MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਵਲਨੀ ਦੀ ਰਿਹਾਈ ਲਈ ਹੋਣ ਵਾਲੇ ਪ੍ਰਦਰਸ਼ਨ ਨਾਜਾਇਜ਼ : ਪੁਤਿਨ


ਮਾਸਕੋ  25 ਜਨਵਰੀ (ਸਿੰਘ) ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਕ੍ਰੈਮਲਿਨ ਦੇ ਆਲੋਚਕ ਅਲੈਕਸੀ ਨਵਲਨੀ ਦੀ ਰਿਹਾਈ ਨੂੰ ਲੈ ਕੇ ਸ਼ਨਿਚਰਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨ ਨਾਜਾਇਜ਼ ਅਤੇ ਖ਼ਤਰਨਾਕ ਸਨ। ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਪੁਤਿਨ ਨੇ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਨੂੰ ਪੂਰਾ ਕਰਨ ਲਈ ਕਿਸੇ ਨੂੰ ਵੀ ਗ਼ੈਰ-ਕਾਨੂੰਨੀ ਕਦਮ ਚੁੱਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਦੱਸਣਯੋਗ ਹੈ ਕਿ ਅਤਿ ਅਧਿਕ ਠੰਢ ਅਤੇ ਪੁਲਿਸ ਦੀ ਚਿਤਾਵਨੀ ਦੇ ਬਾਵਜੂਦ ਪਿਛਲੇ ਸ਼ਨਿਚਰਵਾਰ ਨੂੰ ਨਵਲਨੀ ਦੀ ਰਿਹਾਈ ਨੂੰ ਲੈ ਕੇ ਰੂਸ ਦੇ ਕਈ ਸ਼ਹਿਰਾਂ ਵਿਚ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਸਨ। ਇਸ ਦੌਰਾਨ ਪੁਲਿਸ ਨੇ ਤਿੰਨ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਸੀ। ਉਧਰ, ਨਵਲਨੀ ਨਾਲ ਬੰਦ ਉਨ੍ਹਾਂ ਦੇ ਇਕ ਸਹਿਯੋਗੀ ਨੇ ਕਿਹਾ ਹੈ ਕਿ 31 ਜਨਵਰੀ ਨੂੰ ਇਕ ਵਾਰ ਫਿਰ ਕ੍ਰੈਮਲਿਨ ਦੇ ਆਲੋਚਕ ਦੀ ਰਿਹਾਈ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦਾ ਦੌਰ ਸ਼ੁਰੂ ਹੋਵੇਗਾ। ਉਧਰ, ਪੁਤਿਨ ਨੇ ਨਵਲਨੀ ਦੇ ਉਨ੍ਹਾਂ ਦੋਸ਼ਾਂ 'ਤੇ ਸਫ਼ਾਈ ਦਿੱਤੀ ਜਿਨ੍ਹਾਂ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਰੂਸੀ ਰਾਸ਼ਟਰਪਤੀ ਨੇ ਕਾਲਾ ਸਾਗਰ ਦੇ ਤੱਟ 'ਤੇ 100 ਅਰਬ ਰੁਪਏ ਦੀ ਲਾਗਤ ਨਾਲ ਇਕ ਮਹਿਲ ਤਿਆਰ ਕਰਾਇਆ ਹੈ। ਪੁਤਿਨ ਨੇ ਕਿਹਾ ਕਿ ਇਸ ਮਹਿਲ ਦਾ ਨਾ ਤਾਂ ਉਨ੍ਹਾਂ ਨਾਲ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਸਬੰਧ ਹੈ। ਦੱਸਣਯੋਗ ਹੈ ਕਿ ਨਵਲਨੀ ਨੇ ਪਿਛਲੇ ਹਫ਼ਤੇ ਇਕ ਵੀਡੀਓ ਜਾਰੀ ਕਰ ਕੇ ਇਹ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਉੱਥੇ ਪੋਲ ਡਾਂਸ ਅਤੇ ਕੈਸੀਨੋ ਵਰਗੀਆਂ ਸਹੂਲਤਾਂ ਹਨ। ਇਸ ਵੀਡੀਓ ਨੂੰ ਯੂਟਿਊਬ 'ਤੇ 8.6 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।