MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਿਰਸਾ ਦੇ ਖਿਲਾਫ ਦੂਜੀ ਐਫ.ਆਈ.ਆਰ. ਦਰਜ ਹੋਣ 'ਤੇ ਜਾਗੋ ਨੇ ਸੁਖਬੀਰ ਨੂੰ ਘੇਰਿਆ

ਅਸਤੀਫੇ ਦੀ ਮੰਗ ਨੂੰ ਲੈ ਕੇ ਸਿਰਸਾ ਦੀ ਰਿਹਾਇਸ਼ ਦਾ ਘਿਰਾਊ ਕਰੇਗੀ ਜਾਗੋ
ਕਿਸਾਨਾਂ ਦੀ ਹਮਦਰਦੀ ਲੇਣ ਲਈ ਸਿਰਸਾ ਡਰਾਮੇ ਕਰ ਰਿਹਾ ਹੈ : ਜੀਕੇ
ਨਵੀਂ ਦਿੱਲੀ 22 ਜਨਵਰੀ (ਪਰਮਿੰਦਰ ਪਾਲ ਸਿੰਘ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਦਿੱਲੀ ਪੁਲਿਸ ਦੀ ਆਰਥਿਕ ਦੋਸ਼ ਸ਼ਾਖਾ ਵੱਲੋਂ ਧਾਰਾ 420, 406 ਅਤੇ 120(ਬੀ) ਤਹਿਤ ਵੀਰਵਾਰ ਸ਼ਾਮ ਨੂੰ ਹੋਈ ਐਫ.ਆਈ.ਆਰ. ਤੋਂ ਬਾਅਦ ਜਾਗੋ ਪਾਰਟੀ ਹਮਲਾਵਰ ਹੋ ਗਈ ਹੈ। ਅੱਜ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਰਸਾ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਜੀਕੇ ਨੇ ਕਿਹਾ ਕਿ ਮੇਰੇ 'ਤੇ ਜਦੋਂ ਇਲਜ਼ਾਮ ਲੱਗੇ ਸੀ, ਤਾਂ ਮੈਂ ਤੁਰੰਤ ਅਸਤੀਫ਼ਾ ਦੇ ਦਿੱਤਾ ਸੀ। ਪਰ 2 ਸਾਲ ਬੀਤਣ ਦੇ ਬਾਵਜੂਦ ਮੇਰੇ ਖਿਲਾਫ 1ਵੀ ਆਰੋਪ ਸਾਬਤ ਨਹੀਂ ਹੋਇਆ। ਇਸ ਕਰਕੇ ਹੁਣ ਸੁਖਬੀਰ ਬਾਦਲ ਦੇ ਲਈ ਪਰਖ਼ ਦੀ ਘੜ੍ਹੀ ਹੈ ਕਿ ਉਹ ਸਿਰਸਾ ਦੇ ਖਿਲਾਫ਼ 2 ਐਫ.ਆਈ.ਆਰ. ਦਰਜ਼ ਹੋਣ ਦੇ ਬਾਵਜੂਦ ਉਸ ਨੂੰ ਕਦੋਂ ਪ੍ਰਧਾਨਗੀ ਤੋਂ ਲਾਂਭੇ ਕਰਦੇ ਹਨ। ਜੀਕੇ ਨੇ ਐਲਾਨ ਕੀਤਾ ਕਿ ਜਾਗੋ ਪਾਰਟੀ ਵੱਲੋਂ ਐਤਵਾਰ 24 ਜਨਵਰੀ ਨੂੰ ਸਿਰਸਾ ਦੀ ਪੰਜਾਬੀ ਬਾਗ ਵਿਖੇ ਰਿਹਾਇਸ਼ ਦਾ ਘਿਰਾਊ ਕਰਕੇ ਅਸਤੀਫ਼ੇ ਦੀ ਮੰਗ ਕੀਤੀ ਜਾਵੇਗੀ। 
ਜੀਕੇ ਨੇ ਐਫ.ਆਈ.ਆਰ. ਦਰਜ਼ ਹੋਣ ਉਪਰੰਤ ਸਿਰਸਾ ਵੱਲੋਂ ਦਿੱਤੇ ਗਏ ਪ੍ਰਤਿਕਰਮ ਦਾ ਹਵਾਲਾ ਦਿੰਦੇ ਹੋਏ ਜੋਰਦਾਰ ਸ਼ਬਦੀ ਹਮਲਾ ਬੋਲਿਆ। ਸਿਰਸਾ ਵੱਲੋਂ ਆਪਣੇ ਖਿਲਾਫ਼ ਰਾਤੀ 12 ਵਜੇ ਐਫ.ਆਈ.ਆਰ. ਦਰਜ਼ ਹੋਣ ਦੇ ਕੀਤੇ ਗਏ ਦਾਅਵੇ ਦਾ ਖੰਡਨ ਐਫ.ਆਈ.ਆਰ. 'ਚ ਦਰਜ਼ ਸ਼ਾਮ 7 ਵਜੇ ਦੇ ਸਮੇਂ ਨਾਲ ਕਰਦੇ ਹੋਏ ਜੀਕੇ ਨੇ ਕਿਹਾ ਕਿ ਮੋਦੀ ਦੀ ਗੋਦੀ 'ਚ ਸਿਰਸਾ ਬੈਠਦਾ ਰਿਹਾ ਹੈ ਨਾ ਕਿ ਮੈਂ ਮੋਦੀ ਦੀ ਗੋਦੀ 'ਚ ਬੈਠਿਆ ਹਾਂ। ਇਹ ਉਹੀ ਸਿਰਸਾ ਹੈ ਜਿਹੜਾ ਆਪਣੇ ਟਵੀਟਰ ਖਾਤੇ ਦੇ ਬਾਓ 'ਚ ਇਹ ਦਸਦਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਨੂੰ ਫਾਲੋ ਕਰਦੇ ਹਨ। ਬੇਸ਼ਕ ਮੋਦੀ ਨੇ ਸਿਰਸਾ ਨੂੰ ਹੁਣ ਫਾਲੋ ਕਰਨਾ ਬੰਦ ਕਰ ਦਿੱਤਾ ਹੈ। ਇਹ ਉਹੀ ਸਿਰਸਾ ਹੈ ਜਿਸਦੀ ਚੋੋਣ ਸਟੇਜ ਤੋਂ ਕੇਂਦਰ ਦੀ ਵਜੀਰ ਸਾਧਵੀ ਨਿਰੰਜਨਾਂ ਜੋਤੀ ਵੋਟਰਾਂ ਦੀ ਰਾਮਜਾਦੇ ਬਨਾਮ ਹਰਾਮਜਾਦੇ ਵੱਜੋਂ ਤੁਲਨਾ ਕਰਦੀ ਹੈ ਤਾਂ ਇਹ ਖੜਾ ਹੱਸਣ ਦੇ ਸਿਵਾ ਕੁਝ ਨਹੀਂ ਕਰਦਾ। ਜੀਕੇ ਨੇ ਸਵਾਲ ਕੀਤਾ ਕਿ ਅੱਜ ਵੀ ਸਿਰਸਾ ਭਾਜਪਾ ਦੇ ਵਿਧਾਇਕ ਵੱਜੋਂ ਸਰਕਾਰੀ ਪੈਨਸ਼ਨ ਲੈ ਰਿਹਾ ਹੈ ਪਰ ਮੋਦੀ ਦੀ ਗੋਦੀ 'ਚ ਮੈਂ ਬੈਠਾ ਹਾਂ ? 
ਜੀਕੇ ਨੇ ਖੁਲਾਸਾ ਕੀਤਾ ਕਿ ਸਿਰਸਾ ਖਿਲਾਫ ਦਰਜ਼ ਹੋਈ ਐਫ.ਆਈ.ਆਰ. 'ਚ ਉਸਦੇ ਪੀਏ ਨਰਿੰਦਰ ਸਿੰਘ ਦੀ ਪਰਿਵਾਰਕ ਕੰਪਨੀ ਨੂੰ ਬਿਨਾਂ ਲੋੜ ਅਤੇ ਬਿਨਾਂ ਕਿਸੇ ਹੋਰ ਕੰਪਨੀ ਨੂੰ ਕੰਮ ਦਿੱਤੇ ਉਸਦੀ ਕੰਪਨੀ ਨੂੰ ਗਲਤ ਤਰੀਕੇ ਨਾਲ ਫਾਇਦਾ ਪਹੁੰਚਾਉਣ ਦਾ ਹਵਾਲਾ ਹੈ। ਇਸ ਗੱਲ ਨੂੰ ਜਾਂਚ ਅਧਿਕਾਰੀ ਨੇ ਐਫ.ਆਈ.ਆਰ. ਦਰਜ਼ ਕਰਦੇ ਹੋੋਏ ਗੰਭੀਰ ਧਾਰਾਵਾਂ ਲਾਉਣ ਦੇ ਮ਼ਕਸਦ ਨਾਲ ਸਵੀਕਾਰ ਵੀ ਕੀਤਾ ਹੈ। ਸਿਰਸਾ ਵੱਲੋਂ ਕੱਲ ਰਾਤ ਨੂੰ ਯੂ.ਪੀ. ਪੁਲਿਸ ਵੱਲੋਂ ਗਿਰਫ਼ਤਾਰ ਕਰਨ ਦੇ ਕੀਤੇ ਗਏ ਦਾਅਵੇ ਦਾ ਮਜਾਕ ਉਡਾਉਂਦੇ ਹੋਏ ਜੀਕੇ ਨੇ ਕਿਹਾ ਕਿ ਥਾਣੇ 'ਚ ਬੈਠ ਕੇ ਮੀਡੀਆ ਚੈਨਲਾਂ ਨੂੰ ਫੋਨੋ ਦੇ ਰਹੇ ਸਿਰਸਾ ਦੀ ਜੇਕਰ ਗਿਰਫ਼ਤਾਰੀ ਹੋਈ ਸੀ ਤਾਂ ਜਾਮਾ ਤਲਾਸ਼ੀ ਸਮੇਂ ਪੁਲਿਸ ਨੇ ਉਸਦਾ ਫੋਨ ਅਤੇ ਨਗਦੀ ਜਮਾ ਕਿਉਂ ਨਹੀਂਂ ਕੀਤੀ ਸੀ। ਜੀਕੇ ਨੇ ਕਿਹਾ ਕਿ ਸਿਰਸਾ ਸਿਰਫ਼ ਕਿਸਾਨ ਅੰਦੋਲਨ ਨੂੰ ਅਕਾਲੀ ਦਲ ਦੇ ਹੱਕ 'ਚ ਭੁਗਤਾਉਣ ਲਈ ਕੋਰੀ ਜੋਰ ਅਜਮਾਇਸ਼ ਵਜੋਂ ਡਰਾਮਾ ਕਰ ਰਿਹਾ ਹੈ, ਪਰ ਕਿਸਾਨ ਇਹਨਾਂ ਦੇ ਹੱਕ 'ਚ ਕਦੇ ਵੀ ਨਹੀਂ ਆਉਣਗੇ।