮਪ) ਇਤਿਹਾਸਕ ਵਿਕਟੋਰੀਆ ਮੈਮੋਰੀਅਲ ਹਾਲ ਦਾ ਨਾਂ ਬਦਲ ਕੇ ਆਜ਼ਾਦੀ ਦੇ ਮਹਾਨਾਇਕ ਨੇਤਾਜੀ ਸੁਭਾਸ਼ ਚੰਦਰ ਬੋਸ 'ਤੇ ਰੱਖਿਆ ਜਾ ਸਕਦਾ ਹੈ। ਨੇਤਾਜੀ 125ਵੀਂ ਜੈਅੰਤੀ 'ਤੇ ਵਿਕਟੋਰੀਆ ਮੈਮੋਰੀਅਲ ਕੰਪਲੈਕਸ 'ਚ ਕਰਵਾਏ ਜਾਣ ਵਾਲੇ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਦਾ ਐਲਾਨ ਕਰ ਸਕਦੇ ਹਨ। ਸੂਤਰਾਂ ਅਨੁਸਾਰ ਨੇਤਾਜੀ ਦੀ ਜੈਅੰਤੀ ਦੇ ਪ੍ਰਬੰਧਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਬਣਾਈ ਗਈ ਕਮੇਟੀ ਨੇ ਇਹ ਸੁਝਾਅ ਦਿੱਤਾ ਹੈ। ਕਮੇਟੀ ਨੇ ਕਿਹਾ ਕਿ ਵਿਕਟੋਰੀਆ ਮੈਮੋਰੀਅਲ ਦਾ ਨਾਂ ਬਦਲ ਕੇ ਨੇਤਾਜੀ ਜਾਂ ਉਨ੍ਹਾਂ ਦੀ ਆਜ਼ਾਦ ਹਿੰਦ ਫ਼ੌਜ 'ਤੇ ਰੱਖਿਆ ਜਾ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਪੀਐੱਮ ਮੋਦੀ 23 ਜਨਵਰੀ ਨੂੰ ਨੇਤਾਜੀ ਦੀ ਜੈਅੰਤੀ 'ਤੇ ਕੋਲਕਾਤਾ ਆਉਣਗੇ। ਉਹ ਵਿਕਟੋਰੀਆ ਮੈਮੋਰੀਅਲ 'ਚ ਨੇਤਾਜੀ ਮਿਊਜ਼ੀਅਮ ਦਾ ਉਦਘਾਟਨ ਕਰਨਗੇ ਤੇ ਇਸ ਤੋਂ ਬਾਅਦ ਇਕ ਲੋਕ ਰੈਲੀ ਨੂੰ ਸੰਬੋਧਨ ਕਰਨਗੇ। ਉਸ ਦਿਨ ਨੇਤਾਜੀ 'ਤੇ 125 ਰੁਪਏ ਦਾ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇਤਾਜੀ ਦੀ ਜੈਅੰਤੀ ਨੂੰ 'ਬਹਾਦਰੀ ਦਿਵਸ' ਵਜੋਂ ਮਨਾਉਣ ਦਾ ਐਲਾਨ ਕਰ ਚੁੱਕੀ ਹੈ। ਇਸ ਵਿਚਾਲੇ ਸੀਨੀਅਰ ਭਾਜਪਾ ਆਗੂ ਸੁਬਰਮਨੀਅਮ ਸਵਾਮੀ ਨੇ ਕਿਹਾ ਕਿ ਵਿਕਟੋਰੀਆ ਮੈਮੋਰੀਅਲ ਦਾ ਨਾਂ ਝਾਂਸੀ ਦੀ ਰਾਣੀ 'ਤੇ ਰੱਖਿਆ ਜਾਣਾ ਚਾਹੀਦਾ। ਕਾਬਿਲੇਗ਼ੌਰ ਹੈ ਕਿ ਪਿਛਲੇ ਸਾਲ ਹੀ ਕੇਂਦਰ ਸਰਕਾਰ ਨੇ ਕੋਲਕਾਤਾ ਪੋਰਟ ਦਾ ਨਾਂ ਸ਼ਿਆਮਾ ਪ੍ਰਸਾਦ ਮੁਖਰਜੀ 'ਤੇ ਕਰ ਦਿੱਤਾ ਸੀ।