MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬੈਂਕਾਂ ਦੀ ਮਜ਼ਬੂਤੀ ਲਈ ਹੋਰ ਪੂੰਜੀ ਲਾਏਗੀ ਸਰਕਾਰ: ਜੇਤਲੀ

ਨਵੀਂ ਦਿੱਲੀ,  12 ਨਵੰਬਰ (ਮਪ) ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਬੈਂਕਿੰਗ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਜਨਤਕ ਖੇਤਰ ਦੀਆਂ ਬੈਂਕਾਂ ’ਚ ਹੋਰ ਪੂੰਜੀ ਲਾਉਣ ਦਾ ਫ਼ੈਸਲਾ ਕੀਤਾ ਹੈ। ਡੁੱਬੇ ਕਰਜ਼ਿਆਂ (ਐਨਪੀਏ) ਕਾਰਨ ਖਸਤਾ ਹਾਲ ਹੋਈਆਂ ਸਰਕਾਰੀ ਬੈਂਕਾਂ ਨੂੰ ਪੈਰਾਂ ਸਿਰ ਕਰਨ ਲਈ ਸਰਕਾਰ ਨੇ ਪਿਛਲੇ ਮਹੀਨੇ ਦੋ ਸਾਲਾਂ ਵਿੱਚ 2.11 ਲੱਖ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ, ਜਿਸ ’ਚ ਬਾਂਡਜ਼ ਪੁਨਰਪੂੰਜੀਕਰਨ, ਬਜਟ ਸਮਰਥਨ ਅਤੇ ਹਿੱਸਾ ਘਟਾਉਣਾ ਸ਼ਾਮਲ ਹੈ। ਇਥੇ ‘ਪੀਐਸਬੀ ਮੰਥਨ’ ਵਿੱਚ ਸਰਕਾਰੀ ਬੈਂਕਾਂ ਦੇ ਮੁਖੀਆਂ ਨੂੰ ਸ੍ਰੀ ਜੇਤਲੀ ਨੇ ਕਿਹਾ ਕਿ ਸਰਕਾਰ ਨੇ ਬਜਟ, ਬਾਂਡਜ਼ ਅਤੇ ਬੈਂਕਾਂ ਦੇ ਹਿੱਸੇ ’ਚ ਵਿਸਥਾਰ ਰਾਹੀਂ ਹੋਰ ਪੂੰਜੀ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਰ੍ਹਾਂ ਦੇਸ਼ ਬੈਂਕਿੰਗ ਸਿਸਟਮ ਨੂੰ ਚੰਗੀ ਹਾਲਤ ਵਿੱਚ ਰੱਖਣ ਦੀ ਕੀਮਤ ਦੇਣ ਜਾ ਰਿਹਾ ਹੈ। ਵਿੱਤ ਮੰਤਰੀ ਨੇ ਬੈਂਕ ਅਧਿਕਾਰੀਆਂ ਨੂੰ ਭਰੋਸਾ ਦਿੱਤਾ, ‘ਕਮਰਸ਼ੀਅਲ ਲੈਣ-ਦੇਣ ਵਿੱਚ ਅਸੀਂ ਦਖ਼ਲਅੰਦਾਜ਼ੀ ਨਹੀਂ ਕਰੇਗਾ ਪਰ ਜਦੋਂ ਸਿਸਟਮ ਇਹ ਸਾਰੀਆਂ ਤਬਦੀਲੀਆਂ ਕਰ ਰਿਹਾ ਹੈ ਅਤੇ ਬੈਂਕਿੰਗ ਸਿਸਟਮ ਨੂੰ ਮਜ਼ਬੂਤ ਕਰਨ ਲਈ ਇਹ ਸਾਰੇ ਵਿੱਤੀ ਯੋਗਦਾਨ ਦਿੱਤੇ ਜਾ ਰਹੇ ਹਨ ਤਾਂ ਅਸੀਂ ਤਾਕਤਵਰ ਜਨਤਕ ਖੇਤਰ ਬੈਂਕਿੰਗ ਸਿਸਟਮ ਚਾਹੁੰਦੇ ਹਾਂ ਤਾਂ ਜੋ ਤੁਹਾਡੀ ਵਿਕਾਸ ਨੂੰ ਸਮਰਥਨ ਦੀ ਸਮਰੱਥਾ ਆਪਣੇ ਆਪ ਵਧੇ।’ ਉਨ੍ਹਾਂ ਕਿਹਾ ਕਿ ਮਾਈਕਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਜ਼ (ਐਮਐਸਐਮਈਜ਼) ਸੈਕਟਰ ਰੁਜ਼ਗਾਰ ਪੈਦਾ ਕਰਨ ਤੋਂ ਇਲਾਵਾ ਆਰਥਿਕਤਾ ਨੂੰ ਹੁਲਾਰਾ ਦੇ ਰਹੇ ਹਨ ਪਰ ਇਨ੍ਹਾਂ ਦੀ ਕੌਮਾਂਤਰੀ ਆਰਥਿਕਤਾ ਜਾਂ ਬਾਂਡ ਮਾਰਕੀਟ ਤਕ ਪਹੁੰਚ ਨਹੀਂ ਹੈ। ਬੈਂਕਾਂ ਵੱਲੋਂ ਐਮਐਸਐਮਈਜ਼ ਦੇ ਸਮਰਥਨ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਜੂਨ 2017 ’ਚ ਜਨਤਕ ਖੇਤਰ ਦੇ ਬੈਂਕਾਂ ਦੇ ਡੁੱਬੇ ਕਰਜ਼ੇ ਵਧ ਕੇ 7.33 ਲੱਖ ਕਰੋੜ ਰੁਪਏ ਹੋ ਗਏ ਸਨ, ਜੋ ਮਾਰਚ 2015 ’ਚ 2.78 ਲੱਖ ਕਰੋੜ ਸਨ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਸਰਕਾਰ ਵੱਲੋਂ ਜਨਤਕ ਖੇਤਰ ਦੇ ਬੈਂਕਾਂ ’ਚ 51 ਹਜ਼ਾਰ ਕਰੋੜ ਰੁਪਏ ਤੋਂ ਵੱਧ ਪੂੰਜੀ ਲਾਈ ਗਈ ਹੈ।