MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਗੈਂਗਸਟਰ ਲਖਬੀਰ ਨੇ ਗਣਤੰਤਰ ਦਿਵਸ 'ਤੇ ਲਾਲ ਕਿਲ੍ਹੇ 'ਚ ਕੀਤੀ ਹੁੱਲੜਬਾਜ਼ਾਂ ਦੀ ਅਗਵਾਈ


ਨਵੀਂ ਦਿੱਲੀ 27 ਜਨਵਰੀ ( ਭੱਟੀ ) ਗਣਤੰਤਰ ਦਿਵਸ 'ਤੇ ਲਾਲ ਕਿਲ੍ਹੇ 'ਚ ਹੁੱਲੜਬਾਜ਼ੀ, ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ 'ਚ ਪੁਲਿਸ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਗੈਂਗਸਟਰ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੇ ਹੁੱਲੜਬਾਜ਼ਾਂ ਦੀ ਅਗਵਾਈ ਕੀਤੀ ਸੀ। ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਵੀ ਹੁੱਲੜਬਾਜ਼ਾਂ ਨੂੰ ਉਕਸਾਇਆ ਸੀ। ਦੋਵੇਂ ਕਰੀਬ ਪੰਜ ਘੰਟੇ ਤਕ ਸੈਂਕੜੇ ਹਮਾਇਤੀਆਂ ਨਾਲ ਲਾਲ ਕਿਲ੍ਹੇ 'ਚ ਮੌਜੂਦ ਰਹੇ ਸਨ। ਪੁਲਿਸ ਦੀ ਸਖ਼ਤੀ ਹੋਣ ਤੋਂ ਪਹਿਲਾਂ ਦੋਵੇਂ ਆਪਣੇ ਹਮਾਇਤੀਆਂ ਨਾਲ ਵਾਹਨਾਂ 'ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਨਿਕਲੇ ਸਨ।
ਆਈਬੀ (ਇੰਟੈਲੀਜੈਂਸ ਬਿਊਰੋ) ਤੇ ਪੰਜਾਬ ਪੁਲਿਸ ਦੀ ਮਦਦ ਨਾਲ ਦਿੱਲੀ ਪੁਲਿਸ ਨੇ ਲੱਖਾ ਦੀ ਪਛਾਣ ਕੀਤੀ ਹੈ। ਉਸ ਨੂੰ ਦਬੋਚਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਲੱਖਾ ਸਿਧਾਣਾ 'ਤੇ ਪੰਜਾਬ 'ਚ 20 ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ 'ਚ ਹੱਤਿਆ, ਲੁੱਟ, ਅਗਵਾ, ਫਿਰੌਤੀ ਤੇ ਆਰਮਜ਼ ਐਕਟ ਵਰਗੇ ਅਪਰਾਧਿਕ ਮਾਮਲੇ ਸ਼ਾਮਲ ਹਨ। ਕਈ ਮਾਮਲਿਆਂ 'ਚ ਸਜ਼ਾ ਕੱਟ ਚੁੱਕਾ ਹੈ, ਜਦਕਿ ਗਵਾਹ ਜਾਂ ਸਬੂਤ ਨਾ ਹੋਣ ਦੀ ਵਜ੍ਹਾ ਨਾਲ ਕੁਝ ਕੇਸਾਂ 'ਚ ਬਰੀ ਹੋ ਚੁੱਕਾ ਹੈ। ਫਿਲਹਾਲ ਉਹ ਗੈਂਗਸਟਰ ਤੋਂ ਸਮਾਜਿਕ ਕਾਰਕੁੰਨ ਦਾ ਅਕਸ ਬਣਾਉਣ 'ਚ ਲੱਗਾ ਹੋਇਆ ਹੈ। ਹਾਲ 'ਚ ਹੀ ਬਠਿੰਡਾ ਪੁਲਿਸ ਨੇ ਹਾਈਵੇ 'ਤੇ ਲੱਗੇ ਸਾਈਨ ਬੋਰਡ 'ਤੇ ਕਾਲਖ ਪੋਥਣ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕੀਤਾ ਸੀ। ਉਹ ਅੰਗਰੇਜ਼ੀ 'ਚ ਲਿਖੇ ਸਾਈਨ ਬੋਰਡ 'ਤੇ ਸਿਰਫ ਪੰਜਾਬੀ ਭਾਸ਼ਾ 'ਚ ਲਿਖਣ ਦੀ ਮੰਗ ਕਰ ਰਿਹਾ ਸੀ।
ਗੈਂਗਸਟਰ ਲੱਖਾ ਮਨਪ੍ਰਰੀਤ ਸਿੰਘ ਬਾਦਲ ਵੱਲੋਂ ਪੰਜਾਬ 'ਚ ਬਣਾਈ ਗਈ ਪੰਜਾਬ ਪੀਪਲਜ਼ ਪਾਰਟੀ (ਪੀਪੀਪੀ) ਤੋਂ ਰਾਮਪੁਰਾ ਫੂਲ ਸੀਟ 'ਤੇ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕਾ ਹੈ। ਕੁਝ ਸਮੇਂ ਤੋਂ ਉਹ ਕਿਸਾਨ ਅੰਦੋਲਨ 'ਚ ਸ਼ਾਮਲ ਹੋ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਸੀ। ਉਸ ਨੇ ਹਾਲ 'ਚ ਹੀ ਫੇਸਬੁੱਕ ਪੇਜ 'ਤੇ ਵੀਡੀਓ ਪਾ ਕੇ ਖ਼ਿਲਾਫ਼ ਖ਼ਬਰਾਂ ਲਿਖਣ ਵਾਲੇ ਮੀਡੀਆ ਮੁਲਾਜ਼ਮਾਂ ਨੂੰ ਧਮਕਾਇਆ ਵੀ ਸੀ।