MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਦੇ ਹੱਕ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ-ਵਧੀਕ ਜ਼ਿਲ੍ਹਾ ਚੋਣ ਅਫਸਰ ਸੰਧੂ


ਗੁਰਦਾਸਪੁਰ, 25 ਜਨਵਰੀ (  ਅਸ਼ਵਨੀ  ) :-   ਦੇਸ਼ ਦੀ ਆਜ਼ਾਦੀ ਤੋਂ ਬਾਅਦ ਪ੍ਰਾਪਤ ਹੋਇਆ ਵੋਟ ਦਾ ਅਧਿਕਾਰ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ ਅਤੇ ਵੋਟ ਦੇ ਹੱਕ ਨੂੰ ਆਪਣਾ ਫਰਜ਼ ਸਮਝਦੇ ਹੋਏ ਇਸ ਦੀ ਜਰੂਰ ਵਰਤੋਂ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮੌਕੇ ਵੱਖ-ਵੱਖ ਨੌਜਵਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ ਦੀਨਾਨਗਰ, ਚੇਅਰਮੈਨ ਸਵਿੰਦਰ ਸਿੰਘ ਗਿੱਲ, ਰਜਿੰਦਰ ਸਿੰਘ ਚੋਣ ਤਹਿਸੀਲਦਾਰ, ਰੋਮੋਸ ਮਹਾਜਨ ਨੈਸ਼ਨ ਐਵਾਰਡੀ, ਹਰਦੀਪ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸ), ਮਨਜਿੰਦਰ ਸਿੰਘ ਚੋਣ ਕਾਨੂੰਗੋ, ਰਜਿੰਦਰ ਸਿੰਘ ਜਿਲਾ ਸਮਾਜਿਕ ਸੁਰੱਖਿਆ ਅਫਸਰ, ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ, ਲੈਕਚਰਾਰ ਜੋਧ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ 10 ਵਜੇ ਸਥਾਨਕ ਪੰਚਾਇਤ ਭਵਨ ਤੋਂ ਵਧੀਕ ਡਿਪਟੀ ਕਮਿਸਨਰ ਸੰਧੂ ਵਲੋਂ ਲੋਕਾਂ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਮੋਬਾਇਲ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਸ ਵਲੋਂ ਵੱਖ-ਵੱਖ ਕਾਲਜਾਂ ਵਿਚ ਜਾ ਕੇ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ਗਿਆ।
         ਜ਼ਿਲ੍ਹਾ ਪੱਧਰੀ ਇਸ ਸਮਾਗਮ ਦੌਰਾਨ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਵੋਟ ਦੇ ਹੱਕ ਦੀ ਪ੍ਰਾਪਤੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਗਈਆਂ ਅਤੇ ਉਸ ਤੋਂ ਬਾਅਦ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ, ਇਸ ਲਈ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਭਾਰਤ ਪੂਰੀ ਦੁਨੀਆਂ ਵਿਚ ਪਹਿਲਾ ਦੇਸ਼ ਹੈ ਜਿਸਨੇ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ। ਲੋਕਤੰਤਰ ਦੀ ਸ਼ਕਤੀ ਨੂੰ ਪਹਿਚਾਣ ਕੇ ਵੋਟ ਦੇ ਹੱਕ ਦੀ ਜਰੂਰ ਕਰਨੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਸਾਡੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰੀਏ। ਉਨਾਂ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤ ਲਈ ਨੌਜਵਾਨਾਂ ਦਾ ਜਿਥੇ ਵੋਟ ਬਣਾਉਣਾ ਜਰੂਰੀ ਹੈ ਓਥੇ ਵੋਟ ਦੇ ਹੱਕ ਦਾ ਇਸਤੇਮਾਲ ਵੀ ਬਹੁਤ ਜਰੂਰੀ ਹੈ।
ਉਨਾਂ ਦੱਸਿਆ ਕਿ ਅੱਜ ਮਾਣਯੋਗ ਭਾਰਤ ਚੋਣ ਕਮਿਸ਼ਨਰ ਵਲੋਂ ਰਾਸਟਰੀ ਵੋਟਰ ਦਿਵਸ ਮੌਕੇ ਈ-ਐਪਿਕ (e-epic) ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਪੋਲਿੰਗ ਸਟੇਸ਼ਨਾਂ ਤੇ ਪਰਤੀ ਬੀ.ਐਲ.ਓ 5-5 ਨਵੇਂ ਬਣੇ ਵੋਟਰਾਂ ਦੇ ਈ-ਐਪਿਕ ਵੋਟਰ ਸ਼ਾਨਖਤੀ ਕਰਾਡ ਡਾਊਨਲੋਡ ਕਰਵਾਏ ਗਏ। ਉਨਾਂ ਦੱਸਿਆ ਕਿ ਈ-ਈਪੀਆਈਸੀ ਇੱਕ ਨਾਨ-ਐਡਿਟੇਬਲ ਪੋਰਟੇਬਲ ਡਾਕੂਮੈਂਟ ਫਾਰਮੈਟ (ਪੀ.ਡੀ.ਐਫ) ਦਾ ਰੂਪ ਹੈ। ਇਹ ਮੋਬਾਈਲ ਤੇ ਜਾਂ ਸੈਲਫ-ਪਿ੍ਰੰਟੇਬਲ ਰੂਪ ਵਿਚ ਕੰਪਿਊਟਰ ਉਪਰ ਡਾਊਨਲੋਡ ਕੀਤਾ ਜਾ ਸਕਦਾ ਹੈ। ਹੁਣ ਵੋਟਰ ਆਪਣਾ ਕਾਰਡ ਆਪਣੇ ਮੋਬਾਈਲ ਤੇ ਸਟੋਰ ਕਰ ਸਕਦਾ ਹੈ, ਡਿਜੀ ਲਾਕਰ ਤੇ ਅਪਲੋਡ ਕਰ ਸਕਦਾ ਹੈ ਜਾਂ ਇਸ ਨੂੰ ਪਿ੍ਰੰਟ ਕਰ ਸਕਦਾ ਹੈ ਅਤੇ ਇਸ ਨੂੰ ਖੁਦ ਲੈਮੀਨੇਟ ਵੀ ਕਰ ਸਕਦਾ ਹੈ। ਇਹ ਸਹੂਲਤ ਨਵੀਂ ਰਜਿਸਟੇਸ਼ਨ ਲਈ ਜਾਰੀ ਕੀਤੇ ਜਾ ਰਹੇ ਈਪੀਆਈਸੀ ਤੋਂ ਇਲਾਵਾ ਹੈ। ਵੋਟਰ ਹੈਲਪਲਾਈਨ ਮੋਬਾਈਲ ਐਪ (ਐਂਡਰਾਇਡ / ਆਈ.ਓ.ਐਸ), https://voterportal.eci.gov.in/  ਅਤੇ https://nvsp.in/  ਤੇ ਡਾਊਨਲੋਡ ਕਰ ਸਕਦੇ ਹਨ।
               ਉਨਾਂ ਕਿਹਾ ਕਿ ਮਾਨਯੋਗ ਮੁੱਖ ਚੋਣ ਅਫਸਰ ਪੰਜਾਬ ਅਤੇ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਅੱਜ ਪੂਰੇ ਜ਼ਿਲੇ ਅੰਦਰ ਰਾਸ਼ਟਰੀ ਵੋਟਰ ਵਿਸ ਮਨਾਇਆ ਗਿਆ ਹੈ। ਜ਼ਿਲ੍ਹਾ ਪੱਧਰੀ ਇਸ ਸਮਾਗਮ ਤੋਂ ਇਲਾਵਾ ਜਿਲੇ ਅੰਦਰ ਡਵੀਜ਼ਨ ਪੱਧਰ ਤੇ ਪੋਲਿੰਗ ਸਟੇਸ਼ਨ ਵਿਚ ਰਾਸ਼ਟਰੀ ਵੋਟਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਵੱਖ-ਵੱਖ ਵਿਭਾਗਾਂ ਵਲੋਂ ਵੀ ਨੈਸ਼ਨਲ ਵੋਟਰ ਦਿਵਸ ਲਈ ਸਮਾਗਮ ਕਰਵਾਏ ਗਏ।
 ਇਸ ਮੌਕੇ ਨਵੇਂ ਬਣੇ ਵੋਟਰਾਂ ਨੂੰ ਵੋਟਰ ਆਈ ਕਾਰਡ ਦਿੱਤੇ ਗਏ ਅਤੇ ਲੋਕਾਂ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਗਏ ਵਧੀਆ ਕਾਰਜ ਬਦਲੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜ਼ਿਲਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮੌਕੇ ਵੱਖ-ਵੱਖ ਵਿਦਿਆਰਥੀਆਂ ਵਲੋਂ ‘ਵੋਟ ਦੇ ਹੱਕ ਦੇ ਇਸਤੇਮਾਲ ਸਬੰਧੀ’ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ । ਇਸ ਤੋਂ ਪਹਿਲਾਂ ਇਸ ਮੌਕੇ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਆਡੀਓ-ਵੀਡੀਓ ਮੈਸੇਜ ਵੀ ਸੁਣਾਇਆ ਗਿਆ।
ਸਮਾਗਮ ਦੌਰਾਨ ਸਮੂਹ ਹਾਜ਼ਰੀਨ ਨੂੰ ਵਧੀਕ ਜ਼ਿਲ੍ਹਾ ਚੋਣ ਅਫਸਰ ਵਲੋਂ ਵੋਟਰ ਪ੍ਰਣ ਦਿਵਾਇਆ ਗਿਆ ਕਿ ‘ਅਸੀਂ ਭਾਰਤ ਦੇ ਨਾਗਰਿਕ ਲੋਕਤੰਤਰ ਵਿਚ ਵਿਸ਼ਵਾਸ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪ੍ਰੰਪਰਾਵਾਂ ਨੂੰ ਬਣਾਏ ਰੱਖਾਂਗੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਤੀਪੂਰਨ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ, ਅਸੀਂ ਆਪਣੀ ਵੋਟ ਬਣਵਾਵਾਂਗੇ ਅਤੇ ਆਪਣੇ ਵੋਟ ਦੇ ਅਧਿਕਾਰ ਦਾ ਨਿਡਰ ਹੋ ਕੇ ਧਰਮ, ਵਰਗ, ਜਾਤੀ, ਸਮੁਦਾਇ , ਭਾਸ਼ਾ ਜਾਂ ਕਿਸੇ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਇਸਤੇਮਾਲ ਕਰਾਂਗੇ।’